ਸਿੱਖਾਂ ਦੀ ਹਮਦਰਦੀ ਤੇ ਹਮਾਇਤ ਭਾਲਦੀ ਸਿਆਸਤ

ਸਿੱਖਾਂ ਦੀ ਹਮਦਰਦੀ ਤੇ ਹਮਾਇਤ ਭਾਲਦੀ ਸਿਆਸਤ

ਸਿੱਖਾਂ ਦੀ ਹਮਦਰਦੀ ਤੇ ਹਮਾਇਤ ਭਾਲਦੀ ਸਿਆਸਤ

ਗਾਂਧੀ ਪਰਿਵਾਰ ਦੀ ਇਸ ਵੇਲੇ ਅਹਿਮ ਹਸਤੀ ਬੀਬੀ ਸੋਨੀਆ ਗਾਂਧੀ ਦੀ ਸਵੈ-ਜੀਵਨੀ ਕਾਰਨ ਸਿੱਖ ਕੌਮ ਦੇ ਕਤਲੇਆਮ ਦਾ ਚਰਚਾ ਫਿਰ ਛਿੜਿਆ ਹੋਇਆ ਹੈ। ਭਾਜਪਾ ਨੂੰ ਫ਼ਿਕਰ ਪੈ ਗਿਆ ਹੈ ਕਿ ਕਿਤੇ ਸਿੱਖ ਕਾਂਗਰਸ ਵੱਲ ਨਾ ਭੁਗਤ ਜਾਣ! ਸੋਨੀਆ ਨੇ ਲਿਖਿਆ ਹੈ ਕਿ 1984 ਦੇ ਦਰਬਾਰ ਸਾਹਿਬ ਉੱਤੇ ਹਮਲੇ ਮਗਰੋਂ ਕਾਰਵਾਈ ਦੌਰਾਨ ਵਾਪਰੇ ਘਟਨਾਕ੍ਰਮ ਦੀਆਂ ਖ਼ੌਫ਼ਨਾਕ ਤਸਵੀਰਾਂ ਦੇਖ ਕੇ ਮੌਕੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀਆਂ ਅੱਖਾਂ ਵਿਚ ਦਰਦ, ਪਛਤਾਵੇ ਅਤੇ ਦੁੱਖ ਦੇ ਹੰਝੂ ਸਨ। ਬੀਬੀ ਸੋਨੀਆ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਦੁਖਦਾਈ ਅਤੇ ਸ਼ਰਮਨਾਕ ਦੱਸਦਿਆਂ ਆਪਣੇ ਪਤੀ ਅਤੇ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਦਾ ਪੱਖ ਪੂਰਦਿਆਂ ਦਾਅਵਾ ਕੀਤਾ ਹੈ ਕਿ ਉਹ ਕੱਟੜ ਜਾਂ ਨਫ਼ਰਤ ਭਰਿਆ ਇਨਸਾਨ ਨਹੀਂ ਸੀ ਤੇ ਉਹਨੇ ਵੀ ਨਵੰਬਰ 1984 ਦੇ ਖ਼ੂਨ-ਖ਼ਰਾਬੇ ਨੂੰ ਗ਼ਲਤ ਮੰਨਿਆ ਸੀ।
ਤੱਥ, ਗਵਾਹੀਆਂ ਤੇ ਸਬੂਤ ਬੀਬੀ ਸੋਨੀਆ ਦੇ ਦਾਅਵਿਆਂ ਨੂੰ ਝੂਠਾ ਸਾਬਤ ਕਰਦੇ ਹਨ। ਹਮਲੇ ਦੀ ਤਿਆਰੀ ਰਾਤੋ-ਰਾਤ ਨਹੀਂ ਸੀ ਹੋਈ। ਇਹ ਖ਼ਿਆਲ ਉਹਦੇ ਦਿਮਾਗ ਵਿਚ ਕਈ ਸਾਲਾਂ ਤੋਂ ਘੁੰਮ ਰਿਹਾ ਸੀ। ਉਹਨੇ ਇਸ ਹਮਲੇ ਦਾ ਦਿਨ, ਮਹੀਨਾ, ਸਾਲ ਬੜੀ ਸੋਚ-ਵਿਚਾਰ ਨਾਲ ਚੁਣਿਆ। ਉਹ ਸਾਰੇ ਭਾਰਤ ਦੇ ਲੋਕਾਂ ਨੂੰ ਦਰਸਾ ਰਹੀ ਸੀ ਕਿ ਦੇਖ ਲਵੋ ਪੰਜਾਬ ਦੇ ਹਾਲਾਤ ਭਿਆਨਕ ਹਨ, ਹਿੰਦੂ ਖ਼ਤਰੇ ਵਿਚ ਹੈ, ਜੇ ਦੇਸ਼ ਦੇ ਟੁਕੜੇ ਨਹੀਂ ਹੋਣ ਦੇਣੇ ਤਾਂ ਮੈਨੂੰ ਕਾਰਵਾਈ ਕਰਨੀ ਪੈਣੀ ਹੈ।
