ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕੋਰ ਕਮੇਟੀ ਦੀ ਮੀਟਿੰਗ, ਕੇਂਦਰ ਸਰਕਾਰ ਵੱਲੋਂ ਬਿਜਲੀ ਦੇ ਪੂਰਨ ਨਿੱਜੀਕਰਨ ਖਿਲਾਫ ਵੱਡੀ ਲਾਮਬੰਦੀ ਦੀ ਅਪੀਲ
- ਰਾਜਨੀਤੀ
- 20 Oct,2025
ਟਾਂਗਰਾ ,ਸੁਰਜੀਤ ਸਿੰਘ ਖ਼ਾਲਸਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੌਕੇ ਸੂਬਾ ਆਗੂ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚੁਤਾਲਾ ਅਤੇ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪੰਜਾਬ ਤੇ ਦੇਸ਼ ਦੇ ਕਿਸਾਨਾਂ ਨਾਲ ਜੁੜੇ ਗੰਭੀਰ ਮਸਲਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਬਿਜਲੀ ਅਦਾਰੇ ਦੇ ਪੂਰਨ ਨਿਜੀਕਰਨ ਦੀ ਕੋਸ਼ਿਸ਼ ਖਿਲਾਫ ਸੰਘਰਸ਼ ਦੀ ਲੋੜ ਅਤੇ ਇਸ ਸਬੰਧੀ ਵਿਆਪਕ ਪੱਧਰ ਤੇ ਲਾਮਬੰਦੀ ਲਈ ਯਤਨ ਜੁਟਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲਿਆਂਦਾ ਗਿਆ ਬਿਜਲੀ ਸੋਧ ਬਿੱਲ 2025 ਦਾ ਡ੍ਰਾਫਟ ਲੋਕ ਵਿਰੋਧੀ ਤੇ ਕਿਸਾਨ ਮਜ਼ਦੂਰ ਵਿਰੋਧੀ ਹੈ। ਉਹਨਾਂ ਕਿਹਾ ਕਿ ਜਿਵੇਂ ਕਿ ਪਿਛਲੇ ਦਿਨੀਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਇਸ ਡ੍ਰਾਫਟ ਦੇ ਸਬੰਧ ਵਿੱਚ ਸਾਰੇ ਪਾਵਰਕਾਮ ਤੇ ਟ੍ਰਾਂਸਕਾਮ ਕਰਮਚਾਰੀ ਯੂਨੀਅਨਾਂ, ਕਿਸਾਨ ਯੂਨੀਅਨਾਂ, ਟ੍ਰੇਡ ਯੂਨੀਅਨਾਂ, ਵਿਦਿਆਰਥੀ ਯੂਨੀਅਨਾਂ ਅਤੇ ਮਜ਼ਦੂਰ ਯੂਨੀਅਨਾਂ ਨੂੰ ਪੱਤਰ ਲਿਖ ਕੇ ਸਾਂਝੀ ਮੀਟਿੰਗ ਲਈ ਸੱਦਾ ਦਿੱਤਾ ਹੈ ਜਿਸ ਵਿੱਚ ਡ੍ਰਾਫਟ ਬਿਜਲੀ ਸੋਧ ਬਿੱਲ 2025 ’ਤੇ ਚਰਚਾ ਕੀਤੀ ਜਾਵੇਗੀ, ਇਸ ਤਹਿਤ ਜਥੇਬੰਦੀ ਵੱਲੋਂ ਪੰਜਾਬ ਦੀਆਂ ਸਮੂਹ ਜਨਤਕ ਘੋਲ ਕਰਨ ਵਾਲੀਆਂ ਧਿਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ 27 ਅਕਤੂਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਇਸ ਚਰਚਾ ਵਿੱਚ ਹਿੱਸਾ ਲਿਆ ਜਾਵੇ ਤਾਂ ਜ਼ੋ ਹਰੇਕ ਵਰਗ ਦੀ ਮੁੱਢਲੀ ਲੋੜ ਬਣ ਚੁੱਕੀ ਬਿਜਲੀ ਦੀ ਸੁਵਿਧਾ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ ਤੋਂ ਬਚਾਇਆ ਜਾ ਸਕੇ। ਇਹ ਮੀਟਿੰਗ 27 ਅਕਤੂਬਰ 2025 ਨੂੰ ਰਾਵੀ ਹਾਲ, ਕਿਸਾਨ ਭਵਨ, ਚੰਡੀਗੜ੍ਹ ਵਿੱਚ ਸਵੇਰੇ 11:00 ਵਜੇ ਹੋਵੇਗੀ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਲਗਾਤਾਰ ਪ੍ਰਚਾਰ ਸਾਧਨਾਂ ਦੀ ਦੁਰਵਰਤੋਂ ਕਰਕੇ ਨਿਗੂਣੇ ਜਿਹੇ ਕੰਮਾਂ ਨੂੰ ਵਧਾ ਚੜ੍ਹਾ ਕੇ ਦਿਖਾ ਰਹੀ ਹੈ ਜਦਕਿ ਧਰਾਤਲ ਤੇ ਸਚਾਈ ਬਿਲਕੁਲ ਉਲਟ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਮੁਆਵਜੇ ਦੇ ਨਾਮ ਤੇ ਆਪਣੇ ਕੁਝ 'ਕੁ ਚਹੇਤਿਆਂ ਨੂੰ ਮੁਆਵਜੇ ਵੰਡ ਕੇ ਲਗਭਗ ਓਨੀ ਦੀ ਰਕਮ ਪ੍ਰਚਾਰ ਤੇ ਖਰਚ ਦਿੱਤੀ ਮਹਿਸੂਸ ਹੁੰਦੀ ਹੈ। ਉਹਨਾਂ ਕਿਹਾ ਕਿ ਹੜ੍ਹ ਕਾਰਨ ਨੁਕਸਾਨੇ ਝੋਨੇ ਦੀ ਫਸਲ ਲਈ 70 ਹਜ਼ਾਰ ਪ੍ਰਤੀ ਏਕੜ ਅਤੇ ਖੇਤ ਮਜਦੂਰ ਨੂੰ ਇਸਦਾ 10%, ਢਹਿ ਗਏ ਮਕਾਨਾਂ, ਮਰੇ ਪਸ਼ੂਆਂ, ਪੋਲਟਰੀ ਲਈ 100% ਮੁਆਵਜਾ ਦਿੱਤਾ ਜਾਵੇ ਅਤੇ ਗੰਨੇ ਦੀ ਫ਼ਸਲ ਲਈ ਪੂਰਾ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਜਾਂ ਤਾਂ ਕਿਸਾਨਾਂ ਨੂੰ ਪਰਾਲੀ ਦੇ ਢੁਕਵੇਂ ਹੱਲ ਦਿੱਤੇ ਜਾਣ ਜਾਂ ਸਾੜਨ ਕਾਰਨ ਕੀਤੇ ਜਾ ਰਹੇ ਪਰਚੇ, ਰੈੱਡ ਐਂਟਰੀਆਂ ਅਤੇ ਜੁਰਮਾਨੇ ਬੰਦ ਕੀਤੇ ਜਾਣ, ਅਗਰ ਅਜਿਹੇ ਤੋਂ ਬਾਜ਼ ਨਹੀਂ ਆਉਂਦੀ ਤਾਂ ਆਉਂਦੇ ਦਿਨਾਂ ਵਿੱਚ ਲੋਕਾਂ ਦੇ ਤਿੱਖੇ ਪ੍ਰਤੀਕਰਮ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਗੁਰਬਚਨ ਸਿੰਘ ਚੱਬਾ, ਸਤਨਾਮ ਸਿੰਘ ਮਾਣੋਚਾਹਲ, ਰਣਜੀਤ ਸਿੰਘ ਕਲੇਰ ਬਾਲਾ, ਜਰਮਨਜੀਤ ਸਿੰਘ ਬੰਡਾਲਾ, ਹਰਪ੍ਰੀਤ ਸਿੰਘ ਸਿੱਧਵਾਂ ਅਤੇ ਕੰਵਰਦਲੀਪ ਸੈਦੋਲੇਹਲ ਹਾਜ਼ਿਰ ਰਹੇ।
Posted By:
GURBHEJ SINGH ANANDPURI
Leave a Reply