‘Moverá of Tomorrow’ ਐਵਾਰਡ ਲਈ ਹਰਪ੍ਰੀਤ ਤੇ ਕੋਮਲਪ੍ਰੀਤ ਨਾਮਜ਼ਦ , ਜਰਮਨੀ ਵੱਸਦੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਨੂੰ ਦੋਵਾਂ ਦੇ ਹੱਕ ਵਿੱਚ ਆਨਲਾਈਨ ਵੋਟ ਪਾਉਣ ਦੀ ਅਪੀਲ
ਜਰਮਨੀ (ਨਜ਼ਰਾਨਾ ਟਾਈਮਜ਼): ਕਿਸੇ ਵੀ ਭਾਈਚਾਰੇ ਦਾ ਭਵਿੱਖ ਉਸ ਦੀ ਨਵੀਂ ਪੀੜ੍ਹੀ ਨਾਲ ਜੁੜਿਆ ਹੁੰਦਾ ਹੈ। ਅਸੀਂ ਅਕਸਰ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਅੱਗੇ ਆਉਣ, ਸਮਾਜ ਵਿੱਚ ਆਪਣੀ ਪਛਾਣ ਬਣਾਉਣ ਅਤੇ ਆਪਣੀ ਕਾਬਲੀਅਤ ਨੂੰ ਲੋਕ-ਭਲਾਈ ਲਈ ਵਰਤਣ ਲਈ ਪ੍ਰੇਰਿਤ ਕਰਦੇ ਹਾਂ। ਪਰ ਜਦੋਂ ਨਵੀਂ ਪੀੜ੍ਹੀ ਅੱਗੇ ਆ ਕੇ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੀ ਹੈ ਤਾਂ ਉਸ ਦਾ ਹੌਸਲਾ ਵਧਾਉਣਾ ਅਤੇ ਉਸ ਦੇ ਨਾਲ ਖੜ੍ਹਨਾ ਵੀ ਭਾਈਚਾਰੇ ਦੀ ਸਾਂਝੀ ਜ਼ਿੰਮੇਵਾਰੀ ਬਣ ਜਾਂਦੀ ਹੈ।
ਇਸੇ ਸੋਚ ਤਹਿਤ ਜਰਮਨੀ ਵਿੱਚ ਸਮਾਜਿਕ ਅਤੇ ਭਾਈਚਾਰਕ ਖੇਤਰ ਵਿੱਚ ਸਰਗਰਮ ਹਰਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਲਈ ਵੱਧ ਤੋਂ ਵੱਧ ਸਮਰਥਨ ਦੀ ਅਪੀਲ ਕੀਤੀ ਜਾ ਰਹੀ ਹੈ। ਦੋਵਾਂ ਨੌਜਵਾਨਾਂ ਨੂੰ ਜਰਮਨੀ ਦੇ “Movers of Tomorrow” Award ਲਈ ਨਾਮਜ਼ਦ ਕੀਤਾ ਗਿਆ ਹੈ।
ਇਸ ਨਾਮਜ਼ਦਗੀ ਨੂੰ ਸਿਰਫ਼ ਦੋ ਨੌਜਵਾਨਾਂ ਦੀ ਨਿੱਜੀ ਪ੍ਰਾਪਤੀ ਵਜੋਂ ਨਹੀਂ, ਸਗੋਂ ਜਰਮਨੀ ਵਿੱਚ ਪਲੀ-ਵਧੀ ਉਸ ਨਵੀਂ ਪੀੜ੍ਹੀ ਦੀ ਪਛਾਣ ਵਜੋਂ ਵੀ ਦੇਖਿਆ ਜਾ ਰਿਹਾ ਹੈ, ਜੋ ਆਪਣੀ ਸਿੱਖਿਆ, ਸੋਚ, ਕਾਬਲੀਅਤ ਅਤੇ ਤਜਰਬੇ ਨਾਲ ਸਮਾਜ ਵਿੱਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆ ਰਹੀ ਹੈ।