ਉਹ ਜਾਣਦੀ ਸੀ ਕਿ 1984 ਦੇ ਅੰਤ ਤੱਕ ਪਾਰਲੀਮੈਂਟ ਦੀਆਂ ਆਮ ਚੋਣਾਂ ਆ ਰਹੀਆਂ ਹਨ। ਉਹ ਚਾਹੁੰਦੀ ਸੀ ਕਿ ਵੋਟਾਂ ਮੌਕੇ ਹਰ ਨਾਗਰਿਕ ਇਹੀ ਸੋਚੇ ਕਿ ਜੇ ਇੰਦਰਾ ਗਾਂਧੀ ਸਿੱਖਾਂ ਦਾ ਘਾਣ ਨਾ ਕਰਦੀ ਤਾਂ ਹਿੰਦੂਆਂ ਦਾ ਬਚਣਾ ਔਖਾ ਸੀ। ਉਹ 1971 ਵਿਚ ਬੰਗਲਾਦੇਸ਼ ਬਣਾਉਣ ਵਾਂਗ ਕਿਸੇ ਕ੍ਰਿਸ਼ਮੇ ਰਾਹੀਂ ਆਮ ਭਾਰਤੀ ਵੋਟਰ ਨੂੰ ਚਕਾਚੌਂਧ ਕਰਨ ਦੇ ਏਜੰਡੇ ਤਹਿਤ ਵਧ ਰਹੀ ਸੀ। ਸਿੱਖਾਂ ਖ਼ਿਲਾਫ਼ ਸਾਰੇ ਭਾਰਤ ਵਿਚ ਨਫ਼ਰਤ ਦਾ ਮਾਹੌਲ ਸਿਰਜ ਕੇ, ਫ਼ੌਜੀ ਹਮਲੇ ਰਾਹੀਂ ਪੰਜਾਬ ਵਿਚ ਤਬਾਹੀ ਕਰਦਿਆਂ ਹਿੰਦੂ ਬਹੁਗਿਣਤੀ ਨੂੰ ਆਪਣੇ ਹੱਕ ਵਿਚ ਭੁਗਤਾਉਣ ਦੀ ਸਾਜ਼ਿਸ਼ ਤਹਿਤ ਜੂਨ 1984 ਦਾ ਵਕਤ ਮਿਥਿਆ ਗਿਆ। ਹਮਲਾ ਕੇਵਲ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਹੀਂ, ਸਾਰੇ ਗੁਰਦੁਆਰਿਆਂ ਉੱਤੇ ਕਰਨ ਦੇ ਨਾਲ ਹੀ ਫ਼ੈਸਲਾ ਹੋ ਚੁੱਕਾ ਸੀ ਕਿ ਪੰਜਾਬ ਦੇ 15 ਤੋਂ 35 ਸਾਲ ਦੇ ਵਿਚਕਾਰਲੇ ਸਾਰੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਵੇ। ਫ਼ੌਜ ਦੇ ਪਰਚੇ “ਬਾਤਚੀਤ” ਵਿਚ ਨਿਸ਼ਾਨਾ ਬਣਾਏ ਜਾਣ ਵਾਲੇ ਸਿੱਖਾਂ ਬਾਰੇ ਸਪੱਸ਼ਟ ਦੱਸਿਆ ਹੋਇਆ ਹੈ। ਇਸ ਬਰਬਾਦੀ ਦੀ ਸੰਭਾਵਨਾ ਦਾ ਅੰਦਾਜ਼ਾ ਲਾਉਂਦਿਆਂ ਜੇ ਜਨਰਲ ਸਿਨਹਾ ਜਾਂ ਕਿਸੇ ਹੋਰ ਅਫ਼ਸਰ ਨੇ ਨਾਂਹ-ਨੁੱਕਰ ਕੀਤੀ ਤਾਂ ਬੀਬੀ ਇੰਦਰਾ ਨੇ ਉਹ ਲਾਂਭੇ ਕਰਕੇ ਆਪਣੇ ਇਸ਼ਾਰੇ ਉੱਤੇ ਚੱਲਣ ਵਾਲੇ ਅਫ਼ਸਰ ਮੂਹਰੇ ਲੈ ਆਂਦੇ। ਜਦ ਪੰਜਾਬ ਵਿਚ ਤਬਾਹੀ ਮਚਾਉਣ ਲਈ ਹਲਵਾਰੇ ਛਾਉਣੀ ਵਿਖੇ ਧੜਾਧੜ ਫ਼ੌਜ ਉਤਰ ਰਹੀ ਸੀ, ਐਨ ਓਸ ਮੌਕੇ ਬੀਬੀ ਇੰਦਰਾ ਰਾਸ਼ਟਰ ਦੇ ਨਾਂ ਪ੍ਰਸਾਰਣ ਰਾਹੀਂ ਅਮਨ-ਸ਼ਾਂਤੀ ਦੇ ਹੋਕੇ ਦੇ ਰਹੀ ਸੀ। ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਲਈ ਜੁੜ ਰਹੀਆਂ ਸੰਗਤਾਂ ਨੂੰ ਭਾਰਤੀ ਫ਼ੌਜ ਟੈਂਕਾਂ-ਤੋਪਾਂ ਨਾਲ ਘੇਰ ਲਵੇਗੀ।
ਸ਼ੰਕਰਾਚਾਰੀਆ ਦੀ ਕਮਾਂਡ ਹੇਠ ਹੋਈ ਬੋਧੀਆਂ ਦੀ ਤਬਾਹੀ ਵਾਂਗ ਬੀਬੀ ਇੰਦਰਾ ਹਿੰਦੂ ਬਹੁਗਿਣਤੀ ਸਾਹਮਣੇ ਸਿੱਖਾਂ ਦੀ ਬਰਬਾਦੀ ਦੀ ਦਾਸਤਾਨ ਲਿਖ ਰਹੀ ਸੀ ਅਤੇ ਬੀਬੀ ਸੋਨੀਆ ਭਰਮ ਪਾ ਰਹੀ ਹੈ ਕਿ ਉਹਨੂੰ ਤਬਾਹੀ ਦੀਆਂ ਫੋਟੋਆਂ ਦੇਖ ਕੇ ਬੜਾ ਦੁੱਖ ਲੱਗਿਆ ਸੀ। ਬੀਬੀ ਇੰਦਰਾ ਨੇ ਲਖਪਤ ਰਾਏ ਤੇ ਅਹਿਮਦ ਸ਼ਾਹ ਅਬਦਾਲੀ ਦੇ ਰਾਹ ਤੁਰਨ ਦੀ ਕਸਮ ਖਾਧੀ ਹੋਈ ਸੀ। ਬੀਬੀ ਇੰਦਰਾ ਸਿੱਖ ਇਤਿਹਾਸ ਵਿਚ ਆਪਣਾ ਨਾਂ ਉਵੇਂ ਦੇਖਣਾ ਚਾਹੁੰਦੀ ਸੀ ਜਿਵੇਂ ਹਿੰਦੂਆਂ ਦੇ ਇਤਿਹਾਸ ਵਿਚ ਮਹਿਮੂਦ ਗਜ਼ਨਵੀ ਦਾ ਨਾਂ ਹੈ। ਉਹਨੂੰ ਸਭ ਕੁਝ ਸਪੱਸ਼ਟ ਸੀ ਕਿ ਫ਼ੌਜੀ ਹਮਲੇ ਮਗਰੋਂ ਮੈਨੂੰ ਸਿੱਖ ਨਫ਼ਰਤ ਕਰਨਗੇ ਪਰ ਹਿੰਦੂਆਂ ਦੀ ਨਜ਼ਰ ਵਿਚ ਮੈਂ ਸਤਿਕਾਰੀ ਜਾਵਾਂਗੀ। ਇਹੋ ਜਿਹੀ ਬਿਰਤੀ ਵਾਲੀ ਬੀਬੀ ਇੰਦਰਾ ਬਾਰੇ ਬੀਬੀ ਸੋਨੀਆ ਦੁਨੀਆ ਨੂੰ ਬੇਵਕੂਫ਼ ਬਣਾ ਰਹੀ ਹੈ ਕਿ ਹਮਲੇ ਦਾ ਉਹਨੂੰ ਬੜਾ ਦੁੱਖ ਸੀ!
ਬੀਬੀ ਇੰਦਰਾ ਨੂੰ ਹੋਣ ਵਾਲੀ ਤਬਾਹੀ ਦਾ ਤਾਂ ਫ਼ੌਜੀ ਹਮਲੇ ਤੋਂ ਪਹਿਲਾਂ ਹੀ ਪਤਾ ਸੀ ਤੇ ਉਸਨੇ ਕਦੇ ਵੀ ਇਸ ਮੌਕੇ ਹੋਈ ਤਬਾਹੀ ਦਾ ਦੁੱਖ ਪ੍ਰਗਟ ਨਹੀਂ ਕੀਤਾ। ਫ਼ੌਜੀ ਹਮਲੇ ਮਗਰੋਂ ਜਦ ਉਹ ਅੰਮ੍ਰਿਤਸਰ ਆਈ ਤਾਂ ਉਸਦੇ ਹਾਵ-ਭਾਵ ਇਕ ਜੇਤੂ ਤਾਨਾਸ਼ਾਹ ਵਾਲੇ ਸਨ। ਹਮਲੇ ਦੀ ਭਿਆਨਕਤਾ ਨੇ ਹੀ ਉਸਨੂੰ ਅਹਿਸਾਸ ਕਰਵਾਇਆ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਸਮੇਤ ਇਕ-ਇਕ ਸਿੱਖ ਨੇ ਕਿਵੇਂ ਸੂਰਬੀਰਤਾ ਨਾਲ ਜੰਗ ਲੜੀ। ਜਦ ਫ਼ੌਜੀ ਅਧਿਕਾਰੀ ਇਸ ਬਰਬਾਦੀ ਨੂੰ ਜਾਇਜ਼ ਦਰਸਾਉਣ ਲਈ ਸਿੱਖ ਜੁਝਾਰੂਆਂ ਵੱਲੋਂ ਆਖ਼ਰੀ ਗੋਲੀ ਅਤੇ ਆਖ਼ਰੀ ਸਾਹ ਤੱਕ ਲੜਨ ਦੀ ਦਾਸਤਾਨ ਦੱਸ ਰਹੇ ਸਨ ਤਾਂ ਉਹਦੇ ਦਿਲ-ਦਿਮਾਗ ਵਿਚ ਉਸੇ ਪਲ ਬਹਿ ਗਿਆ ਸੀ ਕਿ ਇਹ ਸ਼ਹਾਦਤਾਂ ਹੋਰ ਸਿੱਖਾਂ ਨੂੰ ਮਰਨ-ਮਾਰਨ ਦੇ ਰਾਹ ਤੋਰਨਗੀਆਂ। ਓਸ ਦਿਨ ਤੋਂ ਉਹਨੇ ਮੰਨ ਲਿਆ ਸੀ ਕਿ ਸਿੱਖ ਲਾਜ਼ਮੀ ਮੈਨੂੰ ਮਾਰਨਗੇ। ਇਕ ਪਾਸੇ ਉਹ ਰਾਜੀਵ ਤੇ ਸੋਨੀਆ ਨੂੰ ਆਪਣੀ ਹੱਤਿਆ ਹੋ ਜਾਣ ਮਗਰੋਂ ਅੰਤਿਮ ਰਸਮਾਂ ਬਾਰੇ ਆਦੇਸ਼ ਦਿੰਦੀ ਰਹੀ, ਦੂਜੇ ਪਾਸੇ ਆਪਣੇ ਆਪ ਨੂੰ ਮਜ਼ਬੂਤ ਤੇ ਅਡੋਲ ਦਰਸਾਉਣ ਲਈ ਦਿਖਾਵਾ ਕਰਦੀ। ਉਹ ਆਪਣੀ ਗੱਲਬਾਤ ਵਿਚ ਲਗਾਤਾਰ ਮੌਤ ਬਾਰੇ ਚਰਚਾ ਕਰਦੀ। ਉਹਨੂੰ ਰਾਹੁਲ ਤੇ ਪ੍ਰਿਅੰਕਾ ਦੀ ਸੁਰੱਖਿਆ ਦਾ ਵੀ ਫ਼ਿਕਰ ਸੀ। ਉਹਨੇ ਰਾਜੀਵ ਨੂੰ ਕਤਲ ਕੀਤੇ ਜਾਣ ਬਾਰੇ ਵੀ ਵਾਰ-ਵਾਰ ਗੱਲ ਕੀਤੀ। ਸਿੱਖਾਂ ਦੇ ਸਰਕਾਰੀ ਨੌਕਰੀਆਂ ਤੋਂ ਅਸਤੀਫ਼ੇ ਤੇ ਸਿੱਖ ਫ਼ੌਜੀਆਂ ਦੀ ਬਗ਼ਾਵਤ ਮਗਰੋਂ ਉਹ ਜਾਣ ਚੁੱਕੀ ਸੀ ਕਿ ਸਿੱਖਾਂ ਦੇ ਜ਼ਖ਼ਮਾਂ ਉੱਤੇ ਮੱਲ੍ਹਮ ਲਾਉਣ ਦੇ ਅਰਥ ਸਿੱਖਾਂ ਦੇ ਜ਼ਖ਼ਮਾਂ ਉੱਤੇ ਲੂਣ ਭੁੱਕਣਾ ਹੈ ਅਤੇ ਹਿੰਦੂ ਬਹੁਗਿਣਤੀ ਨੂੰ ਨਾਰਾਜ਼ ਕਰਨਾ ਹੈ।
ਉਹ ਅੰਦਰੋਂ ਪੂਰੀ ਤਰ੍ਹਾਂ ਹਿੱਲ ਚੁੱਕੀ ਸੀ ਤਾਂ ਵੀ ਉਹਨੇ ਆਪਣੀ ਮੌਤ ਦਾ ਸਿਆਸੀ ਲਾਹਾ ਲੈਣ ਦਾ ਸੋਚਿਆ। ਇਸ ਮਾਹੌਲ ਵਿਚ ਉਹਨੇ ਹਾਲਾਤਾਂ ਨੂੰ ਆਪਣੇ ਪਰਿਵਾਰ ਅਤੇ ਕਾਂਗਰਸ ਪਾਰਟੀ ਦੇ ਹੱਕ ਵਿਚ ਭੁਗਤਾਉਣ ਦਾ ਸੋਚਿਆ। ਉਹਨੇ ਸਿੱਖਾਂ ਦਾ ਹੋਰ ਨੁਕਸਾਨ ਕਰਨ ਅਤੇ ਆਪਣੀ ਪਾਰਟੀ ਨੂੰ ਪਾਰਲੀਮੈਂਟ ਚੋਣਾਂ ਵਿਚ ਜਿਤਾਉਣ ਲਈ ਫ਼ੌਜੀ ਹਮਲੇ ਦੀ ਹਮਾਇਤ ਤੇ ਵਕਾਲਤ ਕਰਨ ਲਈ ਥਾਂ-ਥਾਂ ਜਲਸੇ ਕੀਤੇ। 27 ਅਕਤੂਬਰ ਨੂੰ ਭੁਬਨੇਸ਼ਵਰ ਵਿਖੇ ਜਲਸੇ ਮੌਕੇ ਉਹਨੇ ਆਪਣੇ ਲਹੂ ਦਾ ਹਰ ਕਤਰਾ ਦੇਸ਼ ਦੇ ਲੇਖੇ ਲਾਉਣ ਦੀ ਗੱਲ ਕੀਤੀ।
ਬੀਬੀ ਇੰਦਰਾ ਪੂਰਨ ਤੌਰ ਉੱਤੇ ਸਮਝਦੀ ਸੀ ਕਿ ਸਿੱਖ ਮੈਨੂੰ ਨਿਸ਼ਾਨਾ ਬਣਾਉਣਗੇ। ਉਹਨੇ ਇਹ ਗੱਲ ਆਪ ਵੀ ਕਹਿਣੀ ਸ਼ੁਰੂ ਕਰ ਦਿੱਤੀ ਸੀ ਤੇ ਸੁਬਰਾਮਨੀਅਮ ਸਵਾਮੀ ਸਮੇਤ ਹੋਰ ਆਗੂਆਂ ਨੇ ਉਹਨੂੰ ਇਹ ਕੁਝ ਦੱਸਿਆ। ਹਾਲਾਂਕਿ ਬਥੇਰੇ ਉਹ ਲੋਕ ਸਨ ਜਿਨ੍ਹਾਂ ਨੇ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਕਿ “ਦਰਬਾਰ ਸਾਹਿਬ ਦੀ ਪਵਿੱਤਰਤਾ ਬਹਾਲ ਕਰਨ ਲਈ ਕੀਤੇ ਇਸ ਹਮਲੇ ਦੀ ਸਿੱਖ ਵੀ ਹਮਾਇਤ ਕਰ ਰਹੇ ਹਨ” ਪਰ ਉਹ ਕਦੇ ਵੀ ਭਰਮ ਵਿਚ ਨਹੀਂ ਆਈ।
