ਦੀਵਾਲੀ ਦੇ ਮੱਦੇਨਜ਼ਰ ਡੀਜੀਪੀ ਗੌਰਵ ਯਾਦਵ ਵੱਲੋਂ ਸੂਬੇ ਭਰ ਵਿੱਚ ਪੁਲਿਸ ਦੀ ਵੱਧ ਤੋਂ ਵੱਧ ਤਾਇਨਾਤੀ ਅਤੇ ਹਾਈ ਅਲਰਟ ਵਧਾਉਣ ਦੇ ਹੁਕਮ

ਦੀਵਾਲੀ ਦੇ ਮੱਦੇਨਜ਼ਰ ਡੀਜੀਪੀ ਗੌਰਵ ਯਾਦਵ ਵੱਲੋਂ ਸੂਬੇ ਭਰ ਵਿੱਚ ਪੁਲਿਸ ਦੀ ਵੱਧ ਤੋਂ ਵੱਧ ਤਾਇਨਾਤੀ ਅਤੇ ਹਾਈ ਅਲਰਟ ਵਧਾਉਣ ਦੇ ਹੁਕਮ

ਪਾਕਿਸਤਾਨ ਨਾਰਕੋ-ਅੱਤਵਾਦ ਨੂੰ ਸ਼ਹਿ ਦੇ ਕੇ ਪੰਜਾਬ ਵਿੱਚ ਅਸਥਿਰਤਾ ਫੈਲਾਉਣ ਦੀ ਕਰ ਰਿਹਾ ਹੈ ਕੋਸਿ਼ਸ਼; ਪਾਕਿ ਦੇ ਨਾਪਾਕ ਮਨਸੂਬਿਆਂ ਨੂੰ ਸਫਲਤਾਪੂਰਵਕ ਨਾਕਾਮ ਕਰ ਰਹੀ ਹੈ ਪੰਜਾਬ ਪੁਲਿਸ- ਡੀਜੀਪੀ ਗੌਰਵ ਯਾਦਵ
ਡੀਜੀਪੀ ਪੰਜਾਬ ਨੇ ਤਰਨ ਤਾਰਨ ਅਤੇ ਬਟਾਲਾ ਪੁਲਿਸ ਜਿ਼ਲ੍ਹਿਆਂ ਵਿੱਚ ਸੁਰੱਖਿਆ ਸਮੀਖਿਆ ਮੀਟਿੰਗਾਂ ਦੀ ਕੀਤੀ ਅਗਵਾਈ
ਰਾਕੇਸ਼ ਨਈਅਰ ਚੋਹਲਾ ਤਰਨ ਤਾਰਨ/ਬਟਾਲਾ/ਚੰਡੀਗੜ੍ਹ, 14 ਅਕਤੂਬਰ
 

ਆਉਣ ਵਾਲੇ ਦਿਨਾਂ ਵਿੱਚ ਦੀਵਾਲੀ ਦੇ ਤਿਉਹਾਰ ਨੂੰ ਸ਼ਾਂਤੀਪੂਰਨ ਢੰਗ ਨਾਲ ਮਨਾਉਣ ਨੂੰ ਯਕੀਨੀ ਬਣਾਉਣ ਲਈ ਅਹਿਮ ਕਦਮ ਚੁੱਕਦੇ ਹੋਏ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਜਿ਼ਲ੍ਹਾ ਪੁਲਿਸ ਮੁਖੀਆਂ ਨੂੰ ਸੂਬੇ ਭਰ ਵਿੱਚ ਪੁਲਿਸ ਫੋਰਸ ਦੀ ਵੱਧ ਤੋਂ ਵੱਧ ਤਾਇਨਾਤੀ ਅਤੇ ਹਾਈ-ਅਲਰਟ ਨਾਕਿਆਂ ਤੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।ਡੀਜੀਪੀ ਗੌਰਵ ਯਾਦਵ ਜੋ ਏ.ਡੀ.ਜੀ.ਪੀ. ਐਂਟੀ-ਗੈਂਗਸਟਰ ਟਾਸਕ ਫੋਰਸ ਪ੍ਰਮੋਦ ਬਾਨ ਅਤੇ ਏ.ਡੀ.ਜੀ.ਪੀ. ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਦੇ ਨਾਲ ਦੋ ਪੁਲਿਸ ਜਿ਼ਲ੍ਹਿਆਂ- ਤਰਨਤਾਰਨ ਅਤੇ ਬਟਾਲਾ ਵਿੱਚ ਸੁਰੱਖਿਆ ਸਮੀਖਿਆ ਮੀਟਿੰਗਾਂ ਦੀ ਪ੍ਰਧਾਨਗੀ ਕਰ ਰਹੇ ਸਨ,ਨੇ ਨਾਰਕੋ-ਅੱਤਵਾਦ ਅਤੇ ਸੰਗਠਿਤ ਅਪਰਾਧ ਦੇ ਉੱਭਰ ਰਹੇ ਖਤਰਿਆਂ ਨਾਲ ਨਜਿੱਠਣ ਲਈ ਵਿਚਾਰ ਚਰਚਾ ਕੀਤੀ।