ਲੁਧਿਆਣਾ ਵਿਖੇ 20 ਅਗਸਤ ਨੂੰ ਹੋਵੇਗੀ ਮਿਸ਼ਨਰੀ ਕਾਲਜਾਂ ਦੀ ਸਾਂਝੀ ਵਿਚਾਰ ਗੋਸ਼ਟੀ
- ਅੰਤਰਰਾਸ਼ਟਰੀ
- 18 Aug, 2026 05:52 AM (Asia/Kolkata)
ਲੁਧਿਆਣਾ: ਸਿੱਖ ਸਮਾਜ ਨਾਲ ਸਬੰਧਤ ਸਮਕਾਲੀ ਮਸਲਿਆਂ, ਗੁਰਮਤਿ ਪ੍ਰਚਾਰ ਦੀਆਂ ਚੁਣੌਤੀਆਂ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਸਮੇਤ ਵੱਖ-ਵੱਖ ਵਿਸ਼ਿਆਂ ਉੱਤੇ ਵਿਚਾਰ-ਵਟਾਂਦਰਾ ਕਰਨ ਲਈ 20 ਅਗਸਤ 2026, ਦਿਨ ਵੀਰਵਾਰ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ ਮਿਸ਼ਨਰੀ ਕਾਲਜਾਂ ਦੀ ਸਾਂਝੀ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ।
ਇਸ ਵਿਚਾਰ ਗੋਸ਼ਟੀ ਵਿੱਚ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਕਲਾਂ (ਰੋਪੜ) ਵੱਲੋਂ ਸਾਂਝੇ ਤੌਰ ’ਤੇ ਸ਼ਮੂਲੀਅਤ ਕੀਤੀ ਜਾਵੇਗੀ।
ਪ੍ਰੋਗਰਾਮ ਦੀ ਆਰੰਭਤਾ ਸਵੇਰੇ 9:30 ਵਜੇ ਸ਼ਬਦ ਕੀਰਤਨ ਨਾਲ ਹੋਵੇਗੀ, ਜੋ ਸਵੇਰੇ 10 ਵਜੇ ਤੱਕ ਚੱਲੇਗਾ। ਇਸ ਤੋਂ ਬਾਅਦ ਵਿਚਾਰ ਗੋਸ਼ਟੀ ਦਾ ਪਹਿਲਾ ਸੈਸ਼ਨ ਸਵੇਰੇ 10:00 ਤੋਂ 11:30 ਵਜੇ ਤੱਕ ਹੋਵੇਗਾ।
ਪਹਿਲੇ ਸੈਸ਼ਨ ਦੌਰਾਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਭਾਈ ਸੁਖਵਿੰਦਰ ਸਿੰਘ ਦਦੇਹਰ ਵੱਲੋਂ “ਕਰਤੂਤਿ ਪਸੁ ਕੀ ਮਾਨਸ ਜਾਤਿ॥ — ਆਵਾਗਵਨ ਭਾਗ-2” ਵਿਸ਼ੇ ਉੱਤੇ ਵਿਚਾਰ ਪੇਸ਼ ਕੀਤੇ ਜਾਣਗੇ। ਇਸੇ ਸੈਸ਼ਨ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਕਲਾਂ (ਰੋਪੜ) ਦੇ ਭਾਈ ਹਰਭਜਨ ਸਿੰਘ ਵੱਲੋਂ “ਕੁਲਹਾਂ ਦੇਂਦੇ ਬਾਵਲੇ” ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ। ਸਵੇਰੇ 11:30 ਵਜੇ ਚਾਹ ਦਾ ਸਮਾਂ ਰੱਖਿਆ ਗਿਆ ਹੈ।
ਵਿਚਾਰ ਗੋਸ਼ਟੀ ਦਾ ਦੂਜਾ ਸੈਸ਼ਨ ਦੁਪਹਿਰ 12:00 ਤੋਂ 1:30 ਵਜੇ ਤੱਕ ਹੋਵੇਗਾ। ਇਸ ਦੌਰਾਨ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਦੇ ਭਾਈ ਇਕਬਾਲ ਸਿੰਘ ਪੱਟੀ ਵੱਲੋਂ “ਸਮਕਾਲੀ ਸਿੱਖ ਪ੍ਰਚਾਰ ਦੀਆਂ ਚੁਣੌਤੀਆਂ ਤੇ ਭਵਿੱਖ ਸੰਭਾਵਨਾਵਾਂ” ਵਿਸ਼ੇ ਉੱਤੇ ਵਿਚਾਰ ਪੇਸ਼ ਕੀਤੇ ਜਾਣਗੇ।
ਇਸੇ ਸੈਸ਼ਨ ਵਿੱਚ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਵੱਲੋਂ “ਮੂਲ ਨਾਨਕਸ਼ਾਹੀ ਕੈਲੰਡਰ ਸਬੰਧੀ ਵਿਚਾਰ” ਵਿਸ਼ੇ ਉੱਤੇ ਸੰਬੋਧਨ ਕੀਤਾ ਜਾਵੇਗਾ।
ਇਸ ਸਾਂਝੀ ਵਿਚਾਰ ਗੋਸ਼ਟੀ ਵਿੱਚ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਲ ਹੋਣਗੇ। ਪ੍ਰੋਗਰਾਮ ਉਪਰੰਤ ਦੁਪਹਿਰ 2:00 ਵਜੇ ਲੰਗਰ ਹੋਵੇਗਾ।
ਪ੍ਰਬੰਧਕਾਂ ਵੱਲੋਂ ਸਮੂਹ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸਾਂਝੀ ਵਿਚਾਰ ਗੋਸ਼ਟੀ ਵਿੱਚ ਸ਼ਮੂਲੀਅਤ ਕਰਕੇ ਗੁਰਮਤਿ, ਸਿੱਖ ਪ੍ਰਚਾਰ ਅਤੇ ਪੰਥਕ ਮਸਲਿਆਂ ਸਬੰਧੀ ਹੋਣ ਵਾਲੇ ਵਿਚਾਰ-ਵਟਾਂਦਰੇ ਦਾ ਲਾਭ ਲੈਣ।
ਵਧੇਰੇ ਜਾਣਕਾਰੀ ਲਈ 98146-35655 ਅਤੇ 99155-29725 ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Leave a Reply