ਨੇਪਾਲ ਦੇ ਐਵਰੈਸਟ ਖੇਤਰ 'ਚ ਦੋ ਹੈਲੀਕਾਪਟਰਾਂ ਦੀ ਭਿਆਨਕ ਟੱਕਰ 'ਚ ਭਾਰਤੀ ਨਾਗਰਿਕ ਦੀ ਦਰਦਨਾਕ ਮੌਤ
ਪਾਇਲਟਾਂ ਸਮੇਤ ਤਿੰਨ ਗੰਭੀਰ ਜ਼ਖ਼ਮੀ।
ਬਿੰਦਰ ਸਿੰਘ ਖੁੱਡੀ ਕਲਾਂ
ਕਾਠਮੰਡੂ , 4 ਨਵੰਬਰ
:ਨੇਪਾਲ ਦੇ ਦੁਰਗਮ ਪਹਾੜੀ ਖੇਤਰ 'ਚ ਮੰਗਲਵਾਰ ਸਵੇਰੇ ਲੈਂਡਿੰਗ ਦੌਰਾਨ ਵਾਪਰੇ ਇੱਕ ਭਿਆਨਕ ਹਵਾਈ ਹਾਦਸੇ ਵਿੱਚ 47 ਸਾਲਾ ਭਾਰਤੀ ਨਾਗਰਿਕ ਦੀ ਮੌਕੇ 'ਤੇ ਹੀ ਮੌਤ ਹੋਣ ਦੀ ਖ਼ਬਰ ਹੈ।
ਇਹ ਦਰਦਨਾਕ ਘਟਨਾ ਉਸ ਸਮੇਂ ਵਾਪਰੀ ਜਦੋਂ ਦੋ ਵੱਖ-ਵੱਖ ਨਿੱਜੀ ਕੰਪਨੀਆਂ ਦੇ ਹੈਲੀਕਾਪਟਰ ਇੱਕ ਹੀ ਹੈਲੀਪੈਡ 'ਤੇ ਲੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹਾਦਸੇ ਦੌਰਾਨ ਇੱਕ ਹੋਰ ਭਾਰਤੀ ਮੂਲ ਦਾ ਵਿਦੇਸ਼ੀ ਯਾਤਰੀ ਅਤੇ ਦੋਵੇਂ ਹੈਲੀਕਾਪਟਰਾਂ ਦੇ ਨੇਪਾਲੀ ਪਾਇਲਟ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਕਾਠਮੰਡੂ ਸਥਿਤ ਭਾਰਤੀ ਦੂਤਾਵਾਸ ਨੇ ਇਸ ਹਾਦਸੇ 'ਤੇ ਡੂੰਘੇ ਦੁੱਖ ਅਤੇ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਹੈ। ਦੂਤਾਵਾਸ ਦੇ ਅਧਿਕਾਰੀ ਨੇਪਾਲੀ ਪ੍ਰਸ਼ਾਸਨ ਅਤੇ ਸਥਾਨਕ ਹਸਪਤਾਲਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਤਾਂ ਜੋ ਮ੍ਰਿਤਕ ਦੀ ਦੇਹ ਨੂੰ ਸਾਰੀਆਂ ਕਾਨੂੰਨੀ ਅਤੇ ਮੈਡੀਕਲ ਪ੍ਰਕਿਰਿਆਵਾਂ ਪੂਰੀਆਂ ਕਰਨ ਉਪਰੰਤ ਜਲਦ ਤੋਂ ਜਲਦ ਭਾਰਤ ਵਿੱਚ ਉਨ੍ਹਾਂ ਦੇ ਪਰਿਵਾਰ ਤੱਕ ਪਹੁੰਚਾਇਆ ਜਾ ਸਕੇ।
ਜ਼ਿਲ੍ਹਾ ਪੁਲਿਸ ਦਫ਼ਤਰ ਸੋਲੂਖੁੰਬੂ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਹਾਦਸਾ ਸਵੇਰੇ ਲਗਭਗ 8:11 ਵਜੇ ਸਥਾਨਕ ਸਮੇਂ ਅਨੁਸਾਰ ਵਾਪਰਿਆ। ਦੋਵੇਂ ਹੈਲੀਕਾਪਟਰਾਂ ਨੇ ਮਾਊਂਟ ਐਵਰੈਸਟ ਖੇਤਰ ਦੇ ਮੁੱਖ ਪ੍ਰਵੇਸ਼ ਦੁਆਰ ਮੰਨੇ ਜਾਂਦੇ ਲੁਕਲਾ ਏਅਰਪੋਰਟ ਤੋਂ ਉਡਾਣ ਭਰੀ ਸੀ। ਉਡਾਣ ਤੋਂ ਕੁਝ ਹੀ ਸਮੇਂ ਬਾਅਦ ਖੁੰਬੂ ਪਾਸਾਂਗ ਲਹਾਮੂ ਗ੍ਰਾਮੀਣ ਨਗਰਪਾਲਿਕਾ ਦੇ ਵਾਰਡ ਨੰਬਰ 4 ਵਿੱਚ ਸਥਿਤ ਫੇਰੀਚੇ ਹੈਲੀਪੈਡ 'ਤੇ ਉੱਤਰਦੇ ਸਮੇਂ ਫਿਸ਼ਟੇਲ ਏਅਰ ਅਤੇ ਏਅਰ ਡਾਇਨਾਸਟੀ ਦੇ ਹੈਲੀਕਾਪਟਰਾਂ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ। ਫੇਰੀਚੇ ਖੇਤਰ ਸਮੁੰਦਰ ਤਲ ਤੋਂ ਕਾਫ਼ੀ ਉਚਾਈ 'ਤੇ ਸਥਿਤ ਹੈ ਅਤੇ ਇਹ ਮਾਊਂਟ ਐਵਰੈਸਟ ਬੇਸ ਕੈਂਪ ਦੇ ਮੁੱਖ ਰਸਤੇ 'ਤੇ ਕਾਠਮੰਡੂ ਤੋਂ ਲਗਭਗ 150 ਕਿਲੋਮੀਟਰ ਉੱਤਰ-ਪੂਰਬ ਵੱਲ ਪੈਂਦਾ ਹੈ, ਜਿੱਥੇ ਅਕਸਰ ਮੌਸਮ ਵਿੱਚ ਤੇਜ਼ੀ ਨਾਲ ਬਦਲਾਅ ਆਉਂਦਾ ਰਹਿੰਦਾ ਹੈ।
ਪੁਲਿਸ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਭਾਰਤੀ ਨਾਗਰਿਕ ਵਸੰਤ ਕੁਮਾਰ (47) ਵਜੋਂ ਹੋਈ ਹੈ। ਜੋ ਹਾਦਸੇ ਸਮੇਂ ਫਿਸ਼ਟੇਲ ਏਅਰ ਦੇ ਹੈਲੀਕਾਪਟਰ ਵਿੱਚ ਸਵਾਰ ਸੀ। ਹਾਦਸੇ ਵਿੱਚ ਫਿਸ਼ਟੇਲ ਏਅਰ ਦੇ ਹੈਲੀਕਾਪਟਰ ਵਿੱਚ ਸਵਾਰ ਇੱਕ ਹੋਰ ਯਾਤਰੀ ਸ਼ੈਲੇਸ਼ ਕ੍ਰਿਸ਼ਨਾ ਪਟੇਲ (49) ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਸ਼ੈਲੇਸ਼ ਕ੍ਰਿਸ਼ਨਾ ਪਟੇਲ ਭਾਰਤੀ ਮੂਲ ਦੇ ਨਿਊਜ਼ੀਲੈਂਡ ਨਾਗਰਿਕ ਹਨ। ਹਾਦਸੇ ਤੋਂ ਤੁਰੰਤ ਬਾਅਦ ਬਚਾਅ ਅਭਿਆਸ ਸ਼ੁਰੂ ਕੀਤਾ ਗਿਆ ਅਤੇ ਜ਼ਖ਼ਮੀ ਪਟੇਲ ਨੂੰ 'ਪ੍ਰਭੂ ਹੈਲੀਕਾਪਟਰ' ਦੀ ਮਦਦ ਨਾਲ ਹਵਾਈ ਰਸਤੇ ਰਾਹੀਂ ਕਾਠਮੰਡੂ ਦੇ ਮਸ਼ਹੂਰ ਮੈਡੀਸਿਟੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਭਿਆਨਕ ਹਾਦਸੇ ਵਿੱਚ ਦੋਵਾਂ ਹੈਲੀਕਾਪਟਰਾਂ ਦੇ ਨੇਪਾਲੀ ਪਾਇਲਟ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਫਿਸ਼ਟੇਲ ਏਅਰ ਦੇ ਪਾਇਲਟ ਰਬਿੰਦਰ ਪ੍ਰਜਾਪਤੀ ਅਤੇ ਏਅਰ ਡਾਇਨਾਸਟੀ ਦੇ ਪਾਇਲਟ ਪ੍ਰਜਵਲ ਕੇਸੀ ਨੂੰ ਘਟਨਾ ਸਥਾਨ ਤੋਂ ਤੁਰੰਤ ਰੈਸਕਿਊ ਕਰਕੇ ਬਿਹਤਰ ਮੈਡੀਕਲ ਦੇਖਭਾਲ ਲਈ ਕਾਠਮੰਡੂ ਲਿਜਾਇਆ ਗਿਆ ਹੈ। ਪ੍ਰਸ਼ਾਸਨਿਕ ਸੂਤਰਾਂ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਇਆ ਏਅਰ ਡਾਇਨਾਸਟੀ ਦਾ ਹੈਲੀਕਾਪਟਰ ਉੱਚਾਈ ਵਾਲੇ ਇਲਾਕਿਆਂ ਲਈ ਜ਼ਰੂਰੀ ਸਮਾਨ ਲੈ ਕੇ ਜਾ ਰਿਹਾ ਸੀ, ਜਦੋਂ ਕਿ ਫਿਸ਼ਟੇਲ ਏਅਰ ਦਾ ਹੈਲੀਕਾਪਟਰ ਯਾਤਰੀਆਂ ਨੂੰ ਲੈ ਕੇ ਉੱਡਿਆ ਸੀ।
ਪੁਲਿਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਵਸੰਤ ਕੁਮਾਰ ਦੀ ਦੇਹ ਨੂੰ ਫੇਰੀਚੇ ਤੋਂ ਲੁਕਲਾ ਦੇ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਹੈ। ਉੱਥੋਂ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਦੇਹ ਨੂੰ ਪੋਸਟਮਾਰਟਮ ਅਤੇ ਹੋਰ ਕਾਨੂੰਨੀ ਪ੍ਰਕਿਰਿਆਵਾਂ ਲਈ ਕਾਠਮੰਡੂ ਦੇ ਤ੍ਰਿਭੂਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨੇਪਾਲ ਵਿੱਚ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਅਧਿਕਾਰਤ ਪੋਸਟ ਵਿੱਚ ਲਿਖਿਆ ਕਿ ਦੂਤਾਵਾਸ ਸੋਲੂਖੁੰਬੂ ਵਿੱਚ ਹੋਏ ਇਸ ਦੁਖਦ ਹਾਦਸੇ ਵਿੱਚ ਭਾਰਤੀ ਨਾਗਰਿਕ ਦੀ ਮੌਤ 'ਤੇ ਡੂੰਘਾ ਅਫਸੋਸ ਪ੍ਰਗਟ ਕਰਦਾ ਹੈ ਅਤੇ ਪੀੜਤ ਪਰਿਵਾਰ ਨਾਲ ਖੜ੍ਹਾ ਹੈ। ਦੂਤਾਵਾਸ ਮ੍ਰਿਤਕ ਦੇਹ ਨੂੰ ਜਲਦ ਭਾਰਤ ਭੇਜਣ ਲਈ ਨੇਪਾਲ ਦੇ ਗ੍ਰਹਿ ਅਤੇ ਵਿਦੇਸ਼ ਮੰਤਰਾਲੇ ਦੇ ਲਗਾਤਾਰ ਸੰਪਰਕ ਵਿੱਚ ਹੈ।
ਇਸ ਦੌਰਾਨ ਨੇਪਾਲ ਦੇ ਨਾਗਰਿਕ ਉੱਡਣ ਅਥਾਰਟੀ ਅਤੇ ਸਥਾਨਕ ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਟੱਕਰ ਖਰਾਬ ਮੌਸਮ, ਹਵਾ ਦੇ ਤੇਜ਼ ਬੁੱਲੇ, ਤਕਨੀਕੀ ਖਰਾਬੀ ਜਾਂ ਫਿਰ ਲੈਂਡਿੰਗ ਦੇ ਸਮੇਂ ਏਅਰ ਟ੍ਰੈਫਿਕ ਅਤੇ ਸੰਚਾਰ ਦੀ ਕਮੀ ਕਾਰਨ ਹੋਈ। ਦੋਵਾਂ ਹੈਲੀਕਾਪਟਰਾਂ ਵਿੱਚ ਕੁੱਲ ਕਿੰਨੇ ਯਾਤਰੀ ਅਤੇ ਕਰੂ ਮੈਂਬਰ ਸਵਾਰ ਸਨ, ਇਸ ਦੀ ਅਧਿਕਾਰਤ ਅਤੇ ਸਹੀ ਗਿਣਤੀ ਦੀ ਪੁਸ਼ਟੀ ਕਰਨ ਲਈ ਸਥਾਨਕ ਪ੍ਰਸ਼ਾਸਨ ਬਲੈਕ ਬਾਕਸ ਅਤੇ ਏਅਰਪੋਰਟ ਦੇ ਰਿਕਾਰਡਾਂ ਦੀ ਜਾਂਚ ਕਰ ਰਿਹਾ ਹੈ।
Posted By: Binder Singh Kuddi Kalan