Nazrana Times

ਪੰਜਾਬੀ

ਕਸ਼ਮੀਰ ਦੇ ਸਿੱਖ ਨੌਜਵਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਗਾਇਕ ਬੀਰ ਸਿੰਘ ਨੂੰ ਤਾੜਨਾ

26 Jul, 2025 05:11 AM

ਸ੍ਰੀ ਨਗਰ, 25 ਜੁਲਾਈ ,ਨਜ਼ਰਾਨਾ ਟਾਈਮਜ ਬਿਊਰੋ

ਬੀਤੇ ਦਿਨੀਂ ਕਸ਼ਮੀਰ ਵਿੱਚ ਹੋਏ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹਾਦਤ ਦੇ ਪ੍ਰੋਗਰਾਮ ਵਿੱਚ ਗਾਇਕ ਬੀਰ ਸਿੰਘ ਵੱਲੋਂ ਕੁਝ ਗਾਣੇ ਅਤੇ ਹੋਰ ਨਾਚ ਕੀਤਾ ਗਿਆ, ਜਿਸ ਨੂੰ ਲੈ ਕੇ ਕਸ਼ਮੀਰ, ਪੰਜਾਬ ਅਤੇ ਦੁਨੀਆਂ ਭਰ ਦੇ ਸਿੱਖਾਂ ਵਿੱਚ ਬਹੁਤ ਰੋਹ ਅਤੇ ਰੋਸ ਹੈ।

ਸ. ਅੰਗਦ ਸਿੰਘ, ਸ. ਪ੍ਰਭਜੋਤ ਸਿੰਘ ਅਤੇ ਸ. ਪ੍ਰਦੀਪ ਸਿੰਘ ਅਤੇ ਸ੍ਰੀ ਨਗਰ ਦੇ ਹੋਰ ਨੌਜਵਾਨਾਂ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਨੂੰ ਬੜਾ ਹੀ ਅਫ਼ਸੋਸ ਹੈ ਤੇ ਘਟਨਾ ਬਰਦਾਸ਼ਤਯੋਗ ਨਹੀਂ ਹੈ, ਇਹ ਸਾਡੇ ਧਰਮ 'ਤੇ ਸਿਧਾਂਤਕ ਹਮਲਾ ਹੈ। ਅਸੀਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਇਹ ਸਵਾਲ ਕਰਦੇ ਹਾਂ ਕਿ ਜੇ ਉਹਨਾਂ ਦੇ ਘਰ 'ਚ ਕਿਸੇ ਬਜ਼ੁਰਗ ਜਾਂ ਉਹਨਾਂ ਦੀ ਪਿਤਾ ਦੀ ਮੌਤ ਹੋ ਜਾਵੇ ਤਾਂ ਕੀ ਉਹ ਉਸ ਦਿਨ ਨੂੰ ਨਾਚ-ਗਾਣੇ ਨਾਲ ਯਾਦ ਕਰਦੇ ਹਨ ?

ਅੰਗਦ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਕੇਵਲ ਸਿੱਖਾਂ ਦੇ ਹੀ ਨਹੀਂ, ਬਲਕਿ ਪੂਰੀ ਮਨੁੱਖਤਾ ਦੇ ਰਹਿਬਰ ਹਨ। ਉਹਨਾਂ ਨੇ ਹਿੰਦੂ ਧਰਮ ਨੂੰ ਬਚਾਇਆ ਅਤੇ ਹਰ ਇੱਕ ਵਿਅਕਤੀ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਦਿਆਂ ਸ਼ਹਾਦਤ ਦਿੱਤੀ।

