ਪਹਿਲਗਾਮ ਹਮਲੇ ਨਾਲ ਚਿੱਠੀ ਸਿੰਘਪੁਰਾ ਦੇ ਜ਼ਖ਼ਮ ਤਾਜ਼ਾ ਹੋ ਗਏ : ਬੀਬੀ ਕੁਲਵਿੰਦਰ ਕੌਰ ਖ਼ਾਲਸਾ
- ਰਾਜਨੀਤੀ
- 27 Apr,2025
ਗੁਰਦਾਸਪੁਰ, 27 ਅਪ੍ਰੈਲ , ਨਜ਼ਰਾਨਾ ਟਾਈਮਜ ਬਿਊਰੋ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਕਿਹਾ ਕਿ ਕਸ਼ਮੀਰ ਦੇ ਪਹਿਲਗਾਮ ਵਿੱਚ 26 ਬੇਗੁਨਾਹਾਂ ਦੇ ਕਤਲਾਂ ਨੂੰ ਹਰ ਇਨਸਾਨੀਅਤ-ਪਸੰਦ ਵਿਅਕਤੀ ਨਿੰਦ ਰਿਹਾ ਹੈ, ਕਿਉਂਕਿ ਬੇਦੋਸ਼ਿਆਂ ਦੇ ਕਤਲ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਇੱਥੋਂ ਤਕ ਕਿ ਕਸ਼ਮੀਰੀ ਲੋਕਾਂ ਵੱਲੋਂ ਵੀ ਇਸ ਹਮਲੇ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਪਰ ਦੂਜੇ ਪਾਸੇ ਭਾਰਤੀ ਸਰਕਾਰ ਅਤੇ ਭਾਰਤੀ ਮੀਡੀਆ ਨਫ਼ਰਤ ਫੈਲਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਇਹ ਸਵਾਲ ਬੇਹੱਦ ਚਰਚਾ 'ਚ ਹੈ ਕਿ ਕਸ਼ਮੀਰ ਦੇ ਚੱਪੇ-ਚੱਪੇ 'ਤੇ ਭਾਰਤੀ ਫ਼ੌਜ ਤਾਇਨਾਤ ਹੈ, ਫਿਰ ਐਨੀ ਫ਼ੌਜ ਹੋਣ ਦੇ ਬਾਵਜੂਦ ਓਥੇ ਹਮਲਾ ਕਿਵੇਂ ਹੋ ਗਿਆ ? ਇਹ ਹਮਲਾ ਕਰਵਾਇਆ ਗਿਆ ਜਾਂ ਹੋਣ ਦਿੱਤਾ ਗਿਆ ? ਇਸ ਨੂੰ ਰੋਕਣ ਦੇ ਯਤਨ ਕਿਉਂ ਨਾ ਹੋਏ ? ਕਿੱਥੇ ਗਿਆ ਖੁਫ਼ੀਆ ਤੰਤਰ ? ਐਨੀਆਂ ਏਜੰਸੀਆਂ ਕੀ ਸੁੱਤੀਆਂ ਪਈਆਂ ਸਨ ? ਓਥੇ ਐਨੀ ਫ਼ੌਜ ਹੋਣ ਦੇ ਬਾਵਜੂਦ ਹਮਲੇ ਵਾਲੀ ਜਗ੍ਹਾ ਕੋਲ ਕੋਈ ਸੁਰੱਖਿਆ ਪ੍ਰਬੰਧ ਕਿਉਂ ਨਹੀਂ ਸਨ ? ਹਮਲੇ ਵਿੱਚ ਮਾਰੇ ਗਏ ਯਾਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਮਾਰਿਆ ਗਿਆ ਕਸ਼ਮੀਰੀ ਮੁਸਲਮਾਨ ਬਾਰੇ ਰਾਸ਼ਟਰੀ ਮੀਡੀਆ ਕਿਉਂ ਨਹੀਂ ਦੱਸ ਰਿਹਾ ? 