ਨਵੀਂ ਪੀੜ੍ਹੀ ਦੀ ਆਪਣੀ ਸੋਚ ਤੇ ਆਪਣੀ ਪਛਾਣ
ਹਰਪ੍ਰੀਤ ਅਤੇ ਕੋਮਲਪ੍ਰੀਤ ਉਸ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਕਰਦੀਆਂ ਹਨ, ਜੋ ਜਰਮਨੀ ਵਿੱਚ ਵੱਡੀ ਹੋਈ ਹੈ। ਇਸ ਪੀੜ੍ਹੀ ਦੀ ਆਪਣੀ ਸੋਚ, ਆਪਣੇ ਸੁਪਨੇ, ਆਪਣੀਆਂ ਤਰਜੀਹਾਂ ਅਤੇ ਆਪਣੀ ਕਾਬਲੀਅਤ ਨੂੰ ਸਮਾਜ ਦੇ ਹਿੱਤ ਵਿੱਚ ਵਰਤਣ ਦਾ ਆਪਣਾ ਢੰਗ ਹੈ।
ਭਾਈਚਾਰੇ ਲਈ ਇਹ ਸਮਝਣਾ ਵੀ ਅਹਿਮ ਹੈ ਕਿ ਨਵੀਂ ਪੀੜ੍ਹੀ ਨੂੰ ਸਿਰਫ਼ ਪੁਰਾਣੀ ਸੋਚ ਦੇ ਪੈਮਾਨਿਆਂ ਨਾਲ ਨਹੀਂ ਤੋਲਿਆ ਜਾ ਸਕਦਾ। ਨੌਜਵਾਨਾਂ ਨੂੰ ਆਪਣੀ ਪਛਾਣ ਬਣਾਉਣ, ਆਪਣੀ ਆਵਾਜ਼ ਉਠਾਉਣ ਅਤੇ ਆਪਣੇ ਢੰਗ ਨਾਲ ਸਮਾਜ ਦੀ ਸੇਵਾ ਕਰਨ ਲਈ ਮੌਕੇ ਅਤੇ ਹੌਸਲਾ ਦੇਣਾ ਵੀ ਜ਼ਰੂਰੀ ਹੈ।
ਇਸ ਦੇ ਨਾਲ ਹੀ ਜਦੋਂ ਨੌਜਵਾਨ ਸਮਾਜ ਲਈ ਆਪਣਾ ਸਮਾਂ, ਮਿਹਨਤ ਅਤੇ ਯੋਗਤਾ ਲਗਾ ਰਹੇ ਹੋਣ ਤਾਂ ਭਾਈਚਾਰੇ ਵਜੋਂ ਉਨ੍ਹਾਂ ਦੇ ਯਤਨਾਂ ਦੀ ਕਦਰ ਕਰਨਾ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਨਾ ਵੀ ਮਹੱਤਵਪੂਰਨ ਬਣ ਜਾਂਦਾ ਹੈ।
ਹਰਪ੍ਰੀਤ ਕੌਰ ਸਮਾਜਿਕ ਤੇ ਜਨਤਕ ਜੀਵਨ ਵਿੱਚ ਸਰਗਰਮ
24 ਸਾਲਾ ਹਰਪ੍ਰੀਤ ਕੌਰ Kelkheim ਵਿੱਚ Stadtverordnete ਵਜੋਂ ਸੇਵਾ ਨਿਭਾਉਣ ਦੇ ਨਾਲ Ausländerbeirat ਦੀ ਮੈਂਬਰ, AWAHS ਦੀ Vorsitzende ਅਤੇ ਲੇਖਿਕਾ ਵਜੋਂ ਵੀ ਸਰਗਰਮ ਹਨ।
ਉਨ੍ਹਾਂ ਦੀਆਂ ਸਰਗਰਮੀਆਂ ਸਮਾਜਿਕ ਇਕਜੁੱਟਤਾ, ਵੱਖ-ਵੱਖ ਭਾਈਚਾਰਿਆਂ ਵਿਚਕਾਰ ਸਾਂਝ, ਬਰਾਬਰੀ ਅਤੇ ਪਰਵਾਸੀ ਪਿਛੋਕੜ ਵਾਲੇ ਲੋਕਾਂ ਦੀ ਸਮਾਜਿਕ ਭਾਗੀਦਾਰੀ ਨਾਲ ਜੁੜੀਆਂ ਹੋਈਆਂ ਹਨ।
ਕੋਮਲਪ੍ਰੀਤ ਕੌਰ ਵੀ ਭਾਈਚਾਰਕ ਕੰਮਾਂ ਨਾਲ ਜੁੜੀ
21 ਸਾਲਾ ਕੋਮਲਪ੍ਰੀਤ ਕੌਰ ਵੀ Ausländerbeirat ਵਿੱਚ ਸਰਗਰਮ ਤੌਰ ’ਤੇ ਕੰਮ ਕਰ ਰਹੀ ਹੈ ਅਤੇ AWAHS ਦੇ Vorstand ਦਾ ਹਿੱਸਾ ਹੈ।
ਹਰਪ੍ਰੀਤ ਅਤੇ ਕੋਮਲਪ੍ਰੀਤ ਪਿਛਲੇ ਕਈ ਸਾਲਾਂ ਤੋਂ ਸਮਾਜਿਕ ਇਕਜੁੱਟਤਾ, ਏਕੀਕਰਨ, ਬਰਾਬਰੀ ਅਤੇ ਭਾਈਚਾਰੇ ਦੇ ਹੱਕਾਂ ਤੇ ਭਲਾਈ ਨਾਲ ਜੁੜੇ ਵੱਖ-ਵੱਖ ਮੁੱਦਿਆਂ ਉੱਤੇ ਆਪਣਾ ਯੋਗਦਾਨ ਪਾਉਂਦੀਆਂ ਆ ਰਹੀਆਂ ਹਨ।
ਇਸ ਕਾਰਨ ਉਨ੍ਹਾਂ ਦੀ ਨਾਮਜ਼ਦਗੀ ਨੂੰ ਸਿਰਫ਼ ਇੱਕ ਐਵਾਰਡ ਲਈ ਮੁਕਾਬਲੇ ਤੱਕ ਸੀਮਤ ਨਾ ਰੱਖਦਿਆਂ ਜਰਮਨੀ ਵਿੱਚ ਵੱਸਦੀ ਪੰਜਾਬੀ ਅਤੇ ਭਾਰਤੀ ਨਵੀਂ ਪੀੜ੍ਹੀ ਦੀ ਸਮਾਜਿਕ ਭਾਗੀਦਾਰੀ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।
‘ਸਰਬੱਤ ਦੇ ਭਲੇ’ ਦੀ ਸੋਚ ਨਾਲ ਸਮਾਜ ਵਿੱਚ ਯੋਗਦਾਨ
ਪੰਜਾਬੀ ਵਿਰਾਸਤ ਵਿੱਚ “ਸਰਬੱਤ ਦੇ ਭਲੇ” ਦੀ ਸੋਚ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਹੈ। ਇਸ ਸੋਚ ਦਾ ਅਰਥ ਕੇਵਲ ਆਪਣੇ ਭਾਈਚਾਰੇ ਦੀ ਭਲਾਈ ਨਹੀਂ, ਸਗੋਂ ਉਸ ਸਮੁੱਚੇ ਸਮਾਜ ਦੀ ਬਿਹਤਰੀ ਲਈ ਕੰਮ ਕਰਨਾ ਵੀ ਹੈ, ਜਿਸ ਦਾ ਅਸੀਂ ਹਿੱਸਾ ਹਾਂ।
ਜਰਮਨੀ ਵਿੱਚ ਵੱਸਦੇ ਪੰਜਾਬੀ ਅਤੇ ਭਾਰਤੀ ਪਰਿਵਾਰਾਂ ਦੀ ਨਵੀਂ ਪੀੜ੍ਹੀ ਇੱਥੇ ਪੜ੍ਹ ਰਹੀ ਹੈ, ਕੰਮ ਕਰ ਰਹੀ ਹੈ ਅਤੇ ਆਪਣਾ ਭਵਿੱਖ ਬਣਾ ਰਹੀ ਹੈ। ਹੁਣ ਇਸ ਪੀੜ੍ਹੀ ਦੇ ਕਈ ਨੌਜਵਾਨ ਸਮਾਜਿਕ ਅਤੇ ਜਨਤਕ ਜੀਵਨ ਵਿੱਚ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆ ਰਹੇ ਹਨ।
ਆਪਣੀਆਂ ਜੜ੍ਹਾਂ ਅਤੇ ਵਿਰਾਸਤ ਨਾਲ ਜੁੜੇ ਰਹਿਣ ਦੇ ਨਾਲ-ਨਾਲ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ, ਉਸ ਦੀ ਬਿਹਤਰੀ ਲਈ ਕੰਮ ਕਰਨਾ ਵੀ ਸਮਾਜਿਕ ਜ਼ਿੰਮੇਵਾਰੀ ਦਾ ਅਹਿਮ ਹਿੱਸਾ ਹੈ।
