ਫਿਲਮੀ ਅਦਾਕਾਰ ਟਾਈਗਰ ਸ਼ਰਾਫ 'ਤੇ ਫਾਇਰਿੰਗ ਮਾਮਲੇ ਦੇ ਕਥਿਤ ਦੋਸ਼ੀ ਰਾਜਸਥਾਨ ਦੇ ਕੋਟਾ ਤੋਂ ਗ੍ਰਿਫ਼ਤਾਰ
ਤਿੰਨੋਂ ਜਣੇ ਨੇਪਾਲ ਭੱਜਣ ਦੀ ਫ਼ਿਰਾਕ ਵਿੱਚ ਸਨ।
ਬਿੰਦਰ ਸਿੰਘ ਖੁੱਡੀ ਕਲਾਂ
ਬਰਨਾਲਾ/ਕੋਟਾ 19 ਅਕਤੂਬਰ
ਮੁੰਬਈ ਦੇ ਮਸ਼ਹੂਰ ਅਭਿਨੇਤਾ ਟਾਈਗਰ ਸ਼ਰਾਫ ਦੀ ਕਾਰ 'ਤੇ ਹੋਈ ਫਾਇਰਿੰਗ ਦੀ ਘਟਨਾ ਵਿੱਚ ਸ਼ਾਮਿਲ ਤਿੰਨ ਵਿਅਕਤੀਆਂ ਨੂੰ ਸੋਮਵਾਰ ਨੂੰ ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚ ਪੁਣੇ-ਜੈਪੁਰ ਸੁਪਰਫਾਸਟ ਐਕਸਪ੍ਰੈਸ ਤੋਂ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਹੈ।
ਕੋਟਾ ਪੁਲਿਸ ਸੁਪਰਡੈਂਟ ਤੇਜਸਵਨੀ ਗੌਤਮ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਿਲ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਦੇ ਕਥਿਤ ਸਾਥੀ ਅਨਿਲ ਪੰਡਿਤ ਦੇ ਸੰਪਰਕ ਵਿੱਚ ਸੀ। ਜਿਸ ਨੇ ਐਤਵਾਰ ਨੂੰ ਹੋਏ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਕੋਟਾ ਸਿਟੀ ਪੁਲਿਸ ਨੇ ਰੇਲਵੇ ਸਟੇਸ਼ਨ 'ਤੇ ਸਿਰਫ਼ 15 ਮਿੰਟਾਂ ਦੇ ਅੰਦਰ ਹੀ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੰਦਿਆਂ ਤਿੰਨਾਂ ਸ਼ੱਕੀਆਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਦੀ ਯੋਜਨਾ ਦੇਸ਼ ਛੱਡ ਕੇ ਨੇਪਾਲ ਭੱਜਣ ਦੀ ਸੀ। ਪੁਲਿਸ ਨੇ ਫੜੇ ਗਏ ਦੋ ਮੁਲਜ਼ਮਾਂ ਦੀ ਪਛਾਣ ਬਿਹਾਰ ਦੇ ਬੇਗੂਸਰਾਏ ਨਿਵਾਸੀ ਰਿਤਿਕ ਉਰਫ਼ ਰੋਸ਼ਨ ਅਤੇ ਹਰਿਆਣਾ ਦੇ ਸੋਨੀਪਤ ਨਿਵਾਸੀ ਰਿਹਾਨ ਵਜੋਂ ਹੋਈ ਹੈ, ਜਦਕਿ ਤੀਜਾ ਮੁਲਜ਼ਮ ਨਾਬਾਲਗ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਨਿਲ ਪੰਡਿਤ ਸਿੱਧੇ ਤੌਰ 'ਤੇ ਰਿਹਾਨ ਦੇ ਸੰਪਰਕ ਵਿੱਚ ਸੀ।
ਇਹ ਸਾਰੇ ਮੁਲਜ਼ਮ ਉਸ ਪੁਣੇ-ਜੈਪੁਰ ਟ੍ਰੇਨ ਵਿੱਚ ਸਫ਼ਰ ਕਰ ਰਹੇ ਸਨ ਜੋ ਸੋਮਵਾਰ ਸਵੇਰੇ 10 ਵੱਜ ਕੇ 17 ਮਿੰਟ 'ਤੇ ਕੋਟਾ ਸਟੇਸ਼ਨ ਪਹੁੰਚੀ ਸੀ। ਮੁੰਬਈ ਪੁਲਿਸ ਵੱਲੋਂ ਸਮੇਂ ਸਿਰ ਸੂਚਨਾ ਮਿਲਣ 'ਤੇ ਕੋਟਾ ਦੀ ਐਸ.ਪੀ. ਨੇ ਤੁਰੰਤ ਜ਼ਿਲ੍ਹਾ ਸਪੈਸ਼ਲ ਟੀਮ ਨੂੰ ਅਲਰਟ ਕਰ ਦਿੱਤਾ ਅਤੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ। ਇਸ ਛਾਪੇਮਾਰੀ ਦੌਰਾਨ ਐਂਟੀ-ਗੈਂਗਸਟਰ ਟਾਸਕ ਫੋਰਸ ਅਤੇ ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਨੇ ਵੀ ਪੂਰਾ ਸਹਿਯੋਗ ਦਿੱਤਾ। ਪੁਲਿਸ ਨੇ ਟ੍ਰੇਨ ਦੇ ਜਨਰਲ ਡੱਬੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਅਤੇ ਤਿੰਨਾਂ ਨੂੰ ਮੌਕੇ 'ਤੇ ਹੀ ਦਬੋਚ ਲਿਆ। ਮੁਲਜ਼ਮਾਂ ਨੂੰ ਐਸ.ਪੀ. ਦਫ਼ਤਰ ਲਿਆਂਦਾ ਗਿਆ ਜਿੱਥੇ ਉਨ੍ਹਾਂ ਤੋਂ ਮੁੱਢਲੀ ਪੁੱਛਗਿੱਛ ਕੀਤੀ ਗਈ। ਸ਼ੱਕੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਵਾਰਦਾਤ ਨੂੰ ਅੰਜਾ਼ਮ ਦੇਣ ਤੋਂ ਬਾਅਦ ਇਸ ਟ੍ਰੇਨ ਵਿੱਚ ਸਵਾਰ ਹੋਏ ਸਨ ਅਤੇ ਜੈਪੁਰ ਤੋਂ ਬੱਸ ਰਾਹੀਂ ਦਿੱਲੀ ਜਾ ਕੇ ਸਰਹੱਦ ਪਾਰ ਕਰਕੇ ਨੇਪਾਲ ਪਹੁੰਚਣ ਦੀ ਫਿਰਾਕ ਵਿੱਚ ਸਨ, ਹਾਲਾਂਕਿ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ। ਐਸ.ਪੀ. ਨੇ ਦੱਸਿਆ ਕਿ ਮੁੰਬਈ ਪੁਲਿਸ ਦੀ ਇੱਕ ਟੀਮ ਕੋਟਾ ਪਹੁੰਚ ਚੁੱਕੀ ਹੈ ਅਤੇ ਇਨ੍ਹਾਂ ਸ਼ੱਕੀਆਂ ਨੂੰ ਮੁੰਬਈ ਪੁਲਿਸ ਦੇ ਹਵਾਲੇ ਕੀਤਾ ਜਾ ਰਿਹਾ ਹੈ। ਫਿਲਹਾਲ ਇਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਮੁੰਬਈ ਪੁਲਿਸ ਵੱਲੋਂ ਰਸਮੀ ਤੌਰ 'ਤੇ ਹਵਾਲੇ ਕਰਨ ਤੋਂ ਬਾਅਦ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਐਤਵਾਰ ਸ਼ਾਮ ਨੂੰ ਮੁੰਬਈ ਦੇ ਜੁਹੂ ਇਲਾਕੇ ਵਿੱਚ ਤਿੰਨ ਹਮਲਾਵਰਾਂ ਨੇ ਟਾਈਗਰ ਸ਼ਰਾਫ ਦੀ ਕਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਹਾਲਾਂਕਿ ਇਸ ਘਟਨਾ ਵਿੱਚ ਅਭਿਨੇਤਾ ਵਾਲ-ਵਾਲ ਬਚ ਗਏ, ਪਰ ਉਨ੍ਹਾਂ ਦਾ ਡਰਾਈਵਰ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਏ ਸਨ। ਪੁਲਿਸ ਅਨੁਸਾਰ ‘ਵਾਰ’ ਫ਼ਿਲਮ ਦੇ ਇਸ ਸਿਤਾਰੇ ਦੀ ਕਾਰ 'ਤੇ ਤਿੰਨ ਰਾਊਂਡ ਫਾਇਰਿੰਗ ਕੀਤੀ ਗਈ ਸੀ।
Posted By: Binder Singh Kuddi Kalan