ਉਨ੍ਹਾਂ ਤਿਉਹਾਰਾਂ ਦੇ ਸੀਜ਼ਨ ਦੀਆਂ ਤਿਆਰੀਆਂ ਅਤੇ ਪੁਲਿਸ ਫੋਰਸ ਦੀ ਤਾਇਨਾਤੀ ਦਾ ਵੀ ਵਿਸਥਾਰ ਨਾਲ ਜਾਇਜ਼ਾ ਲਿਆ।ਮੌਜੂਦਾ ਸੁਰੱਖਿਆ ਚੁਣੌਤੀਆਂ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ, ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪਾਕਿਸਤਾਨ ਪੰਜਾਬ ਵਿੱਚ ਨਾਰਕੋ-ਅੱਤਵਾਦ ਫੈਲਾ ਰਿਹਾ ਹੈ।ਉਨ੍ਹਾਂ ਕਿਹਾ,"ਪਿਛਲੇ ਕੁਝ ਦਿਨਾਂ ਵਿੱਚ, ਪਾਕਿਸਤਾਨ ਨਾਰਕੋ-ਅੱਤਵਾਦ ਨੂੰ ਬੜ੍ਹਾਵਾ ਦੇ ਕੇ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਕੋਸਿ਼ਸ਼ ਕਰ ਰਿਹਾ ਹੈ,ਪਰ ਪੰਜਾਬ ਪੁਲਿਸ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਸਰਗਰਮੀ ਨਾਲ ਨਾਕਾਮ ਕਰ ਰਹੀ ਹੈ।"ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਦੀ ਢੋਆ-ਢੁਆਈ ਲਈ ਡਰੋਨ ਅਤੇ ਹੋਰ ਸਾਧਨਾਂ ਦੀ ਵਰਤੋਂ ਕਰ ਰਿਹਾ ਹੈ।ਡੀਜੀਪੀ ਨੇ ਸਪੱਸ਼ਟ ਕੀਤਾ ਕਿ ਇਸ ਹਵਾਈ ਖਤਰੇ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੁਆਰਾ ਤਾਇਨਾਤ ਐਂਟੀ-ਡਰੋਨ ਪ੍ਰਣਾਲੀਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕੀਤੀ ਜਾ ਰਹੀ ਹੈ।ਅੱਤਵਾਦ ਵਿਰੁੱਧ ਕੀਤੀ ਜਾ ਰਹੀ ਪ੍ਰਭਾਵੀ ਕਾਰਵਾਈ ਸਬੰਧੀ ਵੇਰਵੇ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਸਤੰਬਰ 2024 ਤੋਂ ਹੁਣ ਤੱਕ ਪੰਜਾਬ ਪੁਲਿਸ ਨੇ 90 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 26 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ।ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਅੱਤਵਾਦੀਆਂ ਦੇ ਕਬਜ਼ੇ ਚੋਂ ਵੱਡੀ ਮਾਤਰਾ ਵਿੱਚ ਹਥਿਆਰ, ਵਿਸਫੋਟਕ, ਗੋਲੀ-ਸਿੱਕਾ, ਹੱਥਗੋਲੇ ਅਤੇ ਆਰ.