ਮਿਸ਼ਨ 2027 ਦੀਆਂ ਤਿਆਰੀਆਂ ਨੇ ਫੜੀ ਰਫ਼ਤਾਰ, ਹਲਕਾ ਪੱਟੀ ਵਿੱਚ ‘ਆਪ’ ਦੀ ਜਥੇਬੰਦਕ ਮਜ਼ਬੂਤੀ ਲਈ ਸਰਗਰਮ ਹੋਏ ਬ੍ਰਹਮਪੁਰਾ
ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਮੁੜ ਸਰਕਾਰ ਬਣਾਉਣ ਲਈ ਪਿੰਡ-ਪਿੰਡ ਪਹੁੰਚ ਰਹੇ ਰਵਿੰਦਰ ਬ੍ਰਹਮਪੁਰਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਪੱਟੀ, 30 ਅਕਤੂਬਰ
ਪੰਜਾਬ ਦੀ ਸਿਆਸਤ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸੇ ਦੌਰਾਨ ਹਲਕਾ ਪੱਟੀ ਵਿੱਚ ਆਮ ਆਦਮੀ ਪਾਰਟੀ ਦੀ ਜਥੇਬੰਦਕ ਤਾਕਤ ਨੂੰ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਚੋਣਾਂ ਲਈ ਜ਼ਮੀਨੀ ਪੱਧਰ ’ਤੇ ਲਾਮਬੰਦੀ ਕਰਨ ਵਾਸਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਸੀਨੀਅਰ ਆਗੂ ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਵਿੱਚ ਵਰਕਰਾ ਨਾਲ ਸਿੱਧਾ ਸੰਪਰਕ ਸਥਾਪਤ ਕੀਤਾ ਜਾ ਰਿਹਾ ਹੈ।
ਇਸੇ ਲੜੀ ਤਹਿਤ ਅੱਜ ਪਿੰਡ ਕਡਿਆਲਾ ਵਿਖੇ ਸਰਪੰਚ ਸ. ਗੁਰਤੇਜ ਸਿੰਘ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਵਿੱਚ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਪਿੰਡ ਦੇ ਮੋਹਤਬਰਾਂ ਅਤੇ ਪਾਰਟੀ ਵਰਕਰਾ ਨਾਲ ਹਲਕੇ ਦੇ ਸਿਆਸੀ ਹਾਲਾਤ, ਪਾਰਟੀ ਦੀਆਂ ਜ਼ਮੀਨੀ ਸਰਗਰਮੀਆਂ ਅਤੇ ਆਉਣ ਵਾਲੇ ਸਮੇਂ ਦੀ ਰਣਨੀਤੀ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ। ਵਿਚਾਰ-ਵਟਾਂਦਰੇ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਮਿਸ਼ਨ 2027 ਦੀ ਸਫ਼ਲਤਾ ਲਈ ਸਿਰਫ਼ ਚੋਣਾਂ ਸਮੇਂ ਸਰਗਰਮ ਹੋਣਾ ਕਾਫ਼ੀ ਨਹੀਂ, ਸਗੋਂ ਹਰ ਪਿੰਡ ਵਿੱਚ ਪਾਰਟੀ ਵਰਕਰਾਂ ਨਾਲ ਨਿਰੰਤਰ ਤਾਲਮੇਲ, ਲੋਕਾਂ ਦੇ ਮਸਲਿਆਂ ਦੀ ਸੁਣਵਾਈ ਅਤੇ ਮਜ਼ਬੂਤ ਜਥੇਬੰਦਕ ਢਾਂਚਾ ਤਿਆਰ ਕਰਨਾ ਲਾਜ਼ਮੀ ਹੈ।
ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਾਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਤੱਕ ਲਿਜਾਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਅਤੇ ਲੋਕਪੱਖੀ ਸੋਚ ਨੂੰ ਹੋਰ ਮਜ਼ਬੂਤੀ ਨਾਲ ਲੋਕਾਂ ਤੱਕ ਲੈ ਕੇ ਜਾਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਿਸ਼ਨ 2027 ਸਿਰਫ਼ ਚੋਣਾਂ ਜਿੱਤਣ ਦਾ ਟੀਚਾ ਨਹੀਂ, ਬਲਕਿ ਪਾਰਟੀ ਦੇ ਹਰ ਵਰਕਰ ਨੂੰ ਨਾਲ ਲੈ ਕੇ ਲੋਕਾਂ ਵਿੱਚ ਆਪਣੀ ਜ਼ਿੰਮੇਵਾਰੀ ਹੋਰ ਮਜ਼ਬੂਤੀ ਨਾਲ ਨਿਭਾਉਣ ਦਾ ਸੰਕਲਪ ਹੈ।
ਇਸ ਮੌਕੇ ਸ.ਨਿਰਮਲ ਸਿੰਘ ਮੈਂਬਰ ਪੰਚਾਇਤ,ਸ. ਗੁਰਸੇਵਕ ਸਿੰਘ ਪੰਚਾਇਤ ਮੈਂਬਰ,ਸ.ਰੇਸ਼ਮ ਸਿੰਘ ਮੈਂਬਰ ਪੰਚਾਇਤ,ਸ.ਦਲਬੀਰ ਸਿੰਘ ਮੈਂਬਰ ਪੰਚਾਇਤ , ਸ.ਚਮਕੌਰ ਸਿੰਘ ਮੈਂਬਰ ਪੰਚਾਇਤ ਅਤੇ ਸ.ਹਿੰਮਤ ਸਿੰਘ ਨੱਥੂਕੇ ਬੁਰਜ ਸਮੇਤ ਹੋਰ ਸਾਥੀ ਹਾਜ਼ਰ ਸਨ। ਸਮੂਹ ਸਾਥੀਆਂ ਵੱਲੋਂ ਦਿੱਤੇ ਗਏ ਪਿਆਰ, ਸਤਿਕਾਰ ਅਤੇ ਸਹਿਯੋਗ ਲਈ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਧੰਨਵਾਦ ਪ੍ਰਗਟ ਕੀਤਾ।
ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਤੋਂ ਇਲਾਵਾ ਕੰਵਰਦੀਪ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਸਰਪੰਚ ਜੋੜਾ, ਦਿਲਬਾਗ ਸਿੰਘ ਸਰਪੰਚ ਕੋਟ ਬੁੱਢਾ, ਜਤਿੰਦਰ ਸਿੰਘ ਕੈਰੋ, ਚੇਅਰਮੈਨ ਪ੍ਰਗਟ ਸਿੰਘ ਜਵੰਦਾ ਆਦਿ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।