#ਆਤਮ_ਪ੍ਰਗਾਸੁ
#ਆਤਮ_ਪ੍ਰਗਾਸੁ
ਅੰਦਰ ਗਿਆਨ ਦਾ ਦੀਵਾ ਜਗਿਆ,
ਚਾਨਣ ਚਾਰ ਚੁਫੇਰੇ ਹੂ।
ਬਲਿਆ ਤੇਲ ਰੁਹਾਨੀ ਲਟ ਲਟ,
ਨੱਸ ਗਏ ਤਿਮਰ ਅੰਧੇਰੇ ਹੂ।
ਤਰਕ ਵਿਚਾਰ ਦੀ ਵੱਟੀ ਮੱਚਦੀ,
ਚਾਨਣ ਹੋਇਆ ਬਨੇਰੇ ਹੂ।
ਭਰਮ ਪਖੰਡ ਦੀ ਨ੍ਹੇਰੀ ਰੁਕ ਗਈ,
ਚੜ੍ਹ ਗਏ ਨਵੇਂ ਸਵੇਰੇ ਹੂ।
ਕਰਮਕਾਂਡਾਂ ਦੇ ਬੱਦਲ਼ ਉੱਡ ਗਏ,
ਢਹਿ ਪਏ ਕੂੜ ਦੇ ਡੇਰੇ ਹੂ।
ਸੁਪਨੇ ਦੇ ਵਿੱਚ ਪ੍ਰੀਤਮ ਮਿਲਿਆ,
ਜ਼ੁਲਫ਼ਾਂ ਨਾਗ ਖ਼ਲੇਰੇ ਹੂ।
ਆਸ ਦੇ ਜੁਗਨੂੰ ਟਿਮਟਿਮਾਉਂਦੇ,
ਜਗਮਗ ਘੇਰੇ-ਘੇਰੇ ਹੂ।
ਬੁੱਧ ਟਟੀਰੀ ਗੀਤ ਸੁਣਾਵੇ,
ਲੰਮੀਆਂ ਬਾਂਹਾਂ ਉਲੇਰੇ ਹੂ।
ਕਾਲੀ ਰਾਤ ਕੁਫ਼ਰ ਦੀ ਬੀਤੀ,
ਤੂੰ ਆਇਉਂ ਘਰ ਮੇਰੇ ਹੂ।
ਸੂਝ ਬਿਬੇਕ ਦੀ ਹੋਈ ਰੌਸ਼ਨੀ,
ਵੇਖਣ ਆਏ ਬਥੇਰੇ ਹੂ।
ਗਹਿਰੀ ਗਫ਼ਲਤ ਨੀਂਦਰ ਟੁੱਟੀ,
ਹਿਣਕੇ ਸੱਚ ਵਛੇਰੇ ਹੂ।
ਪ੍ਰੇਮ ਕਿਆਰੀ ਮਹਿਕਾਂ ਵੰਡਦੀ,
ਇਤਰ ਫੁਲੇਲ ਬਿਖੇਰੇ ਹੂ।
ਜੱਸ ਦੀ ਕਲ਼ਮ ਲਿਖੇ ਕਵਿਤਾਵਾਂ,
ਗਾਉਂਦੀ ਸੋਹਲੇ ਤੇਰੇ ਹੂ।
✍️ ਜੱਸ ਅਮਰਕੋਟੀ