ਪੰਥਕ ਲੇਖਕ ਭਾਈ ਮਨਿੰਦਰ ਸਿੰਘ ਬਾਜਾ (ਹਿਸਟੋਰੀਅਨ) ਦਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਨਮਾਨ
- ਵੰਨ ਸੁਵੰਨ
- 07 Oct,2025
ਅੰਮ੍ਰਿਤਸਰ, 7 ਅਕਤੂਬਰ , ਨਜ਼ਰਾਨਾ ਟਾਈਮਜ ਬਿਊਰੋ
ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਖਾਲਿਸਤਾਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਦੇ ਮੁਖੀ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਉਰਫ਼ ਬਾਬਾ ਨੰਦ ਦੀ ਸਿੰਘਣੀ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਵੱਲੋਂ ਪੰਥਕ ਲੇਖਕ ਭਾਈ ਮਨਿੰਦਰ ਸਿੰਘ ਬਾਜਾ (ਹਿਸਟੋਰੀਅਨ) ਦੇ ਗ੍ਰਹਿ ਪਿੰਡ ਬਾਜਾ ਮਰਾੜ, ਜ਼ਿਲ੍ਹਾ ਮੁਕਤਸਰ ਵਿਖੇ ਪਹੁੰਚ ਕੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਲੇਖਕ ਭਾਈ ਮਨਿੰਦਰ ਸਿੰਘ ਬਾਜਾ ਨੇ ਆਪਣੀਆਂ ਲਿਖਤਾਂ ਰਾਹੀਂ ਸਿੱਖ ਇਤਿਹਾਸ ਅਤੇ ਸਿੱਖ ਸੰਘਰਸ਼ ਨੂੰ ਦੁਨੀਆਂ ਦੇ ਸਾਹਮਣੇ ਬਾਖ਼ੂਬੀ ਪੇਸ਼ ਕੀਤਾ ਹੈ, ਉਹਨਾਂ ਦੀ ਇਸ ਦੇਣ ਨੂੰ ਸਿੱਖ ਕੌਮ ਹਮੇਸ਼ਾਂ ਯਾਦ ਰੱਖੇਗੀ। ਉਹਨਾਂ ਕਿਹਾ ਕਿ ਸਧਾਰਨ ਜਿਹੀ ਦਿੱਖ, ਆਮ ਕਿਸਾਨੀ ਪਰਿਵਾਰ ਨਾਲ ਸੰਬੰਧਤ, ਸਾਧਨ ਅਤੇ ਸਰਮਾਏ ਤੋਂ ਬਿਨਾਂ ਅਤੇ ਬਹੁਤ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਗੁਰਸਿੱਖ ਭਾਈ ਮਨਿੰਦਰ ਸਿੰਘ ਬਾਜਾ ਨੇ ਆਪਣੀਆਂ ਲਿਖਤਾਂ ਰਾਹੀਂ ਵੱਡੀਆਂ ਮੱਲਾਂ ਮਾਰੀਆਂ ਹਨ। ਉਹਨਾਂ ਨੇ ਇਤਿਹਾਸ ਲਿਖ ਕੇ ਇਹ ਉਲਾਮਾ ਲਾਹਿਆ ਹੈ ਕਿ 'ਸਿੱਖ ਇਤਿਹਾਸ ਸਿਰਜਦੇ ਤਾਂ ਹਨ, ਪਰ ਲਿਖਦੇ ਤੇ ਸਾਂਭਦੇ ਨਹੀਂ।' ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਤਿਹਾਸ ਸਿਰਜਣ ਵਾਲੇ ਲੋਕ ਤਾਂ ਮਹਾਨ ਹੁੰਦੇ ਹੀ ਹਨ, ਪਰ ਉਹਨਾਂ ਜੁਝਾਰੂਆਂ ਤੇ ਸ਼ਹੀਦਾਂ ਦੀਆਂ ਘਾਲਣਾਵਾਂ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਵਾਲੇ ਲੇਖਕ ਤੇ ਇਤਿਹਾਸਕਾਰ ਵੀ ਬੇਹੱਦ ਸਨਮਾਨ ਅਤੇ ਸਤਿਕਾਰ ਦੇ ਪਾਤਰ ਹੁੰਦੇ ਹਨ ਜੋ ਐਨੀ ਮਿਹਨਤ, ਖੋਜ, ਦ੍ਰਿੜਤਾ ਅਤੇ ਨਿਡਰਤਾ ਨਾਲ ਬੀਤੇ ਸਮੇਂ ਦੀਆਂ ਘਟਨਾਵਾਂ ਅਤੇ ਵਰਤਾਰਿਆਂ ਨੂੰ ਕਲਮਬੰਦ ਕਰਦੇ ਹਨ। ਲੇਖਕ ਭਾਈ ਮਨਿੰਦਰ ਸਿੰਘ ਬਾਜਾ ਦੀਆਂ ਕਿਤਾਬਾਂ ਖਾੜਕੂ ਯੋਧੇ ਭਾਗ ਪਹਿਲਾ ਤੇ ਦੂਜਾ, ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ ਜੀਵਨੀ, ਪੱਗ ਦੀ ਲਾਜ (ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬਿਅੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਜੀਵਨੀ), ਸ਼ੇਰ ਦਿਲ ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਦੀ ਜੀਵਨੀ, ਜੂਨ 1984 ਘੱਲੂਘਾਰੇ ਦਾ ਬਦਲਾ, ਜਾਂਬਾਜ਼ ਯੋਧੇ, ਬਾਗ਼ੀ ਸੂਰਮੇ ਆਦਿ ਅਹਿਮ ਕਿਤਾਬਾਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਜੋਸ਼, ਜਜ਼ਬਾ ਅਤੇ ਜਨੂੰਨ ਚੜ੍ਹਦਾ ਹੈ ਅਤੇ ਪੁਰਾਤਨ ਸਿੱਖ ਇਤਿਹਾਸ ਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਖ਼ਾਲਿਸਤਾਨ ਦੇ ਹਥਿਆਰਬੰਦ ਸੰਘਰਸ਼ ਬਾਰੇ ਅਹਿਮ ਜਾਣਕਾਰੀ ਪ੍ਰਾਪਤ ਹੁੰਦੀ ਹੈ।
Posted By:
GURBHEJ SINGH ANANDPURI
Leave a Reply