'ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨਾ ਸਾਡਾ'
- ਗੁਰਬਾਣੀ-ਇਤਿਹਾਸ
- 14 Oct,2025
'ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨਾ ਸਾਡਾ'
ਜੁਝਾਰੂ ਲੇਖਕ ਭਾਈ ਹਰਪ੍ਰੀਤ ਸਿੰਘ ਪੰਮਾ ਵੱਲੋਂ ਲਿਖੀ ਕਿਤਾਬ 'ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨਾ ਸਾਡਾ' ਜਦੋਂ ਮੈਂ ਪੜ੍ਹ ਰਹੀ ਸੀ ਤਾਂ ਵਾਰ-ਵਾਰ ਗ਼ੁਲਾਮੀ ਦਾ ਅਹਿਸਾਸ ਹੋ ਰਿਹਾ ਸੀ ਅਤੇ ਅਜ਼ਾਦੀ ਵੱਲ ਵਧਣ ਦਾ ਹਲੂਣਾ ਮਿਲ ਰਿਹਾ ਸੀ। ਇਸ ਕਿਤਾਬ ਵਿੱਚ 1947 ਤੋਂ ਲੈ ਕੇ ਸਿੱਖ ਕੌਮ ਨਾਲ ਹੁਣ ਤੱਕ ਹੋਏ ਜ਼ੁਲਮਾਂ, ਧੱਕਿਆਂ ਅਤੇ ਬੇਇਨਸਾਫ਼ੀਆਂ ਦਾ ਜ਼ਿਕਰ ਕੀਤਾ ਗਿਆ ਹੈ। ਲੇਖਕ ਭਾਈ ਹਰਪ੍ਰੀਤ ਸਿੰਘ ਪੰਮਾ ਜਿਨ੍ਹਾਂ ਨੇ ਖੁਦ ਵੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਵਿੱਚ ਯੋਗਦਾਨ ਪਾਇਆ ਹੈ ਤੇ ਹੁਣ ਉਹ ਪਿਛਲੇ ਲੰਬੇ ਸਮੇਂ ਤੋਂ ਵਿਦੇਸ਼ ਵਿੱਚ ਰਹਿ ਕੇ ਵੀ ਸਿੱਖ ਸਰਗਰਮੀਆਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਭਾਈ ਹਰਪ੍ਰੀਤ ਸਿੰਘ ਪੰਮਾ ਦੀ ਪਹਿਲਾਂ ਵੀ ਇੱਕ ਕਿਤਾਬ ਪੜ੍ਹੀ ਸੀ ਜਿਸ ਦਾ ਨਾਮ ਸੀ 'ਅੱਖੀਂ ਵੇਖਿਆ, ਕੰਨੀ ਸੁਣਿਆ, ਹੱਡੀਂ ਹੰਢਾਇਆ ਖਾੜਕੂ ਸੰਘਰਸ਼' ਸੀ, ਫਿਰ ਦੂਜੀ ਕਿਤਾਬ 'ਕੰਧ ਓਹਲੇ ਪ੍ਰਦੇਸ' ਵੀ ਪੜ੍ਹੀ ਤੇ ਹੁਣ ਤੀਜੀ ਕਿਤਾਬ ਵਿੱਚ ਤਾਂ ਲੇਖਕ ਨੇ ਕੋਈ ਕਸਰ ਬਾਕੀ ਹੀ ਨਹੀਂ ਛੱਡੀ।
ਲੇਖਕ ਨੇ ਇਹ ਕਿਤਾਬ 'ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਦੇ ਹਥਿਆਰਬੰਦ ਸੰਘਰਸ਼ 'ਚ ਜੂਝ ਕੇ ਸ਼ਹਾਦਤਾਂ ਦੇ ਜਾਮ ਪੀਣ ਵਾਲੇ ਜੁਝਾਰੂ ਸਿੰਘਾਂ-ਸਿੰਘਣੀਆਂ ਅਤੇ ਇਸ ਨਿਸ਼ਾਨੇ ਦੀ ਪੂਰਤੀ ਲਈ ਜੋ ਅੱਜ ਵੀ ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿੱਚ ਰਾਜਨੀਤਕ, ਜ਼ਮਹੂਰੀਅਤ ਅਤੇ ਸ਼ਾਂਤਮਈ ਢੰਗਾਂ ਨਾਲ ਸੰਘਰਸ਼ ਕਰ ਰਹੇ ਹਨ' ਉਹਨਾਂ ਨੂੰ ਸਮਰਪਿਤ ਕੀਤੀ ਹੈ। ਖ਼ਾਲਸਾ ਫ਼ਤਹਿਨਾਮਾ ਪ੍ਰਕਾਸ਼ਨ ਵੱਲੋਂ ਕਿਤਾਬ ਦਾ ਮੁੱਖ ਪੰਨਾ ਟਾਈਟਲ ਬਹੁਤ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ, ਜਿਸ ਵਿੱਚ ਇੱਕ ਸਿੰਘ ਦੇ ਹੱਥ ਵਿੱਚ ਕਿਰਪਾਨ ਹੈ ਅਤੇ ਪਿਛਲੇ ਪਾਸੇ ਨਿਸ਼ਾਨ ਸਾਹਿਬ ਨਜ਼ਰ ਆ ਰਿਹਾ ਹੈ ਤੇ ਉਹ ਸਿੰਘ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਗੇ ਅਰਦਾਸ ਕਰ ਰਿਹਾ ਹੈ ਕਿ 'ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨਾ ਸਾਡਾ।'
ਜੂਨ 1984 ਤੋਂ ਬਾਅਦ ਸਿੱਖ ਕੌਮ ਨੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਹਥਿਆਰਬੰਦ ਸੰਘਰਸ਼ ਲੜਿਆ ਹੈ ਅਤੇ ਜ਼ਮਹੂਰੀਅਤ ਢੰਗ ਨਾਲ ਸਿੱਖ ਅੱਜ ਵੀ ਯਤਨਸ਼ੀਲ ਹੈ। ਸਿੱਖਾਂ ਦਾ ਖ਼ਾਲਿਸਤਾਨ ਬਿਨਾਂ ਗੁਜ਼ਾਰਾ ਨਹੀਂ ਹੈ। ਟਾਈਟਲ ਉੱਤੇ ਛਪੀ ਇਹ ਤਸਵੀਰ ਖ਼ੁਦ ਹੀ ਸਿੱਖ ਕੌਮ ਦੀ ਪੀੜਾ ਨੂੰ ਬਿਆਨ ਕਰ ਰਹੀ ਹੈ। ਇਸ ਕਿਤਾਬ ਦੇ ਪਿਛਲੇ ਪੰਨੇ ਉੱਤੇ ਕੌਮੀ ਆਜ਼ਾਦੀ ਦੇ ਪ੍ਰਵਾਨਿਆਂ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਸ਼ਹੀਦ ਭਾਈ ਅਮਰੀਕ ਸਿੰਘ ਜੀ, ਸ਼ਹੀਦ ਜਨਰਲ ਸ਼ਬੇਗ ਸਿੰਘ ਜੀ, ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ, ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ, ਸ਼ਹੀਦ ਭਾਈ ਅਵਤਾਰ ਸਿੰਘ ਖੰਡਾ, ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਪੱਟੀ, ਭਾਈ ਗਜਿੰਦਰ ਸਿੰਘ ਹਾਈਜੈਕਰ ਅਤੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀਆਂ ਤਸਵੀਰਾਂ ਛਪੀਆਂ ਹਨ। ਇਸ ਕਿਤਾਬ ਦਾ ਮੁੱਖਬੰਦ ਜੋ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਲਿਖਿਆ ਗਿਆ ਹੈ। ਕਿਤਾਬ ਵਿੱਚ ਅਜੋਕੇ ਸਮੇਂ ਦੀਆਂ ਘਟਨਾਵਾਂ ਨੂੰ ਪੇਸ਼ ਕੀਤਾ ਗਿਆ ਹੈ ਤੇ ਹਰ ਘਟਨਾ ਉੱਤੇ ਟਿੱਪਣੀ ਕਰਦਿਆਂ ਸਿੱਖਾਂ ਅਤੇ ਪੰਜਾਬੀਆਂ ਨੂੰ ਗ਼ੁਲਾਮੀ ਤੋਂ ਅਜ਼ਾਦੀ ਵੱਲ ਵਧਣ ਦਾ ਹੋਕਾ ਦਿੱਤਾ ਗਿਆ ਹੈ। ਭਾਰਤ ਦੀ ਸਰਕਾਰ ਵੱਲੋਂ ਕਿਵੇਂ ਪੰਥ ਅਤੇ ਪੰਜਾਬ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ, ਸਿੱਖਾਂ ਦੀ ਵੱਖਰੀ ਪਛਾਣ ਨੂੰ ਖੋਰਾ ਲਾਇਆ ਜਾ ਰਿਹਾ ਹੈ, ਸਿੱਖ ਹੋਣਾ ਹੀ ਇਸ ਦੇਸ਼ ਵਿੱਚ ਜੁਰਮ ਬਣ ਗਿਆ ਹੈ, ਸਰੀਰਕ ਹਮਲਿਆਂ ਦੇ ਨਾਲ ਨਾਲ ਸਿੱਖ ਕੌਮ ਉੱਤੇ ਸਿਧਾਂਤਕ ਹਮਲੇ ਵੀ ਕੀਤੇ ਜਾ ਰਹੇ ਹਨ, ਵਿਦੇਸ਼ਾਂ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਝਰ ਅਤੇ ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕੀਤਾ ਜਾ ਚੁੱਕਾ ਹੈ ਅਤੇ ਭਾਈ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਮਾਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਨ, ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਉੱਤੇ ਐਨ ਐਸ ਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ, ਬੰਦੀ ਸਿੰਘਾਂ ਨੂੰ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ, ਸਿੱਖਾਂ ਦੇ ਕਕਾਰਾਂ ਉੱਤੇ ਪਾਬੰਦੀ ਲਗਾਈ ਜਾ ਰਹੀ ਹੈ, ਇਸ ਤਰ੍ਹਾਂ ਦੀਆਂ ਬੇਸ਼ੁਮਾਰ ਘਟਨਾਵਾਂ ਦਾ ਕਿਤਾਬ ਵਿੱਚ ਜ਼ਿਕਰ ਕੀਤਾ ਗਿਆ ਹੈ। ਇਹ ਕਿਤਾਬ ਖ਼ਾਲਿਸਤਾਨ ਪ੍ਰਤੀ ਸ਼ੰਕਿਆਂ ਨੂੰ ਵੀ ਦੂਰ ਕਰਦੀ ਹੈ। 352 ਪੰਨਿਆਂ ਦੀ ਇਹ ਕਿਤਾਬ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ। ਤੁਸੀਂ ਇਹ ਕਿਤਾਬ ਖ਼ਾਲਸਾ ਫ਼ਤਹਿਨਾਮਾ ਪ੍ਰਕਾਸ਼ਨ ਤੋਂ 98557-89851 ਨੰਬਰ ਉੱਤੇ ਵਟ੍ਹਸਐਪ ਮੈਸੇਜ ਕਰਕੇ ਮੰਗਵਾ ਸਕਦੇ ਹੋ। ਅਖ਼ੀਰ ਉੱਤੇ ਮੈਂ, ਭਾਈ ਹਰਪ੍ਰੀਤ ਸਿੰਘ ਪੰਮਾ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹਾਂ।
ਕੁਲਵਿੰਦਰ ਕੌਰ ਖ਼ਾਲਸਾ
(ਸੁਪਤਨੀ ਸ਼ਹੀਦ ਪਰਮਜੀਤ ਸਿੰਘ ਤੁਗਲਵਾਲਾ)
ਮੋ : 98766-85882.
Posted By:
GURBHEJ SINGH ANANDPURI
Leave a Reply