ਅਖੋਤੀ ਤਾਂਤਰਿਕ ਤੇ ਪੁੱਛਾਂ ਦੱਸਣ ਵਾਲਿਆਂ ਨੂੰ ਤਰਕਸ਼ੀਲ ਸੁਸਾਇਟੀ ਵੱਲੋਂ ਖੁੱਲੀ ਚੁਣੌਤੀ -- ਸਤਨਾਮ ਜੱਜ
- ਸਿੱਖਿਆ/ਵਿਗਿਆਨ
- 04 Oct,2025
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅੱਜ ਦੇ ਵਿਗਿਆਨਕ ਯੁੱਗ ਵਿੱਚ ਮਨੁੱਖ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ ਤੇ ਬੁਲੰਦੀਆਂ ਨੂੰ ਛੂਹਿਆ ਹੈ ਤੇ ਮਨੁੱਖ ਵਿਗਿਆਨ ਵੱਲੋਂ ਪੈਦਾ ਕੀਤੇ ਸਾਧਨਾ ਦਾ ਲਾਹਾ ਲੈ ਰਿਹਾ ਹੈ। ਮੀਂਹ ਗੜੇਮਾਰੀ, ਹਨੇਰੀਆਂ, ਤੁਫਾਨ, ਭੁਚਾਲ ਦੀ ਅਗਾਉਂ ਜਾਣਕਾਰੀ ਵਿਗਿਆਨ ਨੇ ਪ੍ਰਾਪਤ ਕਰ ਲਈ ਹੈ। ਸਰੀਰਿਕ ਇਲਾਜ ਪ੍ਰਣਾਲੀ ਨੂੰ ਵਿਗਿਆਨ ਬਲੰਦੀਆਂ ਤਕ ਲੈ ਗਿਆ ਹੈ ਅਤੇ ਹਾਲੇ ਵੀ ਅਗਾਊਂ ਖੋਜ਼ਾਂ ਜਾਰੀ ਹਨ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਰਤ ਵਿੱਚ ਖਾਸ ਕਰਕੇ ਪੰਜਾਬ ਵਿੱਚ 21ਵੀਂ ਸਦੀ ਦੇ ਯੁੱਗ ਵਿੱਚ ਵੀ ਅੱਜ ਬਹੁਤ ਸਾਰੇ ਅਖੌਤੀ ਤਾਂਤਰਿਕ ਪੂਜਾਰੀ ਜਮਾਤ ਆਦਿ ਲੋਕਾਂ ਦੀਆਂ ਵੱਖ ਵੱਖ ਰੋਗਾਂ ਦਾ ਇਲਾਜ ਜਾਦੂ-ਟੂਣੇ, ਹਥੌਲਿਆਂ, ਪ੍ਰਾਰਥਨਾਵਾਂ, ਤੇ ਫਾਂਡਿਆਂ ਆਦਿ ਨਾਲ ਕਰ ਰਹੇ ਹਨ। ਖਾਸ ਕਰਕੇ ਦਾੜ ਦਰਦ ਅੱਧੇ ਸਿਰ ਦੀ ਦਰਦ ਲੱਤਾਂ ਜਾਂ ਬਾਹਾਂ ਵਿੱਚੋਂ ਨਿਕਲਦੀ ਸੁੱਕੀ ਦਰਦ ਦਾ ਇਲਾਜ ਉਕਤ ਤਾਂਤਰਿਕ ਵਿਧੀਆਂ ਨਾਲ ਕਰ ਰਹੇ ਹਨ ਇੱਥੇ ਹੀ ਬੱਸ ਨਹੀਂ ਮਨ ਚਾਹਾ ਪਿਆਰ, ਗ੍ਰਹਿ ਕਲੇਸ਼, ਵਸ਼ੀਕਰਨ, ਕਾਰੋਬਾਰ ਵਿੱਚ ਵਾਧਾ, ਮੁੱਠ ਕਰਨੀ, ਕੀਤਾ ਕਰਾਇਆ, ਪਤੀ ਪਤਨੀ ਵਿੱਚ ਅਣਬਣ, ਓਪਰੀ ਕਸਰ, ਮਨਚਾਹੀ ਲੜਕੀ ਨਾਲ ਵਿਆਹ, ਸੌਕਣ ਅਤੇ ਦੁਸ਼ਮਣ ਤੋਂ ਛੁਟਕਾਰਾ, ਅਦਾਲਤਾਂ ਵਿੱਚ ਚਲਦੇ ਕੇਸ ਜਿੱਤਣ, ਵਿਸ਼ੇਸ਼ ਯਾਤਰਾ, ਵਿਦੇਸ਼ ਵਿੱਚ ਪੱਕੇ ਹੋਣਾ ਵਗੈਰਾ ਆਦਿਕ ਗੰਭੀਰ ਸਮੱਸਿਆਵਾਂ ਦਾ ਹੱਲ ਕੁੱਝ ਕੁ ਘੰਟਿਆਂ ਵਿੱਚ ਕੀਤੇ ਜਾਣ ਦਾ 100% ਦਾਅਵੇ ਮੀਆਂ ਅਤੇ ਪੀਰ ਬਾਬਿਆਂ ਵੱਲੋਂ ਰੋਜ਼ ਕੀਤੇ ਜਾ ਰਹੇ ਹਨ ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਤਰਕਸ਼ੀਲ ਆਗੂ ਸਤਨਾਮ ਸਿੰਘ ਜੱਜ ਨੇ ਪੱਤਰਕਾਰਾਂ ਨਾਲ ਸਾਂਝਾ ਕੀਤਾ ਤੇ ਕਿਹਾ ਕਿ ਤਰਕਸ਼ੀਲ ਸੋਸਾਇਟੀ ਪਿਛਲੇ ਕਈ ਸਾਲਾਂ ਤੋਂ ਅਜਿਹੇ ਪਖੰਡੀਆਂ ਦੰਭੀਆਂ ਨੂੰ ਚੁਣੌਤੀ ਦਿੰਦੀ ਆ ਰਹੀ ਹੈ ਤੇ ਲੋਕਾਂ ਨੂੰ ਅੰਧ ਵਿਸ਼ਵਾਸ਼ਾਂ ਵਹਿਮਾਂ ਭਰਮਾਂ ਪਖੰਡਾਂ ਤੋਂ ਜਾਗਰੂਕ ਕਰ ਰਹੀ ਹੈ ਤੇ ਅਨੇਕਾਂ ਪਖੰਡੀਆਂ ਦੰਭੀਆਂ ਤਾਂਤਰਿਕਾਂ ਜੋਤਸ਼ੀਆਂ ਤੇ ਪੁੱਛਾਂ ਦੱਸਣ ਵਾਲਿਆਂ ਨੂੰ ਸਵਾਲਾਂ ਦੇ ਕਟਹਿਰੇ ਵਿੱਚ ਖੜੇ ਕਰਕੇ ਉਹਨਾਂ ਦੇ ਪਖੰਡ ਦਾ ਭਾਂਡਾ ਚੌਰਾਹੇ ਵਿੱਚ ਭੰਨ ਚੁੱਕੀ ਹੈ। ਪਰ ਇਹ ਲੁਟੇਰੀ ਤੇ ਢੀਠ ਜਮਾਤ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਉਹਨਾਂ ਦੀ ਆਰਥਿਕ ਅਤੇ ਮਾਨਸਿਕ ਤੇ ਸਰੀਰਕ ਲੁੱਟ ਕਰਨ ਤੋਂ ਬਾਜ ਨਹੀਂ ਆ ਰਹੀ।
ਤਰਕਸ਼ੀਲ ਆਗੂ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਲੋਕਾਂ ਨੂੰ ਜਾਗਰੂਕ ਕਰਨ ਲਈ ਸੀ, ਪਰ ਚਲਾਕ ਲੋਕਾਂ ਨੇ ਸ਼ੋਸ਼ਲ ਮੀਡੀਆ ਨੂੰ ਹੀ ਗਲਤ ਧੰਦਾਂ ਚਮਕਾਓਣ ਦਾ ਸਾਧਨ ਬਣਾ ਲਿਆ ਹੈ ਤੇ ਹਰ ਮਾੜੀ ਚੰਗੀ ਖਬਰ ਦੇ ਨਾਲ ਤਾਂਤਰਿਕਾਂ ਦੀ ਇਸ਼ਤਿਹਾਰ ਬਾਜ਼ੀ ਜੋੜੀ ਹੁੰਦੀ ਹੈ। ਇਸ ਗੁੰਮਰਾਹਕੁੰਨ ਤੇ ਪਖੰਡਵਾਦ ਦੇ ਧੰਦੇ ਨਾਲ ਜੁੜੇ ਲੋਕ ਜਿਆਦਾਤਰ ਪੰਜਾਬ ਤੋਂ ਬਾਹਰੀ ਸੂਬਿਆਂ ਤੋਂ ਹਨ,
ਜੋ ਪੰਜਾਬ ਵਿੱਚ ਦੁਕਾਨਾਂ ਖੋਲ ਕੇ ਵੱਡੇ ਵੱਡੇ ਬੋਰਡ ਲਗਾ ਕੇ ਤੇ ਅਖਬਾਰਾਂ ਵਿੱਚ ਇਸ਼ਤਿਹਾਰ ਵੰਡ ਕੇ ਟੀਵੀ ਅਤੇ ਯੂਟਿਊਬ ਚੈਨਲਾਂ ਤੇ ਆਪਣੀ ਮਸ਼ਹੂਰੀ ਦੀ ਸਮੱਗਰੀ ਲੋਕਾਂ ਵਿੱਚ ਪਹੁੰਚਾ ਰਹੇ ਹਨ ।ਦੂਜੇ ਪਾਸੇ ਸਾਡੇ ਪੰਜਾਬ ਵਿੱਚ ਵਿਹਲੜ ਤੇ ਪਖੰਡੀ ਲੋਕ ਵੀ ਪਿੱਛੇ ਨਹੀਂ ਹਨ ਉਹ ਵੀ ਗੁਰੂਆਂ ਪੀਰਾਂ ਅਤੇ ਦੇਵੀ ਦੇਵਤਿਆਂ ਦੇ ਨਾਮ ਤੇ ਠੱਗੀ ਦੇ ਧੰਦੇ ਚਲਾ ਰਹੇ ਹਨ ਜਿਨਾਂ ਵਿੱਚ ਵੱਡੇ ਪੱਧਰ ਤੇ ਡੇਰਿਆਂ ਦੀ ਆੜ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ। ਇਹ ਸਾਰੇ ਪਖੰਡੀ ਲੋਕ ਭਰਮ ਫੈਲਾਉਣ ਵਾਲੀਆਂ ਅਖੌਤੀ ਤਾਂਤਰਿਕ ਸ਼ਕਤੀਆਂ ਦੀ ਇਸ਼ਤਿਹਾਰ ਬਾਜ਼ੀ ਅਖਬਾਰਾਂ ਵਿੱਚ ਦੋ ਵਰਕੀ ਪਵਾ ਕੇ ਆਪਣੇ ਵਿੰਜਟਿੰਗ ਕਾਰਡ ਵੰਡ ਕੇ ਅਤੇ ਫਲੈਕਸ ਬੋਰਡ ਲਗਾ ਕੇ ਧੜੱਲੇ ਨਾਲ ਆਪਣੀਆਂ ਝੂਠ ਦੀਆਂ ਦੁਕਾਨਾਂ ਚਲਾ ਰਹੇ ਹਨ , ਪਰ ਸਰਕਾਰਾਂ ਅਤੇ ਪ੍ਰਸ਼ਾਸਨ ਅਤੇ ਪੜਿਆ ਲਿਖਿਆ ਸਮਾਜ ਬੁੱਧੀਜੀਵ ਲੋਕ, ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਸਤਨਾਮ ਜੱਜ ਨੇ ਕਿਹਾ ਕਿ ਦਾ ਡਰੱਗਸ ਐਂਡ ਮੈਜਿਕ ਰੈਮਡੀਜ ਐਕਟ 1954 ਅਧੀਨ ਧਾਰਾ 51ਏ ਐਚ ਅਨਸਾਰ ਕੋਈ ਵੀ ਗੈਬੀ ਸ਼ਕਤੀਆਂ ਤੇ ਤਾਂਤਰਿਕ ਸ਼ਕਤੀਆਂ ਕਾਲੇ ਇਲਮ ਹੋਣ ਦਾਅਵਾ ਨਹੀਂ ਕਰ ਸਕਦਾ ਅਜਿਹਾ ਦਾਅਵਾ ਕਰਨ ਵਾਲੇ ਤੇ ਕਨੂੰਨੀ ਤੌਰ ਤੇ ਪਰਚਾ ਦਰਜ ਹੋ ਸਕਦਾ ਹੈ, ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਹੈ ਅਜਿਹੀਆਂ ਐਡਾਂ ਅਤੇ ਦੁਕਾਨਾਂ ਤੇ ਪਾਬੰਦੀ ਲਗਾਉਣ ਤਾਂ ਜੋ ਭੋਲੇ ਭਾਲੇ ਅਤੇ ਗਰੀਬ ਵਰਗ ਦੀ ਜੇਬ ਤੇ ਪੈਂਦੇ ਡਾਕੇ ਨੂੰ ਰੋਕਿਆ ਜਾ ਸਕੇ। ਤਰਕਸ਼ੀਲ ਆਗੂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵਿਗਿਆਨਿਕ ਯੁੱਗ ਵਿੱਚ ਅਜਿਹੀਆ ਅੰਧ ਵਿਸ਼ਵਾਸੀ ਤੇ ਵਹਿਮਾ ਭਰਮਾਂ ਵਿੱਚ ਪਾਉਣ ਵਾਲੀਆਂ ਗੈਰ ਵਿਗਿਆਨਿਕ ਗੱਲਾਂ ਤੇ ਯਕੀਨ ਨਾ ਕਰਨ , ਸਗੋਂ ਤਰਕ ਦੀ ਕਸੌਟੀ ਤੇ ਪੁੱਛਾਂ ਦੱਸਣ ਵਾਲੇ ਪਖੰਡੀਆਂ ਤਾਂਤਰਿਕਾਂ ਤੇ ਭਵਿੱਖ ਵੇਖਣ ਵਾਲਿਆਂ ਦੀ ਪਰਖ ਜਰੂਰ ਕਰਨ। ਤਰਕਸ਼ੀਲ ਆਗੂ ਨੇ ਸਮੂਹ ਗੈਬੀ ਸ਼ਕਤੀਆਂ ਤੇ ਤਾਂਤਰਿਕ ਸ਼ਕਤੀਆਂ ਦੇ ਦਾਅਵੇਦਾਰਾਂ ਨੂੰ ਖੁੱਲੀ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਤਰਕਸ਼ੀਲ ਸੋਸਾਇਟੀ ਦੀਆਂ 23 ਸ਼ਰਤਾਂ ਵਿੱਚੋਂ ਇੱਕ ਪੂਰੀ ਕਰਨ ਤੇ ਉਹ 5 ਲੱਖ ਰੁਪਏ ਇਨਾਮ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਰੱਖੇ ਹੋਏ ਲੱਖਾਂ ਰੁਪਏ ਦਾ ਇਨਾਮ ਜਿੱਤ ਸਕਦੇ ਹਨ ਜੇ ਉਹ ਅਜਿਹਾ ਨਹੀਂ ਕਰ ਸਕਦੇ ਤੇ ਆਪਣੀਆਂ ਝੂਠ, ਪਖੰਡ ਤੇ ਲੁੱਟ ਦੀਆਂ ਦੁਕਾਨਦਾਰੀਆਂ ਨੂੰ ਬੰਦ ਕਰਨ ਅਤੇ ਆਪਣੀ ਮਸ਼ਹੂਰੀ ਦੀ ਸਮੱਗਰੀ ਅਖਬਾਰਾਂ ਅਤੇ ਹੋਰ ਮਾਧਿਅਮ ਰਾਹੀਂ ਫੈਲਾਉਣ ਤੋਂ ਸੰਕੋਚ ਕਰਨ।
Posted By:
GURBHEJ SINGH ANANDPURI
Leave a Reply