Nazrana Times

ਪੰਜਾਬੀ

ਬਾਦਲਕੇ 'ਨੰਬਰ ਵਨ' ਗ਼ੱਦਾਰ ਹਨ...

04 Sep, 2026 06:00 PM

ਪੰਥਕ ਧਿਰਾਂ ਨੂੰ ਹਰਾਉਣ ਦਾ ਬਾਦਲ ਦਲ ਨੇ ਭਾਰਤ ਸਰਕਾਰ ਤੋਂ ਠੇਕਾ ਚੁੱਕਿਆ ਹੋਇਆ ਹੈ। ਇਹ ਬਾਦਲ ਪਰਿਵਾਰ ਜਦੋਂ ਦਾ ਚੋਣ ਸਿਸਟਮ ਵਿੱਚ ਸਰਗਰਮ ਹੋਇਆ ਹੈ ਓਦੋਂ ਤੋਂ ਹੀ ਪੰਥਕ ਸੋਚ ਦੇ ਧਾਰਨੀ ਗੁਰਸਿੱਖਾਂ ਨੂੰ ਖੂੰਜੇ ਲਾਉਣ ਦਾ ਕੰਮ ਕਰਦਾ ਆ ਰਿਹਾ ਹੈ। ਬਾਦਲ ਦਲ ਦੇ ਸਾਹਮਣੇ ਜਾਂ ਬਾਦਲ ਦਲ ਨੂੰ ਪਛਾੜ ਕੇ ਜਿਹੜੀ ਵੀ ਪੰਥਕ ਧਿਰ ਉਭਰਦੀ ਹੈ ਤਾਂ ਬਾਦਲਕੇ ਆਪਣੀ ਸਾਰੀ ਤਾਕਤ ਝੋਕ ਕੇ ਉਸਨੂੰ ਖ਼ਤਮ ਕਰਨ ਲਈ ਜ਼ੋਰ ਲਾ ਦਿੰਦੇ ਹਨ। ਬਾਦਲਕਿਆਂ ਦਾ ਪੰਥ ਅਤੇ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਉਹਨਾਂ ਨੂੰ ਤਾਂ ਸਿਰਫ਼ ਆਪਣੇ ਸਿਆਸੀ ਹਿੱਤ ਪਿਆਰੇ ਹਨ। ਬਾਦਲਾਂ ਲਈ ਤਾਂ ਪੰਥ ਅਤੇ ਪੰਜਾਬ ਭਾਵੇਂ ਢੱਠੇ ਖੂਹ ਵਿੱਚ ਜਾਵੇ। ਬਾਦਲਾਂ ਦੀਆਂ ਗ਼ੱਦਾਰੀਆਂ ਦੀ ਲਿਸਟ ਐਨੀ ਲੰਮੀ ਹੈ ਕਿ ਚਾਹੇ 1000 ਗ੍ਰੰਥ ਲਿਖ ਲਈਏ ਫਿਰ ਵੀ ਨਹੀਂ ਮੁੱਕਣੀਆਂ। ਹਰ ਦਿਨ ਪੰਥ ਅਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਖੋਭ ਕੇ ਬਾਦਲਕੇ ਆਪਣੀਆਂ ਗ਼ੱਦਾਰੀਆਂ ਵਿੱਚ ਵਾਧਾ ਕਰਦੇ ਹਨ। ਜੇਕਰ ਗ਼ੱਦਾਰੀਆਂ ਦੇ ਮੈਡਲ ਮਿਲਦੇ ਹੁੰਦੇ ਤਾਂ ਹੁਣ ਤੱਕ ਸੁਖਬੀਰ ਬਾਦਲ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਤਗਮਿਆਂ ਨਾਲ ਹੀ ਭਰ ਜਾਣਾ ਸੀ। ਭਾਵੇਂ ਕਿ ਸਿੱਖ ਕੌਮ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਬੜੇ ਹੀ ਗ਼ੱਦਾਰ ਹੋਏ ਹਨ ਪਰ ਬਾਦਲਕਿਆਂ ਦੇ ਅੱਗੇ ਸਾਰੇ ਬੌਣੇ ਹਨ। ਬਾਦਲਕੇ 'ਨੰਬਰ ਵਨ' ਗ਼ੱਦਾਰ ਹਨ।
ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਚੋਣਾਂ ਵਿੱਚ ਭਾਜਪਾ ਦੀ ਏ.ਬੀ.ਵੀ.ਪੀ. ਨੂੰ ਸਮਰਥਨ ਦੇ ਕੇ ਬਾਦਲਾਂ ਨੇ ਆਪਣੇ ਸਿਰ ਵਿੱਚ ਮੁੜ ਸਵਾਹ ਪਾ ਲਈ ਹੈ। ਪੰਥ ਅਤੇ ਪੰਜਾਬ ਨੂੰ ਸਮਰਪਿਤ ਜਥੇਬੰਦੀ 'ਸੱਥ' ਖ਼ਿਲਾਫ਼ ਭੁਗਤ ਕੇ ਬਾਦਲਾਂ ਦੀ ਜਥੇਬੰਦੀ ਐੱਸ.ਓ.ਆਈ. ਨੇ ਇੱਕ ਹੋਰ ਨਵੀਂ ਗ਼ੱਦਾਰੀ ਕੀਤੀ ਹੈ। ਕਿਸੇ ਸਮੇਂ ਪੰਜਾਬ ਲਈ ਰਾਜਧਾਨੀ ਚੰਡੀਗੜ੍ਹ ਮੰਗਣ ਵਾਲਾ ਅਕਾਲੀ ਦਲ ਬਾਦਲ ਅੱਜ ਆਪ ਹੀ ਪੰਜਾਬ ਦੀ ਯੂਨੀਵਰਸਿਟੀ ਭਾਜਪਾਈਆਂ, ਸੰਘੀਆਂ ਤੇ ਕੱਟੜ ਹਿੰਦੂਵਾਦੀਆਂ ਨੂੰ ਵੇਚ ਆਇਆ। 'ਸੱਥ' ਨਾਲ ਮਿਲ ਕੇ ਪੰਥ ਅਤੇ ਪੰਜਾਬ ਦੇ ਝੰਡੇ ਝੁਲਾਉਣ ਦੀ ਬਜਾਏ ਬਾਦਲਕੇ ਆਰ.ਐੱਸ.ਐਸ. ਨਾਲ ਮਿਲ ਕੇ ਭਗਵਾਂ ਝੰਡਾ ਝੁਲਾਉਣ ਵਿੱਚ ਯੋਗਦਾਨ ਪਾ ਆਏ, ਬਾਦਲਾਂ ਦੇ ਦਿਲ ਵਿੱਚ ਹਿੰਦੂ ਰਾਸ਼ਟਰ ਵੱਸਦਾ ਹੈ ਤੇ ਉਹ ਪੰਜਾਬ ਦੀ ਧਰਤੀ ਨੂੰ ਹਿੰਦੂਤਵ ਵਿੱਚ ਰੰਗਣਾ ਚਾਹੁੰਦੇ ਹਨ।
ਭਾਜਪਾ ਨਾਲ ਮਿਲ ਕੇ ਬਾਦਲ ਦਲ ਲੰਬੇ ਸਮੇਂ ਤੋਂ ਇਹੀ ਕੁਝ ਤਾਂ ਕਰਦਾ ਰਿਹਾ ਸੀ। ਜਿਸ ਭਾਜਪਾ ਨੂੰ ਪੰਜਾਬ ਵਿੱਚ ਕੋਈ ਪੁੱਛਦਾ ਨਹੀਂ ਸੀ ਉਸ ਭਾਜਪਾ ਨੂੰ ਬਾਦਲ ਦਲ ਨੇ ਆਪਣੇ ਸਿਆਸੀ ਹਿੱਤਾਂ ਲਈ ਐਨਾ ਮਜਬੂਤ ਕਰ ਦਿੱਤਾ ਕਿ ਹੁਣ ਭਾਜਪਾ ਦੇ ਅੱਗੇ ਬਾਦਲਕੇ ਕੌਡੀਆਂ ਦੇ ਭਾਅ ਦੇ ਵੀ ਨਹੀਂ ਰਹੇ। ਭਾਜਪਾ ਬਾਦਲ ਦਲ ਨੂੰ ਖਾ ਗਈ ਪਰ ਬਾਦਲਕਿਆਂ ਨੂੰ ਫਿਰ ਵੀ ਸ਼ਰਮ ਨਹੀਂ ਆਈ ਉਹ ਭਾਜਪਾ ਅੱਗੇ ਕੌਡੇ ਹੋਏ ਫਿਰਦੇ ਹਨ। ਹਿੰਦੂ-ਸਿੱਖ ਏਕਤਾ ਦੀਆਂ ਗੱਲਾਂ ਕਰਨ ਵਾਲੇ ਬਾਦਲਕੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ, ਝੂਠੇ ਪੁਲਿਸ ਮੁਕਾਬਲੇ, ਗਲਾਂ ਵਿੱਚ ਪਏ ਬਲ਼ਦੇ ਟਾਇਰ ਅਤੇ ਥਾਣਿਆਂ ਵਿੱਚ ਸਿੱਖ-ਲੜਕੀਆਂ ਦੀਆਂ ਲੁੱਟੀਆਂ ਪੱਤਾਂ ਭੁੱਲ ਗਏ! ਬਾਦਲ ਦਲ ਦੀ ਹਮਾਇਤ ਨਾਲ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਹੋਈ ਜਿੱਤ ਤੋਂ ਬਾਅਦ ਏ.ਬੀ.ਵੀ.ਪੀ. (ਭਾਜਪਾ) ਨੇ ਪ੍ਰੈੱਸ ਕਾਨਫਰੰਸ ਵਿੱਚ ਐੱਸ.ਓ.ਆਈ. (ਬਾਦਲ ਦਲ) ਨੂੰ ਰੱਜ ਕੇ ਜ਼ਲੀਲ ਕੀਤਾ ਪਰ ਬਾਦਲਕੇ ਉਹਨਾਂ ਦੀਆਂ ਜੁੱਤੀਆਂ ਚੱਟਦੇ ਰਹੇ। ਸੁਖਬੀਰ ਬਾਦਲ ਤਰਲੋਮੱਛੀ ਹੈ ਕਿ ਉਸ ਦਾ ਭਾਜਪਾ ਨਾਲ ਗੱਠਜੋੜ ਹੋ ਜਾਵੇ ਤੇ 2027 ਦੀਆਂ ਚੋਣਾਂ ਜਿੱਤ ਕੇ ਉਹ ਮੁੱਖ ਮੰਤਰੀ ਬਣ ਜਾਵੇ! ਜਿਹੜਾ ਭਗਵਾਂ ਝੰਡਾ ਯੂਨੀਵਰਸਿਟੀ ਵਿੱਚ ਲਹਿਰਾਇਆ ਉਹ ਬਾਦਲਕੇ ਪੰਜਾਬ ਦੇ ਹਰ ਘਰ ਵਿੱਚ ਲਹਿਰਾਉਣਾ ਚਾਹੁੰਦੇ ਹਨ। ਬਾਦਲਕਿਆਂ ਦਾ ਕੋਈ ਦੀਨ-ਇਮਾਨ ਨਹੀਂ। ਕਦੇ ਸੁਖਬੀਰ ਬਾਦਲ ਬਿਆਨ ਦਿੰਦਾ ਹੈ ਕਿ "ਭਾਜਪਾ ਨਾਲ ਰਲਣ ਵਾਲੇ ਸਿੱਖ ਨੂੰ ਆਪਣਾ ਡੀ.ਐੱਨ.ਏ. ਟੈਸਟ ਕਰਵਾਉਣਾ ਚਾਹੀਦਾ ਹੈ" ਪਰ ਹੁਣ ਇਹੀ ਸੁਖਬੀਰ ਬਾਦਲ ਭਾਜਪਾ ਦੀ ਦੁਲਹਣ ਬਣਨ ਲਈ ਹਾਰ-ਸ਼ਿੰਗਾਰ ਕਰੀ ਬੈਠਾ ਹੈ।
ਬਾਦਲ ਦਲ ਨੇ ਰਾਧਾ ਸੁਆਮੀਆਂ ਅਤੇ ਨਕਲੀ ਨਿਰੰਕਾਰੀਆਂ ਦੀਆਂ ਵੋਟਾਂ ਨਾਲ 1979 ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੂੰ ਹਰਾਇਆ ਸੀ, 2019 ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹਰਾਇਆ ਤੇ ਹੁਣ 2026 ਵਿੱਚ 'ਸੱਥ' ਦੀ ਹਾਰ ਉੱਤੇ ਜਿੱਤ ਦੀਆਂ ਖ਼ੁਸ਼ੀਆਂ ਮਨਾ ਕੇ ਬਾਦਲਕੇ ਆਪਣਾ ਮੂੰਹ ਆਪੇ ਕਾਲ਼ਾ ਕਰ ਗਏ। ਇਹਨਾਂ ਨੇ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁਕਾਬਲੇ ਯੂਥ ਅਕਾਲੀ ਦਲ ਬਣਾਇਆ, ਫਿਰ ਫੈਡਰੇਸ਼ਨ ਨੂੰ ਕਈ ਫਾੜ ਕੀਤਾ ਅਤੇ ਫਿਰ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ ਬਣਾ ਲਈ। ਬਾਦਲ ਦਲ ਦਾ ਨਿਸ਼ਾਨਾ ਪੰਥ ਅਤੇ ਪੰਜਾਬ ਨੂੰ ਤਬਾਹ ਕਰਨਾ ਹੈ। ਪਰ ਕਲਗੀਆਂ ਵਾਲੇ ਦੇ ਇਸ ਖਾਲਸਾ ਪੰਥ ਅਤੇ ਦੇਸ ਪੰਜਾਬ ਨੇ ਕਦੇ ਖ਼ਤਮ ਨਹੀਂ ਹੋਣਾ ਪਰ ਬਾਦਲ ਦਲ ਦਾ ਅੰਤ ਹੋਣਾ ਯਕੀਨਨ ਹੈ। ਪੰਥ ਅਤੇ ਪੰਜਾਬ ਵਾਸੀ ਬਾਦਲਕਿਆਂ ਨੂੰ ਮੂੰਹ ਨਹੀਂ ਲਾਉਣਗੇ ਤੇ ਇੱਕ ਦਿਨ ਬਾਦਲਕੇ ਰੂੜੀਆਂ ਤੋਂ ਗੰਦ ਚੁੱਕਣ ਲਈ ਮਜ਼ਬੂਰ ਹੋਣਗੇ, ਸੁਖਬੀਰ ਬਾਦਲ ਦਾ ਅੰਤ ਲਖਪਤ ਰਾਏ ਵਾਲਾ ਹੋਵੇਗਾ। 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News