ਖੇੜਾ ਪੱਤੀ ਰੁੜਕੀ ਵਿਖੇ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ
- ਧਾਰਮਿਕ
- (Asia/Kolkata)
ਜਲੰਧਰ, 27 ਅਕਤੂਬਰ , ਨਜ਼ਰਾਨਾ ਟਾਈਮਜ ਬਿਊਰੋ -ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਖੇੜਾ ਪੱਤੀ ਰੁੜਕੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਆਗੂ ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ ਨੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਅਤੇ ਹੁਕਮਨਾਮਾ ਸਾਹਿਬ ਦੀ ਕਥਾ ਰਾਹੀਂ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਜੋੜਿਆ। ਸਮੂਹ ਸਾਧ ਸੰਗਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਬਲਦੇਵ ਸਿੰਘ ਜੀ ਫਗਵਾੜੇ ਵਾਲਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰੀ। ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ ਨੇ ਸੰਗਤਾਂ ਨੂੰ ਸ਼ਰਧਾ ਭਾਵਨਾ ਨਾਲ ਸੇਵਾ ਕਰਨ, ਗੁਰਬਾਣੀ ਨਾਲ ਜੁੜਨ ਅਤੇ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ-ਬਰ-ਤਿਆਰ ਰਹਿਣ ਦੀ ਬੇਨਤੀ ਕੀਤੀ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਰਣਧੀਰ ਸਿੰਘ ਨੇ ਸਮਾਗਮ ਵਿੱਚ ਪੁੱਜੀਆਂ ਸੰਗਤਾਂ ਅਤੇ ਸਹਿਯੋਗ ਦੇਣ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਰਾਣਾ ਹਰਮਿੰਦਰ ਸਿੰਘ ਅਤੇ ਭਾਈ ਲਖਬੀਰ ਸਿੰਘ ਨੇ ਆਏ ਹੋਏ ਪ੍ਰਚਾਰਕਾਂ ਨੂੰ ਸਨਮਾਨਿਤ ਕੀਤਾ।
Leave a Reply