ਹੁਣ ਭਾਈਚਾਰੇ ਨੂੰ ਅੱਗੇ ਆਉਣ ਦਾ ਸੱਦਾ
“Movers of Tomorrow” ਦੀ ਇਸ ਨਾਮਜ਼ਦਗੀ ਵਿੱਚ ਕੋਮਲਪ੍ਰੀਤ ਕੌਰ (21) ਅਤੇ ਹਰਪ੍ਰੀਤ ਕੌਰ (24) ਨੂੰ ਆਨਲਾਈਨ ਵੋਟ ਦੇ ਕੇ ਸਮਰਥਨ ਕਰਨ ਦੀ ਅਪੀਲ ਕੀਤੀ ਗਈ ਹੈ।
ਅਪੀਲ ਵਿੱਚ ਕਿਹਾ ਗਿਆ ਹੈ ਕਿ ਕਈ ਵਾਰ ਕਿਸੇ ਮੁਹਿੰਮ ਜਾਂ ਪ੍ਰਾਪਤੀ ਬਾਰੇ ਬਾਅਦ ਵਿੱਚ ਪਤਾ ਲੱਗਣ ’ਤੇ ਲੋਕ ਕਹਿੰਦੇ ਹਨ ਕਿ ਜੇ ਉਨ੍ਹਾਂ ਨੂੰ ਸਮੇਂ ਸਿਰ ਜਾਣਕਾਰੀ ਮਿਲ ਜਾਂਦੀ ਤਾਂ ਉਹ ਜ਼ਰੂਰ ਆਪਣਾ ਸਮਰਥਨ ਦਿੰਦੇ। ਇਸ ਲਈ ਇਸ ਵਾਰ ਮੌਕਾ ਹੱਥੋਂ ਨਾ ਜਾਣ ਦਿੱਤਾ ਜਾਵੇ ਅਤੇ ਵੋਟਿੰਗ ਦੌਰਾਨ ਹੀ ਵੱਧ ਤੋਂ ਵੱਧ ਲੋਕ ਆਪਣੀ ਭਾਗੀਦਾਰੀ ਯਕੀਨੀ ਬਣਾਉਣ।
ਜਰਮਨੀ ਵਿੱਚ ਵੱਸਦੇ ਪੰਜਾਬੀਆਂ, ਭਾਰਤੀਆਂ, ਪਰਿਵਾਰਾਂ, ਨੌਜਵਾਨਾਂ, ਸਮਾਜਿਕ ਸੰਸਥਾਵਾਂ ਅਤੇ ਭਾਈਚਾਰਕ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਹਰਪ੍ਰੀਤ ਅਤੇ ਕੋਮਲਪ੍ਰੀਤ ਲਈ ਵੋਟ ਪਾਉਣ ਦੇ ਨਾਲ ਇਸ ਅਪੀਲ ਨੂੰ ਆਪਣੇ ਪਰਿਵਾਰਾਂ, ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਤੱਕ ਵੀ ਪਹੁੰਚਾਉਣ।
ਇੱਕ ਵੋਟ ਵੀ ਨੌਜਵਾਨ ਦਾ ਹੌਸਲਾ ਵਧਾ ਸਕਦੀ ਹੈ
ਇਸ ਮੁਹਿੰਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਆਨਲਾਈਨ ਵੋਟ ਪਾਉਣ ਵਿੱਚ ਸ਼ਾਇਦ ਕੁਝ ਸਕਿੰਟ ਹੀ ਲੱਗਣ, ਪਰ ਕਿਸੇ ਨੌਜਵਾਨ ਲਈ ਇਹ ਉਸ ਦੀ ਮਿਹਨਤ ਦੀ ਕਦਰ, ਉਸ ਦੇ ਹੌਸਲੇ ਨੂੰ ਮਿਲਿਆ ਸਮਰਥਨ ਅਤੇ ਉਸ ਦੇ ਭਵਿੱਖ ਪ੍ਰਤੀ ਭਾਈਚਾਰੇ ਦੇ ਵਿਸ਼ਵਾਸ ਦਾ ਪ੍ਰਤੀਕ ਬਣ ਸਕਦੀ ਹੈ।
ਅਪੀਲ ਵਿੱਚ ਇਹ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਨਵੀਂ ਪੀੜ੍ਹੀ ਤੋਂ ਇਹ ਉਮੀਦ ਨਹੀਂ ਰੱਖੀ ਜਾਣੀ ਚਾਹੀਦੀ ਕਿ ਉਹ ਇਕੱਲੀ ਹੀ ਭਾਈਚਾਰੇ ਦਾ ਭਵਿੱਖ ਬਣਾਏਗੀ। ਨੌਜਵਾਨਾਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਵਿੱਚ ਮੌਜੂਦਾ ਪੀੜ੍ਹੀ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
“ਅੱਜ ਅਸੀਂ ਉਨ੍ਹਾਂ ਦਾ ਹੱਥ ਫੜਾਂਗੇ ਤਾਂ ਕੱਲ੍ਹ ਉਹ ਹੋਰਾਂ ਦਾ ਹੱਥ ਫੜਨਗੇ। ਅੱਜ ਅਸੀਂ ਉਨ੍ਹਾਂ ਦੀ ਆਵਾਜ਼ ਬਣਾਂਗੇ ਤਾਂ ਕੱਲ੍ਹ ਉਹ ਸਾਡੇ ਭਾਈਚਾਰੇ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕਰਨਗੇ।”
ਇਸ ਲਈ ਭਾਈਚਾਰੇ ਨੂੰ ਸੱਦਾ ਦਿੱਤਾ ਗਿਆ ਹੈ—“ਚੁੱਪ ਨਾ ਰਹੀਏ, ਆਵਾਜ਼ ਬਣੀਏ। ਹਰਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਲਈ ਵੋਟ ਕਰੋ, ਅਪੀਲ ਸਾਂਝੀ ਕਰੋ ਅਤੇ ਹੋਰਾਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰੋ।”
ਸਾਡੀ ਪਛਾਣ। ਸਾਡੀ ਨਵੀਂ ਪੀੜ੍ਹੀ। ਸਾਡੀ ਜ਼ਿੰਮੇਵਾਰੀ। ਸਾਡਾ ਭਵਿੱਖ।
“Stimme statt Stille!” — ਚੁੱਪ ਦੀ ਥਾਂ ਆਪਣੀ ਆਵਾਜ਼ ਦਿਓ।
ਹਰਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਲਈ ਵੋਟ “Stimme statt Stille!” ਦੇ ਅਧਿਕਾਰਤ ਆਨਲਾਈਨ ਵੋਟਿੰਗ ਪੇਜ ਰਾਹੀਂ ਪਾਈ ਜਾ ਸਕਦੀ ਹੈ।
Official Voting Page:
“Stimme statt Stille!” — Harpreet Kaur & Komalpreet Kaur Voting Page
Posted By: GURBHEJ SINGH ANANDPURI