ਸ਼ਹੀਦ ਭਾਈ ਬਿਅੰਤ ਸਿੰਘ ਮਲੋਆ, ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ, ਸ਼ਹੀਦ ਭਾਈ ਬਲਬੀਰ ਸਿੰਘ ਕੋਲੋਵਾਲ ਤੇ ਸ਼ਹੀਦ ਭਾਈ ਮੇਜਰ ਸਿੰਘ ਦੇ ਸਮਾਗਮਾਂ 'ਚ ਪੁੱਜਣ ਸੰਗਤਾਂ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਧਾਰਮਿਕ/ਰਾਜਨੀਤੀ
- 25 Oct,2025
ਅੰਮ੍ਰਿਤਸਰ, 25 ਅਕਤੂਬਰ , ਜੁਗਰਾਜ ਸਿੰਘ ਸਰਹਾਲੀ
ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸ਼ਹੀਦਾਂ ਦੀ ਯਾਦ ਵਿੱਚ ਹੋ ਰਹੇ ਸਮਾਗਮਾਂ ਵਿੱਚ ਸੰਗਤਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ 26 ਅਕਤੂਬਰ ਨੂੰ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੀ ਯਾਦ ਵਿੱਚ ਪਿੰਡ ਰਤਨਗੜ੍ਹ, ਜ਼ਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦੀ ਸਮਾਗਮ ਹੋਵੇਗਾ। ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਜੋ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਨੇੜਲੇ ਸਾਥੀ ਸਨ ਅਤੇ ਇਹਨਾਂ ਜੁਝਾਰੂਆਂ ਦੀ ਟੀਮ ਨੇ ਕਈ ਵੱਡੇ ਐਕਸ਼ਨ ਕੀਤੇ ਸਨ। ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਜੋ ਅਣਗੋਲਿਆ ਜਰਨੈਲ ਹੈ ਪਰ ਉਸ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ 27 ਅਕਤੂਬਰ ਨੂੰ ਸ਼ਹੀਦ ਭਾਈ ਬਲਵੀਰ ਸਿੰਘ ਕੋਲੋਵਾਲ ਅਤੇ ਸ਼ਹੀਦ ਭਾਈ ਮੇਜਰ ਸਿੰਘ ਕੋਲੋਵਾਲ ਦੀ ਯਾਦ ਵਿੱਚ ਵੀ ਪਿੰਡ ਕੋਲੋਵਾਲ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਸਮਾਗਮ ਹੋਵੇਗਾ ਤੇ ਇਸ ਪਿੰਡ ਦੇ ਸਿੰਘਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਮੱਗਰੀ ਵੀ ਪਹੁੰਚਾਈ ਗਈ ਹੈ। ਇਸ ਇਲਾਕੇ ਦੇ ਕਾਫੀ ਸਿੰਘ ਖ਼ਾਲਿਸਤਾਨੀ ਸੰਘਰਸ਼ ਵਿੱਚ ਜੂਝ ਕੇ ਸ਼ਹੀਦ ਹੋਏ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧ ਕੇ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੇ ਖਾਲਸਾਈ ਇਨਸਾਫ ਅਤੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਸੀ। ਇਹਨਾਂ ਯੋਧਿਆਂ ਦੀ ਯਾਦ ਵਿੱਚ ਵੀ 31 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪਿੰਡ ਮਲੋਆ ਵਿਖੇ ਸ਼ਹੀਦੀ ਸਮਾਗਮ ਹੋਣਗੇ। ਆਪਣਾ ਪੰਥਕ ਫਰਜ ਸਮਝ ਕੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਜ਼ਰੂਰ ਭਰਨ। ਉਹਨਾਂ ਕਿਹਾ ਕਿ ਕੌਮੀ ਸ਼ਹੀਦਾਂ ਦੇ ਸਮਾਗਮਾਂ ਵਿੱਚ ਜੁੜਨ ਦਾ ਭਾਵ ਹੈ ਕਿ ਅਸੀਂ ਉਹਨਾਂ ਦੀ ਸੋਚ, ਸੰਘਰਸ਼, ਸੇਵਾ ਅਤੇ ਨਿਸ਼ਾਨੇ ਨੂੰ ਸਮਰਪਿਤ ਹਾਂ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਾਡੇ ਸ਼ਹੀਦਾਂ ਦਾ ਡੁੱਲਿਆ ਖ਼ੂਨ ਅਜਾਈਂ ਨਹੀਂ ਜਾਏਗਾ, ਕੌਮੀ ਘਰ ਖ਼ਾਲਿਸਤਾਨ ਦੁਨੀਆਂ ਦੇ ਨਕਸ਼ੇ ਉੱਤੇ ਜਲਦ ਹੋਂਦ ਵਿੱਚ ਆਏਗਾ।
Posted By:
GURBHEJ SINGH ANANDPURI
Leave a Reply