Nazrana Times

ਪੰਜਾਬੀ

ਨਿਊਯਾਰਕ ’ਚ ਭਾਈ ਪਰਵਿੰਦਰ ਸਿੰਘ ਝੋਟਾ ਦੀ ਯਾਦ ’ਚ ਕੈਂਡਲ ਲਾਈਟ ਵਿਜਿਲ, ਪੰਜਾਬ ਦੀ ਨਸ਼ਾ ਮੁਕਤੀ ਲਈ ਅਰਦਾਸ

18 Oct, 2026 08:31 PM

ਆਰਐਸਐਸ/ਭਾਜਪਾ ਤੇ ਬਾਦਲ ਦਲ ਦੀ ਸਰਕਾਰ ਸਮੇਂ ਨਸ਼ਿਆਂ ਦੀ ਵਧੀ ਸਮੱਸਿਆ ਵਧੀ, ਕੈਪਟਨ ਅਮਰਿੰਦਰ ਨੇ ਪਵਿੱਤਰ ਗੁਟਕਾ ਸਾਹਿਬ ਹੱਥ 'ਚ ਫੜ ਕੇ ਨਸ਼ਿਆਂ ਨੂੰ ਖਤਮ ਕਰਨ ਦੀ ਸੀ ਸਹੁੰ ਪਰੰਤੂ ਨਸ਼ਿਆਂ ਦਾ ਕਾਰੋਬਾਰ ਸ਼ਰੇਆਮ ਰਿਹਾ ਜਾਰੀ ਭਗਵੰਤ ਮਾਨ ਸਰਕਾਰ ਵੀ ਨਸ਼ਿਆਂ ਨੂੰ ਰੋਕਣ 'ਚ ਰਹੀ ਨਾਕਾਮ : ਕੋਆਰਡੀਨੇਟਰ ਸ. ਹਿੰਮਤ ਸਿੰਘ/ਹਿਊਮਨ ਰਾਈਟਸ ਸਰਪ੍ਰਸਤ ਸ. ਗੁਰਦੇਵ ਸਿੰਘ ਕੰਗ 

ਚੰਡੀਗੜ੍ਹ/ਨਿਊਯਾਰਕ, 17 ਅਕਤੂਬਰ ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੰਬੇ ਸਮੇਂ ਤੋਂ ਆਵਾਜ਼ ਉਠਾਉਦਿਆਂ ਆਪਣਾ ਆਪਾ ਕੁਰਬਾਨ ਕਰਕੇ ਸ਼ਹਾਦਤ ਪਾਉਣ ਵਾਲੇ, ਭਾਈ ਪਰਵਿੰਦਰ ਸਿੰਘ ਖਾਲਸਾ ਉਰਫ ‘ਝੋਟਾ’ ਦੀ ਯਾਦ ਅਤੇ ਸ਼ਹਾਦਤ ਨੂੰ ਸਮਰਪਿਤ ਕੈਂਡਲ ਲਾਈਟ ਵਿਜਿਲ ਨਿਊਯਾਰਕ ਦੇ ਰਿਚਮੰਡ ਹਿੱਲ ਇਲਾਕੇ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਕੇ ਪਰਵਿੰਦਰ ਸਿੰਘ ਖਾਲਸਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਇਹ ਸਮਾਗਮ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਅਤੇ ਸਿੱਖ ਕੌਂਸਲ ਆਫ਼ ਨਿਊਯਾਰਕ ਵੱਲੋਂ ਕਰਵਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਕਾਰਨ ਅਨੇਕਾਂ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ ਅਤੇ ਪਰਿਵਾਰ ਤਬਾਹ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਆਪਣੀ ਜ਼ੁੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੀਆਂ ਹਨ ਅਤੇ ਨਸ਼ਿਆਂ ਦੇ ਵਪਾਰ ’ਤੇ ਰੋਕ ਲਾਉਣ ਅਤੇ ਨੌਜਵਾਨਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈਆਂ ਹਨ। ਬੁਲਾਰਿਆਂ ਨੇ ਪਰਵਿੰਦਰ ਸਿੰਘ ਝੋਟੇ ਦੇ ਦੋ ਨਿੱਕੇ ਬੱਚਿਆਂ ਅਤੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਸਮਾਜਿਕ ਅਤੇ ਧਾਰਮਿਕ ਮੁੱਦਿਆਂ ’ਤੇ ਸਰਗਰਮ ਨੌਜਵਾਨਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣੇ ਲਾਜ਼ਮੀ ਹਨ। ਉਨ੍ਹਾਂ ਨੇ ਪਰਵਿੰਦਰ ਸਿੰਘ ਦੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਜ਼ਿੰਮੇਵਾਰ ਵਿਅਕਤੀਆਂ ਦੇ ਨਾਲ ਵੱਡੇ ਡਰੱਗ ਤਸਕਰਾਂ ਅਤੇ ਉਨਾ ਦੀ ਸਿਆਸੀ ਪੁਸ਼ਤ ਪਨਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਲੋੜ ਅਤੇ ਲੋਕਾਂ ਨੂੰ ਇਸ ਲਈ ਲਗਾਤਾਰ ਸੰਘਰਸ਼ ਕਰਦੇ ਰਹਿਣ ਦੀ ਅਪੀਲ ਵੀ ਕੀਤੀ। ਕੁਝ ਬੁਲਾਰਿਆਂ ਨੇ ਅਸ਼ਵਨੀ ਕੁਮਾਰ ਨਾਲ ਸਬੰਧਤ ਮਾਮਲੇ ਅਤੇ ਉਸ ਨੂੰ ਹਥਿਆਰਾਂ ਦੇ ਲਾਇਸੈਂਸ ਜਾਰੀ ਕੀਤੇ ਜਾਣ ਬਾਰੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਉਸ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਸਨ। ਬੁਲਾਰਿਆਂ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੀ ਭੂਮਿਕਾ ਜਨਤਕ ਕਰਨ ਦੀ ਮੰਗ ਕੀਤੀ। ਸਿੱਖ ਕਲਚਰਲ ਸੋਸਾਇਟੀ ਦੇ ਮੁੱਖ ਸੇਵਾਦਾਰ ਸ. ਜਤਿੰਦਰ ਸਿੰਘ ਬੋਪਾਰਾਏ ਨੇ ਆਪਣੇ ਵਿਚਾਰ ਸਾਂਝੇ ਕੀਤੇ। ਨਿਊਯਾਰਕ ਸਿਟੀ ਦੇ ਹਿਊਮਨ ਰਾਈਟਸ ਕਮਿਸ਼ਨਰ ਅਤੇ ਸਿੱਖ ਕਲਚਰਲ ਸੋਸਾਇਟੀ ਦੇ ਸਰਪ੍ਰਸਤ ਸ. ਗੁਰਦੇਵ ਸਿੰਘ ਕੰਗ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਸ. ਹਰਬੰਸ ਸਿੰਘ ਢਿੱਲੋਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਵਰਲਡ ਸਿੱਖ ਪਾਰਲੀਮੈਂਟ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਪਰਿਵਾਰ ਨਾਲ ਹਰ ਸੰਭਵ ਤਰੀਕੇ ਨਾਲ ਖੜ੍ਹਨ ਦਾ ਭਰੋਸਾ ਦਿੱਤਾ। ਹਿੰਮਤ ਸਿੰਘ ਨੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਪਰਵਿੰਦਰ ਸਿੰਘ ਦੇ ਪਰਿਵਾਰ ਅਤੇ ਚੱਲ ਰਹੇ ਸੰਘਰਸ਼ ਦਾ ਹਰ ਪੱਖੋਂ ਸਾਥ ਦੇਣ ਦੀ ਅਪੀਲ ਕੀਤੀ। ਸ. ਜਤਿੰਦਰ ਸਿੰਘ ਬੋਪਾਰਾਏ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪਰਵਿੰਦਰ ਸਿੰਘ ਖਾਲਸਾ ਵੱਲੋਂ ਪੰਜਾਬ ਦੀ ਧਰਤੀ ’ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੀਤੇ ਗਏ ਕਾਰਜ ਸਦਾ ਯਾਦ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਫੈਲਾਅ ਕਾਰਨ ਪੰਜਾਬ ਦੇ ਬੱਚੇ ਅਤੇ ਨੌਜਵਾਨ ਕੀਮਤੀ ਜਾਨਾਂ ਗੁਆ ਰਹੇ ਸਨ ਅਤੇ ਸਰਕਾਰਾਂ ਇਸ ਸਮੱਸਿਆ ਨੂੰ ਰੋਕਣ ਵਿੱਚ ਨਾਕਾਮ ਰਹੀਆਂ। ਪਰਵਿੰਦਰ ਸਿੰਘ ਝੋਟਾ ਨਸ਼ਿਆਂ ਦੇ ਵਿਰੁੱਧ ਲੜਦਿਆਂ ਆਪਣੀ ਜਾਨ ਕੁਰਬਾਨ ਕਰ ਗਏ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੰਜਾਬ ਲਈ ਸੰਘਰਸ਼ ਕਰਦਿਆਂ ਸ਼ਹੀਦ ਹੋਏ ਯੋਧਿਆਂ ਨੂੰ ਸਦਾ ਯਾਦ ਰੱਖਣ ਦੀ ਗੱਲ ਕੀਤੀ। ਸ. ਗੁਰਦੇਵ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਵਿੱਚ ਮਾਵਾਂ ਦੇ ਪੁੱਤਰਾਂ ਦੀਆਂ ਹੋ ਰਹੀਆਂ ਮੌਤਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਕਿਸੇ ਵੀ ਧਰਮ ਨਾਲ ਸਬੰਧਤ ਪਰਿਵਾਰ ਦੇ ਬੱਚੇ ਦੀ ਜਾਨ ਲੈਣ, ਇਸ ਦਾ ਦੁੱਖ ਹਰ ਪਰਿਵਾਰ ਲਈ ਅਸਹਿਣਯੋਗ ਹੁੰਦਾ ਹੈ। ਉਨ੍ਹਾਂ ਪਰਵਿੰਦਰ ਸਿੰਘ ਦੇ ਪਿਤਾ ਸ. ਭੀਮ ਸਿੰਘ ਫੌਜੀ ਦੇ ਹੌਸਲੇ ਅਤੇ ਚੜ੍ਹਦੀ ਕਲਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕਹਿਣਾ ਹੈ ਕਿ “ਮੇਰਾ ਪੁੱਤ ਦੂਜਿਆਂ ਦੇ ਪੁੱਤਾਂ ਨੂੰ ਬਚਾਉਂਦਾ ਹੋਇਆ ਸ਼ਹੀਦੀ ਪਾ ਗਿਆ।” ਸ. ਕੰਗ ਨੇ ਕਿਹਾ ਕਿ ਪਰਵਿੰਦਰ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਆਰੰਭੇ ਕਾਰਜ ਨੂੰ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ। ਸ. ਹਿੰਮਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਨਸ਼ਿਆਂ ਦਾ ਫੈਲਾਅ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦੀ ਸਰਕਾਰ ਸਮੇਂ ਵੀ ਨਸ਼ਿਆਂ ਦੀ ਸਮੱਸਿਆ ਵਧੀ, ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਨਸ਼ਿਆਂ ਨੂੰ ਖਤਮ ਕਰਨ ਦੀ ਸਹੁੰ ਖਾਧੀ ਸੀ ਪਰ ਉਨ੍ਹਾਂ ਦੇ ਰਾਜ ਵਿੱਚ ਵੀ ਨਸ਼ਿਆਂ ਦਾ ਕਾਰੋਬਾਰ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਮੌਜੂਦਾ ਭਗਵੰਤ ਮਾਨ ਸਰਕਾਰ ਵੀ ਨਸ਼ਿਆਂ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਸ. ਹਿੰਮਤ ਸਿੰਘ ਨੇ ਕਿਹਾ ਕਿ ਇਨ੍ਹਾਂ ਮਸਲਿਆਂ ਦਾ ਹੱਲ ਪੰਜਾਬ ਦੀ ਆਜ਼ਾਦੀ ਅਤੇ ਖਾਲਿਸਤਾਨ ਦੀ ਪ੍ਰਾਪਤੀ ਨਾਲ ਹੀ ਸੰਭਵ ਹੈ ਅਤੇ ਸਮੁੱਚੀ ਕੌਮ ਨੂੰ ਇਕਮੱਤ ਹੋ ਕੇ ਆਜ਼ਾਦੀ ਦੀ ਗੱਲ ਕਰਨੀ ਚਾਹੀਦੀ ਹੈ। ਸ. ਹਰਬੰਸ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰਾਂ ਨੂੰ ਨਸ਼ਿਆਂ ਦੀ ਵਿਕਰੀ ਰੋਕਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਇਸ ਮਾਮਲੇ ਵਿੱਚ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਅਤੇ ਇਸ ਨੂੰ ਸਰਪ੍ਰਸਤੀ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੱਤਾ। ਬੁਲਾਰਿਆਂ ਵਿੱਚ ਸ. ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸੁਰਜੀਤ ਸਿੰਘ ਕੁਲਾਰ, ਬਾਬਾ ਬੰਦਾ ਸਿੰਘ ਬਹਾਦਰ ਇਟਰਨੈਸਨਲ ਦੇ ਪ੍ਰਧਾਨ ਸ. ਰਾਜਿੰਦਰ ਸਿੰਘ, ਸ. ਵਰਲਡ ਸਿੱਖ ਪਾਰਲੀਮੈਂਟ ਵੱਲੋਂ,ਹਰਮਿੰਦਰ ਸਿੰਘ ਆਹਲੂਵਾਲੀਆ, ਬੀਬੀ ਰਾਜਵਿੰਦਰ ਕੌਰ(ਡਾ. ਰੋਜ਼), ਬੀਬੀ ਰਮਨਦੀਪ ਕੌਰ, ਸ. ਸੰਦੀਪ ਸਿੰਘ, ਸ. ਬੂਟਾ ਸਿੰਘ ਚੀਮਾ, ਸ. ਅਵਤਾਰ ਸਿੰਘ ਬਰਹਮਾ, ਗੁਰਦੁਆਰਾ ਸਿੱਖ ਸੈਂਟਰ ਆਫ਼ ਨਿਊਯਾਰਕ ਦੇ ਪ੍ਰਧਾਨ ਸ. ਜਿੰਦਰ ਸਿੰਘ, ਸ. ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟ ਕਲੱਬ ਨਿਉਯਾਰਕ ਵੱਲੋਂ ਪਰਵਿੰਦਰ ਸਿੰਘ ਬਿੱਲਾ, ਸ. ਜਪਨੀਤ ਸਿੰਘ, ਸ. ਬਲਵਿੰਦਰ ਸਿੰਘ ਗੁਰਦਾਸਪੁਰ ਅਤੇ ਅਮਰ ਸਿੰਘ ਗੁਲਸ਼ਨ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ। ਸ. ਸੁਰਜੀਤ ਸਿੰਘ ਕੁਲਾਰ ਨੇ ਵੀ ਪਰਵਿੰਦਰ ਸਿੰਘ ਖਾਲਸਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਨੇ ਪੰਜਾਬ ਦੇ ਹੱਕਾਂ ਅਤੇ ਆਜ਼ਾਦੀ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਸੰਘਰਸ਼ ਵਿੱਚ ਸ਼ਹੀਦ ਹੋਏ ਯੋਧਿਆਂ ਦੀ ਕੁਰਬਾਨੀ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਬੁਲਾਰਿਆਂ ਨੇ ਪਰਵਿੰਦਰ ਸਿੰਘ ਖਾਲਸਾ (ਝੋਟਾ) ਨੂੰ ਪੰਜਾਬ ਦੇ ਹੱਕਾਂ ਅਤੇ ਸਮਾਜਿਕ ਮੁੱਦਿਆਂ ਲਈ ਆਵਾਜ਼ ਉਠਾਉਣ ਵਾਲੇ ਨੌਜਵਾਨ ਵਜੋਂ ਯਾਦ ਕੀਤਾ। ਉਨ੍ਹਾਂ ਨੇ ਸੰਦੀਪ ਨੰਗਲ ਅੰਬੀਆਂ, ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦੇ ਵਿਛੋੜਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਨੇ ਆਪਣੇ ਸਰਗਰਮ ਅਤੇ ਚੋਣਵੇਂ ਨੌਜਵਾਨਾਂ ਨੂੰ ਗੁਆ ਕੇ ਨਾ ਪੂਰਾ ਹੋਣ ਵਾਲਾ ਘਾਟਾ ਸਹਿਆ ਹੈ। ਕੈਂਡਲ ਲਾਈਟ ਵਿਜਿਲ ਉਪਰੰਤ ਭਾਈ ਗਗਨਦੀਪ ਸਿੰਘ ਜੀ ਵੱਲੋਂ, ਸ. ਪਰਵਿੰਦਰ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਲਈ, ਅਤੇ ਪੰਜਾਬ ਦੀ ਧਰਤੀ ਉੱਪਰ ਨਸ਼ਿਆਂ ਦੇ ਰੂਪ ਵਿੱਚ ਚੱਲ ਰਹੀ ਨਸਲਕੁਸ਼ੀ ਨੂੰ ਖਤਮ ਕਰਨ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਖਾਸ ਕਰਕੇ ਨੌਜਵਾਨ ਵੱਲੋਂ ਸ਼ਮੂਲੀਅਤ ਕੀਤੀ ਗਈ। ਅਤੇ ਵੱਖ-ਵੱਖ ਬੁਲਾਰਿਆਂ ਵੱਲੋਂ ਅਤੇ ਨੌਜਵਾਨਾਂ ਵੱਲੋਂ ਬਹੁਤ ਜੋਸ਼ ਨਾਲ ‘ਭਾਈ ਪਰਵਿੰਦਰ ਸਿੰਘ ਦੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ’ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਨਾਅਰੇ ਬੁਲੰਦ ਕੀਤੇ ਜਾਂਦੇ ਰਹੇ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News