ਝੋਟਾ ਕਤਲ ਮਾਮਲਾ: ਮੈਡੀਕਲ ਦੁਕਾਨ ਦੀ ਕਥਿਤ ਭੰਨਤੋੜ ਤੇ ਅੱਗਜ਼ਨੀ ਸਬੰਧੀ 1,000 ਤੋਂ 1,200 ਅਣਪਛਾਤਿਆਂ ਖ਼ਿਲਾਫ਼ ਐੱਫਆਈਆਰ
ਮਾਨਸਾ (ਨਜ਼ਰਾਨਾ ਟਾਈਮਜ਼): ਪਰਵਿੰਦਰ ਸਿੰਘ ਝੋਟਾ ਦੇ ਕਤਲ ਮਗਰੋਂ ਮੈਡੀਕਲ ਦੁਕਾਨ ਦੀ ਕਥਿਤ ਭੰਨਤੋੜ ਅਤੇ ਅੱਗਜ਼ਨੀ ਦੇ ਸਬੰਧ ਵਿੱਚ ਮਾਨਸਾ ਪੁਲਿਸ ਨੇ ਵੱਖਰਾ ਮਾਮਲਾ ਦਰਜ ਕੀਤਾ ਹੈ। ਇਹ ਐੱਫਆਈਆਰ ਕਤਲ ਕੇਸ ਦੇ ਮੁਲਜ਼ਮ ਅਸ਼ਵਨੀ ਕੁਮਾਰ ਦੀ ਮੈਡੀਕਲ ਦੁਕਾਨ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ 1,000 ਤੋਂ 1,200 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤੀ ਗਈ ਹੈ।
ਜੇਸੀਬੀ ਨਾਲ ਦੁਕਾਨ ਦੀ ਭੰਨਤੋੜ ਦਾ ਦੋਸ਼
ਐੱਫਆਈਆਰ ਅਨੁਸਾਰ, ਪਰਵਿੰਦਰ ਸਿੰਘ ਝੋਟਾ ਦੇ ਕਤਲ ਮਗਰੋਂ ਇਕੱਠੀ ਹੋਈ ਭੀੜ ਵਿੱਚ ਸ਼ਾਮਲ ਵਿਅਕਤੀਆਂ ਨੇ ਰਾਹੋਂ ਲੰਘ ਰਹੀ ਇੱਕ ਜੇਸੀਬੀ ਦੇ ਅਣਪਛਾਤੇ ਚਾਲਕ ਨੂੰ ਰੋਕਿਆ। ਪੁਲਿਸ ਦਾ ਦੋਸ਼ ਹੈ ਕਿ ਭੀੜ ਵਿੱਚੋਂ ਕੁਝ ਵਿਅਕਤੀਆਂ ਨੇ ਜੇਸੀਬੀ ਦੀ ਵਰਤੋਂ ਕਰਕੇ ਮੈਡੀਕਲ ਦੁਕਾਨ ਦੀ ਭੰਨਤੋੜ ਕੀਤੀ ਅਤੇ ਦੁਕਾਨ ਅੰਦਰ ਪਏ ਸਾਮਾਨ ਨੂੰ ਅੱਗ ਲਾ ਦਿੱਤੀ।
ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਭੀੜ ਵਿੱਚ ਬਾਹਰਲੇ ਵੱਖ-ਵੱਖ ਇਲਾਕਿਆਂ ਤੋਂ ਆਏ ਨੌਜਵਾਨ ਵੀ ਸ਼ਾਮਲ ਸਨ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ।
ਜਾਂਚ ਦੇ ਆਧਾਰ ’ਤੇ ਧਾਰਾਵਾਂ ਵਿੱਚ ਹੋ ਸਕਦੀ ਹੈ ਤਬਦੀਲੀ
ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 326(ਜੀ), 324(5), 191(2) ਅਤੇ 190 ਤਹਿਤ ਕੇਸ ਦਰਜ ਕੀਤਾ ਹੈ। ਐੱਫਆਈਆਰ ਮੁਤਾਬਕ, ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਲਾਗੂ ਧਾਰਾਵਾਂ ਜੋੜੀਆਂ ਜਾਂ ਹਟਾਈਆਂ ਜਾ ਸਕਦੀਆਂ ਹਨ।
ਰਿਪੋਰਟ: ਬਿੰਦਰ ਸਿੰਘ ਖੁੱਡੀ ਕਲਾਂ
Posted By: Binder Singh Kuddi Kalan