ਗਲੋਬਲ ਸਿੱਖ ਕੌਂਸਲ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਅਤੇ ਦਸਮ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਬਾਰੇ ਅਕਾਲ ਤਖ਼ਤ ਤੋਂ ਮਾਰਗਦਰਸ਼ਨ ਦੀ ਬੇਨਤੀ
- ਅੰਤਰਰਾਸ਼ਟਰੀ
- 05 Dec,2025
ਜਰਮਨੀ , ਗੁਰਨਿਸ਼ਾਨ ਸਿੰਘ ਪੁਰਤਗਾਲ
ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਸ੍ਰੀ ਅੰਮ੍ਰਿਤਪਾਲ ਸਿੰਘ ਸਚਦੇਵਾ ਨੇ ਇੱਕ ਮਹੱਤਵਪੂਰਨ ਪੰਥਕ ਵਿਸ਼ੇ ’ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਵੇਲੇ ਸਿੱਖ ਕੌਮ ਇੱਕ ਨਾਜ਼ੁਕ ਉਲਝਣ ਵਾਲੇ ਮੋੜ ’ਤੇ ਖੜੀ ਹੈ। ਇੱਕ ਪਾਸੇ ਛੋਟੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਸ਼ਹਾਦਤ — ਜੋ ਸਿੱਖ ਇਤਿਹਾਸ ਦੀ ਸਭ ਤੋਂ ਉਚੀ ਕੁਰਬਾਨੀਆਂ ਵਿੱਚੋਂ ਇੱਕ ਹੈ — ਅਤੇ ਦੂਜੇ ਪਾਸੇ ਉਸੇ ਦਿਨ ਦਸਮ ਪਾਤਸ਼ਾਹ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਮੌਕਾ, ਸਾਰੀ ਸਿੱਖ ਸੰਗਤ ਨੂੰ ਦੁਵਿਧਾ ਵਿੱਚ ਪਾ ਰਿਹਾ ਹੈ।
ਸਚਦੇਵਾ ਨੇ ਦੱਸਿਆ ਕਿ ਸ਼ਹੀਦੀ ਦਿਹਾੜੇ ਸਮੇਂ-ਬੱਧ ਇਤਿਹਾਸਕ ਪੰਥਕ ਦਿਹਾੜੇ ਹਨ, ਜਿਨ੍ਹਾਂ ਦੀ ਤਾਰੀਖ ਕਿਸੇ ਵੀ ਤਬਦੀਲੀ ਜਾਂ ਚਰਚਾ ਦਾ ਵਿਸ਼ਾ ਨਹੀਂ ਹੋ ਸਕਦੀ। ਦੂਜੇ ਪਾਸੇ, ਦਸਮ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਰਯਾਦਾ ਅਨੁਸਾਰ 23 ਪੋਹ ਨੂੰ ਹੀ ਮਨਾਇਆ ਜਾਣ ਦਾ ਰਿਵਾਜ ਹੈ। ਇਸ ਪਰਿਸਥਿਤੀ ਵਿਚ, ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਦੁਨੀਆ-ਭਰ ਦੀ ਸਿੱਖ ਸੰਗਤ ਨੂੰ ਇੱਕ ਸਪੱਸ਼ਟ, ਮਜ਼ਬੂਤ ਅਤੇ ਸਰਵਪੰਥਕ ਮਾਰਗਦਰਸ਼ਨ ਦੀ ਲੋੜ ਮਹਿਸੂਸ ਹੋ ਰਹੀ ਹੈ, ਤਾਂ ਜੋ ਪੂਰੀ ਕੌਮ ਇਕਰੂਪਤਾ ਨਾਲ ਇਹ ਪਵਿੱਤਰ ਦਿਹਾੜੇ ਮਨਾਏ।
ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਸਥਾਈ ਅਤੇ ਸੁਚੱਜਾ ਹੱਲ ਕਿਵੇਂ ਸਿਰਫ਼ ਮੌਜੂਦਾ ਪੀੜ੍ਹੀ ਲਈ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਬਹੁਤ ਜ਼ਰੂਰੀ ਹੈ, ਤਾਂ ਜੋ ਭਵਿੱਖ ਵਿੱਚ ਕੋਈ ਭੀ ਉਲਝਣ ਜਾਂ ਦੁਚਿੱਤੀ ਨਾ ਰਹੇ।
ਗਲੋਬਲ ਸਿੱਖ ਕੌਂਸਲ ਨੇ ਸਮੂਹ ਸਿੱਖ ਜਥੇਬੰਦੀਆਂ, ਸੰਸਥਾਵਾਂ ਅਤੇ ਵਿਦਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨਾਜ਼ੁਕ ਪੰਥਕ ਮਾਮਲੇ ’ਤੇ ਇੱਕਜੁੱਟ ਹੋ ਕੇ ਮਤਾ ਇਕਸੁਰਤਾ ਨਾਲ ਤਿਆਰ ਕਰਨ, ਤਾਂ ਜੋ ਪੰਥਕ ਮਰਯਾਦਾ ਦੀ ਇਕਰੂਪਤਾ ਕਾਇਮ ਰਹੇ।
ਸਚਦੇਵਾ ਨੇ ਆਸ ਜਤਾਈ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਹੋਣ ਵਾਲਾ ਮਾਰਗਦਰਸ਼ਕ ਫੈਸਲਾ ਨਾ ਸਿਰਫ਼ ਮੌਜੂਦਾ ਉਲਝਣ ਨੂੰ ਦੂਰ ਕਰੇਗਾ, ਸਗੋਂ ਸਿੱਖ ਕੌਮ ਨੂੰ ਇਕੱਠੇਪਣ ਅਤੇ ਸਾਂਝੀ ਮਰਯਾਦਾ ਦੇ ਰਸਤੇ ’ਤੇ ਹੋਰ ਮਜ਼ਬੂਤੀ ਨਾਲ ਖੜਾ ਕਰੇਗਾ।
Posted By:
GURBHEJ SINGH ANANDPURI
Leave a Reply