ਗੁਰਮਤਿ ਵਿੱਚ ਨਿਰਲੇਪ ਅਵਸਥਾ ਦਾ ਵਿਸਮਾਦੀ ਸਿਧਾਂਤ
ਗੁਰਮਤਿ ਵਿੱਚ ਨਿਰਲੇਪ ਅਵਸਥਾ ਦਾ ਵਿਸਮਾਦੀ ਸਿਧਾਂਤ
ਡਾ ਸਤਿੰਦਰ ਪਾਲ ਸਿੰਘ
ਗੁਰੂ ਨਾਨਕ ਸਾਹਿਬ ਦਾ ਜੀਵਨ ਫਲਸਫਾ ਸਮਝਣ ਲਈ ਇੱਕ ਨਹੀਂ ਕਈ ਜਨਮ ਨਾਕਾਫ਼ੀ ਹਨ। ਸੂਰਜ ਦੇ ਨੇੜੇ ਜਾਣ ਦੀ ਤਾਬ ਕਿਸ ਕੋਲ ਹੈ। ਸਾਗਰ ਦੀ ਗਹਿਰਾਈ ਕਿਸ ਨੇ ਜਾਣੀ ਹੈ। ਗੁਰੂ ਸਾਹਿਬ ਆਪ ਨੇੜੇ ਆਏ। ਸੰਸਾਰ ਅਤੇ ਜੀਵਨ ਦੇ ਰਹੱਸ ਆਪ ਗੁਰੂ ਸਾਹਿਬ ਨੇ ਪ੍ਰਗਟ ਕੀਤੇ ਕਿਉਂਕਿ ਮਨੁੱਖ ਦੇ ਉਧਾਰ ਦੀ ਚਿੰਤਾ ਗੁਰੂ ਸਾਹਿਬ ਦੇ ਚਿੰਤਨ ਦਾ ਕੇਂਦਰ ਬਿੰਦੂ ਸੀ । ਗੁਰੂ ਸਾਹਿਬ ਨੇ ਕਿਹਾ ਕਿ ਮਨੁੱਖ ਦਾ ਹਿੱਤ ਕੂੜ ਤਿਆਗ ਕੇ ਸੱਚ ਧਾਰਨ ਕਾਰਨ ਵਿੱਚ ਹੈ । ਆਪ ਨੇ ਆਦਿ ਬਾਣੀ ਜਪੁ ਜੀ ਸਾਹਿਬ ਵਿੱਚ ਗੁਰਸਿੱਖ ਨੂੰ “ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ।। ” ਦਾ ਮਨੋਰਥ ਦੇ ਕੇ ਉਸ ਦੇ ਜੀਵਨ ਦੀ ਦਿਸ਼ਾ ਤੈ ਕਰ ਦਿੱਤੀ । ਗੁਰੂ ਸਾਹਿਬ ਨੇ ਵੇਖਿਆ ਕਿ ਮਨੁੱਖ ਸੱਚ ਤੋਂ ਦੂਰ ਹੈ ‘ਤੇ ਮਿਥਿਆ ਸੋਚ , ਬੇਬੁਨਿਆਦ ਵਿਸ਼ਵਾਸ ਤੇ ਨਿਹਫਲ ਕਰਮਾਂ ਵਿੱਚ ਜੀਵਨ ਦਾ ਸਮਾਂ ਵਿਅਰਥ ਗੁਆ ਰਿਹਾ ਹੈ। ਆਪਣੀ ਅਗਿਆਨਤਾ ਕਾਰਨ ਉਸ ਨੇ ਭਰਮ ਨੂੰ ਸੱਚ ਮੰਨ ਲਿਆ ਹੈ। ਸੱਚ ਜਾਣੇ ਤੇ ਧਾਰਨ ਕੀਤੇ ਬਿਨਾ ਮਨੁੱਖ ਦੀ ਗਤਿ ਨਹੀਂ ਹੈ। ਝੂਠ , ਕੂੜ ਵਿੱਚ ਸਦਾ ਲਾਲਸਾ ਬਣੀ ਰਹਿੰਦੀ ਹੈ , ਕਦੇ ਨਾ ਰੱਜਣ ਵਾਲੀ ਭੁੱਖ ਵਿਹਵਾਲ ਕਰਦੀ ਰਹਿੰਦੀ ਹੈ। ਗੁਰੂ ਅੰਗਦ ਸਾਹਿਬ ਨੇ ਅਜਿਹੇ ਹਾਲ ਦਾ ਬਿਆਨ ਕਰਦਿਆਂ ਵਚਨ ਕੀਤਾ “ ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ।। “ ਭਾਵ ਦਿਨ ਰਾਤ ਝੂਠ ਵਿੱਚ ਰੱਤਿਆਂ ਵੀ ਸੰਤੁਸ਼ਟੀ ਨਹੀਂ ਹੈ। ਪਰ ਫਿਰ ਵੀ ਮਨੁੱਖ ਝੂਠ ਨੂੰ ਸੱਚ ਮੰਨ ਕੇ ਸੁੱਖ ਤੇ ਸੰਤੋਖ ਦੀ ਭਾਲ ਕਰ ਰਿਹਾ ਹੈ।ਆਪਣੇ ਲਈ , ਆਪਣੇ ਪਰਿਵਾਰ ਲਈ ਉਹ ਕੂੜ ਵਿੱਚ ਜੀਵਨ ਭਰ ਲਿਪਤ ਰਹਿੰਦਾ ਹੈ। ਗੁਰੂ ਸਾਹਿਬਾਨ ਨੇ ਝੂਠ , ਕੂੜ ਨੂੰ ਮਾਇਆ ਕਿਹਾ । ਸੰਸਾਰ ਵਿੱਚ ਮਾਇਆ ਦਾ ਅਸਰ ਇੰਨਾ ਸੰਘਣਾ ਹੈ ਉਸ ਤੋਂ ਬੱਚਣਾ ਅਤਿ ਔਖਾ ਹੈ । ਮਾਇਆ ਬਾਰੇ ਗੁਰਬਾਣੀ ਦੀ ਸੱਭ ਤੋਂ ਸਟੀਕ ਤੇ ਸੰਖੇਪ ਵਿਆਖਿਆ ਗੁਰੂ ਅਮਰਦਾਸ ਸਾਹਿਬ ਨੇ ਕੀਤੀ ਕਿ “ ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ।। “ , ਸਾਰੇ ਸੰਸਾਰ ਨੂੰ ਮਾਇਆ ਆਪਣਾ ਭੋਜਨ ਬਣਾ ਰਹੀ ਹੈ । ਮਨੁੱਖ ਨੇ ਇਸ ਸੰਸਾਰ ਤੇ ਇਸ ਜੀਵਨ ਨੂੰ ਹੀ ਸੱਚ ਮੰਨ ਲਿਆ ਹੈ। ਇਸ ਭਰਮ ਨੂੰ ਤੋੜੇ ਬਿਨਾ ਮਨੁੱਖ ਨੂੰ ਮਾਇਆ ਦੇ ਕੂੜ ਤੋਂ ਦੂਰ ਕਰਨਾ ਸੰਭਵ ਨਹੀਂ ਸੀ । ਗੁਰੂ ਸਾਹਿਬਾਨ ਨੇ ਸੱਭ ਤੋਂ ਪਹਿਲਾਂ ਜੀਵਨ ਦੇ ਸੱਚ ਨਾਲ ਜੋੜਿਆ ।
ਮਨੁੱਖ ਜੋ ਜੀਵਨ ਜਿਉਂ ਰਿਹਾ ਹੈ ਇਹ ਆਦਿ ਤੇ ਅੰਤਮ ਸੱਚ ਨਹੀਂ ਹੈ । ਗੁਰੂ ਅਰਜਨ ਸਾਹਿਬ ਨੇ ਕਿਹਾ “ ਕਈ ਜਨਮ ਭਏ ਕੀਟ ਪਤੰਗਾ ।। “ ਕਿਤਨੇ ਹੀ ਜਨਮ ਉਹ ਕੀੜਿਆਂ , ਪਤੰਗਿਆਂ ਦੀ ਜੋਨੀ ਵਿੱਚ ਵਿਚਰਦਾ ਰਿਹਾ ਹੈ । ਉਹ “ ਕਈ ਜਨਮ ਗਜ ਮੀਨ ਕੁਰੰਗਾ ।। “ ਕਿਤਨਾ ਹੀ ਸਮਾਂ ਹਾਥੀ , ਮੱਛਲੀ , ਹਿਰਨ ਆਦਿਕ ਬਣ ਕੇ ਜਨਮ ਲੈਂਦਾ ਰਿਹਾ ਹੈ । ਉਸ ਨੇ “ ਕਈ ਜਨਮ ਪੰਖੀ ਸਰਪ ਹੋਇਓ ।। “ ਪੰਛੀ , ਸਰਪ ਆਦਿਕ ਬਣ ਕੇ ਵੀ ਕਈ ਜਨਮ ਲਏ ਹਨ । ਗੁਰੂ ਸਾਹਿਬ ਨੇ ਬੈਲ , ਘੋੜੇ ਆਦਿਕ ਜੀਵ ਹੀ ਨਹੀਂ ਪੱਥਰ , ਪਰਬਤ , ਵਨਸਪਤੀ ਆਦਿਕ ਬਣ ਕੇ ਵੀ ਜਨਮ ਲੈਣ ਬਾਰੇ ਦੱਸਿਆ । ਗੁਰੂ ਸਾਹਿਬ ਨੇ ਇਹ ਵੀ ਕਿਹਾ ਕਿ ਕਿਤਨੀ ਹੀ ਵਾਰ ਉਸ ਨੂੰ ਗਰਭ ਵਿੱਚ ਹੀ ਕਾਲ ਦਾ ਗ੍ਰਾਸ ਦਾ ਬਣਨਾ ਪਿਆ ਹੈ । ਇਹ ਸੱਚ ਗਿਆਤ ਹੋ ਜਾਣ ਤੋਂ ਬਾਅਦ ਮਨੁੱਖ ਕਿਵੇਂ ਆਪਣੇ ਵਰਤਮਾਨ ਜੀਵਨ ਤੇ ਮਾਣ , ਹੰਕਾਰ ਕਰ ਸਕਦਾ ਹੈ “ ਤਿਆਗ ਮਾਨੁ ਝੂਠੁ ਅਭਿਮਾਨੁ ।। “ ਤੇ ਕਿਵੇਂ ਇਸ ਜੀਵਨ ਦਾ ਮੋਹ ਕਰ ਸਕਦਾ ਹੈ । ਪਿਛਲੇ ਜੀਵਨ ਨਹੀਂ ਰਹੇ ਤੇ ਇਹ ਜੀਵਨ ਵੀ ਨਹੀਂ ਰਹਿਣਾ ਹੈ । ਮਨੁੱਖ ਆਪਣੇ ਪਰਿਵਾਰ ਤੇ ਕਿਵੇਂ ਮਾਣ ਕਰ ਸਕਦਾ ਹੈ , ਕਿਵੇਂ ਮੋਹ ਹੋ ਸਕਦਾ ਹੈ ਕਿਉਂਕਿ ਕੌਣ ਉਸ ਦੇ ਮਾਤਾ ਪਿਤਾ ਹਨ । ਉਹ ਤਾਂ ਹਰ ਜਨਮ ਵਿੱਚ ਬਦਲਦੇ ਰਹੇ ਹਨ “ ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ।। “ , ਮਾਤਾ ਕੌਣ ਹੈ , ਪਿਤਾ ਕੌਣ ਹੈ , ਜਨਮ ਦਾ ਸਰੋਤ ਕੀ ਹੈ ਇਸ ਬਾਰੇ ਨਿਸ਼ਚਿਤ ਤੌਰ ਤੇ ਕੀ ਕਿਹਾ ਜਾ ਸਕਦਾ ਹੈ । ਪਰ ਅਗਿਆਨਤਾ ਵੱਸ ਮਨੁੱਖ ਵਿਵਹਾਰ ਇਵੇਂ ਕਰਦਾ ਹੈ ਜਿਵੇਂ ਵਰਤਮਾਨ ਸਬੰਧ ਹੀ ਉਸ ਦਾ ਸਦੀਵੀ ਸੱਚ ਹਨ। ਭਗਤ ਕਬੀਰ ਜੀ ਦਾ ਸ਼ਬਦ ਹੈ ਕਿ ਜਿਸ ਘਰ ਭਾਵ ਪਰਿਵਾਰ , ਕੁਲ ਨੂੰ ਉਹ ਆਪਣਾ ਸਮਝ ਰਿਹਾ ਹੈ ਅਜਿਹੇ ਘਰ ਤਾਂ ਉਹ ਪਿਛਲੇ ਜਨਮਾਂ ਵਿਚ ਅਨੇਕ ਬਣਾ ਚੁੱਕਿਆ ਹੈ। ਉਹ ਬਣਾਏ ਅਣਗਿਣਤ ਘਰ ਆਪਣੇ ਨਹੀਂ ਰਹੇ ਤਾਂ ਅੱਜ ਜਿਸ ਘਰ ਨੂੰ ਉਹ ਆਪਣਾ ਮੰਨ ਰਿਹਾ ਹੈ , ਆਉਣ ਵਾਲੇ ਸਮੇਂ ਵਿੱਚ ਉਹ ਕਿਵੇਂ ਆਪਣਾ ਬਣਿਆ ਰਹੇਗਾ ਜਾਂ ਅੱਜ ਆਪਣਾ ਕਿਹਾ ਜਾ ਸਕਦਾ ਹੈ । ਮਨੁੱਖ ਨੂੰ ਤਾਂ ਇਹ ਪਛਾਣ ਵੀ ਨਹੀਂ ਕਿ ਉਹ ਆਪ ਕੀ ਹੈ। ਉਸ ਨੇ ਆਪਣੇ ਭੌਤਿਕ ਰੂਪ ਨੂੰ ਆਪਣੀ ਪਛਾਣ ਮੰਨ ਲਿਆ ਹੈ । ਗੁਰੂ ਸਾਹਿਬਾਨ ਨੇ ਇਸ ਭਰਮ ਨੂੰ ਵੀ ਤੋੜਿਆ ਅਤੇ ਆਪਣੇ ਤਨ ਨਾਲ ਕੀਤੀ ਗਈ ਪ੍ਰੀਤ ਨੂੰ ਝੂਠਾ ਕਿਹਾ । ਗੁਰੂ ਅਰਜਨ ਸਾਹਿਬ ਨੇ ਗੁਰੂ ਗਰੰਥ ਸਾਹਿਬ ਦੇ ਅੰਗ 1072 ਤੇ ਸੁਸ਼ੋਭਿਤ ਆਪਣੀ ਬਾਣੀ ਵਿੱਚ ਮਨੁੱਖੀ ਹੋਂਦ ਨੂੰ ਦੋ ਹਿੱਸਿਆਂ ਆਤਮਕ ਤੱਤ ਤੇ ਭੌਤਿਕ ਤੱਤ ਵਿੱਚ ਵੰਡਦਿਆਂ ਕਿਹਾ ਕਿ ਆਤਮਕ ਤੱਤ ਭਾਵ ਮਨ ਨੇ ਭੌਤਿਕ ਤੱਤ ਭਾਵ ਤਨ ਨਾਲ ਪਤੀ ਤੇ ਪਤਨੀ ਜਿਹਾ ਸਬੰਧ ਕਾਇਮ ਕਰ ਲਿਆ ਹੈ । ਮਨ ਨੇ ਤਨ ਨੂੰ ਆਪਣਾ ਸਦੀਵੀ ਸੰਗੀ ਮੰਨ ਲਿਆ ਹੈ। ਤਨ ਵੀ ਇਸ ਭਰਮ ਨੂੰ ਬਣਾਈ ਰੱਖਦਾ ਹੈ। ਮਨ ਜੋ ਕਹਿੰਦਾ ਹੈ , ਤਨ ਉਸ ਨੂੰ ਪੂਰਾ ਕਾਰਨ ਲਈ ਤੁਰੰਤ ਤਤਪਰ ਹੋ ਜਾਂਦਾ ਹੈ। ਇਹ ਸਬੰਧ ਅਤਿ ਨੇੜਤਾ ਦਾ ਬਣ ਜਾਂਦਾ ਹੈ । ਮਨ ਇਸਤਰੀ ਨੂੰ ਇਸ ਵਿਚ ਘਣਾ ਰਸ ਆਉਂਦਾ ਹੈ। ਪਤੀ ਤਨ ਵੀ ਉਸ ਰਸ ਨੂੰ ਸਦਾ ਬਣਾਈ ਰੱਖਦਾ ਹੈ। ਮਨ ਆਪਣੀ ਕਾਮਨਾ ਪ੍ਰਗਟ ਕਰਦੀ ਹੈ ਕਿ ਤਨ ਉਸ ਨੂੰ ਕਦੇ ਵੀ ਛੱਡ ਕੇ ਨਾ ਜਾਵੇ। ਤਨ ਸੰਵਾਦ ਕਰਦਾ ਹੈ ਕਿ ਉਹ ਤਾਂ ਹੁਕਮੀ ਬੰਦਾ ਹੈ । ਜਦੋਂ ਹੁਕਮ ਹੋਇਆ ਉਹ ਵਿਦਾ ਹੋ ਜਾਵੇਗਾ। ਗੁਰੂ ਸਾਹਿਬ ਨੇ ਕਿਹਾ ਕਿ ਮਨ ਇਸਤ੍ਰੀ ਮੋਹ ਵਿੱਚ ਅੰਨੀ ਹੋ ਗਈ ਹੈ , ਸੱਚ ਵੇਖ ਨਹੀਂ ਪਾ ਰਹੀ ਪਰ ਤਨ ਚੰਚਲ ਤੇ ਸਿਆਣਾ ਹੈ । ਤਨ ਸੱਚ ਵਚਨ ਕਹਿੰਦਾ ਹੈ ਕਿ ਉਹ ਤਦੋਂ ਤੱਕ ਹੀ ਉਸ ਦੇ ਨਾਲ ਰਹਿਣ ਵਾਲਾ ਹੈ ਜਦੋਂ ਤੱਕ ਉਸ ਨੂੰ ਸੰਗ ਰਹਿਣ ਦਾ ਹੁਕਮ ਹੈ । ਮਨ ਨੂੰ ਇਸ ਤੇ ਵਿਸ਼ਵਾਸ ਨਹੀਂ ਹੁੰਦਾ ਅਤੇ ਉਹ ਤਨ ਦੀ ਇਸ ਗੱਲ ਨੂੰ ਹਾਸਾ ਹੀ ਸਮਝਦੀ ਹੈ। ਗੁਰੂ ਸਾਹਿਬ ਨੇ ਕਿਹਾ ਕਿ ਕਾਲ ਦਾ ਸੱਦਾ ਆਉਂਦੀਆਂ ਹੀ ਤਨ ਸਾਥ ਛੱਡ ਕੇ ਵਿਦਾ ਹੋ ਜਾਂਦਾ ਹੈ “ ਨਾ ਧਨ ਪੁਛੀ ਨ ਮਤਾ ਪਕਾਇਆ ।। “ , ਇੱਕ ਪਲ ਵੀ ਸੋਚ ਵਿਚਾਰ ਨਹੀਂ ਕਰਦਾ , ਨਾਂ ਹੀ ਮਨ ਵੱਲ ਪਰਤ ਕੇ ਵੇਖਦਾ ਹੀ ਹੈ । ਮਨ ਦਾ ਮਿਥਿਆ ਮੋਹ ਖਿਨ ਮਾਤਰ ਵਿੱਚ ਹੀ ਟੁੱਟ ਜਾਂਦਾ ਹੈ । ਮਾਇਆ ਦਾ ਮੋਹ , ਵਿਕਾਰਾਂ ਦਾ ਬੰਧ ਤਾਂ ਤਨ ਦੇ ਕਾਰਨ ਹੀ ਸੀ । ਤਨ ਹੀ ਇਸ ਦਾ ਮਾਧਿਅਮ ਸੀ। ਤਨ ਨੂੰ ਅਵਿਨਾਸ਼ੀ ਮੰਨ ਕੇ ਮਨ ਭੋਗ ਵਿਲਾਸ ਤੇ ਕੂੜ ਵਿੱਚ ਉਲਝਿਆ ਰਹਿੰਦਾ ਹੈ। ਆਪਣੇ ਆਪ ਨੂੰ ਮਨ ਤੋਂ ਵੱਖ ਕਰ ਕੇ ਵੇਖਨ ਦਾ ਜਤਨ ਹੀ ਨਹੀਂ ਕਰਦਾ। ਇਹ ਭੁੱਲ ਪਛਤਾਵੇ ਵਿਚ ਬਦਲ ਜਾਂਦੀ ਹੈ। ਮਨ ਦਾ ਤਨ ਨਾਲ , ਪਰਿਵਾਰ ਨਾਲ , ਮਾਇਆ ਨਾਲ ਲਿਪਤ ਰਹਿਣਾ ਹੀ ਕੂੜ ਹੈ। ਇਸ ਕੂੜ ਨੂੰ ਤੋੜਨਾ ਹੀ ਨਿਰਲੇਪ ਹੋਣਾ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਸਚਿਆਰ ਹੋਣਾ ਕਿਹਾ। ਨਿਰਲੇਪ ਹੋਣਾ ਨਾ ਤਾਂ ਸੰਸਾਰ ਤੇ ਪਰਿਵਾਰ ਦਾ ਤਿਆਗ ਹੈ ਨਾਂ ਹੀ ਜੀਵਨ ਤੋਂ ਉਦਾਸ ਹੋਣਾ ਹੈ। ਸੰਸਾਰ ਅੰਦਰ ਜੋ ਵੀ ਦ੍ਰਿਸ਼ਟੀਮਾਨ ਹੈ ਉਹ ਨਾਸ਼ਵਾਨ ਹੈ। ਨਾਸ਼ਵਾਨ ਨਾਲ ਨਹੀਂ, ਜੋ ਅਵਿਨਾਸ਼ੀ ਹੈ ਉਸ ਨਾਲ ਸਬੰਧ ਜੋੜਨਾ ਹੈ , ਪ੍ਰੀਤ ਕਰਨੀ ਹੈ ਤੇ ਭਰੋਸਾ ਕਰਨਾ ਹੈ। ਨਾਸ਼ਵਾਨ ਸੰਸਾਰ ਵੀ ਪਰਮਾਤਮਾ ਦੀ ਹੀ ਰਚਨਾ ਹੈ। ਕੂੜ ਪਰਮਾਤਮਾ ਦੀ ਖੇਡ ਹੈ “ ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ।। . ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ।। “ , ਇਸ ਖੇਡ ਵਿੱਚ ਭਰਮ ਕੇ ਮਨੁੱਖ ਇਵੇਂ ਵਿਵਹਾਰ ਕਰਦਾ ਹੈ ਜਿਵੇਂ ਸਦਾ ਹੀ ਜੀਵਤ ਰਹਿਣਾ ਹੈ ਤੇ ਮਰਨਾ ਵਿਸਾਰ ਦਿੰਦਾ ਹੈ। ਇਸ ਕੂੜ ਤੋਂ ਨਿਰਲੇਪ ਰਹਿਣ ਵਾਲੇ ਹੀ ਸੱਚ ਨੂੰ ਪਛਾਣ ਲੈਂਦੇ ਹਨ ਤੇ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣਦੇ ਹਨ “ ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ।। “ . ਗੁਰੂ ਨਾਨਕ ਸਾਹਿਬ ਨੇ ਵਚਨ ਕੀਤਾ “ ਨਾਨਕ ਸਾਚੇ ਕਉ ਸਚੁ ਜਾਣੂ ।। “ . ਇੱਕ ਪਰਮਾਤਮਾ ਹੀ ਸੱਚ ਹੈ , ਮਨੁੱਖ ਉਸ ਦੀ ਹੀ ਕਾਮਨਾ ਕਰੇ। ਇਸ ਸੱਚ ਨਾਲ ਪਿਆਰ ਨਿਸ਼ਕਾਮ ਹੈ “ ਸਚੁ ਸਰਾ ਗੁੜ ਬਾਹਰਾ ਜਿਸੁ ਵਚਿ ਸਚਾ ਨਾਉ ।। “ . ਸੰਸਾਰਕ ਪ੍ਰੀਤ ਵਿੱਚ ਸਵਾਰਥ ਛੁਪਿਆ ਹੁੰਦਾ ਹੈ। ਪਰਮਾਤਮਾ ਨਾਲ ਪ੍ਰੀਤ ਸਵਾਰਥ ਤੋਂ ਰਹਿਤ ਪਾਵਨ ਤੇ ਨਿਰਮਲ ਹੈ। ਪਾਵਨ ਤੇ ਨਿਰਮਲ ਹੋਣਾ ਹੀ ਨਿਰਲੇਪ ਹੋਣਾ ਹੈ। ਮਨੁੱਖ ਪ੍ਰਮਾਤਮਾ ਅਤੇ ਸੱਚ ਨਾਲ ਪ੍ਰੀਤ ਵਿਚ ਕੋਈ ਸੰਸਾਰਕ ਵਿਘਨ ਨਹੀਂ ਆਉਣ ਦਿੰਦਾ। ਗੁਰੂ ਨਾਨਕ ਸਾਹਿਬ ਨਾਲ ਉਹਨਾਂ ਦਾ ਪਰਿਵਾਰ ਸੀ ਪਰ ਗੁਰਗੱਦੀ ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਸੌਂਪੀ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਦੀ ਆਯੂ ਮਾਤਰ ਬਾਰਹ ਸਾਲ ਸੀ ਪਰ ਗੁਰੂ ਅਰਜਨ ਸਾਹਿਬ ਨੇ ਇਸ ਦੀ ਕੋਈ ਵੀਚਾਰ ਨਹੀਂ ਕੀਤੀ । ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਵਿਚ ਨੌ ਸਾਲ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਪ੍ਰੇਰਨਾ ਬਣੇ। ਗੁਰੂ ਹਰਿਰਾਇ ਸਾਹਿਬ ਨੇ ਆਪਣੇ ਵੱਡੇ ਪੁੱਤਰ ਨੂੰ ਗੁਰਬਾਣੀ ਦੀ ਮਰਿਆਦਾ ਨਾ ਕਾਇਮ ਰੱਖਣ ਕਾਰਨ ਜੀਵਨ ਭਰ ਲਈ ਆਪਣੇ ਤੋਂ ਦੂਰ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਦਿਨ ਅੰਦਰ ਆਪਣੇ ਚਾਰੋ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਹਜਾਰਾਂ ਜੀਵਤ ਸਿੱਖਾਂ ਦੇ ਹਿੱਤ ਲਈ ਵਾਰਨਾ ਮੰਨ ਕੇ ਸਹਿਜ ਹੀ ਸਵੀਕਾਰ ਕਰ ਲਿਆ। ਇਹ ਹੈ ਨਿਰਲੇਪ ਹੋਣਾ ਜੋ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਹੰਡਾ ਕੇ ਸੰਸਾਰ ਨੂੰ ਸਿਖਾਇਆ । ਨਿਰਲੇਪ ਅਵਸਥਾ ਮਾਇਆ ਮੋਹ ਤੋਂ ਉੱਪਰ ਉੱਠਣ ਦੀ ਅਵਸਥਾ ਹੈ ਪਰ ਸਮਾਜਕ , ਪਰਿਵਾਰਕ ਜ਼ਿੰਮੇਵਾਰੀਆਂ ਤੋਂ ਮੁੰਹ ਨਹੀਂ ਮੋੜਦੀ । ਗੁਰੂ ਨਾਨਕ ਸਾਹਿਬ ਬਿਰਧ ਅਵਸਥਾ ਵਿੱਚ ਵੀ ਕਰਤਾਰਪੁਰ ਸਾਹਿਬ ਵਿਖੇ ਆਪਣੇ ਪਰਿਵਾਰ ਦੇ ਪਾਲਣ ਲਈ ਖੇਤੀ ਕਰਦੇ ਰਹੇ । ਸਾਰੇ ਹੀ ਗੁਰੂ ਸਾਹਿਬਾਨ ਨੇ ਆਪਣੀ ਸੰਤਾਨ ਦੀ ਵਿਦਿਆ , ਗਿਆਨ ਲਈ ਸੁੱਚਜੇ ਪ੍ਰਬੰਧ ਕੀਤੇ , ਆਪਣੇ ਮਹਿਲਾਂ ਨੂੰ ਸਨਮਾਨ ਤੇ ਸਹਿਯੋਗ ਬਖਸ਼ਿਆ । ਗੁਰੂ ਅੰਗਦ ਸਾਹਿਬ ਦੇ ਮਹਿਲ ਮਾਤਾ ਖੀਵੀ ਜੀ ਲੰਗਰ ਵਿੱਚ ਸਹਿਯੋਗ ਦਿੰਦੇ ਸਨ । ਗੁਰੂ ਰਾਮਦਾਸ ਜੀ ਦੁਆਰਾ ਆਪਣੇ ਸਬੰਧੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਗੁਰੂ ਅਰਜਨ ਸਾਹਿਬ ਨੂੰ ਲਾਹੌਰ ਭੇਜਣ ਦਾ ਜਿਕਰ ਮਿਲਦਾ ਹੈ । ਗੁਰੂ ਤੇਗ ਬਹਾਦਰ ਜੀ ਕੀਰਤਪੁਰ ਛੱਡ ਕੇ ਬਕਾਲੇ ਆਏ ਤਾਂ ਆਪਣੀ ਮਾਤਾ ਨਾਨਕੀ ਜੀ ਨੂੰ ਵੀ ਨਾਲ ਲਿਆਏ । ਜ਼ਿੰਮੇਵਾਰੀਆਂ ਦਾ ਅਹਿਸਾਸ ਸੀ ਪਰ ਮੋਹ ਜ਼ਿੰਮੇਵਾਰੀਆਂ ਦਾ ਕਾਰਨ ਨਹੀਂ ਬਣਿਆ । ਮੋਹ ਹੋਵੇ ਤਾਂ ਲਾਲਸਾ ਪੈਦਾ ਹੁੰਦੀ ਹੈ। ਲਾਲਸਾ ਵਿੱਚ ਕੀਤੇ ਕਾਰਜ ਜਿੰਮੇਵਾਰੀ ਦੀ ਸ੍ਰੇਣੀ ਵਿਚ ਨਹੀਂ ਆਉਂਦੇ। ਜਿੰਮੇਵਾਰੀ ਦੀ ਇੱਕ ਮਰਿਆਦਾ ਹੈ , ਸੀਮਾ ਹੈ ਜੋ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਪ੍ਰਗਟ ਹੋਈ। ਮੋਹ ਤੋਂ ਪੈਦਾ ਹੋਈ ਲਾਲਸਾ ਦੀ ਕੋਈ ਮਰਿਆਦਾ , ਕੋਈ ਸੀਮਾ ਨਹੀਂ ਹੁੰਦੀ। ਜਲ ਵਿੱਚ ਕਮਲ ਦਾ ਖਿਲਣਾ ਉਸ ਦੀ ਜਿੰਮੇਵਾਰੀ ਹੈ ਕਿਉਂਕਿ ਉਹ ਜਲ ਵਿੱਚ ਪੈਦਾ ਹੋਇਆ ਹੈ। ਜਲ ਵਿੱਚ ਰਹਿ ਕੇ ਵੀ ਜਲ ਤੋਂ ਉੱਪਰ ਰਹਿਣਾ ਉਸ ਦੀ ਨਿਰਲੇਪ ਅਵਸਥਾ ਹੈ ਕਿਉਂਕਿ ਉਸ ਨੂੰ ਗਿਆਨ ਹੈ ਕਿ ਜਲ ਵਿੱਚ ਡੁੱਬਿਆ ਰਹਿ ਕੇ ਉਹ ਖਿੜ ਨਹੀਂ ਸਕਦਾ।
ਬ੍ਰਹਮ ਗਿਆਨੀ ਸਦਾ ਨਿਰਲੇਪ ।।
ਜੈਸੇ ਜਲ ਮਹਿ ਕਮਲ ਅਲੇਪ ।।
( ਸ੍ਰੀ ਗੁਰੂ ਗਰੰਥ ਸਾਹਿਬ ਅੰਗ 272 )
ਬ੍ਰਹਮ ਗਿਆਨ ਹੈ ਮਾਇਆ ਦਾ ਵਿਨਾਸ਼ਕਾਰੀ ਸਵਰੂਪ ਜਾਣਨਾ ‘ਤੇ ਵਿੱਚ ਡੁੱਬਨ ਤੋਂ ਬਚਣਾ ਤਾਂ ਜੋ ਜੀਵਨ ਖਿੜ ਕੇ ਆਪਣਾ ਮਨੋਰਥ ਪ੍ਰਾਪਤ ਕਰ ਸਕੇ। ਗੁਰੂ ਅਰਜਨ ਸਾਹਿਬ ਨੇ ਆਪਣੀ ਬਾਣੀ ਸੁਖਮਨੀ ਸਾਹਿਬ ਵਿੱਚ ਵਿਸਤਾਰ ਨਾਲ ਸਮਝਾਇਆ ਕਿ ਮਨ , ਵਚਨ ਅਤੇ ਕਰਮ ਦੀ ਪਵਿੱਤਰਤਾ ਹੀ ਬ੍ਰਹਮ ਗਿਆਨੀ ਹੋਣਾ ਹੈ। ਇਹ ਗ੍ਰੰਥਾਂ ਦਾ ਸ਼ਬਦ ਗਿਆਨ ਨਹੀਂ ਜੀਵਨ ਦੀ ਅਵਸਥਾ ਹੈ ਜਿਸ ਵਿੱਚ ਕੋਈ ਭੇਦ ਨਹੀਂ ਰਹਿੰਦਾ ਜਿਵੇਂ ਸੂਰਜ ਸਾਰੀਆਂ ਨੂੰ ਇੱਕ ਸਮਾਨ ਆਪਣੀ ਰੋਸ਼ਨੀ ਤੇ ਗਰਮਾਹਟ ਵੰਡਦਾ ਹੈ। ਉਹ ਸਮ ਦ੍ਰਿਸ਼ਟੀ ਦਾ ਧਾਰਕ ਹੈ ਜਿਵੇਂ ਪਵਨ ਸਾਰੀਆਂ ਨੂੰ ਇੱਕੋ ਜਿਹਾ ਸਪਰਸ਼ ਦਿੰਦੀ ਹੈ। ਉਸ ਅੰਦਰ ਪੱਕਾ ਧੀਰਜ ਹੈ ਜਿਵੇਂ ਧਰਤੀ ਨੂੰ ਭਾਵੇਂ ਕੋਈ ਪੁੱਟੇ ਜਾਂ ਚੰਦਨ ਦਾ ਲੇਪ ਕਰੇ ਧਰਤੀ ਸਾਰੀਆਂ ਨੂੰ ਹੀ ਬਰਾਬਰੀ ਦਾ ਅਧਾਰ ਦਿੰਦੀ ਹੈ। ਬ੍ਰਹਮ ਗਿਆਨੀ ਦਾ ਸੁਭਾਅ ਅਗਨੀ ਜਿਹਾ ਹੁੰਦਾ ਹੈ ਜੋ ਸਹਿਜ ਹੀ ਪ੍ਰਗਟ ਹੁੰਦੀ ਹੈ , ਸਹਿਜ ਹੀ ਅਲੋਪ ਹੋ ਜਾਂਦੀ ਹੈ। ਉਹ ਜਲ ਦੀ ਤ੍ਰਾਹ ਹੁੰਦਾ ਹੈ ਜਿਸ ਨੂੰ ਕਦੇ ਕੋਈ ਮੈਲ ਨਹੀਂ ਲੱਗਦੀ। ਬ੍ਰਹਮ ਗਿਆਨ ਦੀ ਅਵਸਥਾ ਵਿੱਚ ਮਨ ਅਧਿਆਤਮਕ ਗਿਆਨ ਨਾਲ ਇਵੇਂ ਪ੍ਰਕਾਸ਼ਿਤ ਰਹਿੰਦਾ ਹੈ ਜਿਵੇਂ ਧਰਤੀ ਉੱਪਰ ਸਦਾ ਹੀ ਅਸਮਾਨ ਟਿਕਿਆ ਹੋਇਆ ਹੈ। ਇਹ ਨਿਰਲੇਪ ਅਵਸਥਾ ਦੇ ਲੱਖਣ ਹਨ। ਉਹ ਸੂਰਜ ਹੈ , ਪਵਨ ਹੈ , ਧਰਤੀ ਹੈ , ਜਲ ਹੈ , ਅਗਨੀ ਹੈ , ਆਕਾਸ਼ ਹੈ। ਸ੍ਰਿਸ਼ਟੀ ਦੇ ਆਦਿ ਤੋਂ ਹੀ ਸੂਰਜ , ਪਵਨ , ਧਰਤੀ , ਜਲ , ਪਵਨ , ਅਗਨੀ , ਆਕਾਸ਼ ਦਾ ਇੱਕੋ ਹੀ ਸੁਭਾਅ ਪ੍ਰਗਟ ਹੋ ਰਿਹਾ ਹੈ। ਇਨ੍ਹਾਂ ਦਾ ਸਨਮਾਨ ਤਾਂ ਹੀ ਹੈ , ਤਾਂ ਹੀ ਇਹ ਜੀਵਨ ਦਾ ਆਧਾਰ ਹਨ। ਨਿਰਲੇਪ ਅਵਸਥਾ ਅਡੋਲ ਹੈ ਤਾਂ ਹੀ ਉਹ ਨਿਰਲੇਪ ਅਵਸਥਾ ਹੈ । ਇਹ ਆਤਮਿਕ ਉਧਾਰ ਦਾ ਮਾਧਿਅਮ ਤਾਂ ਹੈ ਹੀ ਮਨੁੱਖਤਾ ਦੇ ਉਧਾਰ ਦਾ ਵੀ ਰਾਹ ਖੋਲਦੀ ਹੈ “ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ।। ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ।। “ । ਸੰਸਾਰ ਦੀ ਮਾਇਆ , ਮੋਹ ਤੋਂ ਨਿਰਲੇਪ ਗੁਰਸਿੱਖ ਦਾ ਸੰਕਲਪ ਆਤਮ ਕਲਿਆਣ ਦੇ ਨਾਲ ਹੀ ਸਰਬ ਕਲਿਆਣ ਦਾ ਹੈ। ਗੁਰਬਾਣੀ ਨਾਲ ਜੁੜਨਾ ਤਾਂ ਹੀ ਸਫਲ ਹੈ ਜੇ ਮਨ ਅੰਦਰ ਨਿਰਲੇਪ ਅਵਸਥਾ ਦਾ ਸਿਰਜਣ ਹੋ ਜਾਏ। ਜੀਵਨ ਵਿੱਚ ਸੁੱਖ - ਦੁੱਖ ਦੀਆਂ ਭਾਵੇਂ ਕਿਹੇ ਹੀ ਜਿਹਿਆਂ ਸਥਿਤੀਆਂ ਬਣਨ ਧੀਰਜ , ਸੰਜਮ , ਸੰਤੋਖ ਅਤੇ ਸਮ ਦ੍ਰਿਸ਼ਟੀ ਦੇ ਗੁਣ ਅਡੋਲ ਰਹਿਣ “ ਜੈ ਰਾਜੁ ਦੇਹਿ ਤਾਂ ਕਵਨ ਬਡਾਈ।। ਜੈ ਭੀਖ ਮੰਗਾਵਹਿ ਤ ਕਿਆ ਘਟਿ ਜਾਈ ।। “ । ਇਸ ਅਵਸਥਾ ਤੋਂ ਵੱਡਾ ਜੱਪ , ਤੱਪ ਕੋਈ ਹੋਰ ਨਹੀਂ ਹੈ , ਇਸ ਤੋਂ ਸ੍ਰੇਸ਼ਟ ਸਿੱਧਤਾ ਕੋਈ ਦੂਜੀ ਨਹੀਂ ਹੈ। ਇਸ ਅਵਸਥਾ ਵਿੱਚ ਵਿਸਮਾਦ ਹੀ ਵਿਸਮਾਦ ਹੈ ਜਿਸ ਦਾ ਆਨੰਦ ਕਥਨ ਤੋਂ ਪਰੇ ਹੈ । ਰਾਜਾ ਹੋਈਆਂ ਵੀ ਆਨੰਦ ਹੈ, ਭਿੱਖਿਆ ਮੰਗਣਾ ਵੀ ਉਤਨਾ ਹੀ ਆਨੰਦ ਦੇ ਰਿਹਾ ਹੈ।
ਡਾ ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ , ਅਸਟ੍ਰੇਲੀਆ
ਈ ਮੇਲ - akaalpurkh.7@gmail.com
Posted By: ਡਾ ਸਤਿੰਦਰ ਪਾਲ ਸਿੰਘ