ਜੂਨ 1984 ਦੇ ਹਮਲੇ ਨੂੰ ਭੁਲਾਇਆ ਨਹੀਂ ਜਾ ਸਕਦਾ : ਭਾਈ ਗੁਰਪ੍ਰੀਤ ਸਿੰਘ
- ਧਾਰਮਿਕ/ਰਾਜਨੀਤੀ
- 15 Jun,2025
ਅੰਮ੍ਰਿਤਸਰ, 15 ਜੂਨ , ਰਣਜੀਤ ਸਿੰਘ ਖ਼ਾਲਸਾ
ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜੂਨ 1984 'ਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਨੂੰ ਭਾਵੇਂ 41 ਵਰ੍ਹੇ ਬੀਤ ਚੁੱਕੇ ਹਨ, ਪਰ ਇਸ ਹਮਲੇ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ, ਇਹ ਹਮਲਾ ਨਾ ਤਾਂ ਭੁੱਲਣਯੋਗ ਹੈ ਅਤੇ ਨਾ ਹੀ ਬਖਸ਼ਣ ਮਯੋਗ ਹੈ। ਭਾਰਤ ਨੂੰ ਆਜ਼ਾਦ ਕਰਵਾਉਣ ਵਾਸਤੇ ਸਿੱਖਾਂ ਨੇ ਅਨੇਕਾਂ ਕੁਰਬਾਨੀਆਂ ਦਿੱਤੀਆਂ, ਪਰ ਅਫਸੋਸ ਕਿ ਸਾਨੂੰ ਜ਼ਰਾਇਮ ਪੇਸ਼ਾ ਕੌਮ ਐਲਾਨ ਦਿੱਤਾ ਗਿਆ, ਸਾਡੇ ਪਾਣੀ ਲੁੱਟੇ ਗਏ, ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਵਲੂੰਧਰਿਆ ਗਿਆ, ਕਦੇ ਪੰਜਾਬੀ ਬੋਲੀ 'ਤੇ ਪਾਬੰਦੀ, ਕਦੇ ਦਸਤਾਰ ਤੇ ਪਾਬੰਦੀ ਅਤੇ ਕਦੇ ਕਿਰਪਾਨ ਤੇ ਪਾਬੰਦੀ ਲੱਗੀ। ਪਰ ਜ਼ੁਲਮ ਦੀ ਉਦੋਂ ਹੱਦ ਹੀ ਹੋ ਗਈ ਜਦੋਂ ਭਾਰਤ ਸਰਕਾਰ ਨੇ ਇੰਦਰਾ ਗਾਂਧੀ ਦੇ ਹੁਕਮਾਂ ਦੇ ਉੱਤੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਅਤੇ ਟੈਂਕਾਂ ਤੋਪਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਸਿੱਖ ਰੈਫਰੈਂਸ ਲਾਈਬਰੇਰੀ ਨੂੰ ਲੁੱਟਿਆ, ਤੋਸ਼ਾਖਾਨਾ ਸਾੜਿਆ, ਦੁੱਧ ਪੀਂਦੇ ਬੱਚੇ ਵੀ ਨਾ ਬਖਸ਼ੇ, ਪਰਿਕਰਮਾ ਵਿੱਚ ਸਿੱਖਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਸਨ, ਅੰਮ੍ਰਿਤ ਸਰੋਵਰ ਨੂੰ ਖੂਨ ਨਾਲ ਲਾਲ ਕਰ ਦਿੱਤਾ ਗਿਆ, ਫਿਰ 10 ਸਾਲ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ, ਜਿਹੜਾ ਵੀ ਸਿੱਖ ਆਪਣੇ ਧਰਮ ਦੀ ਗੱਲ ਕਰਦਾ ਜਾਂ ਮਨੁੱਖੀ ਹੱਕਾਂ ਦੀ ਗੱਲ ਕਰਦਾ ਤਾਂ ਸਰਕਾਰ ਅਤੇ ਪੁਲਿਸ ਉਸ ਨੂੰ ਨਿਸ਼ਾਨਾ ਬਣਾਉਂਦੀ। ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਿਹਾ ਕਿ ਸਿੱਖਾਂ ਦਾ ਆਜ਼ਾਦੀ ਬਗੈਰ ਗੁਜ਼ਾਰਾ ਨਹੀਂ ਹੈ। ਭਾਰਤ ਵਿੱਚ ਸਿੱਖਾਂ ਤੇ ਜੁਲਮ ਹੋ ਰਿਹਾ ਹੈ, ਇਸੇ ਕਰਕੇ ਦਿਨੋ ਦਿਨ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਵੱਲ ਰੁੱਖ ਕਰ ਰਹੀ ਹੈ, ਧਰਮ ਦਾ ਪ੍ਰਚਾਰ ਕਰਨ ਕਰਕੇ ਦਾਸ ਨੂੰ ਵੀ ਸਰਕਾਰ ਦੇ ਜੁਲਮ ਦਾ ਨਿਸ਼ਾਨਾ ਬਣਨਾ ਪਿਆ ਸੀ। ਉਹਨਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਜੂਨ 1984 ਦੇ ਘੱਲੂਘਾਰੇ ਬਾਰੇ ਜਰੂਰ ਦੱਸਿਆ ਜਾਵੇ।
Posted By:
GURBHEJ SINGH ANANDPURI
Leave a Reply