ਅਪਰੇਸ਼ਨ ਬਲਿਊ ਸਟਾਰ ਮੌਕੇ ਅਪਰੇਸ਼ਨ ਵੁਡਰੋਜ਼ ਕਾਮਯਾਬ ਨਹੀਂ ਸੀ ਹੋਇਆ ਜਿਸ ਕਾਰਨ ਬੀਬੀ ਇੰਦਰਾ ਨੇ ਨਵੰਬਰ ਮਹੀਨੇ ਹੋਰ ਖ਼ਤਰਨਾਕ ਹਮਲਾ ਮਿਥ ਲਿਆ ਸੀ। ਪਰ ਅਪਰੇਸ਼ਨ ਸ਼ਾਂਤੀ ਬਾਰੇ ਇੰਦਰਾ ਦੇ ਵਿਸ਼ੇਸ਼ ਸਹਾਇਕ ਆਰ. ਕੇ. ਧਵਨ ਨੇ ਸਬ-ਇੰਸਪੈਕਟਰ ਸਰਦਾਰ ਬੇਅੰਤ ਸਿੰਘ ਨੂੰ ਦੱਸਿਆ ਤਾਂ ਇਤਿਹਾਸਕ ਘਟਨਾਕ੍ਰਮ ਬਦਲ ਗਿਆ। 31 ਅਕਤੂਬਰ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਨਾ ਹੁੰਦਾ ਤਾਂ ਸਿੱਖਾਂ ਦਾ ਜੋ ਹਸ਼ਰ ਅਪਰੇਸ਼ਨ ਸ਼ਾਂਤੀ ਦੀ ਪੂਰੀ ਤਿਆਰੀ ਨਾਲ ਹੋਣਾ ਸੀ, ਉਹ ਚੇਤੇ ਕਰਕੇ ਹਰ ਇਕ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਜੇ ਡਾ. ਸੰਗਤ ਸਿੰਘ ਦੀ ਧਵਨ ਬਾਰੇ ਦੱਸੀ ਗੱਲ ਹਕੀਕਤ ਹੈ ਤਾਂ ਧਵਨ ਨੇ ਦੀਵਾਨ ਕੌੜਾ ਮੱਲ ਵਾਂਗ ਸਿੱਖਾਂ ਨਾਲ ਨਿਭਾਈ।
ਪਰ ਕਤਲ ਮਗਰੋਂ ਇੰਦਰਾ ਵਾਲੀ ਅਪਰੇਸ਼ਨ ਸ਼ਾਂਤੀ ਦੀ ਜ਼ਿੰਮੇਵਾਰੀ ਉਸਦੇ ਪੁੱਤਰ ਸ਼੍ਰੀ ਰਾਜੀਵ ਗਾਂਧੀ ਨੇ ਸੰਭਾਲ ਲਈ। ਦਿੱਲੀ ਸਮੇਤ ਸਾਰੇ ਭਾਰਤ ਵਿਚ ਸਿੱਖਾਂ ਦਾ ਇਕਤਰਫ਼ਾ ਕਤਲੇਆਮ ਹੋਣ ਲੱਗਾ। ਸ਼ੁਰੂਆਤ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਕਾਫ਼ਲੇ ਤੋਂ ਹੋਈ। ਦਿੱਲੀ ਵਿਚ ਪ੍ਰਧਾਨ ਮੰਤਰੀ ਦੀ ਦੇਹ ਕੋਲ ਸਾਰੇ ਅਹਿਮ ਮੰਤਰੀ, ਫ਼ੌਜ ਤੇ ਪੁਲਿਸ ਦੇ ਅਧਿਕਾਰੀ ਮੌਜੂਦ ਸਨ, ਖ਼ੁਫ਼ੀਆ ਏਜੰਸੀਆਂ ਦਾ ਪਹਿਰਾ ਸੀ। ਦਿੱਲੀ ਵਿਚ ਸਰਕਾਰ ਦੀ ਸਰਪ੍ਰਸਤੀ ਹੇਠ ਸਿੱਖਾਂ ਦਾ ਘਾਣ ਹੋ ਰਿਹਾ ਸੀ। ਦਿੱਲੀ ਦੇ ਨੇੜੇ ਫ਼ੌਜ ਸੀ। ਹਾਲਾਤ ਨੂੰ ਕਾਬੂ ਕਰਨ ਲਈ ਓਸ ਫ਼ੌਜ ਨੂੰ ਨਾ ਬੁਲਾਇਆ ਗਿਆ ਕਿ ਉਸ ਵਿਚ ਬਹੁਤੇ ਸਿੱਖ ਫ਼ੌਜੀ ਹਨ। ਇਸ ਦੀ ਥਾਂ ਦੇਹਰਾਦੂਨ ਬੈਠੀ ਫ਼ੌਜ ਨੂੰ ਸੱਦਿਆ। ਇਸ ਤਰ੍ਹਾਂ ਕਾਤਲ ਦਸਤਿਆਂ ਨੂੰ ਸਿੱਖਾਂ ਦਾ ਵੱਧ ਤੋਂ ਵੱਧ ਘਾਣ ਕਰਨ ਦਾ ਮੌਕਾ ਮਿਲਿਆ।
ਜਦ ਕਾਫ਼ੀ ਹੱਦ ਤੱਕ ਤਸੱਲੀ ਹੋ ਗਈ ਤਾਂ ਕਈ ਦਿਨਾਂ ਮਗਰੋਂ ਕਤਲੇਆਮ ਰੋਕਣ ਦਾ ਖ਼ਿਆਲ ਆਇਆ। ਓਧਰ ਬੀਬੀ ਇੰਦਰਾ ਦਾ ਸਸਕਾਰ ਹੋ ਰਿਹਾ ਸੀ, ਇਧਰ ਸਿੱਖਾਂ ਦੀਆਂ ਲੋਥਾਂ ਸੜਕਾਂ ਉੱਤੇ ਕੁੱਤੇ ਧੂਹੀ ਫਿਰਦੇ ਸਨ। ਇੰਦਰਾ ਵਾਂਗ ਰਾਜੀਵ ਗਾਂਧੀ ਸੋਚ ਰਿਹਾ ਸੀ ਕਿ ਸਿੱਖਾਂ ਦੇ ਘਾਣ ਮਗਰੋਂ ਹਿੰਦੂ ਬਹੁਗਿਣਤੀ ਦੀ ਵੋਟ ਮਿਲੇਗੀ।

ਇਹੀ ਵਾਪਰਿਆ।

ਦਸੰਬਰ 1984 ਦੀਆਂ ਲੋਕ ਸਭਾ ਚੋਣਾਂ ਮੌਕੇ ਸਾਰੇ ਭਾਰਤ ਦੇ ਲੋਕਾਂ ਨੂੰ ਅਹਿਸਾਸ ਕਰਵਾਇਆ ਗਿਆ ਕਿ ਕਾਂਗਰਸ ਨੂੰ ਵੋਟ ਪਾਉਣਾ ਹੀ ਦੇਸ਼-ਭਗਤ ਹੋਣ ਦਾ ਪੱਕਾ ਸਬੂਤ ਹੈ। ਜਿਵੇਂ ਹੁਣ ਭਾਜਪਾ ਨੇ ਮਾਹੌਲ ਬਣਾਇਆ ਹੋਇਆ ਹੈ ਕਿ ਕਾਂਗਰਸ ਵਰਗੀਆਂ ਪਾਰਟੀਆਂ ਨੂੰ ਵੋਟ ਪਾਉਣ ਵਾਲੇ ਹਿੰਦੂ-ਵਿਰੋਧੀ ਹਨ।
ਰਾਜੀਵ ਗਾਂਧੀ ਦੀ ਭਰਜਾਈ, ਸੰਜੇ ਗਾਂਧੀ ਦੀ ਵਿਧਵਾ ਬੀਬੀ ਮੇਨਕਾ ਗਾਂਧੀ ਅਮੇਠੀ ਹਲਕੇ ਤੋਂ ਚੋਣ ਲੜ ਰਹੀ ਸੀ ਜਿਸ ਖ਼ਿਲਾਫ਼ ਨਾਅਰੇ ਲੱਗ ਰਹੇ ਸਨ, “ਬੇਟੀ ਹੈ ਸਰਦਾਰ ਕੀ, ਦੇਸ਼ ਕੇ ਗ਼ੱਦਾਰ ਕੀ!” ਕੀ ਮੇਨਕਾ ਪੂਰੀ ਸਿੱਖ ਕੌਮ ਦੀ ਪ੍ਰਤੀਨਿਧ ਸੀ? ਕੀ ਮੇਨਕਾ ਦਾ ਪਿਓ ਸਿੱਖ ਕੌਮ ਦਾ ਮੋਹਰੀ ਚਿਹਰਾ ਸੀ? ਕੀ ਇਹ ਪਰਿਵਾਰ ਸਿੱਖ ਜਗਤ ਵਿਚ ਬਹੁਤ ਅਹਿਮ ਸੀ? ਪਰ ਸਿੱਖ ਕੌਮ ਖ਼ਿਲਾਫ਼ ਨਫ਼ਰਤ ਕੱਢਣ ਲਈ ਮੇਨਕਾ ਦਾ ਨਾਂ ਵਰਤਿਆ ਗਿਆ। ਉਹ ਲੋਕ ਜਿਹੜੇ ਸੰਜੇ ਨਾਲ ਮੇਨਕਾ ਦੇ ਵਿਆਹ ਨੂੰ ਹਿੰਦੂ-ਸਿੱਖ ਏਕਤਾ ਦੱਸਦੇ ਰਹੇ, ਉਹ ਦੜ ਵੱਟ ਗਏ। ਜਿਹੜੇ ਸਿੱਖ ਦਮਗੱਜੇ ਮਾਰਦੇ ਰਹੇ ਸਨ, “ਜਿਸ ਦਿੱਲੀ ਦੇ ਤਖ਼ਤ ਤੋਂ ਸਿੱਖਾਂ ਦੇ ਕਤਲੇਆਮ ਦੇ ਹੁਕਮ ਹੁੰਦੇ ਸਨ, ਓਸ ਤਖ਼ਤ ’ਤੇ ਬੈਠੀ ਬੀਬੀ ਇੰਦਰਾ ਨੇ ਸਿੱਖਾਂ ਦੀ ਧੀ ਨੂੰ ਨੂੰਹ ਬਣਾਇਆ ਹੈ” ਉਹ ਕਿਤੇ ਲੱਭਦੇ ਨਹੀਂ। ਓਹ ਸਿੱਖ ਸਰਦਾਰ ਜਿਹੜੇ ਹਮੇਸ਼ਾ ਭਾਰਤ ਦੀ ਤਨ, ਮਨ, ਧਨ ਨਾਲ ਸੇਵਾ ਕਰਦੇ ਰਹੇ, ਉਨ੍ਹਾਂ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਸੀ ਕਿ ਮੇਨਕਾ ਦੇ ਬਾਪ ਵਾਂਗ ਤੁਸੀਂ ਵੀ ਗ਼ੱਦਾਰ ਹੋ। ਸਰਦਾਰਾਂ ਨੂੰ ਗ਼ੱਦਾਰ ਐਲਾਨ ਦਿੱਤਾ ਗਿਆ ਤਾਂ ਕਿ ਨਫ਼ਰਤ ਭਰੇ ਮਾਹੌਲ ਵਿਚ ਵੋਟਾਂ ਮਿਲ ਸਕਣ।

ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਕਾਂਗਰਸ ਨੂੰ 75% ਸੀਟਾਂ ਮਿਲੀਆਂ।

ਪਾਰਲੀਮੈਂਟ ਵਿਚ ਕਾਂਗਰਸ ਪਾਰਟੀ ਦੀ ਧਮਾਕਾਖੇਜ਼ ਜਿੱਤ ਦੀ ਅਸਲ ਕੀਮਤ ਕਾਂਗਰਸ ਦੇ ਬੀਬੀ ਇੰਦਰਾ ਤੇ ਰਾਜੀਵ ਗਾਂਧੀ ਰਾਹੀਂ ਸਿੱਖਾਂ ਦਾ ਘਾਣ ਸੀ। ਜਿਹੜੇ ਕਾਂਗਰਸੀ ਆਗੂ ਨਵੰਬਰ ਮਹੀਨੇ ਸਿੱਖਾਂ ਦਾ ਕਤਲੇਆਮ ਕਰਵਾਉਣ ਵਿਚ ਮੋਹਰੀ ਸਨ, ਉਨ੍ਹਾਂ ਨੂੰ ਗਹਿਗੱਡਵੀਂ ਵੋਟ ਪਈ। ਬਹੁਗਿਣਤੀ ਨੇ ਬੇਦੋਸ਼ੇ ਤੇ ਮਾਸੂਮ ਸਿੱਖਾਂ ਦੇ ਕਤਲੇਆਮ ਦੀ ਹਮਾਇਤ ਵਿਚ ਫ਼ਤਵਾ ਦਿੱਤਾ।

ਸਾਰੇ ਭਾਰਤ ਦੇ ਲੋਕਾਂ ਨੇ ਕਾਂਗਰਸ ਨੂੰ ਅੰਨ੍ਹੀ ਹਮਾਇਤ ਦਿੱਤੀ ਕਿ ਜੂਨ ਤੇ ਨਵੰਬਰ ਮਹੀਨੇ ਸਿੱਖਾਂ ਨਾਲ ਜੋ ਕੀਤਾ, ਓਹ ਬਿਲਕੁਲ ਸਹੀ ਹੈ ਤੇ ਓਹ ਨੀਤੀ ਹੀ ਅੱਗੇ ਜਾਰੀ ਰਹੇ, ਅਸੀਂ ਓਸ ਕਤਲੇਆਮ ਮੌਕੇ ਖ਼ੁਦ ਕੁਝ ਨਹੀਂ ਸੀ ਕਰਨ ਜੋਗੇ, ਸੋ ਵੋਟ ਪਾ ਕੇ ਕਾਂਗਰਸ ਦੇ ਜ਼ੁਲਮ ਦੀ ਹਮਾਇਤ ਕਰਦੇ ਹਾਂ।

ਜਦ ਪੂਰਾ ਮੁਲਕ ਸਿੱਖਾਂ ਦੇ ਕਤਲੇਆਮ ਦੀ ਹਮਾਇਤ ਵਿਚ ਭੁਗਤ ਗਿਆ, ਜਦ ਕਾਂਗਰਸ ਨੇ ਸਾਰਾ ਮੁਲਕ ਬੇਦੋਸ਼ੇ ਸਿੱਖਾਂ ਦੇ ਕਤਲੇਆਮ ਦੀ ਹਮਾਇਤ ਵਿਚ ਭੁਗਤਾ ਲਿਆ ਤਾਂ ਸਿੱਖਾਂ ਦਾ ਬਚਣ ਦਾ ਕੋਈ ਰਾਹ ਰਹਿ ਗਿਆ ਸੀ? ਕਾਤਲਾਂ ਦੇ ਹੌਸਲੇ ਹੋਰ ਵੱਧ ਜ਼ੁਲਮ ਕਰਨ ਲਈ ਬੁਲੰਦ ਹੋਏ। ਇਉਂ ਅਗਲੇ ਸਾਲਾਂ ਵਿਚ ਸਿੱਖਾਂ ਦਾ ਘਾਣ ਹੁੰਦਾ ਰਿਹਾ। ਬੱਸ ਸਿੱਖ ਨੂੰ ਫੜੋ, ਤਸ਼ੱਦਦ ਕਰੋ, ਮਾਰੋ ਅਤੇ ਕਹਿ ਦਿਓ ਕਿ ਖ਼ਤਰਨਾਕ ਦਹਿਸ਼ਤਗਰਦ ਸਖ਼ਤ ਮੁਕਾਬਲੇ ਵਿਚ ਮਾਰਿਆ ਗਿਆ। ਇਨਾਮ ਅਤੇ ਤਰੱਕੀ।

ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸਿੱਖਾਂ ਦੀ ਨਸਲਕੁਸ਼ੀ ਨੂੰ ਜਾਇਜ਼ ਦਰਸਾਉਂਦੇ ਰਹੇ ਕਿ ਜਦ ਵੱਡਾ ਦਰੱਖ਼ਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੀ ਹੁੰਦੀ ਹੈ।

ਉਦੋਂ ਕਾਂਗਰਸੀ ਆਗੂਆਂ ਨੂੰ ਹਿੰਦੂ ਬਹੁਗਿਣਤੀ ਦੀ ਵੋਟ ਸਿੱਖਾਂ ਖ਼ਿਲਾਫ਼ ਨਫ਼ਰਤ ਪੈਦਾ ਕਰਕੇ, ਸਿੱਖਾਂ ਦਾ ਕਤਲੇਆਮ ਕਰਕੇ ਮਿਲਦੀ ਸੀ, ਸੋ ਉਦੋਂ ਇਨ੍ਹਾਂ ਲਈ ਓਹ ਸਭ ਕੁਝ ਸਹੀ ਸੀ; ਪਰ ਹੁਣ ਕਾਂਗਰਸ ਸੱਤਾ ਤੋਂ ਦੂਰ ਹੈ। ਸੋ ਹੁਣ ਸਿੱਖਾਂ ਨੂੰ ਭਰਮਾਉਣ ਲਈ ਇਹ ਕਹਿਣ ਵਿਚ ਕੀ ਹਰਜ਼ ਹੈ ਕਿ ਸਿੱਖਾਂ ਨਾਲ ਬਹੁਤ ਗ਼ਲਤ ਹੋਇਆ, ਬੇਇਨਸਾਫ਼ੀ ਹੋਈ। ਉਦੋਂ ਭਾਜਪਾ ਕਹਿੰਦੀ ਸੀ ਕਿ ਦੁਰਗਾ ਨੇ ਹਮਲਾ ਛੇ ਮਹੀਨੇ ਦੇਰੀ ਨਾਲ ਕੀਤਾ ਹੈ। ਪਰ ਹੁਣ ਭਾਜਪਾ ਨੂੰ ਸਿੱਖਾਂ ਦੀ ਵੋਟ ਚਾਹੀਦੀ ਹੈ ਤਾਂ ਉਹ ਸਿੱਖਾਂ ਨੂੰ ਭਰਮਾਉਣ ਲਈ ਕਹਿ ਰਹੀ ਹੈ ਕਿ ਸਿੱਖੋ! ਇਹ ਉਹੀ ਕਾਂਗਰਸ ਹੈ ਜੀਹਨੇ ਤੁਹਾਡੇ ਉੱਤੇ ਜਬਰ ਕੀਤਾ ਸੀ। ਕਿੰਨਾ ਫ਼ਿਕਰ ਹੈ ਭਾਜਪਾ ਨੂੰ ਕਿ ਕਿਤੇ ਸਿੱਖ ਕਾਂਗਰਸ ਦੇ ਜ਼ੁਲਮ ਨਾ ਭੁੱਲ ਜਾਣ! ਪਰ ਭਾਜਪਾ ਨੂੰ ਇਹ ਵੀ ਫ਼ਿਕਰ ਹੈ ਕਿਤੇ ਸਿੱਖਾਂ ਨੂੰ ਸਿੱਖੀ ਦਾ ਹਿੰਦੂਕਰਨ ਨਾ ਚੇਤੇ ਰਹਿ ਜਾਵੇ ਤੇ ਵਿਦੇਸ਼ਾਂ ਵਿਚ ਸਿੱਖਾਂ ਦੇ ਕਰਵਾਏ ਕਤਲ ਨਾ ਚੇਤੇ ਰਹਿ ਜਾਣ!

ਸਿਆਸਤ ਦੀ ਬਲੀ ਚੜ੍ਹ ਰਹੇ ਸਿੱਖੋ! ਅੱਖਾਂ ਬੰਦ ਕਰਕੇ ਸੋਚੋ ਕਿ ਤੁਹਾਡਾ ਅਸਲ ਹਮਦਰਦ ਕੌਣ ਹੈ ?
ਸਰਬਜੀਤ ਸਿੰਘ ਘੁਮਾਣ 
(ਖਾਾਲਿਸਤਾਨੀ ਚਿੰਤਕ) 
ਮੋ : 9781991622 ਮੋ : 9781991622

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.