22 ਅਪ੍ਰੈਲ 2024 ਨੂੰ ਪਹਿਲਗਾਮ ਹਮਲੇ ਵਿੱਚ ਦਹਿਸ਼ਤਗਰਦਾਂ ਦੇ ਹੱਥੋਂ ਮਾਰੇ ਗਏ ਹਿੰਦੂ ਬਿਲਕੁਲ ਬੇਦੋਸ਼ੇ ਹਨ, ਪਰ 20 ਮਾਰਚ 2000 ਨੂੰ ਚਿੱਠੀ ਸਿੰਘਪੁਰਾ ਵਿੱਚ ਮਾਰੇ ਗਏ ਸਿੱਖ ਕਿਹੜਾ ਖ਼ੂਨੀ ਦਰਿੰਦੇ ਸਨ ? ਜਿਹੜੇ ਲੋਕ ਪਹਿਲਗਾਮ ਹਮਲੇ ਤੋਂ ਬਾਅਦ ਵਿਰਲਾਪ ਕਰ ਰਹੇ ਨੇ, ਇਹ ਚਿੱਠੀ ਸਿੰਘਪੁਰਾ ਕਤਲੇਆਮ ਮੌਕੇ ਖਾਮੋਸ਼ ਰਹੇ ਤੇ ਹੁਣ ਤਕ ਕਦੇ ਨਹੀਂ ਕਿਹਾ ਕਿ ਦੋਸ਼ੀਆਂ ਨੂੰ ਦਿੱਲੀ ਦੇ ਇੰਡੀਆ ਗੇਟ ਕੋਲ਼ ਸ਼ਰੇਆਮ ਫਾਹੇ ਟੰਗਿਆ ਜਾਵੇ। ਕੀ ਚਿੱਠੀ ਸਿੰਘਪੁਰਾ ਵਿੱਚ ਮਰਨ ਵਾਲਿਆਂ ਦੀ ਜਾਨ ਪਹਿਲਗਾਮ ਵਿੱਚ ਮਰਨ ਵਾਲ਼ਿਆਂ ਨਾਲੋਂ ਘੱਟ ਕੀਮਤੀ ਸੀ ? ਪਹਿਲਗਾਮ ਕਤਲੇਆਮ ਵੀ ਓਹੋ ਜਿਹੇ ਮਹੌਲ ਵਿੱਚ ਹੋਇਆ ਜਿਹੋ-ਜਿਹੇ ਮਹੌਲ ਵਿੱਚ ਚਿੱਠੀ ਸਿੰਘਪੁਰਾ ਕਤਲੇਆਮ ਹੋਇਆ ਸੀ। ਓਦੋਂ ਵੀ ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਆਏ ਸਨ ਤੇ ਹੁਣ ਵੀ ਅਮਰੀਕਾ ਤੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਆਏ ਹੋਏ ਹਨ। ਓਦੋਂ ਵੀ ਭਾਰਤ ਨੇ ਅਮਰੀਕਾ ਨੂੰ ਵਿਖਾਇਆ ਕਿ ਅਸੀਂ ਅੱਤਵਾਦ ਤੋਂ ਪੀੜਤ ਹਾਂ, ਹੁਣ ਵੀ ਇਹੀ ਹਾਲ ਹੈ। ਉਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਵੱਲੋਂ ਖ਼ੁਲਾਸਾ ਹੋਇਆ ਸੀ ਕਿ "ਜੇ ਮੈਂ ਭਾਰਤ ਨਾ ਜਾਂਦਾ ਤਾਂ ਸ਼ਾਇਦ ਉਹ 36 ਸਿੱਖ ਨਾ ਮਰਦੇ ਜਿਹੜੇ ਚਿੱਠੀ ਸਿੰਘਪੁਰਾ ਵਿੱਚ ਮਾਰੇ ਗਏ।" ਹੋ ਸਕਦਾ ਭਵਿੱਖ ਵਿੱਚ ਹੁਣ ਵਾਲੇ ਅਮਰੀਕਾ ਦੇ ਉਪ-ਰਾਸ਼ਟਰਪਤੀ ਵੀ ਅਜਿਹਾ ਕੁਝ ਕਹਿਣ! ਪਰ ਨਾ ਉਹ ਕਦੇ ਵਾਪਸ ਮੁੜੇ ਨੇ ਜਿਹੜੇ ਚਿੱਠੀ ਸਿੰਘਪੁਰਾ ਮਾਰੇ ਗਏ ਤੇ ਨਾ ਹੁਣ ਪਹਿਲਗਾਮ ਵਿੱਚ ਮਾਰੇ ਗਏ ਮੁੜਣੇ ਨੇ।
Posted By:
GURBHEJ SINGH ANANDPURI
Leave a Reply