ਭਾਰਤ ਸਰਕਾਰ ਨੇ ਮਾਰਿਆ ਸਿੱਖਾਂ ਦੀ ਪਿੱਠ 'ਚ ਛੁਰਾ

ਭਾਰਤ ਸਰਕਾਰ ਨੇ ਮਾਰਿਆ ਸਿੱਖਾਂ ਦੀ ਪਿੱਠ 'ਚ ਛੁਰਾ

ਕੌਮੀ ਇਨਸਾਫ਼ ਮੋਰਚੇ ਵੱਲੋਂ ਮੋਹਾਲੀ ਤੋਂ ਰਾਜਪਾਲ ਭਵਨ ਚੰਡੀਗੜ੍ਹ ਵੱਲ 15 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ-ਪ੍ਰਦਰਸ਼ਨ ਕੀਤਾ ਗਿਆ ਜਿਸ ਨੂੰ ਬੁਰੇ ਤਰੀਕੇ ਨਾਲ ਰੋਕ ਕੇ ਭਾਰਤ ਸਰਕਾਰ ਨੇ ਸਿੱਖਾਂ ਦੀ ਪਿੱਠ ਵਿੱਚ ਦੁਬਾਰਾ ਛੁਰਾ ਮਾਰਿਆ ਹੈ ਤੇ ਸਿੱਖਾਂ ਨਾਲ ਵਿਸ਼ਵਾਸਘਾਤ ਕਰਕੇ ਮਾਰਚ ਵਿੱਚ ਹਾਜ਼ਰ ਸਿੱਖ ਸੰਗਤਾਂ ਉੱਤੇ ਜਲ ਤੋਪਾਂ ਨਾਲ ਪਾਣੀ ਦੀਆਂ ਤੇਜ਼ ਬੁਛਾੜਾਂ ਤੇ ਡਰੋਨ ਨਾਲ ਸੁੱਟੇ ਅੱਥਰੂ ਗੈਸ ਦੇ ਗੋਲਿਆਂ ਅਤੇ ਡਾਂਗਾਂ ਨਾਲ ਹਮਲਾ ਕੀਤਾ ਗਿਆ ਤੇ ਅਨੇਕਾਂ ਸਿੱਖ ਆਗੂਆਂ ਨੂੰ ਰਸਤਿਆਂ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇੱਕ ਪਾਸੇ ਮੋਰਚੇ ਦੇ ਪ੍ਰਬੰਧਕਾਂ ਨਾਲ ਸਰਕਾਰ ਦੇ ਨੁੰਮਾਇੰਦੇ ਲਗਾਤਾਰ ਗੱਲਬਾਤ ਕਰ ਰਹੇ ਸਨ, ਇੱਥੋਂ ਤਕ ਕੇ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਨਜ਼ਰਬੰਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਰਚ ਨੂੰ ਜ਼ਾਬਤੇ ਵਿੱਚ ਰੱਖਣ ਦੀ ਵੀਡੀਓ ਵੀ ਜਾਰੀ ਕਰਵਾਈ ਗਈ ਪਰ ਇਸ ਦੇ ਬਾਵਜੂਦ ਵੀ ਕੇਂਦਰ ਦੇ ਅਧੀਨ ਆਉਂਦੇ ਚੰਡੀਗੜ੍ਹ ਦੇ ਪੁਲਿਸ ਪ੍ਰਸ਼ਾਸਨ ਨੇ ਸਿੱਖਾਂ ਦੇ ਮਾਰਚ ਉੱਤੇ ਮੌਕੇ 'ਤੇ ਕਰੜੀਆਂ ਪਾਬੰਦੀਆਂ ਲਾ ਦਿੱਤੀਆਂ ਤੇ ਸੰਵਿਧਾਨ, ਕਾਨੂੰਨ ਤੇ ਜ਼ਮਹੂਰੀਅਤ ਨੂੰ ਛਿੱਕੇ ਟੰਗ ਕੇ ਸਿੱਖਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ।

