Nazrana Times

ਪੰਜਾਬੀ

ਪ੍ਰਾਚੀਨ ਸ੍ਰੀ ਸ਼ਿਵ ਮੰਦਰ ਸੁਭਾਸ਼ ਚੌਂਕ ਵਿਖੇ 16 ਦਸੰਬਰ ਨੂੰ ਹੋਵੇਗੀ ਸ੍ਰੀ ਬਾਲਾ ਜੀ ਮਹਾਰਾਜ ਦੀ ਵਿਸ਼ਾਲ ਚੌਂਕੀ

27 Nov, 2026 01:49 PM

ਸ਼ਰਧਾਲੂਆਂ ਨੂੰ ਮਿਲੇਗਾ ਬਾਬਾ ਜੀ ਦਾ ਆਸ਼ੀਰਵਾਦ, ਚੌਂਕੀ ਉਪਰੰਤ ਵਰਤਾਇਆ ਜਾਵੇਗਾ ਭੰਡਾਰਾ

ਕਪੂਰਥਲਾ, 27 ਨਵੰਬਰ ਗੌਰਵ ਮੜੀਆ

ਧਾਰਮਿਕ ਨਗਰੀ ਕਪੂਰਥਲਾ ਵਿਖੇ ਪ੍ਰਭੂ ਭਗਤੀ ਅਤੇ ਸ਼ਰਧਾ ਦਾ ਮਾਹੌਲ ਸਿਰਜਣ ਦੇ ਮਕਸਦ ਨਾਲ ਪ੍ਰਾਚੀਨ ਸ੍ਰੀ ਸ਼ਿਵ ਮੰਦਰ ਸੁਭਾਸ਼ ਚੌਂਕ ਵਿਖੇ ਸ੍ਰੀ ਬਾਲਾ ਜੀ ਮਹਾਰਾਜ ਦੀ ਵਿਸ਼ਾਲ ਚੌਂਕੀ ਦਾ ਆਯੋਜਨ 16 ਦਸੰਬਰ 2026, ਦਿਨ ਬੁੱਧਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਨੂੰ ਲੈ ਕੇ ਮੰਦਰ ਕਮੇਟੀ ਵੱਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਚੌਂਕੀ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਸਜਾਈ ਜਾਵੇਗੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਪ੍ਰਾਚੀਨ ਸ੍ਰੀ ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਵਰੁਣ ਬਹਿਲ ਨੇ ਦੱਸਿਆ ਕਿ ਪ੍ਰਭੂ ਸ੍ਰੀ ਬਾਲਾ ਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਨ ਅਤੇ ਸੰਗਤਾਂ ਨੂੰ ਪ੍ਰਭੂ ਭਗਤੀ ਨਾਲ ਜੋੜਨ ਦੇ ਉਦੇਸ਼ ਨਾਲ ਇਸ ਵਿਸ਼ੇਸ਼ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਾਲਾ ਜੀ ਮਹਾਰਾਜ ਆਪਣੇ ਭਗਤਾਂ ਦੇ ਦੁੱਖਾਂ ਅਤੇ ਕਸ਼ਟਾਂ ਨੂੰ ਦੂਰ ਕਰਨ ਵਾਲੇ ਅਤੇ ਹਰ ਸੰਕਟ ਵਿੱਚ ਆਪਣੇ ਭਗਤਾਂ ਦਾ ਸਹਾਰਾ ਬਣਨ ਵਾਲੇ ਹਨ। ਜੋ ਵੀ ਸ਼ਰਧਾਲੂ ਸੱਚੇ ਮਨ ਅਤੇ ਪੂਰੀ ਸ਼ਰਧਾ ਨਾਲ ਬਾਬਾ ਜੀ ਦੇ ਦਰਬਾਰ ਵਿੱਚ ਅਰਦਾਸ ਕਰਦਾ ਹੈ, ਉਸ ਨੂੰ ਆਤਮਿਕ ਸ਼ਾਂਤੀ ਅਤੇ ਪ੍ਰਭੂ ਦੀ ਭਗਤੀ ਦਾ ਸੁਖ ਪ੍ਰਾਪਤ ਹੁੰਦਾ ਹੈ।
