Nazrana Times

ਪੰਜਾਬੀ

ਸ਼੍ਰੋਮਣੀ ਕਮੇਟੀ ਵੱਲੋਂ ਮਾਤਾ ਗੁਜਰੀ ਕਾਲਜ ਕਰਤਾਰਪੁਰ (ਜਲੰਧਰ) ਵਿਖੇ ‘ਭਗਤ ਰਵਿਦਾਸ ਜੀ : ਜੀਵਨ ਦਰਸ਼ਨ’ ਵਿਸ਼ੇ ’ਤੇ ਕਰਵਾਇਆ ਸੈਮੀਨਾਰ

26 Nov, 2026 06:25 PM

ਸੈਮੀਨਾਰ ਦੌਰਾਨ ਬੁਲਾਰਿਆਂ ਨੇ ਭਗਤ ਰਵਿਦਾਸ ਜੀ ਦੀ ਵਿਚਾਰਧਾਰਾ, ਬਾਣੀ ਦੇ ਫ਼ਲਸਫ਼ੇ ਅਤੇ ਮਨੁੱਖਤਾ ਨੂੰ ਦਿੱਤੇ ਸਰਬਸਾਂਝੇ ਸੰਦੇਸ਼ ਬਾਰੇ ਕੀਤੀਆਂ ਵਿਚਾਰਾਂ

ਕਰਤਾਰਪੁਰ/ਅੰਮ੍ਰਿਤਸਰ, 26 ਨਵੰਬਰ-ਨਜਰਾਨਾ ਟਾਈਮਜ ਬਿਊਰੋ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਸ਼ੇਸ਼ ਸੈਮੀਨਾਰਾਂ ਦੀ ਲੜੀ ਤਹਿਤ ਅੱਜ ਮਾਤਾ ਗੁਜਰੀ ਜੀ ਕਾਲਜ, ਕਰਤਾਰਪੁਰ (ਜਲੰਧਰ) ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਵਿਸ਼ਾ ‘ਭਗਤ ਰਵਿਦਾਸ ਜੀ: ਜੀਵਨ ਦਰਸ਼ਨ’ ਸੀ। ਸੈਮੀਨਾਰ ਮੌਕੇ ਭਗਤ ਰਵਿਦਾਸ ਜੀ ਦੇ ਜੀਵਨ, ਉਨ੍ਹਾਂ ਦੀ ਅਧਿਆਤਮਿਕ ਵਿਚਾਰਧਾਰਾ, ਬਾਣੀ ਦੇ ਫ਼ਲਸਫ਼ੇ ਅਤੇ ਮਨੁੱਖਤਾ ਨੂੰ ਦਿੱਤੇ ਸਰਬਸਾਂਝੇ ਸੰਦੇਸ਼ ਬਾਰੇ ਵਿਦਵਾਨਾਂ ਵੱਲੋਂ ਵਿਚਾਰ ਸਾਂਝੇ ਕੀਤੇ ਗਏ। ਸੈਮੀਨਾਰ ਦੀ ਪ੍ਰਧਾਨਗੀ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਵੱਲੋਂ ਕੀਤੀ ਗਈ, ਕੁੰਜੀਵੰਤ ਭਾਸ਼ਣ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਦੁਆਰਾ ਕੀਤਾ ਗਿਆ ਅਤੇ ਸਿੱਖ ਵਿਦਵਾਨ ਡਾ. ਸਿਕੰਦਰ ਸਿੰਘ ਤੇ ਡਾ. ਕੰਵਲਜੀਤ ਸਿੰਘ ਵੱਲੋਂ ਖੋਜ ਭਰਪੂਰ ਪਰਚੇ ਪੜ੍ਹੇ ਗਏ।

ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਕਿਹਾ ਕਿ ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਸਮੁੱਚੀ ਮਨੁੱਖਤਾ ਨੂੰ ਬਰਾਬਰਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ 15 ਭਗਤ ਸਾਹਿਬਾਨ ਦੀ ਬਾਣੀ ਸਿੱਖ ਧਰਮ ਦੀ ਸਰਬਸਾਂਝੀਵਾਲਤਾ ਅਤੇ ਵਿਸ਼ਾਲ ਅਧਿਆਤਮਿਕ ਸੋਚ ਦਾ ਪ੍ਰਤੀਕ ਹੈ। ਸਿੱਖਾਂ ਦੇ ਮਨਾਂ ਵਿਚ ਭਗਤ ਸਾਹਿਬਾਨ ਪ੍ਰਤੀ ਵੀ ਉਹੀ ਸ਼ਰਧਾ ਅਤੇ ਸਤਿਕਾਰ ਹੈ, ਜੋ ਗੁਰੂ ਸਾਹਿਬਾਨ ਪ੍ਰਤੀ ਹੈ। ਗੁਰੂ ਸਾਹਿਬਾਨ ਨੇ ਭਗਤ ਸਾਹਿਬਾਨ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਕੇ ਸਮੁੱਚੀ ਮਨੁੱਖਤਾ ਨੂੰ ਬਰਾਬਰਤਾ ਦਾ ਮਹਾਨ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਕਿਸੇ ਵਿਸ਼ੇਸ਼ ਜਾਤ ਜਾਂ ਵਰਗ ਤੱਕ ਸੀਮਤ ਕਰਨਾ ਉਨ੍ਹਾਂ ਦੇ ਵਿਸ਼ਾਲ ਫਲਸਫ਼ੇ ਨਾਲ ਨਿਆਂ ਨਹੀਂ ਹੈ। ਉਨ੍ਹਾਂ ਦੀ ਬਾਣੀ ਸਮੁੱਚੀ ਮਨੁੱਖਤਾ ਦੀ ਸਾਂਝੀ ਵਿਰਾਸਤ ਹੈ, ਜੋ ਮਨੁੱਖ ਨੂੰ ਜਾਤ ਦੀ ਬਜਾਏ ਕਰਮ, ਭਗਤੀ ਅਤੇ ਅਧਿਆਤਮਿਕ ਗੁਣਾਂ ਦੇ ਆਧਾਰ ’ਤੇ ਪਛਾਣਨ ਦੀ ਪ੍ਰੇਰਣਾ ਦਿੰਦੀ ਹੈ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਨੇ ਆਪਣੇ ਕੁੰਜੀਵੰਤ ਭਾਸ਼ਣ ’ਚ ਕਿਹਾ ਕਿ ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਅਤੇ ਜੀਵਨ ਰਾਹੀਂ ਜਾਤ-ਪਾਤ, ਊਚ-ਨੀਚ ਅਤੇ ਸਮਾਜਿਕ ਵਿਤਕਰੇ ਨੂੰ ਵੰਗਾਰਦਿਆਂ ਮਨੁੱਖੀ ਬਰਾਬਰੀ, ਸਵੈਮਾਣ, ਕਿਰਤ ਅਤੇ ਪ੍ਰੇਮ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਰਵਿਦਾਸ ਜੀ ਦੀ ਬਾਣੀ ਦਰਜ ਹੋਣਾ ਉਨ੍ਹਾਂ ਦੀ ਅਧਿਆਤਮਿਕ ਉੱਚਤਾ ਅਤੇ ਬਾਣੀ ਦੇ ਸਤਿਕਾਰ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਨੇ ਆਪਣੀ ਕਿਰਤ ਨਾਲ ਜੁੜ ਕੇ ਨਾਮ ਸਿਮਰਨ ਅਤੇ ਉੱਚੇ ਆਚਰਨ ਰਾਹੀਂ ਸਾਬਤ ਕੀਤਾ ਕਿ ਮਨੁੱਖ ਦੀ ਪਹਿਚਾਣ ਜਾਤ ਜਾਂ ਜਨਮ ਨਾਲ ਨਹੀਂ, ਸਗੋਂ ਉਸ ਦੇ ਗੁਣਾਂ ਅਤੇ ਕਰਮਾਂ ਨਾਲ ਹੁੰਦੀ ਹੈ। ਉਨ੍ਹਾਂ ਦੀ ਬੇਗਮਪੁਰਾ ਦੀ ਵਿਚਾਰਧਾਰਾ ਭੇਦਭਾਵ ਰਹਿਤ ਅਤੇ ਬਰਾਬਰੀ ਵਾਲੇ ਸਮਾਜ ਦੀ ਕਲਪਨਾ ਪੇਸ਼ ਕਰਦੀ ਹੈ।

ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਗਤ ਰਵਿਦਾਸ ਜੀ ਦੀ ਸ਼ਖ਼ਸੀਅਤ ਅਤੇ ਬਾਣੀ ਨੂੰ ਕੇਵਲ ਜਾਤੀਗਤ ਜਾਂ ਦਲਿਤ ਚਿੰਤਨ ਦੇ ਸੀਮਤ ਦਾਇਰੇ ਵਿਚ ਰੱਖ ਕੇ ਨਹੀਂ ਦੇਖਣਾ ਚਾਹੀਦਾ, ਸਗੋਂ ਉਨ੍ਹਾਂ ਦੀ ਵਿਚਾਰਧਾਰਾ ਸਮੁੱਚੀ ਮਨੁੱਖਤਾ ਨੂੰ ਬਰਾਬਰੀ, ਸਵੈਮਾਣ ਅਤੇ ਉੱਚੇ ਜੀਵਨ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਬਾਣੀ ਵਿਚ ਭਗਤ ਰਵਿਦਾਸ ਜੀ ਦੁਆਰਾ ਦਿੱਤੀ ਸਿੱਖਿਆ ਨੂੰ ਜੀਵਨ ਦਾ ਹਿੱਸਾ ਬਨਾਉਣ ਦੀ ਪ੍ਰੇਰਣਾ ਦਿੱਤੀ। 