ਇੱਕ ਪਾਸੇ ਭਾਰਤ ਆਪਣਾ ਅਜ਼ਾਦੀ ਦਾ ਦਿਹਾੜਾ ਮਨਾ ਰਿਹਾ ਸੀ ਤੇ ਦੂਜੇ ਪਾਸੇ ਸਿੱਖਾਂ ਉੱਤੇ ਅੱਤਿਆਚਾਰ ਢਾਹਿਆ ਜਾ ਰਿਹਾ ਸੀ। ਭਾਰਤ ਸਰਕਾਰ ਵੱਲੋਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਤੇ ਨਾਲ ਹੀ ਸਿੱਖਾਂ ਨੂੰ ਇਹ ਵੀ ਅਹਿਸਾਸ ਕਰਵਾ ਦਿੱਤਾ ਕਿ ਉਹਨਾਂ ਨੂੰ ਮਾਰਚ ਕੱਢਣ ਦਾ ਵੀ ਹੱਕ ਨਹੀਂ ਹੈ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਆਪਣੇ ਆਖ਼ਰੀ ਸਾਹਾਂ ਉੱਤੇ ਪੁੱਤ ਨੂੰ ਉਡੀਕ ਰਹੇ ਨੇ ਪਰ ਭਾਈ ਹਵਾਰਾ ਨੂੰ ਦਸ ਦਿਨਾਂ ਦੀ ਪੈਰੋਲ ਵੀ ਨਹੀਂ ਦਿੱਤੀ ਜਾ ਰਹੀ ਤੇ ਲਗਾਤਾਰ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਪੁਲਿਸ ਨੇ ਤਾਂ ਮੋਰਚੇ ਵਿੱਚ ਪ੍ਰਕਾਸ਼ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਅਤੇ ਲੰਗਰ ਛਕਦੀਆਂ ਸੰਗਤਾਂ ਉੱਤੇ ਵੀ ਡਰੋਨ ਰਾਹੀਂ ਗੋਲੇ ਸੁੱਟ ਕੇ ਮੁੜ ਇਹ ਸਾਬਤ ਕਰ ਦਿੱਤਾ ਕਿ ਉਹਨਾਂ ਦੇ ਮਨਾਂ ਵਿੱਚ ਗੁਰੂ ਪੰਥ ਦਾ ਕੋਈ ਸਤਿਕਾਰ ਨਹੀਂ ਹੈ।

