ਵੰਦੇ ਮਾਤਰਮ – ਸਿੱਖ ਨਜ਼ਰੀਆ
- ਸੰਪਾਦਕੀ
- (Asia/Kolkata)
ਵੰਦੇ ਮਾਤਰਮ – ਸਿੱਖ ਨਜ਼ਰੀਆ
(ਵਤਨ ਪ੍ਰਸਤੀ ਦੇ ਗੀਤ ਤੋਂ ਭਾਰਤ ਮਾਤਾ ਦੇਵੀ ਤਕ ਦਾ ਸਫ਼ਰ)
ਵੰਦੇ ਮਾਤਰਮ ਯਾਨਿ ਏ ਮਾਤ ਭੂਮੀ ਮੈਂ ਤੇਰੇ ਅੱਗੇ ਸਿਜਦਾ ਕਰਦਾ ਹਾਂ, ਗੀਤ ੧੮੭੦ ਵਿਤ ਬੰਕਿਮ ਚੰਦ੍ਰ ਚੈਟਰਜੀ ਨੇ ਲਿਖਿਆ। ਉਪਰੰਤ ੧੮੮੨ ਵਿਚ ਇਸ ਗੀਤ ਨੂੰ ਉਸਨੇ ਆਪਣੇ ਨਾਵਲ ਅਨੰਦਮਠ ਵਿਚ ਸ਼ਾਮਲ ਕਰ ਲਿਆ। ਇਹ ਗੀਤ ਸੰਸਕ੍ਰਿਤ ਰਲੀ ਬੰਗਲਾ ਭਾਸ਼ਾ ਵਿਚ ਲਿਖਿਆ ਗਿਆ ਸੀ। ਇਸ ਗੀਤ ਨੂੰ ੧੮੯੬ ਵਿਚ ਰਬਿੰਦਰਨਾਥ ਟੈਗੋਰ ਨੇ ੧੮੯੬ ਦੇ ਕਾਂਗਰਸ ਸੈਸ਼ਨ ਵਿਚ ਗਾਇਆ। ੧੯੦੫ ਵਿਚ ਜਦੋਂ ਬੰਗਾਲ ਦਾ ਬਟਵਾਰਾ ਹੋਇਆ ਤਾਂ ਇਹ ਗੀਤ ਅੰਗਰੇਜੀ ਰਾਜ ਦੇ ਵਿਰੋਧ ਵਿਚ ਨਾਅਰੇ ਦੇ ਰੂਪ ਵਿਚ ਵਰਤਿਆ ਗਿਆ। ਆਮ ਤੌਰ ਤੇ ਇਨਕਿਲਾਬ ਜ਼ਿੰਦਾਬਾਦ ਅਤੇ ਵੰਦੇਮਾਤਰਮ ਨਾਅਰੇ ਅੰਗਰੇਜ਼ਾਂ ਦੇ ਖਿਲਾਫ਼ ਵਰਤੇ ਜਾਂਦੇ ਰਹੇ।
ਇਸ ਗੀਤ ਦੇ ਛੇ ਪਦੇ ਸਨ ਅਤੇ ਪਹਿਲੇ ਦੋ ਪਦੇ ਭਾਰਤ ਭੂਮੀ ਨੂੰ ਸਮਰਪਤ ਸਨ।
ਵੰਦੇ ਮਾਤਰਮ੍। ਸੁਜਲਾਂ ਸੁਫਲਾਂ ਮਲਯਜਸ਼ੀਤਲਾਮ੍,
ਸ਼ਸ੍ਯਸ਼੍ਯਾਮਲਾਂ ਮਾਤਰਮ੍। ਵੰਦੇ ਮਾਤਰਮ੍।
(ਹੇ ਮਾਂ, ਮੈਂ ਤੈਨੂੰ ਪ੍ਰਣਾਮ ਕਰਦਾ ਹਾਂ, ਤੂੰ ਚੰਗੇ ਜਲ ਅਤੇ ਮਿੱਠੇ ਫਲਾਂ ਨੂੰ ਦੇਣ ਵਾਲੀ ਹੈਂ।
ਦੱਖਣ ਦੇ ਮਲਯ ਪਹਾਣਾਂ ਦੀਆਂ ਹਵਾਵਾਂ ਨਾਲ ਸ਼ੀਤਲ ਰਹਿਣ ਵਾਲੀ ਹੈ। ਅਤੇ ਹਰੀਆਂ ਭਰੀਆਂ ਫਸਲਾਂ ਨਾਲ ਸੁਸ਼ੋਭਿਤ ਮੇਰੀ ਮਾਂ ਹੈਂ।)
ਅਤੇ ਦੂਸਰਾ ਪਦਾ ਸੀ,
ਸ਼ੁਭ੍ਰਜ੍ਯੋਤ੍ਸ੍ਨਾ ਪੁਲਕਿਤ ਯਾਮਿਨੀਮ੍, ਫੁੱਲਕੁਸੁਮਿਤ ਦ੍ਰੁਮ ਦਲ ਸ਼ੋਭਿਨੀਮ੍,
ਸੁਹਾਸਿਨੀਂ ਸੁਮਧੁਰ ਭਾਸ਼ਿਣੀਮ੍, ਸੁਖਦਾਂ ਵਰਦਾਂ ਮਾਤਰਮ੍। ਵੰਦੇ ਮਾਤਰਮ੍।
(ਤੇਰੀਆਂ ਚਿੱਟੀ ਚਾਂਦੀ ਵਰਗੀਆਂ ਰਾਤਾਂ ਤੇ ਖਿੜੇ ਫੁੱਲਾਂ ਅਤੇ ਰੁੱਖਾਂ ਦੇ ਪੱਤਿਆਂ ਨਾਲ ਸਜੀਆਂ ਹੋਈਆ ਹਨ। ਤੇਰੀ ਮੁਸਕਾਨ ਅਤੇ ਬੋਲੀ ਮਿੱਠੀ ਹੈ ਤੇ ਤੂੰ ਸੁਖ ਅਤੇ ਵਰਦਾਨ ਦੇਣ ਵਾਲੀ ਮੇਰੀ ਮਾਂ ਹੈਂ।)

ਪਰ ਇਸ ਗੀਤ ਦੇ ਬਾਅਦ ਦੇ ਪਦਿਆਂ ਵਿਚ ਭਾਰਤ ਮਾਤਾ ਨੂੰ ਦੇਵੀ ਦੁਰਗਾ, ਲਕਸ਼ਮੀ ਅਤੇ ਸਰਸਵਤੀ ਦਾ ਸਰੂਪ ਮੰਨ ਕੇ ਮੁਸਲਿਮ ਹਾਕਮਾਂ ਦੇ ਵਿਰੁੱਧ ਲੜਾਈ ਲਈ ਵਰ ਮੰਗਿਆ ਗਿਆ ਸੀ। ਇਸ ਤੋਂ ਇਸ ਗੀਤ ਦਾ ਵਿਰੋਧ ਧਾਰਮਿਕ ਆਧਾਰ ਤੇ ਹੋਣਾ ਸ਼ੁਰੂ ਹੋਇਆ ਜੋ ਹਾਲੇ ਤਕ ਜਾਰੀ ਹੈ। ੧੯੩੦ ਤਕ ਇਹ ਵਿਰੋਧ ਵਿਸ਼ੇਸ਼ ਕਰਕੇ ਇਤਨਾ ਤਿੱਖਾ ਅਤੇ ਸਪਸ਼ਟ ਰੂਪ ਵਿਚ ਉਭਰ ਕੇ ਸਾਹਮਣੇ ਆਇਆ ਕਿ ਜਵਾਹਰਲਾਲ ਨਹਿਰੂ, ਸੁਭਾਸ਼ ਚੰਦ੍ਰ ਬੋਸ ਅਤੇ ਰਬਿੰਦ੍ਰਨਾਥ ਟੈਗੋਰ ਨੇ ਵੀ ਇਹ ਨਿਰਣਾ ਲਿਆ ਕਿ ਇਸ ਗੀਤ ਦੇ ਪਹਿਲੇ ਦੋ ਪਦੇ ਹੀ ਗਾਇਨ ਕੀਤੇ ਜਾਣ।
੨੪ ਜਨਵਰੀ, ੧੯੫੦ ਨੂੰ ਜਨ ਗਨ ਮਨ ਨੂੰ ਕੌਮੀ ਤਰਾਨਾ ਪ੍ਰਵਾਨਾ ਕੀਤਾ ਗਿਆ। ਇਸਦੇ ਨਾਲ ਹੀ ਵੰਦੇ ਮਾਤਰਮ ਨੂੰ ਰਾਸ਼ਟਰ ਗੀਤ ਮੰਨ ਲਿਆ ਗਿਆ ਪਰ ਇਸ ਨੂੰ ਕੋਈ ਸੰਵਿਧਾਨਿਕ ਮਾਨਤਾ ਨਹੀਂ ਦਿੱਤੀ ਗਈ। ਜਨ ਗਨ ਮਨ ਵਿਚ ਤਾਂ ਭਾਰਤ ਦੇ ਵੱਖ ਪ੍ਰਾਂਤਾਂ ਦਾ ਜ਼ਿਕਰ ਹੈ ਪਰ ਇਸ ਵੰਦੇ ਮਾਤਰਮ ਵਿਚ ਤਾਂ ਕੇਂਦਰੀ ਭਾਵ ਦੁਰਗਾ, ਲਛਮੀ ਅਤੇ ਸਰਸਵਤੀ ਤੋਂ ਯਾਚਨਾ ਕੀਤੀ ਗਈ ਹੈ।
ਜਿਸ ਗੀਤ ਨੇ ਦੇਸ਼ ਵਿਚ ਏਕਤਾ ਕਾਇਮ ਕਰਨੀ ਸੀ ਉਸ ਨੂੰ ਹੁਣ ਵੰਡੀਆਂ ਪਾਣ ਦਾ ਕਾਰਣ ਬਣਾ ਦਿੱਤਾ ਗਿਆ ਹੈ। ੭ ਨਵੰਬਰ, ੨੦੨੫ ਨੂੰ ਵੰਦੇ ਮਾਤਰਮ ਦੀ ੧੫੦ਵੀਂ ਵਰ੍ਹੇਗੰਢ ਦੇ ਮੌਕੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ , “ਵੰਦੇ ਮਾਤਰਮ, ਇਹ ਇੱਕ ਸ਼ਬਦ ਮਾਂ ਭਾਰਤੀ ਦੀ ਸਾਧਨਾ ਹੈ, ਮਾਂ ਭਾਰਤੀ ਦੀ ਅਰਾਧਨਾ ਹੈ।.............. ਭਾਰਤ ਮਾਤਾ ਵਿਦਿਆ ਦੇਣ ਵਾਲੀ ਸਰਸਵਤੀ ਵੀ ਹੈ, ਖ਼ੁਸ਼ਹਾਲੀ ਦੇਣ ਵਾਲੀ ਲਕਸ਼ਮੀ ਵੀ ਹੈ, ਅਤੇ ਅਸਤਰ-ਸ਼ਸਤਰਾਂ ਨੂੰ ਧਾਰਨ ਕਰਨ ਵਾਲੀ ਦੁਰਗਾ ਵੀ ਹੈ।” ਜਿਸ ਭਾਰਤ ਮਾਤਾ ਦਾ ਸੰਕਲਪ ਭਾਰਤ ਦੇ ਨਕਸ਼ੇ ਦੇ ਰੂਪ ਵਿਚ ਸ਼ੁਰੂ ਹੋਇਆ ਸੀ ਉਸ ਨੂੰ ਹੁਣ ਨਿਰੋਲ ਹਿੰਦੂ ਦੇਵੀ ਦੁਰਗਾ ਦਾ ਰੂਪ ਬਣਾ ਕੇ ਹੱਥ ਵਿਚ ਭਗਵਾ ਧਵੱਜ ਪਕੜਾ ਕੇ ਸ਼ੇਰ ਦੀ ਸਵਾਰੀ ਕਰਦਿਆਂ ਵਿਖਾ ਕੇ ਸਰਕਾਰੀ ਤੌਰ ਤੇ ਵੀ ਭਾਰਤ ਮਾਤਾ ਕਹਿ ਦਿੱਤਾ ਗਿਆ। ਇਸਦੇ ਨਾਲ ਹੀ ਵੰਦੇ ਮਾਤਰਮ ਦੇ ਗੀਤ ਦੇ ਪੰਜਵੇਂ ਪਦੇ ਨੂੰ ਵੀ ਮੁੜ ਵਾਪਸ ਲੈ ਆਂਦਾ ਗਿਆ ਜੋ ਕਿ ਦੇਵੀ ਦੁਰਗਾ, ਲੱਛਮੀ ਅਤੇ ਸਰਸਵਤੀ ਦੀ ਪੂਜਾ ਅਰਚਨਾ ਦਾ ਸੀ।
ਤ੍ਵੰ ਹੀ ਦੁਰਗਾ ਦਸ਼ਪ੍ਰਹਰਣ ਧਾਰਿਣੀ, ਕਮਲਾ ਕਮਲ ਦਲ ਵਿਹਾਰਿਣੀ,
ਵਾਣੀ ਵਿਦ੍ਯਾ ਦਾਯਿਨੀ, ਨਮਾਮਿ ਤ੍ਵਾਮ੍।
ਨਮਾਮਿ ਕਮਲਾਂ ਅਮਲਾਂ ਅਤੁਲਾਂ, ਸੁਜਲਾਂ ਸੁਫਲਾਂ ਮਾਤਰਮ੍। ਵੰਦੇ ਮਾਤਰਮ੍।
(ਤੂੰ ਹੀ ਦਸ ਹੱਥਾਂ ਵਿੱਚ ਸ਼ਸਤਰ ਫੜਨ ਵਾਲੀ ਦੁਰਗਾ ਹੈਂ। ਤੂੰ ਹੀ ਕਮਲ ਦੇ ਫੁੱਲ 'ਤੇ ਬੈਠਣ ਵਾਲੀ ਲੱਛਮੀ ਹੈਂ, ਤੂੰ ਹੀ ਵਿੱਦਿਆ ਦਾਤੀ ਸਰਸਵਤੀ (ਵਾਣੀ) ਹੈਂ, ਮੈਂ ਤੈਨੂੰ ਨਮਨ ਕਰਦਾ ਹਾਂ। ਮੈਂ ਉਸ ਮਾਂ ਨੂੰ ਨਮਨ ਕਰਦਾ ਹਾਂ ਜੋ ਪਵਿੱਤਰ (ਅਮਲ) ਹੈ, ਜਿਸਦੀ ਕੋਈ ਤੁਲਨਾ ਨਹੀਂ (ਅਤੁਲ) ਹੈ, ਜੋ ਚੰਗੇ ਪਾਣੀ ਅਤੇ ਮਿੱਠੇ ਫਲਾਂ ਵਾਲੀ ਹੈ)
ਇਸ ਨਾਲ ਇਹ ਗੀਤ ਵਿਵਾਦ ਦਾ ਕਾਰਣ ਬਣਿਆ ਅਤੇ ਸਰਵ ਪ੍ਰਵਾਨਤ ਨਾ ਹੋ ਸਕਿਆ। ਸ਼ੰਕਰਾਚਾਰਯਾ ਸਵਾਮੀ ਅਵਿਮੁਕੇਸ਼ਵਰਾਨੰਦ ਨੇ ਵੀ ਇਸ ਬਾਰੇ ਸਪਸ਼ਟ ਤੌਰ ਤੇ ਬਿਆਨ ਦਿੱਤਾ ਹੈ ਕਿ ਭਾਰਤ ਮਾਤਾ ਨਾਮ ਦੀ ਕਿਸੇ ਵੀ ਦੇਵੀ ਦਾ ਕੋਈ ਸ੍ਰੋਤ ਕਿਸੇ ਹਿੰਦੂ ਗ੍ਰੰਥ ਵਿਚ ਨਹੀਂ ਹੈ। ਇਹ ਨਵੀਂ ਪਰੰਪਰਾ ਸ਼ੁਰੂ ਕੀਤੀ ਗਈ ਹੈ।
ਸਿੱਖ ਨਜ਼ਰੀਆ ਇਸ ਬਾਰੇ ਨਿਰਵਿਵਾਦਤ ਰੂਪ ਵਿਚ ਸਪਸ਼ਟ ਹੈ। ਸਿੱਖ ਦਾ ਇਸ਼ਟ ਕੇਵਲ ਅਤੇ ਕੇਵਲ ¡ (ਇਕ ਉਅੰਕਾਰ) ਹੈ। ਇਕ ਪ੍ਰਮਾਤਮਾ ਦੀ ਉਪਾਸਨਾ ਛਡ ਕੇ ਕਿਸੇ ਦੇਵੀ ਦੇਵਤੇ, ਮੂਰਤੀ ਆਦਿ ਜਾਂ ਕਿਸੇ ਭੌਤਿਕ ਚੀਜ ਜਿਵੇਂ ਦੇਸ਼, ਭੂਮੀ ਆਦਿ ਦੀ ਪੂਜਾ ਕਿਰਤਮ ਦੀ ਪੂਜਾ ਹੈ, ਅਤੇ ਇਹ ਕਰਨਾ ਗੁਰੂ ਤੋਂ ਬੇਮੁਖ ਹੋਣਾ ਹੈ। ਏਕੋ ਸਿਮਰਿ ਨ ਦੂਜਾ ਭਾਉ।। ਸੰਤਸੰਗਿ ਜਪਿ ਕੇਵਲ ਨਾਉ।।੧।। (ਮ: ੧੯੯) ਪਾਵਨ ਗੁਰਬਾਣੀ ਦੇ ਬਚਨ ਹਨ,
ਭੈਰਉ ਮਹਲਾ ੫ ॥
ਵਰਤ ਨ ਰਹਉ ਨ ਮਹ ਰਮਦਾਨਾ ॥
ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥
ਏਕੁ ਗੁਸਾਈ ਅਲਹੁ ਮੇਰਾ ॥
ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥
ਹਜ ਕਾਬੈ ਜਾਉ ਨ ਤੀਰਥ ਪੂਜਾ ॥
ਏਕੋ ਸੇਵੀ ਅਵਰੁ ਨ ਦੂਜਾ ॥੨॥
ਪੂਜਾ ਕਰਉ ਨ ਨਿਵਾਜ ਗੁਜਾਰਉ ॥
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥
ਨਾ ਹਮ ਹਿੰਦੂ ਨ ਮੁਸਲਮਾਨ ॥
ਅਲਹ ਰਾਮ ਕੇ ਪਿੰਡੁ ਪਰਾਨ ॥੪॥
ਕਹੁ ਕਬੀਰ ਇਹੁ ਕੀਆ ਵਖਾਨਾ ॥
ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥
ਅਤੇ
ਬਿਨ ਕਰਤਾਰ ਨ ਕਿਰਤਮ ਮਾਨੋ ॥
ਆਦਿ ਅਜੋਨਿ ਅਜੈ ਅਬਿਨਾਸ਼ੀ
ਤਿਹ ਪਰਮੇਸ਼ਰ ਜਾਨੋ ॥੧॥ ਰਹਾਉ ॥
ਸਿੱਖ ਨੇ ਸ਼ਕਤੀ ਹਾਸਲ ਕਰਨੀ ਹੈ, ਵਿਦਿਆ ਹਾਸਲ ਕਰਨੀ ਹੈ, ਮਾਇਆ ਵੀ ਧਰਮ ਦੀ ਕਿਰਤ ਕਰ ਕੇ ਅਰਜਿਤ ਕਰਨੀ ਹੈ। ਪਰ ਇਹਨਾਂ ਦੀ ਦੇਵੀ ਬਣਾ ਕੇ ਉਸਦੀ ਪੂਜਾ ਕਰ ਕੇ ਉਸ ਕੋਲੋਂ ਮੰਗਣਾ ਵਿਵਰਜਤ ਹੈ। ਸਿੱਖ ਰਹਿਤ ਮਰਯਾਦਾ ਵਿਚ ਵੀ ਸਪਸ਼ਟ ਤੌਰ ਤੇ ਅੰਕਤ ਹੈ, ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਕਰਨੀ।
ਇਸ ਲਈ ਵੰਦੇ ਮਾਤਰਮ ਦੇ ਸੁਝਾਏ ਗਏ ਸਰੂਪ ਦਾ ਗਾਇਨ ਕਰਨਾ ਜਿਸ ਵਿਚ ਦੁਰਗਾ, ਲੱਛਮੀ ਅਤੇ ਸਰਸਵਤੀ ਦੀ ਵੰਦਨਾ ਅਤੇ ਉਸ ਕੋਲੋਂ ਵਰ ਮੰਗਣਾ, ਉਹਨਾਂ ਅੱਗੇ ਝੁਕਣਾ ਗੁਰਮਤਿ ਦੇ ਵਿਰੁੱਧ ਅਤੇ ਸਿੱਖ ਸਿਧਾਂਤਾਂ ਦੀ ਸਿੱਧੀ ਉਲੰਘਣਾ ਹੈ ਜੋ ਸਿੱਖਾਂ ਅਤੇ ਸਿੱਖੀ ਨੂੰ ਕਦਾਚਿਤ ਪ੍ਰਵਾਨ ਨਹੀਂ ਹੋ ਸਕਦਾ। ਇਸ ਤੋਂ ਪਹਿਲਾਂ ਵੀ ੨੦੦੬ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੀਤ ਦਾ ਸਿਧਾਂਤਕ ਤੌਰ ਤੋ ਵਿਰੋਧ ਕਰ ਚੁਕੀ ਹੈ। ਕਈ ਧਾਰਮਿਕ ਅਤੇ ਜਥੇਬੰਦੀਆਂ ਨੇ ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਇਸ ਬਾਰੇ ਅਪੀਲ ਕੀਤੀ ਹੈ ਜਿਸ ਦੇ ਨਿਰਣੇ ਦੀ ਉਡੀਕ ਹੈ। ਪਰ ਇਸ ਅਤਿ ਗੰਭੀਰ ਅਤੇ ਅਹਿਮ ਮਸਲੇ ਤੋ ਚੁੱਪੀ ਜਾਂ ਦੇਰੀ ਕੌਮੀ ਹਿਤਾਂ ਵਿਚ ਨਹੀਂ ਕਹੀ ਜਾ ਸਕਦੀ। ਇਸ ਦੇ ਨਾਲ ਹੀ ਇਹ ਖ਼ਦਸ਼ਾ ਵੀ ਹੈ ਕਿ ਇਹ ਕੋਈ ਪਹਿਲੀ ਜਾਂ ਓਪਰੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਅਹਿਮ ਧਾਰਮਿਕ ਮਸਲਿਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਲੋਂ ਕਈ ਕਈ ਵਾਰ ਇਤਰਾਜ਼ ਦਰਜ ਕਰਾਏ ਜਾ ਚੁਕੇ ਹਨ। ਪਰ ਨਤੀਜਾ ਸਿਫਰ ਬਟਾ ਸਿਫਰ। ਇਸ ਵਿਚ ਸਪਸ਼ਟ ਤੌਰ ਤੇ ਇਰਾਦੇ ਦੀ ਦ੍ਰਿੜਤਾ ਦੀ ਘਾਟ ਹੈ।

ਇਕ ਦਿਲਚਸਪ ਤੱਥ ਹੈ ਕਿ ਕਿਵੇਂ ਭਾਰਤ ਦੇ ਨਕਸ਼ੇ ਦੇ ਨਾਮ ਤੇ ਬਣਿਆ ਮੰਦਰ ਉਸਨੂੰ ਦੇਵੀ ਦੇ ਰੂਪ ਵਿਚ ਤਬਦੀਲ ਕਰ ਦਿੱਤਾ ਗਿਆ। ਬਨਾਰਸ ਸ਼ਹਿਰ ਵਿਚ ਇਕ ਐਸਾ ਅਨੋਖਾ ਮੰਦਰ ਹੈ ਜਿੱਥੇ ਕਿਸੇ ਵੀ ਦੇਵੀ ਦੇਵਤੇ ਦੀ ਮੂਰਤੀ ਨਹੀਂ ਹੈ। ਬਲਕਿ ਇੱਥੇ ਚਿੱਟੇ ਮਕਰਾਨਾ ਸੰਗਮਰਮਰ ਦਾ ਅਖੰਡ ਭਾਰਤ ਦਾ ਵਿਸ਼ਾਲ ਨਕਸ਼ਾ ਬਣਿਆ ਹੈ। ਇਸ ਵਿਚ ਮੌਜੂਦਾ ਭਾਰਤ ਹੀ ਨਹੀਂ ਬਲਕਿ ਬੰਗਲਾਦੇਸ਼, ਪਾਕਿਸਤਾਨ, ਅਫਗਾਨਿਸਤਾਨ ਅਤੇ ਤਿੱਬਤ ਵੀ ਸ਼ਾਮਲ ਹਨ। ਇਹ ਮੰਦਰ ਬਾਬੂ ਸ਼ਿਵ ਪ੍ਰਸ਼ਾਦ ਗੁਪਤ ਨੇ ਬਣਵਾਇਆ ਸੀ ਅਤੇ ੨੫ ਅਕਤੂਬਰ, ੧੯੩੬ ਨੂੰ ਇਸ ਦਾ ਇਸਦਾ ਉਦਘਾਟਨ ਮਹਾਤਮਾ ਗਾਂਧੀ ਨੇ ਕੀਤਾ। ਇਸ ਸਮੇਂ ਪੰਡਤ ਨਹਿਰੂ, ਖਾਨ ਅਬਦੁਲ ਗੱਫਾਰ ਖਾਨ (ਬੱਚਾ ਖਾਨ), ਪਟੇਲ ਆਦਿ ਸ਼ਾਮਲ ਹੋਏ। ਦੇਸ਼ ਦੀ ਆਜ਼ਾਦੀ ਦੀ ਲੜਾਈ ਸਮੇਂ ਇਹ ਮੰਦਰ ਬਣਾਇਆ ਗਿਆ ਅਤੇ ਇਸ ਦਾ ਨਾਮ ਭਾਰਤ ਮਾਤਾ ਮੰਦਰ ਰਖਿਆ ਗਿਆ। ਇਹ ਨਾਮ ਭਾਰਤ ਭੂਮੀ, ਮਾਦਰੇ ਵਤਨ, ਮਦਰ ਲੈਂਡ ਆਦਿ ਦਾ ਪਰਾਯਵਾਚੀ ਜਾਂ ਬਦਲ ਸੀ ਅਤੇ ਕਿਸੇ ਨੂੰ ਇਸ ਤੇ ਕੋਈ ਇਤਰਾਜ਼ ਨਹੀਂ ਹੋਇਆ। ਵੈਸੇ ਗੁਰਮਤਿ ਨੇ ਤਾਂ ਇਸ ਨੂੰ ਹੋਰ ਵਿਸ਼ਾਲਤਾ ਬਖਸ਼ਦਿਆਂ ਧਰਤੀ ਦੇ ਕਿਸੇ ਇੱਕ ਟੋਟੇ ਦੀ ਬਜਾਇ ਸਗਲੀ ਧਰਤੀ ਨੂੰ ਹੀ ਮਾਤਾ ਧਰਤਿ ਮਹਤ।। (ਮ:੧) ਕਿਹਾ।
ਵੈਸੇ ਹੁਣ ਭਾਰਤ ਸਰਕਾਰ ਦਾ ਵੰਦੇ ਮਾਤਰਮ ਬਾਬਤ ਇਹ ਨਵਾਂ ਨਿਰਣਾ ਭਾਰਤ ਦੇ ਸੰਵਿਧਾਨ ਵਿਚ ਦਿੱਤੀਆਂ ਧਾਰਮਿਕ, ਸਮਾਜਿਕ ਅਤੇ ਵਿਅਕਤੀਗਤ ਆਜ਼ਾਦੀ ਦੀਆਂ ਧਾਰਾਵਾਂ ਦੀ ਵੀ ਪੂਰੇ ਤੌਰ ਤੇ ਉਲੰਘਣਾਂ ਕਰਦਾ ਹੈ।
ਆਜ਼ਾਦੀ ਲਈ ਵਤਨ ਕੁਰਬਾਨੀਆਂ ਮੰਗਦਾ ਹੈ। ਮੁਲਕ ਨੂੰ ਆਜ਼ਾਦ ਕਰਵਾਇਆ ਹੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੇ।
ਵਤਨ-ਪਰਸਤੀ ਹੈ ਤਾਲਿਬ ਮਹਿਜ਼ ਕੁਰਬਾਨੀਓਂ ਕੀ,
ਯੇ ਨਜ਼ਰ-ਓ-ਨਿਆਜ਼ ਤੋ ਜ਼ੀਨਤ ਹੈ ਬੁਤਖ਼ਾਨੋਂ ਕੀ। - (ਲਾਂਬਾ)
ਦੇਸ਼ ਧਰਮ ਦੀ ਖਾਤਿਰ ਆਪਾ ਵਾਰ ਦੇਣਾ ਇਕ ਵੱਖਰੀ ਗੱਲ ਹੈ ਪਰ ਉਸਦੀ ਇਕ ਦੇਵੀ ਸਥਾਪਤ ਕਰਕੇ ਉਸਦੀ ਪੂਜਾ ਕਰਨੀ ਸਿੱਖ ਲਈ ਜਾਗਤ ਜੋਤਿ ਜਪੈ ਨਿਸ ਬਸੁਰ ਏਕ ਬਿਨਾ ਮਨਿ ਨੈਕ ਨ ਆਨੈ।। (ਪਾ:੧੦) ਦੇ ਵਿਪਰੀਤ ਹੈ। ਇਸ ਬਾਰੇ ਸਿਰਦਾਰ ਕਪੂਰ ਸਿੰਘ ਦੀ ਟਿੱਪਣੀ ਬਹੁਤ ਸਟੀਕ ਹੈ,
ਜਿਸ ਜਜ਼ਬੇ ਤੇ ਸਿਧਾਂਤ ਨੂੰ ਅਜ ਕਲ ਦੇ ਰਾਜਸੀ ਹਿੰਦੂ 'ਦੇਸ਼ ਭਗਤੀ' ਕਹਿੰਦੇ ਹਨ, ਸਿੱਖੀ ਦੀ ਉਸ ਨਾਲ ਕੋਈ ਹਮਦਰਦੀ ਨਹੀਂ । ਇਹ ਦੇਸ਼ ਭਗਤੀ ਯੂਰਪ ਵਿਚੋਂ ਮਾਂਗਵੀਂ, ਅਨੀਸ਼ਵਰਵਾਦੀ ਵਿਚਾਰਧਾਰਾ, ਬਾਹਮਣੀ ਹਿੰਦੂ ਮਤ ਦੀ ਭੂਗੋਲ-ਸੀਮਤ ਆਤਮਕ ਮਨੋਵਿਰਤੀ, ਸ਼ਾਕਤ ਮਤ ਦਾ, ਦੇਸ਼ ਅਥਵਾ ਭੌਤਿਕ ਸੰਬੰਧਾਂ ਨੂੰ ਦਿੱਬਯ ਦੇਵੀ ਦੇ ਮਨੋਕਲਪਤ ਰੂਪ ਵਿਚ ਪੂਜਣ ਦੇ, ਰੁਹਜਾਨ ਦਾ ਇਕ ਮਿਲਗੋਭਾ ਜਿਹਾ ਹੈ, ਜੋ ਕਿ ਉਚ ਆਤਮਾ, ਸੂਜਨ, ਨਿਰਲੇਪ ਬੁੱਧੀ ਤੇ ਸਮਦਰਸ਼ੀ ਪੁਰਸ਼ ਕਦਾਚਿਤ ਪ੍ਰਵਾਣ ਨਹੀਂ ਕਰ ਸਕਦੇ, ਭਾਵੇਂ ਉਹ ਹਿੰਦੂ ਹੋਣ ਯਾ ਕਿਸੇ ਹੋਰ ਦੇਸ਼ ਮਜ਼ਹਬ ਦੇ । ਇਹ ਬੜਾ ਤੰਗ ਦਿਲ, ਅਨਿਆਸ਼ੀਲ ਤੇ ਸੀਮਤ ਧਰਮ ਹੈ, ਤੇ ਸਿੱਖੀ ਇਸ ਦੀ ਪੁਸ਼ਟੀ ਨਹੀਂ ਕਰਦੀ ।” (ਸਾਚੀ ਸਾਖੀ, ਪੰਨਾ ੭੫)
ਪਰ ਹੁਣ ਸਰਕਾਰੀ ਸ਼ਹਿ ਨਾਲ ਕਾਂਨੂੰਨੀ ਤੌਰ ਤੇ ਹਰ ਕਿਸੇ ਨੂੰ ਇਹ ਪੂਰਾ ਗੀਤ ਪੜ੍ਹਨ ਲਈ ਮਜਬੂਰ ਕਰਨਾ ਰਾਜਨੀਤਕ ਨਹੀਂ ਬਲਕਿ ਧਾਰਮਿਕ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦਾ ਹਨਨ ਹੈ। ਇਸੇ ਸਿਧਾਂਤ ਤੇ ਚਲਦਿਆਂ ਗੁਰੂ ਤੇਗ ਬਹਾਦਰ ਜੀ ਨੇ ਤਿਲਕ ਜੰਝੂ ਦੀ ਖਾਤਿਰ ਸੀਸ ਬਲੀਦਾਨ ਕੀਤਾ।