ਇਸੇ ਦੌਰਾਨ ਸ੍ਰੀ ਗੁਰੂ ਅੰਗਦ ਦੇਵ ਖ਼ਾਲਸਾ ਕਾਲਜ ਖਡੂਰ ਸਾਹਿਬ ਦੇ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਆਪਣੇ ਪਰਚੇ ਵਿਚ ਭਗਤ ਰਵਿਦਾਸ ਜੀ ਦੀ ਬਾਣੀ ਵਿਚ ਦਰਜ ਬੇਗਮਪੁਰਾ ਦੇ ਸੰਕਲਪ ਨੂੰ ਵਿਸਥਾਰ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਬੇਗਮਪੁਰਾ ਕਿਸੇ ਦੇਸ਼ ਜਾਂ ਸ਼ਹਿਰ ਦੀ ਕਲਪਨਾ ਨਹੀਂ, ਸਗੋਂ ਅਜਿਹੇ ਅਦਰਸ਼ ਸਮਾਜ ਦਾ ਸੰਕਲਪ ਹੈ ਜਿਥੇ ਕਿਸੇ ਕਿਸਮ ਦਾ ਦੁਖ, ਭੇਦਭਾਵ, ਊਚ-ਨੀਚ ਅਤੇ ਵਿਤਕਰਾ ਨਾ ਹੋਵੇ ਅਤੇ ਹਰ ਮਨੁੱਖ ਨੂੰ ਬਰਾਬਰਤਾ ਅਤੇ ਸਨਮਾਨ ਨਾਲ ਜੀਵਨ ਜਿਊਣ ਦਾ ਅਧਿਕਾਰ ਮਿਲੇ। ਉਨ੍ਹਾਂ ਕਿਹਾ ਕਿ 650 ਸਾਲ ਪਹਿਲਾਂ ਭਗਤ ਰਵਿਦਾਸ ਜੀ ਨੇ ਜਿਸ ਸਮਾਜ ਦੀ ਕਲਪਨਾ ਕੀਤੀ ਸੀ, ਉਹ ਅੱਜ ਵੀ ਮਨੁੱਖਤਾ ਲਈ ਵੱਡੀ ਪ੍ਰੇਰਣਾ ਦਾ ਸਰੋਤ ਹੈ। 

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਰਣਜੀਤ ਸਿੰਘ ਕਾਹਲੋਂ ਤੇ ਸ. ਕੁਲਵੰਤ ਸਿੰਘ ਮੰਨਣ ਨੇ ਪੁੱਜੀਆਂ ਸ਼ਖ਼ਸੀਅਤਾਂ ਅਤੇ ਸੰਗਤਾਂ ਨੂੰ ਜੀ-ਆਇਆਂ ਆਖਦਿਆਂ ਭਗਤ ਰਵਿਦਾਸ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਮਾਤਾ ਗੁਜਰੀ ਕਾਲਜ ਕਰਤਾਰਪੁਰ ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਵੱਲੋਂ ਵੀ ਸੰਗਤ ਨੂੰ ਸੰਬੋਧਨ ਕੀਤਾ ਗਿਆ। ਸੈਮੀਨਾਰ ਦੌਰਾਨ ਸਟੇਜ ਦੀ ਜ਼ੁੰਮੇਵਾਰੀ ਡਾ. ਰਾਜਵਿੰਦਰ ਸਿੰਘ ਜੋਗਾ ਨੇ ਨਿਭਾਈ।

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਮੀਤ ਕੌਰ ਭਟਨੂਰਾ, ਮੀਤ ਸਕੱਤਰ ਸ. ਸੁਖਬੀਰ ਸਿੰਘ, ਇੰਚਾਰਜ ਡਾ. ਰਾਜਵਿੰਦਰ ਸਿੰਘ ਜੋਗਾ, ਮਾਤਾ ਗੁਜਰੀ ਕਾਲਜ ਕਰਤਾਰਪੁਰ ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ, ਗੁਰਦੁਆਰਾ ਥੰਮ੍ਹ ਜੀ ਸਾਹਿਬ ਕਰਤਾਰਪੁਰ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਬੱਸੀ ਸਮੇਤ ਵਿਦਿਆਰਥੀ ਅਤੇ ਸੰਗਤਾਂ ਹਾਜ਼ਰ ਸਨ।

Latest News