ਮੋਰਚੇ ਦੇ ਪ੍ਰਬੰਧਕਾਂ ਨਾਲ ਗੱਲਬਾਤ ਦੌਰਾਨ ਪਹਿਲਾਂ ਸਰਕਾਰ ਆਖਦੀ ਰਹੀ ਕਿ ਤੁਸੀਂ ਸ਼ਾਂਤਮਈ ਮਾਰਚ-ਪ੍ਰਦਰਸ਼ਨ ਕਰ ਸਕਦੇ ਹੋ ਅਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕੋਲ਼ੋਂ ਕੌਮ ਦੇ ਨਾਮ ਸੰਦੇਸ਼ ਜਾਰੀ ਕਰਵਾ ਕੇ ਸਾਰੇ ਵਰਤਾਰੇ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਵੇਂ ਸਿੱਖਾਂ ਅਤੇ ਸਰਕਾਰ ਦੀ ਮਾਰਚ ਅਤੇ ਪੈਰੋਲ ਸੰਬੰਧੀ ਸਹਿਮਤੀ ਬਣ ਗਈ ਹੋਵੇ ਤੇ ਸਭ ਕੁਝ ਵਧੀਆ ਢੰਗ ਨਾਲ ਹੋਵੇਗਾ ਪਰ ਭਾਰਤ ਸਰਕਾਰ ਨੇ ਅਕ੍ਰਿਤਘਣਤਾ ਕਰ ਹੀ ਦਿੱਤੀ ਤੇ ਸਰਕਾਰ ਆਪਣੇ ਵਾਅਦਿਆਂ ਤੋਂ ਓਵੇਂ ਹੀ ਮੁੱਕਰ ਗਈ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਸਮੇਂ ਆਟੇ ਦੀਆਂ ਗਊਆਂ ਬਣਾ ਕੇ ਸਹੁੰਆਂ ਖਾਣ ਵਾਲੇ ਪਹਾੜੀ ਹਿੰਦੂ ਰਾਜੇ ਮੁੱਕਰ ਗਏ ਸਨ ਤੇ ਅੱਜ ਚੰਡੀਗੜ੍ਹ ਵਿੱਚ ਗੰਗੂ ਦੇ ਵਾਰਸਾਂ ਨੇ ਆਪਣੀ ਔਕਾਤ ਵਿਖਾ ਹੀ ਦਿੱਤੀ। ਇਹੀ ਕੁਝ ਸਿੱਖਾਂ ਨਾਲ 1947 ਵਿੱਚ ਹੋਇਆ ਜਦੋਂ ਹਿੰਦੂ ਆਗੂ ਸਿੱਖਾਂ ਨਾਲ ਵਾਅਦੇ ਕਰਕੇ ਮੁੱਕਰ ਗਏ ਸਨ ਜਿਸ ਦਾ ਸਿੱਖ ਅੱਜ ਤੱਕ ਸੰਤਾਪ ਭੋਗ ਰਹੇ ਹਨ। ਪੰਜਾਬੀ ਸੂਬੇ ਦੇ ਮੋਰਚੇ ਵੇਲ਼ੇ ਵੀ ਭਾਰਤੀ ਹਿੰਦੂ ਆਗੂਆਂ ਨੇ ਸਿੱਖਾਂ ਨਾਲ ਧੋਖਾ ਕੀਤਾ।‌ ਜੂਨ 1984 ਦੇ ਘੱਲੂਘਾਰੇ ਮੌਕੇ ਵੀ ਇੰਦਰਾ ਗਾਂਧੀ ਰੇਡੀਓ ਅਤੇ ਟੀ.ਵੀ. ਰਾਹੀਂ ਇੱਕ ਪਾਸੇ ਸ਼ਾਂਤੀ ਦਾ ਸੰਦੇਸ਼ ਦੇ ਰਹੀ ਸੀ ਜਦ ਕਿ ਦੂਜੇ ਪਾਸੇ ਭਾਰਤੀ ਫ਼ੌਜ ਨੇ ਪੰਜਾਬ ਦਾ ਚੱਪਾ-ਚੱਪਾ ਕਾਬੂ ਕਰਕੇ ਜਬਰ ਕਰਨਾ ਸ਼ੁਰੂ ਕਰ ਦਿੱਤਾ ਸੀ। 1985 ਵਿੱਚ ਰਾਜੀਵ-ਲੌਂਗੋਵਾਲ ਸਮਝੌਤਾ ਕਰਨ ਮੌਕੇ ਸਿੱਖ ਆਗੂ ਬਥੇਰਾ ਕਲਪਦੇ ਰਹੇ ਕਿ 1984 ਵਿੱਚ ਹਮਲੇ ਤੋ ਪਹਿਲਾਂ ਬੜੀ ਵਾਰ ਸਮਝੌਤਾ ਕਰਕੇ ਇੰਦਰਾ ਮੁੱਕਰੀ ਹੈ, ਇਹਨਾਂ 'ਤੇ ਯਕੀਨ ਨਾ ਕਰੀਏ ਪਰ ਲੌਂਗੋਵਾਲ ਫੇਰ ਜਾਲ ਵਿੱਚ ਫਸ ਗਿਆ ਸੀ। ਲੌਂਗੋਵਾਲ ਨਾਲ ਕੀਤਾ ਕੋਈ ਵਾਅਦਾ ਗੰਗੂ ਦੇ ਵਾਰਸਾਂ ਨੇ ਪੂਰਾ ਨਾ ਕੀਤਾ ਤੇ ਆਖ਼ਰ ਲੌਂਗੋਵਾਲ ਕੌਮ ਦੇ ਰੋਹ ਦਾ ਸ਼ਿਕਾਰ ਹੋ ਗਿਆ। ਲੌਂਗੋਵਾਲ ਤੋਂ ਬਾਅਦ ਹਰ ਸਿੱਖ ਨੂੰ ਅਕਲ ਆ ਜਾਣੀ ਚਾਹੀਦੀ ਸੀ ਕਿ ਗੰਗੂ ਦੇ ਵਾਰਸਾਂ ਦਾ ਯਕੀਨ ਨਾ ਕਰਿਆ ਕਰੀਏ ਪਰ ਸਿੱਖ ਆਗੂ ਫਿਰ ਵੀ ਪੈਰ-ਪੈਰ ਉੱਤੇ ਧੋਖਾ ਖਾ ਜਾਂਦੇ ਹਨ ਤੇ ਸਿੱਖ ਕੌਮ ਵਿੱਚ ਸ਼ੱਕੀ ਅਤੇ ਬਦਨਾਮ ਹੋ ਜਾਂਦੇ ਹਨ।