ਡੀ.ਐਕਸ. ਬਰਾਮਦ ਕੀਤਾ ਗਿਆ ਹੈ,ਜਿਸ ਨਾਲ ਅੱਤਵਾਦੀ ਨੈੱਟਵਰਕਾਂ ਨੂੰ ਵੱਡਾ ਝਟਕਾ ਲੱਗਿਆ ਹੈ।ਸੰਗਠਿਤ ਅਪਰਾਧ ਦੇ ਸਬੰਧ ਵਿੱਚ ਡੀਜੀਪੀ ਨੇ ਉਨ੍ਹਾਂ ਮਾਮਲਿਆਂ ਦੀ ਸਮੀਖਿਆ ਕੀਤੀ ਜਿਨ੍ਹਾਂ ਵਿੱਚ ਗ੍ਰਿਫ਼ਤਾਰੀਆਂ ਹਾਲੇ ਲੰਬਿਤ ਹਨ।ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਫਰਾਰ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ।ਉਨ੍ਹਾਂ ਸੰਗਠਿਤ ਅਪਰਾਧ ਦੇ ਮਾਹੌਲ ਨੂੰ ਮੁਕੰਮਲ ਰੂਪ ਵਿੱਚ ਖਤਮ ਕਰਨ ਲਈ ਪੇਸ਼ੇਵਰ ਅਤੇ ਵਿਗਿਆਨਕ ਜਾਂਚ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।ਡੀਜੀਪੀ ਗੌਰਵ ਯਾਦਵ ਨੇ ਖੁਲਾਸਾ ਕੀਤਾ ਕਿ ਅੱਤਵਾਦੀ ਨੈੱਟਵਰਕਾਂ ਜਾਂ ਸੰਗਠਿਤ ਅਪਰਾਧ ਨਾਲ ਜੁੜੇ 203 ਵਿਦੇਸ਼ੀ ਹੈਂਡਲਰਾਂ ਦੀ ਪਛਾਣ ਕੀਤੀ ਗਈ ਹੈ।ਉਨ੍ਹਾਂ ਕਿਹਾ,“ਭਾਰਤ ਵਿੱਚ ਲਿਆ ਕੇ ਉਨ੍ਹਾਂ ਅਪਰਾਧੀਆਂ ਵਿਰੁੱਧ ਕਾਨੂੰਨੀ ਕਾਰਵਾਈ ਯਕੀਨੀ ਬਣਾਉਣ ਲਈ,ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਵਿਰੁੱਧ ਰੈੱਡ ਕਾਰਨਰ ਨੋਟਿਸ/ਬਲੂ ਕਾਰਨਰ ਨੋਟਿਸ ਜਾਰੀ ਕਰਨ ਲਈ ਪ੍ਰਕਿਰਿਆ ਆਰੰਭ ਦਿੱਤੀ ਹੈ।ਡੀਜੀਪੀ ਨੇ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸਿ਼ਆਂ ਵਿਰੁੱਧ’ ਦੀ ਵੀ ਸਮੀਖਿਆ ਕੀਤੀ । ‘ਯੁੱਧ ਨਸਿ਼ਆਂ ਵਿਰੁੱਧ' ਮੁਹਿੰਮ ਦੇ ਨਤੀਜੇ ਸਾਂਝੇ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨੇ 1 ਮਾਰਚ, 2025 ਤੋਂ ਹੁਣ ਤੱਕ 21,707 ਐਫਆਈਆਰ ਦਰਜ ਕੀਤੀਆਂ ਹਨ ਅਤੇ 32,903 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ 2533 ਨਸ਼ਾ ਸਪਲਾਇਰ ਹਨ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1446 ਕਿਲੋਗ੍ਰਾਮ ਹੈਰੋਇਨ, 475 ਕਿਲੋਗ੍ਰਾਮ ਅਫੀਮ,25 ਟਨ ਭੁੱਕੀ,35 ਕਿਲੋਗ੍ਰਾਮ ਚਰਸ,511 ਕਿਲੋਗ੍ਰਾਮ ਗਾਂਜਾ, 12 ਕਿਲੋਗ੍ਰਾਮ ਆਈਸੀਈ,3.6 ਕਿਲੋਗ੍ਰਾਮ ਕੋਕੀਨ, 39.29 ਲੱਖ ਨਸ਼ੀਲੀਆਂ ਗੋਲੀਆਂ ਅਤੇ 13.39 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਐਨਡੀਪੀਐਸ ਐਕਟ ਦੀ ਧਾਰਾ 68ਐਫ ਦੇ ਤਹਿਤ ਨਸ਼ਾ ਤਸਕਰਾਂ ਦੀਆਂ 205 ਕਰੋੜ ਰੁਪਏ ਦੀਆਂ ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ ਜਾਇਦਾਦਾਂ ਨੂੰ ਵੀ ਫ਼ੀਜ਼ ਕਰ ਲਿਆ ਹੈ।ਉਨ੍ਹਾਂ ਕਿਹਾ ਕਿ ਮੁੜ-ਵਸੇਬੇ ਦੇ ਸਬੰਧ ਵਿੱਚ ਪੰਜਾਬ ਪੁਲਿਸ ਨੇ 62000 ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਨਸ਼ਾ ਛੁਡਾਊ ਕੇਂਦਰਾਂ ਜਾਂ ਓਓਏਟੀ ਕੇਂਦਰਾਂ ਵਿੱਚ ਭੇਜਿਆ ਹੈ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਦੇ ‘ਸੇਫ਼ ਪੰਜਾਬ' ਵਟਸਐਪ ਚੈਟਬੋਟ ਪੋਰਟਲ 9779100200 ਤੇ ਮਿਲੀਆਂ ਸੂਚਨਾਵਾਂ ਚੋਂ 33 ਫੀਸਦ ਤੇ ਕਾਰਵਾਈ ਕਰਨ ਦਾ ਮਿਸਾਲੀ ਰਿਕਾਰਡ ਬਣਾਇਆ ਹੈ।ਲੋਕਾਂ ਤੋਂ ਪ੍ਰਾਪਤ ਜਾਣਕਾਰੀ ਦੇ ਨਾਲ 7285 ਐਫਆਈਆਰ ਦਰਜ ਕੀਤੀਆਂ ਗਈਆਂ ਹਨ।ਉਨ੍ਹਾਂ ਲੋਕਾਂ ਨੂੰ ਬਿਨਾਂ ਕਿਸੇ ਡਰ ਦੇ ਇਸ ਚੈਟਬੋਟ `ਤੇ ਨਸ਼ਾ ਤਸਕਰਾਂ ਬਾਰੇ ਗੁਪਤ ਰੂਪ ਵਿੱਚ ਜਾਣਕਾਰੀ ਸਾਂਝੀ ਕਰਨ ਲਈ ਕਿਹਾ।ਮੀਟਿੰਗ ਵਿੱਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ, ਡੀਆਈਜੀ ਫਿਰੋਜ਼ਪੁਰ ਰੇਂਜ ਨੀਲਾਂਬਰੀ ਜਗਦਲੇ, ਡੀਆਈਜੀ ਬਾਰਡਰ ਰੇਂਜ ਨਾਨਕ ਸਿੰਘ, ਡੀਆਈਜੀ ਏਜੀਟੀਐਫ ਗੁਰਮੀਤ ਚੌਹਾਨ, ਐਸਐਸਪੀ ਤਰਨਤਾਰਨ ਰਵਜੋਤ ਕੌਰ ਗਰੇਵਾਲ ਅਤੇ ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.