ਰਾਜਨੀਤੀ ਕਿਵੇਂ ਧਰਮ ਤੇ ਹਾਵੀ ਹੁੰਦੀ ਹੈ ਉਸ ਦਾ ਇਕ ਦਿਲਚਸਪ ਉਦਾਹਰਣ ਮਾਸਟਰ ਤਾਰਾ ਸਿੰਘ ਜੀ ਦੀ ਲਿਖਤ ਵਿਚ ਮਿਲਦਾ ਹੈ। ਦੇਸ਼ ਦੀ ਵੰਡ ਦੇ ਤੁਰਤ ਬਾਅਦ ਉਹਨਾਂ ਨੂੰ ਅਲਮੋੜਾ ਜੇਲ ਵਿਚ ਕੈਦ ਕੀਤਾ ਗਿਆ। ਉੱਥੇ ਦੇ ਵਰਤਾਰੇ ਨੂੰ ਉਹਨਾਂ ਨੇ ਖੁਦ ਕਲਮ ਬਧ ਕੀਤਾ,
ਇਕ ਗੱਲ ਮੈਂ ਅਲਮੋੜਾ ਜੇਲ੍ਹ ਵਿਚ ਵੇਖੀ ਤੇ ਪੁਛਣ ਉਤੇ ਪਤਾ ਲੱਗਾ ਕਿ ਇਹ ਗੱਲ ਯੂ.ਪੀ. ਦੀਆਂ ਸਭ ਜੇਲ੍ਹਾਂ ਵਿਚ ਹੈ । ਉਹ ਇਹ ਕਿ ਸਭ ਕੈਦੀਆਂ ਨੂੰ ਸਵੇਰੇ ਤੇ ਸ਼ਾਮ ਨੂੰ ਲਾਈਨ ਵਿਚ ਖੜੇ ਹੋ ਕੇ ‘ਰਘੂਪਤੀ ਰਾਘਵ ਰਾਜਾ ਰਾਮ । ਪਤਿਤ ਪਾਵਨ ਸੀਤਾ ਰਾਮ' ਪੜ੍ਹਨਾ ਪੈਂਦਾ ਹੈ। ਮੁਸਲਮਾਨ ਤੇ ਸਿੱਖਾਂ ਨੂੰ ਭੀ ਪੜ੍ਹਨਾ ਪੈਂਦਾ ਹੈ । ਦਰੋਗਾ ਜੇਲ੍ਹ, ਜੋ ਹਿੰਦੂ ਸੀ, ਉਸ ਨੂੰ ਕਿਹਾ ਕਿ ਇਸ ਤਰ੍ਹਾਂ ਗ਼ੈਰ-ਹਿੰਦੂਆਂ ਨੂੰ ਕਿਉਂ ਇਹ ਹਿੰਦੂ ਭਜਨ ਪੜ੍ਹਾਇਆ ਜਾਂਦਾ ਹੈ ? ਜੇਲਰ ਸਾਹਿਬ ਨੇ ਜਵਾਬ ਦਿਤਾ, ‘ਯੇਹ ਖ਼ੁਸ਼ੀ ਸੇ ਪੜ੍ਹਤੇ ਹੈਂ । ਮੈਂ ਕਿਹਾ ਕਿ ਜੇ ਖ਼ੁਸ਼ੀ ਨਾਲ ਪੜ੍ਹਦੇ ਹਨ ਤਾਂ ਮੇਰੇ ਸਾਹਮਣੇ ਇਕ ਵੇਰਾਂ ਇਹਨਾਂ ਕੈਦੀਆਂ ਨੂੰ ਕਹਿ ਦੇਵੋ ਕਿ ਜੋ ਇਹ ਭਜਨ ਖ਼ੁਸ਼ੀ ਨਾਲ ਪੜ੍ਹਦਾ ਹੈ, ਉਹ ਪੜ੍ਹੇ ਤੇ ਜੋ ਨਹੀਂ ਪੜ੍ਹਨਾ ਚਾਹੁੰਦਾ, ਉਹ ਬੇਸ਼ਕ ਚਲਾ ਜਾਵੇ । ਇਸ ਦਾ ਉਤਰ ਜੇਲਰ ਸਾਹਿਬ ਨੇ ਇਹ ਦਿੱਤਾ ਕਿ ‘ਫਿਰ ਤੋਂ ਸਭ ਚਲੇ ਜਾਏਂਗੇ।' ਮੈਂ ਕਿਹਾ, ਚੰਗੀ ਖ਼ੁਸ਼ੀ ਨਾਲ ਪੜ੍ਹਦੇ ਹਨ।
ਮੁਹੰਮਦ ਬਿਨ ਤੁਗਲਕ ਦੇ ਕਾਲ ਵਿਚ ਭਗਤ ਨਾਮਦੇਵ ਜੀ ਨੂੰ ਕਿਹਾ ਗਿਆ ਕਿ ਤੁਹਾਨੂੰ ਰਾਮ ਦਾ ਨਾਮ ਛੱਡ ਕੇ ਖ਼ੁਦਾ ਖ਼ੁਦਾ ਕਰਨਾ ਪੈਣਾ ਹੈ। ਹਾਲਾਂ ਕਿ ਗੁਰਮਤਿ ਏਕੋ ਅਲਹੁ ਪਾਰਬ੍ਰਹਮ।। (ਮ:੫ ੮੯੭) ਦਾ ਪਾਠ ਪੜ੍ਹਾਉਂਦੀ ਹੈ ਪਰ ਧੱਕੇ ਨਾਲ ਕਿਸੇ ਤੇ ਥੋਪਣ ਨੂੰ ਪ੍ਰਵਾਨ ਨਹੀਂ ਕਰਦੀ। ਭਗਤ ਜੀ ਨੇ ਰਾਮ ਦਾ ਨਾਮ ਛੱਡ ਖ਼ੁਦਾ ਕਹਿਣ ਤੋਂ ਇਨਕਾਰ ਕਰ ਦਿੱਤਾ। ਜਦੋਂ ਉਹਨਾਂ ਦੀ ਮਾਤਾ ਨੇ ਵੀ ਉਹਨਾਂ ਨੂੰ ਨਵਾਬ ਦੀ ਗੱਲ ਮੰਨ ਜਾਣ ਲਈ ਕਿਹਾ ਤਾਂ ਭਗਤ ਨਾਮਦੇਵ ਜੀ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ,
ਰੁਦਨੁ ਕਰੈ ਨਾਮੇ ਕੀ ਮਾਇ ॥
ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥
ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥
ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥ (ਭੈਰਉ ਭ. ਨਾਮਦੇਵ ਜੀ ੧੧੬੬)
ਸੋ ਸਿੱਖ ਕੌਮ ਤੋਂ ਵੱਧ ਹੋਰ ਕੌਣ ਹੈ ਜੋ ਵਤਨ ਪ੍ਰਸਤੀ ਨੂੰ ਸਮਝਦਾ ਹੈ। ਪੰਥਕ ਕਵੀ ਤੇਜਾ ਸਿੰਘ ਸਾਬਰ ਨੇ ਲਿਖਿਆ ਸੀ,
ਦੁਨੀਆ ਦੇ ਸਾਰੇ ਕੰਮਾਂ ਤੋਂ ਇਹ ਕੰਮ ਇਕ ਭਾਰਾ ਪਹਿਲਾਂ ਏ।
ਸਿੱਖੀ ਨੂੰ ਉਜਾਗਰ ਰਖਣਾ ਏ, ਸਾਨੂੰ ਸਿਰਜਨਹਾਰਾ ਪਹਿਲਾਂ ਏ।
‘ਜੋ ਬੋਲੇ ਸੋ ਨਿਹਾਲ ਹੋਏ’, ਸਾਨੂੰ ਇਹ ਜੈਕਾਰਾ ਪਹਿਲਾਂ ਏ।
ਅਸੀਂ ਦੇਸ਼ ਵਤਨ ਦੇ ਵੈਰੀ ਨਹੀਂ ਸਾਨੂੰ ਇਹ ਵੀ ਯਾਰਾ ਪਹਿਲਾਂ ਏ।
ਪਰ ਜਿੱਥੇ ਸਵਾਲ ਏ ਸਿੱਖੀ ਦਾ ਸਾਨੂੰ ਪੰਥ ਪਿਆਰਾ ਪਹਿਲਾਂ ਏ।
ਕੋਈ ਦੇਸ਼ ਵਤਨ ਦੀ ਇਜ਼ਤ ਲਈ ਜੇ ਜਿੰਦ ਮੰਗੇ ਤਾਂ ਹਾਜ਼ਰ ਹਾਂ।
ਕੋਈ ਸੀਖਾਂ ਤਾ ਤਾ ਏਸ ਲਈ ਜੇ ਅੰਗ ਅੰਗੇ ਤੇ ਹਾਜ਼ਰ ਹਾਂ।
ਆਜ਼ਾਦੀ ਲਈ ਜੇ ਖੂਨ ਅੰਦਰ ਕੋਈ ਹੱਥ ਰੰਗੇ ਤੇ ਹਾਜ਼ਰ ਹਾਂ।
ਸੂਲੀ ਦੀਆਂ ਤਿੱਖੀਆਂ ਨੋਕਾਂ ਤੇ ਜੇ ਸੀਸ ਡੰਗੇ ਤੇ ਹਾਜ਼ਰ ਹਾਂ ।
ਸਾਨੂੰ ਹੋਰ ਗੱਲਾਂ ਸਭ ਪਿੱਛੋਂ ਨੇ ਤੇ ਪੰਥ ਪਿਆਰਾ ਪਹਿਲਾਂ ਏ।
(ਤੇਜਾ ਸਿੰਘ ਸਾਬਰ)
ਸੋ ਇਸ ਅਹਿਮ ਸੰਵੇਦਸ਼ੀਲ ਕੌਮੀ ਅਤੇ ਧਾਰਮਿਕ ਮਸਲੇ 'ਤੇ ਰਾਜਸੀ ਅਤੇ ਧਾਰਮਿਕ ਸੱਤਾਧਾਰੀਆਂ ਨੂੰ ਵੀ ਏਕਤਾ [unity] ਦੀ ਨੀਤੀ ਅਪਣਾਉਣੀ ਚਾਹੀਦੀ ਹੈ, ਨਾ ਕਿ ਏਕੀਕਰਨ [unification] ਦੀ।
ਗੁਰਚਰਜੀਤ ਸਿੰਘ ਲਾਂਬਾ
[email protected]
Leave a Reply