ਇਸ ਤਰ੍ਹਾਂ ਭਾਰਤ ਸਰਕਾਰ, ਏਜੰਸੀਆਂ, ਅਜੋਕੇ ਹਿੰਦੂਤਵੀ ਭਾਜਪਾਈ ਆਗੂ ਬੜੀ ਚਲਾਕੀ ਨਾਲ ਸਿੱਖਾਂ ਨੂੰ ਦੋਹਰੀ ਮਾਰ, ਮਾਰ ਰਹੇ ਹਨ ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ। ਹਰ ਸਿੱਖ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਾਰਤ ਵਿੱਚ ਸਿੱਖਾਂ ਨੂੰ ਉਹਨਾਂ ਦੇ ਕੋਈ ਹੱਕ-ਹਕੂਕ ਨਹੀਂ ਮਿਲਣੇ, ਸਿੱਖਾਂ ਨਾਲ ਧੱਕੇਸ਼ਾਹੀ ਅਤੇ ਜ਼ੁਲਮ ਬਰਕਰਾਰ ਰਹਿਣਾ ਹੈ, ਭਾਰਤ ਨੇ ਸਿੱਖਾਂ ਨਾਲ ਧੋਖੇ ਅਤੇ ਅਕ੍ਰਿਤਘਣਤਾ ਕਰਦੇ ਰਹਿਣਾ ਹੈ, ਭਾਰਤ ਵਿੱਚ ਸਿੱਖ ਕਦੇ ਵੀ ਆਜ਼ਾਦੀ ਦਾ ਨਿੱਘ ਮਾਣ ਹੀ ਨਹੀਂ ਸਕਦੇ ਅਤੇ ਭਾਰਤ ਸਿੱਖਾਂ ਨੂੰ ਆਪਣੇ ਨਾਗਰਿਕ ਸਮਝਦਾ ਹੀ ਨਹੀਂ ਹੈ, ਭਾਰਤ ਸਰਕਾਰ ਸਾਡੇ ਕੌਮੀ ਨਾਇਕਾਂ ਤੇ ਬੰਦੀ ਸਿੰਘਾਂ ਨੂੰ ਸਿਰਫ਼ ਅੱਤਵਾਦੀ ਸਮਝਦੀ ਹੈ ਇਸ ਲਈ ਭਾਰਤ ਤੋਂ ਆਜ਼ਾਦ ਹੋਣ ਲਈ ਤੇ ਆਪਣਾ ਮੁਲਕ ਖਾਲਿਸਤਾਨ ਸਿਰਜਣ ਲਈ ਸਿੱਖਾਂ ਨੂੰ ਸੰਘਰਸ਼ਸ਼ੀਲ ਹੋ ਕੇ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਆਜ਼ਾਦੀ ਤੋਂ ਬਿਨਾਂ ਸਿੱਖੀ ਅਤੇ ਸਿੱਖਾਂ ਦਾ ਭਵਿੱਖ ਖਤਰੇ ਵਿੱਚ ਹੀ ਰਹਿਣਾ ਹੈ। ਕੌਮੀ ਇਨਸਾਫ਼ ਮੋਰਚੇ ਦੇ ਸਮੂਹ ਆਗੂ ਭਾਰਤ ਸਰਕਾਰ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਤੇ ਨਵੀਂ ਅੰਗੜਾਈ ਅਤੇ ਨਵੀਂ ਸਫ਼ਬੰਦੀ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਨੂੰ ਮੁੜ ਭਖਾਉਣ ਸਫ਼ਲਤਾ ਜ਼ਰੂਰ ਮਿਲੇਗੀ।

ਮਹਿਮਾਨ ਸੰਪਾਦਕ 

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.