ਉਨ੍ਹਾਂ ਕਪੂਰਥਲਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੀਆਂ ਸਮੂਹ ਧਾਰਮਿਕ ਸੰਸਥਾਵਾਂ, ਸਮਾਜਿਕ ਜਥੇਬੰਦੀਆਂ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਪਾਵਨ ਧਾਰਮਿਕ ਸਮਾਗਮ ਵਿੱਚ ਪਹੁੰਚ ਕੇ ਸ੍ਰੀ ਬਾਲਾ ਜੀ ਮਹਾਰਾਜ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਉਣ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਭਾਈਚਾਰੇ, ਪ੍ਰੇਮ, ਸਦਭਾਵਨਾ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।
ਇਸ ਮੌਕੇ ਸ੍ਰੀ ਬਾਲਾ ਜੀ ਮਹਾਰਾਜ ਦਾ ਗੁਣਗਾਨ ਕਰਨ ਲਈ ਵਿਸ਼ੇਸ਼ ਤੌਰ 'ਤੇ ਸੰਕਟ ਮੋਚਨ ਹਨੂੰਮਾਨ ਬਾਲਾ ਜੀ ਕੀਰਤਨ ਮੰਡਲ ਜਲੰਧਰ ਤੋਂ ਕੀਰਤਨ ਮੰਡਲੀ ਪਹੁੰਚ ਰਹੀ ਹੈ। ਕੀਰਤਨ ਮੰਡਲੀ ਦੇ ਮੈਂਬਰਾਂ ਵੱਲੋਂ ਮਨਮੋਹਕ ਭਜਨਾਂ ਅਤੇ ਸੰਕੀਰਤਨ ਰਾਹੀਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਇਸ ਦੌਰਾਨ ਪੂਰਾ ਮੰਦਰ ਕੰਪਲੈਕਸ ਬਾਬਾ ਜੀ ਦੇ ਜੈਕਾਰਿਆਂ ਅਤੇ ਭਜਨਾਂ ਨਾਲ ਗੂੰਜ ਉੱਠੇਗਾ ਅਤੇ ਸ਼ਰਧਾਲੂ ਭਗਤੀ ਰਸ ਵਿੱਚ ਲੀਨ ਹੋ ਕੇ ਬਾਬਾ ਜੀ ਦਾ ਗੁਣਗਾਨ ਕਰਨਗੇ।
ਮੰਦਰ ਕਮੇਟੀ ਦੇ ਪ੍ਰਧਾਨ ਵਰੁਣ ਬਹਿਲ ਨੇ ਕਿਹਾ ਕਿ ਇਸ ਚੌਂਕੀ ਦਾ ਮੁੱਖ ਮਕਸਦ ਵੱਧ ਤੋਂ ਵੱਧ ਸੰਗਤ ਨੂੰ ਪ੍ਰਭੂ ਭਗਤੀ ਨਾਲ ਜੋੜਨਾ ਅਤੇ ਸਮਾਜ ਵਿੱਚ ਧਾਰਮਿਕ ਚੇਤਨਾ, ਆਪਸੀ ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਦੇਣਾ ਹੈ। ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਪਹੁੰਚ ਕੇ ਇਸ ਪਵਿੱਤਰ ਧਾਰਮਿਕ ਸਮਾਗਮ ਦੀ ਸ਼ੋਭਾ ਵਧਾਉਣ।
ਇਸ ਪਾਵਨ ਚੌਂਕੀ ਦੀ ਸਮਾਪਤੀ ਉਪਰੰਤ ਸਮੂਹ ਸ਼ਰਧਾਲੂਆਂ ਲਈ ਭੰਡਾਰੇ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਹੈ, ਜਿਸ ਵਿੱਚ ਸੰਗਤਾਂ ਨੂੰ ਬੜੀ ਸ਼ਰਧਾ ਨਾਲ ਪ੍ਰਸ਼ਾਦ ਵਰਤਾਇਆ ਜਾਵੇਗਾ। ਮੰਦਰ ਕਮੇਟੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਅਤੇ ਸ਼ਰਧਾਲੂਆਂ ਨੂੰ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

Posted By: Gaurav Maria

Latest News