ਸ੍ਰੀ ਦਰਬਾਰ ਸਾਹਿਬ : ਸੇਵਾ-ਸਿਮਰਨ ਤੇ ਸ਼ਹਾਦਤਾਂ ਦਾ ਘਰ

ਸ੍ਰੀ ਦਰਬਾਰ ਸਾਹਿਬ : ਸੇਵਾ-ਸਿਮਰਨ ਤੇ ਸ਼ਹਾਦਤਾਂ ਦਾ ਘਰ

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕੋਈ ਬਾਣੀ ਪੜ੍ਹ ਰਿਹਾ ਹੁੰਦਾ ਹੈ, ਕੋਈ ਦਰਸ਼ਨ-ਇਸ਼ਨਾਨ ਕਰਦਿਆਂ ਦਾਤਾਂ ਮੰਗ ਰਿਹਾ ਹੁੰਦਾ ਹੈ, ਕੋਈ ਭਾਂਡੇ ਮਾਂਜ ਰਿਹਾ ਹੁੰਦਾ ਹੈ, ਕੋਈ ਪ੍ਰਸ਼ਾਦੇ ਪਕਾ ਰਿਹਾ ਹੁੰਦਾ ਹੈ ਅਤੇ ਕੋਈ ਸੰਗਤ ਦੇ ਜੋੜੇ ਸੰਭਾਲ ਰਿਹਾ ਹੁੰਦਾ ਹੈ। ਗੁਰੂ ਕੇ ਲੰਗਰ ਵਿੱਚ ਅਮੀਰ-ਗ਼ਰੀਬ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਹਨ। ਇੱਥੇ ਕਿਸੇ ਦੀ ਜਾਤ, ਧਰਮ ਜਾਂ ਦੇਸ਼ ਨਹੀਂ ਪੁੱਛਿਆ ਜਾਂਦਾ। ਗੁਰੂ ਘਰ ਦਾ ਦਰਵਾਜ਼ਾ ਸਭਨਾਂ ਲਈ ਖੁੱਲ੍ਹਾ ਹੈ। ਸੇਵਾ ਅਤੇ ਬਰਾਬਰੀ ਦਾ ਇਹ ਨਜ਼ਾਰਾ ਸਿੱਖੀ ਦੇ ਉਪਦੇਸ਼ ਨੂੰ ਅਮਲ ਵਿੱਚ ਵਿਖਾਉਂਦਾ ਹੈ। ਦੁਨੀਆ ਭਰ ਦੇ ਸਿੱਖਾਂ ਲਈ ਸ੍ਰੀ ਹਰਿਮੰਦਰ ਸਾਹਿਬ ਸ਼ਰਧਾ ਦਾ ਕੇਂਦਰ ਹੈ। ਇੱਥੇ ਮੱਥਾ ਟੇਕ ਕੇ ਅਤੇ ਗੁਰਬਾਣੀ ਕੀਰਤਨ ਸੁਣ ਕੇ ਮਨ ਨੂੰ ਸ਼ਾਂਤੀ, ਰੂਹ ਨੂੰ ਸਕੂਨ ਅਤੇ ਦਿਲ ਨੂੰ ਧਰਵਾਸ ਮਿਲਦਾ ਹੈ। ਇਸ ਪਵਿੱਤਰ ਅਸਥਾਨ ਬਾਰੇ ਗੁਰਬਾਣੀ ਦਾ ਫ਼ੁਰਮਾਨ ਹੈ:- "ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥"
ਇਸ ਅਸਥਾਨ ਉੱਤੇ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਭਾਈ ਮਰਦਾਨਾ ਜੀ ਨੇ ਕੀਰਤਨ ਕੀਤਾ ਸੀ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਇੱਥੇ ਨਵਾਂ ਨਗਰ ਵਸਾਇਆ। ਗੁਰੂ ਸਾਹਿਬ ਨੇ ਵੱਖ-ਵੱਖ ਕਿੱਤਿਆਂ ਦੇ ਲੋਕਾਂ ਨੂੰ ਇੱਥੇ ਵਸਾਇਆ। ਇਸ ਨਾਲ ਕਿਰਤ, ਵਪਾਰ ਅਤੇ ਸੰਗਤੀ ਮੇਲ-ਜੋਲ ਵਧਿਆ। ਪਹਿਲਾਂ ਇਹ ਨਗਰ ਗੁਰੂ ਕਾ ਚੱਕ, ਚੱਕ ਰਾਮਦਾਸ ਅਤੇ ਰਾਮਦਾਸਪੁਰਾ ਵਰਗੇ ਨਾਵਾਂ ਨਾਲ ਜਾਣਿਆ ਜਾਂਦਾ ਸੀ। ਬਾਅਦ ਵਿੱਚ ਅੰਮ੍ਰਿਤ ਸਰੋਵਰ ਦੇ ਨਾਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਅਖਵਾਇਆ। ਗੁਰੂ ਰਾਮਦਾਸ ਜੀ ਨੇ ਸਰੋਵਰ ਦੀ ਖੁਦਾਈ ਕਰਵਾਈ ਅਤੇ ਬਾਬਾ ਬੁੱਢਾ ਸਾਹਿਬ ਜੀ ਦੀ ਦੇਖ-ਰੇਖ ਹੇਠ ਸੰਗਤਾਂ ਨੇ ਸੇਵਾ ਕੀਤੀ। ਸੰਨ 1577 ਈਸਵੀ ਵਿੱਚ ਅੰਮ੍ਰਿਤਸਰ ਸ਼ਹਿਰ ਵਸਾਇਆ ਗਿਆ।
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਦੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ। ਸੰਨ 1588 ਵਿੱਚ ਇਸ ਦੀ ਨੀਂਹ ਰੱਖੀ ਗਈ। ਸੰਨ 1604 ਵਿੱਚ ਗੁਰੂ ਅਰਜਨ ਦੇਵ ਜੀ ਨੇ ਇੱਥੇ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਵਾਇਆ। ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ, ਜੋ ਸਿੱਖ ਕੌਮ ਦੀ ਅਜ਼ਾਦ ਹਸਤੀ, ਪਾਤਸ਼ਾਹੀ ਅਤੇ ਸਾਂਝੀ ਅਗਵਾਈ ਦਾ ਪ੍ਰਤੀਕ ਹੈ। ਇੱਥੋਂ ਸਿੱਖਾਂ ਨੂੰ ਜ਼ੁਲਮ ਅੱਗੇ ਡਟਣ ਅਤੇ ਮਜ਼ਲੂਮਾਂ ਦੀ ਰਾਖੀ ਕਰਨ ਦੀ ਅਗਵਾਈ ਮਿਲੀ। 
ਅਠਾਰ੍ਹਵੀਂ ਸਦੀ ਵਿੱਚ ਦੀਵਾਲੀ ਅਤੇ ਵਿਸਾਖੀ ਦੇ ਇਕੱਠਾਂ ਵਿੱਚ ਕੌਮੀ ਮਸਲੇ ਵਿਚਾਰੇ ਜਾਂਦੇ ਅਤੇ ਸਾਂਝੇ ਫ਼ੈਸਲੇ ਹੁੰਦੇ ਸਨ। ਇਸ ਅਸਥਾਨ ਦੀ ਸੇਵਾ ਅਤੇ ਰਾਖੀ ਨਾਲ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਜੁੜੀ ਹੈ। ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਘੜ ਨੂੰ ਸਜ਼ਾ ਦਿੱਤੀ। ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਨੇ 1757 ਵਿੱਚ ਅਤੇ ਦੂਜੇ ਮੁਖੀ ਬਾਬਾ ਗੁਰਬਖ਼ਸ਼ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੇ 1764 ਵਿੱਚ ਸ਼ਹਾਦਤਾਂ ਦਿੱਤੀਆਂ।
ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲਿਆਂ ਮਗਰੋਂ ਸਿੱਖਾਂ ਨੇ ਹਰ ਵਾਰ ਮੁੜ ਉਸਾਰੀ ਕੀਤੀ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਮਿਸਲਾਂ ਦੇ ਸਰਦਾਰਾਂ ਨੇ ਸੋਨੇ ਅਤੇ ਸੰਗਮਰਮਰ ਦੀ ਸੇਵਾ ਕਰਵਾਈ। ਅੰਗਰੇਜ਼ੀ ਰਾਜ ਵਿੱਚ ਗੁਰਦੁਆਰਾ ਸੁਧਾਰ ਲਹਿਰ ਰਾਹੀਂ ਪ੍ਰਬੰਧ ਪੰਥਕ ਹੱਥਾਂ ਵਿੱਚ ਮੁੜ ਆਇਆ।
ਜੂਨ 1984 ਦੇ ਭਾਰਤੀ ਫ਼ੌਜੀ ਹਮਲੇ ਸਮੇਂ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ, ਜਨਰਲ ਸ਼ਬੇਗ ਸਿੰਘ, ਬਾਬਾ ਠਾਹਰਾ ਸਿੰਘ ਅਤੇ ਹੋਰ ਸਿੰਘਾਂ-ਸਿੰਘਣੀਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦਿਆਂ ਸ਼ਹਾਦਤਾਂ ਪਾਈਆਂ। ਮਗਰੋਂ ਸੰਤ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਦੀ ਸੇਵਾ ਕਰਵਾਈ।
ਇਸ ਪਵਿੱਤਰ ਅਸਥਾਨ ਦਾ ਇਤਿਹਾਸ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼, ਸੰਗਤਾਂ ਦੀ ਸੇਵਾ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਜੁੜਿਆ ਹੈ। ਸ੍ਰੀ ਦਰਬਾਰ ਸਾਹਿਬ ਸੇਵਾ, ਸਿਮਰਨ ