Nazrana Times

ਪੰਜਾਬੀ

33 ਸਾਲ ਪਹਿਲਾਂ ਸੇਵਾ ਮੁਕਤ ਹੋਏ ਹੈੱਡਮਾਸਟਰ ਦਾ ਸਕੂਲ ਨਾਲ ਮੋਹ ਬਰਕਰਾਰ, ਵਿਦਿਆਰਥੀਆਂ ਨੂੰ ਵੰਡੇ ਬਲੇਜ਼ਰ

20 Nov, 2026 11:02 PM

ਬਿੰਦਰ ਸਿੰਘ ਖੁੱਡੀ ਕਲਾਂ 
ਬਰਨਾਲਾ ,20 ਨਵੰਬਰ 

​ਭੱਠਲਾਂ (ਬਰਨਾਲਾ): ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਭੱਠਲਾਂ ਵਿਖੇ ਇੱਕ ਸ਼ਲਾਘਾਯੋਗ ਉਪਰਾਲੇ ਤਹਿਤ ਸਕੂਲ ਦੇ ਵਿਦਿਆਰਥੀਆਂ ਨੂੰ ਬਲੇਜ਼ਰ ਵੰਡੇ ਗਏ। ਇਹ ਨੇਕ ਕਾਰਜ ਇਸੇ ਸਕੂਲ ਤੋਂ ਦਸੰਬਰ 1993 ਵਿੱਚ ਸੇਵਾ-ਮੁਕਤ ਹੋਏ ਸਾਬਕਾ ਹੈੱਡਮਾਸਟਰ ਸ੍ਰੀ ਚਰਨ ਦਾਸ ਗੋਇਲ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਦੀ ਭਲਾਈ ਅਤੇ ਹੌਸਲਾ ਅਫ਼ਜ਼ਾਈ ਲਈ ਬਲੇਜ਼ਰ ਭੇਟ ਕਰਦਿਆਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ।

​ਇਸ ਮੌਕੇ ਸ੍ਰੀ ਚਰਨ ਦਾਸ ਗੋਇਲ ਦੀ ਨੂੰਹ ਸ੍ਰੀਮਤੀ ਰਜਨੀ ਬਾਲਾ ਅਤੇ ਇਸੇ ਸਕੂਲ ਤੋਂ ਸੇਵਾ-ਮੁਕਤ ਹੋਏ ਕਲਰਕ ਸ. ਗੁਰਦੇਵ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। 

​ਸਕੂਲ ਦੇ ਇੰਚਾਰਜ ਸ. ਪਰਮਜੀਤ ਸਿੰਘ ਨੇ ਸ੍ਰੀ ਚਰਨ ਦਾਸ ਗੋਇਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਕੂਲ ਦਾ ਚਾਨਣ ਮੁਨਾਰਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸੇਵਾ-ਮੁਕਤੀ ਤੋਂ ਲੰਮੇ ਸਮੇਂ ਬਾਅਦ ਵੀ ਆਪਣੇ ਪੁਰਾਣੇ ਸਕੂਲ ਅਤੇ ਵਿਦਿਆਰਥੀਆਂ ਨਾਲ ਜੁੜੇ ਰਹਿਣਾ ਅਤੇ ਉਨ੍ਹਾਂ ਦੀ ਭਲਾਈ ਲਈ ਯੋਗਦਾਨ ਪਾਉਣਾ ਬੇਹੱਦ ਪ੍ਰੇਰਨਾਦਾਇਕ ਹੈ।ਸ. ਨਵਤੇਜ ਸਿੰਘ ਭੱਠਲ ਨੇ ਸ੍ਰੀ ਚਰਨ ਦਾਸ ਗੋਇਲ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਆਪਣੀ ਨੇਕ ਕਮਾਈ ਵਿੱਚੋਂ ਬੱਚਿਆਂ ਦੀ ਭਲਾਈ ਲਈ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ ਅਤੇ ਉਨ੍ਹਾਂ ਦੀ ਸਮਾਜ ਸੇਵਾ ਦੀ ਭਾਵਨਾ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਰਹੇਗੀ।

ਇਸ ਮੌਕੇ ਪਿੰਡ ਦੇ ਸਰਪੰਚ ਸ. ਅਵਤਾਰ ਸਿੰਘ, ਸ. ਨਵਤੇਜ ਸਿੰਘ ਭੱਠਲ (ਮੈਂਬਰ ਸ਼ਿਕਾਇਤ ਨਿਵਾਰਨ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨ ਫਰੀਡਮ ਫਾਈਟਰ ਐਸੋਸੀਏਸ਼ਨ ਬਰਨਾਲਾ), ਪੰਚਾਇਤ ਮੈਂਬਰ ਸ. ਅਜਾਇਬ ਸਿੰਘ ਅਤੇ ਸਟਾਫ਼ ਮੈਂਬਰ ਸ੍ਰੀ ਬਲਜਿੰਦਰ ਸਿੰਘ, ਸ੍ਰੀਮਤੀ ਮੀਨਾਕਸ਼ੀ ਮਹਿਤਾ, ਸ੍ਰੀਮਤੀ ਨਿਧੀ ਸ਼ਰਮਾ, ਸ੍ਰੀਮਤੀ ਰਜਿੰਦਰ ਕੌਰ, ਸ੍ਰੀਮਤੀ ਅਮਨਪ੍ਰੀਤ ਕੌਰ ਅਤੇ ਸ੍ਰੀਮਤੀ ਵੀਰਪਾਲ ਕੌਰ ਵੀ ਹਾਜ਼ਰ ਸਨ।

ਸ੍ਰੀ ਬਲਜਿੰਦਰ ਸਿੰਘ ਅਤੇ ਸ੍ਰੀਮਤੀ ਮੀਨਾਕਸ਼ੀ ਮਹਿਤਾ ਨੇ ਸਮਾਗਮ ਵਿੱਚ ਪਹੁੰਚੇ ਪਤਵੰਤੇ ਸੱਜਣਾਂ ਅਤੇ ਸ੍ਰੀ ਚਰਨ ਦਾਸ ਗੋਇਲ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਹਾਜ਼ਰ ਪਤਵੰਤੇ ਸੱਜਣਾਂ ਅਤੇ ਸਟਾਫ਼ ਨੇ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਸਿੱਖਿਆ ਪ੍ਰਤੀ ਸਮਰਪਣ, ਸਾਂਝ ਅਤੇ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।

Posted By: Binder Singh Kuddi Kalan

Latest News

ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਦੇ ਮੁਲਾਜ਼ਮ ਯੂਨੀਅਨ ਵੱਲੋਂ ਰਜਿਸਟਰਾਰ, ਸਹਿਕਾਰੀ ਸਭਾਵਾਂ, ਪੰਜਾਬ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ ਅਤੇ ਦਿੱਤਾ ਧਰਨਾ : ਸੂਬਾ ਪ੍ਰਧਾਨ ਜਸਵੀਰ ਸਿੰਘ ਗਿੱਲ

20 Nov, 2026 10:59 PM