ਬਿਜਲੀ ਸੋਧ ਬਿੱਲ 2025 ਖਿਲਾਫ ਅੰਮ੍ਰਿਤਸਰ ਵਿੱਚ ਪੁਤਲਾ ਫੂਕ ਪ੍ਰਦਰਸ਼ਨ
- ਕਨੂੰਨ
- 23 Oct,2025
27 ਅਕਤੂਬਰ ਨੂੰ ਕਿਸਾਨ, ਮਜ਼ਦੂਰ, ਬਿਜਲੀ ਕਾਮਿਆਂ ਸਮੇਤ ਹਰ ਤਰ੍ਹਾਂ ਦੀਆਂ ਕਰਮਚਾਰੀ, ਵਿਦਿਆਰਥੀ ਜਥੇਬੰਦੀਆਂ ਨੂੰ ਚੰਡੀਗ੍ਹੜ ਵਿੱਚ ਵਿਚਾਰ ਚਰਚਾ ਕਰਨ ਲਈ ਸੱਦਾ
23/10/2025 ਨਜ਼ਰਾਨਾ ਟਾਈਮਜ਼
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੰਮ੍ਰਿਤਸਰ ਵਿਖੇ ਬਿਜਲੀ ਸੋਧ ਬਿੱਲ 2025 ਦੇ ਖਰੜੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਕਿਹਾ ਕਿ 9 ਅਕਤੂਬਰ 2025 ਨੂੰ ਇੱਕ ਚਿੱਠੀ ਜਾਰੀ ਕੀਤੀ ਹੈ ਜਿਸ ਅਨੁਸਾਰ ਬਿਜਲੀ ਸੋਧ ਬਿੱਲ 2025 ਦਾ ਖਰੜਾ ਤਿਆਰ ਹੋ ਚੁੱਕਾ ਹੈ ਅਤੇ ਹੁਣ ਬਿਜਲੀ ਵਿਭਾਗ ਨੂੰ ਪੂਰਨ ਰੂਪ ਵਿੱਚ ਨਿੱਜੀ ਹੱਥਾਂ ਵਿੱਚ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਬਿੱਲ ਪੰਜਾਬ ਦੇ ਲੋਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਬਿਜਲੀ ਕਰਮਚਾਰੀਆਂ ਸਮੇਤ ਹਰ ਵਰਗ ਲਈ ਖਤਰਨਾਕ ਹੈ । ਇਸ ਮੌਕੇ ਸੂਬਾ ਆਗੂ ਜਰਮਨਜੀਤ ਸਿੰਘ ਬੰਡਾਲਾ ਅਤੇ ਜਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ ਨੇ ਕਿਹਾ ਕਿ ਚਿਪ ਵਾਲੇ ਪ੍ਰੀਪੇਡ ਮੀਟਰਾਂ ਦੀ ਨੀਤੀ ਲਾਗੂ ਕਰਨਾ ਇਸੇ ਨੀਤੀ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਇਸ ਜਨਤਕ ਖੇਤਰ ਦੇ ਅਦਾਰੇ ਤੇ ਹਮਲੇ ਦੇ ਖ਼ਿਲਾਫ਼ ਲਾਮਬੰਦੀ ਕਰਨ ਲਈ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਜਨਤਕ ਘੋਲ ਲੜਨ ਵਾਲੀਆਂ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ, ਹਰ ਤਰ੍ਹਾਂ ਦੀਆਂ ਕਰਮਚਾਰੀ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ ਨੂੰ 27 ਅਕਤੂਬਰ ਨੂੰ ਸਵੇਰੇ 11 ਵਜੇ ਚੰਡੀਗ੍ਹੜ ਦੇ ਕਿਸਾਨ ਭਵਨ ਵਿੱਚ ਪਹੁੰਚ ਕੇ ਆਪਣੇ ਵਿਚਾਰ ਸਾਂਝੇ ਕਰਨ ਲਈ ਬੁਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਰੋਟੀ ਕਪੜਾ ਮਕਾਨ ਵਾਂਗ ਬਿਜਲੀ ਵੀ ਅੱਜ ਮੁੱਢਲੀ ਲੋੜ ਬਣ ਚੁੱਕੀ ਹੈ ਅਗਰ ਬਿਜਲੀ ਦਾ ਨਿੱਜੀਕਰਨ ਹੋ ਜਾਂਦਾ ਹੈ ਤਾਂ ਇਹ ਸਿਰਫ ਗਰੀਬ ਹੀ ਨਹੀਂ ਬਲਕਿ ਪੂਰੇ ਮਧ ਵਰਗ ਦੀ ਪਹੁੰਚ ਵਿੱਚੋਂ ਬਾਹਰ ਹੋ ਜਾਵੇਗੀ, ਸੋ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਇਸ ਖਰੜੇ ਨੂੰ ਰੱਦ ਕਰਵਾਉਣ ਲਈ ਕੀਤੀ ਜਾਣ ਵਾਲੀ ਵਿਚਾਰ ਚਰਚਾ ਦਾ ਹਿੱਸਾ ਬਣਿਆ ਜਾਵੇ। ਉਹਨਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਹੋਵੇ ਜਾਂ ਵਿਰੋਧੀ ਧਿਰਾਂ ਸਭ ਇਸ ਗੱਲ ਤੇ ਚੁੱਪ ਹਨ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਤੇ ਖਰੜੇ ਨੂੰ ਵਿਧਾਨ ਸਭਾ ਵਿੱਚ ਰੱਦ ਕਰੇ ਅਤੇ ਦੂਜੇ ਰਾਜਾਂ ਦੀਆਂ ਸਰਕਾਰਾਂ ਨਾਲ ਤਾਲਮੇਲ ਕਰਕੇ ਕੇਂਦਰ ਸਰਕਾਰ ਤੇ ਇਸ ਨੂੰ ਵਾਪਿਸ ਲੈਣ ਦਬਾਅ ਬਣਾਵੇ।
Posted By:
TAJEEMNOOR KAUR
Leave a Reply