ਕਸ਼ਮੀਰ ਦੇ ਸਿੱਖ ਨੌਜਵਾਨਾਂ ਨੇ ਸਾਂਝੇ ਤੌਰ ਉੱਤੇ ਇਹ ਗੱਲ ਕਹੀ ਕਿ ਜੇ ਕਿਸੇ ਵੀ ਸਿੱਖ ਤਿਉਹਾਰ, ਸਿੱਖ ਸ਼ਹੀਦ ਜਾਂ ਕਿਸੇ ਹੋਰ ਵੀ ਇਤਿਹਾਸਿਕ ਦਿਹਾੜੇ ਬਾਰੇ ਸਰਕਾਰ ਨੇ ਕੋਈ ਕੰਮ ਕਰਨਾ ਹੈ, ਕੋਈ ਸਲਾਹ ਲੈਣੀ ਹੈ, ਕੋਈ ਵੀ ਚਿੱਤਰ ਪੇਸ਼ ਕਰਨਾ ਹੈ ਤਾਂ ਇਸ ਦੇ ਲਈ ਜ਼ਰੂਰੀ ਹੈ ਕਿ ਸਿਰਮੌਰ ਸਿੱਖ ਸੰਸਥਾਵਾਂ ਨੂੰ ਇਸ ਦਾ ਹਿੱਸਾ ਬਣਾਇਆ ਜਾਵੇ, ਇਸ ਵਿੱਚ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਵੇਂ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਦਮਦਮੀ ਟਕਸਾਲ, ਪੰਥਕ ਜਥੇਬੰਦੀਆਂ ਹੋਣ। ਇਹਨਾਂ ਸਾਰਿਆਂ ਦੀ ਮਰਜ਼ੀ ਤੋਂ ਬਿਨਾਂ ਕੋਈ ਵੀ ਸਿੱਖ ਇਤਿਹਾਸਿਕ ਦਿਨ ਜਾਂ ਉਸ ਬਾਰੇ ਕੋਈ ਸਮੱਗਰੀ ਜਾਂ ਵਿਚਾਰ ਨੂੰ ਨਾ ਪ੍ਰਚਾਰਿਆ ਜਾਵੇ।

ਸ. ਅੰਗਦ ਸਿੰਘ ਨੇ ਕਿਹਾ ਕਿ ਜਿਹੜਾ ਵੀ ਸਿੱਖਾਂ ਦੇ ਲਈ ਕੋਈ ਵੀ ਸਮਾਗਮ ਜਾਂ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਉਸ ਵਿੱਚ ਸਿੱਖਾਂ ਦੀ ਮਰਜ਼ੀ ਹੋਵੇ ਤੇ ਸੱਚਾ ਤੇ ਸੁੱਚਾ ਇਤਿਹਾਸ ਪ੍ਰਗਟ ਕੀਤਾ ਜਾਵੇ ਤੇ ਲੋਕਾਂ ਅੱਗੇ ਰੱਖਿਆ ਜਾਵੇ। ਸਿੱਖ ਨੌਜਵਾਨਾਂ ਨੇ ਇਹ ਗੱਲ ਵੀ ਕਹੀ ਕਿ ਜਿਹੜੇ ਲੋਕ ਜਾਣੇ-ਅਨਜਾਣੇ ਵਿੱਚ ਇਸ ਪ੍ਰੋਗਰਾਮ 'ਚ ਮੌਜੂਦ ਸੀ ਸਾਨੂੰ ਉਹਨਾਂ ਉੱਤੇ ਵੀ ਗੁੱਸਾ ਤੇ ਅਫਸੋਸ ਹੈ ਕਿ ਉਹ ਚੁੱਪ ਕਰਕੇ ਪ੍ਰੋਗਰਾਮ ਵੇਖਦੇ ਰਹੇ ਤੇ ਉਹਨਾਂ ਨੇ ਵਿਰੋਧ ਨਹੀਂ ਕੀਤਾ। ਹੁਣ ਉਹ ਲੋਕ ਵੀ ਆਉਣ ਵਾਲੇ ਐਤਵਾਰ ਨੂੰ ਗੁਰੂ ਘਰ 'ਚ ਅਰਦਾਸ ਕਰਕੇ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖ਼ਾਲਸਾ ਪੰਥ ਤੋਂ ਮਾਫ਼ੀ ਮੰਗਣ। ਉਹਨਾਂ ਨੇ ਪੰਜਾਬ ਸਰਕਾਰ ਅਤੇ ਗਾਇਕ ਬੀਰ ਸਿੰਘ ਨੂੰ ਤਾੜਨਾ ਕੀਤੀ ਕਿ ਅਜਿਹੀ ਗ਼ਲਤੀ ਨੂੰ ਸਿੱਖ ਭਾਵਨਾਵਾਂ ਕਦੇ ਵੀ ਸਹਿਣ ਨਹੀਂ ਕਰਨਗੀਆਂ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #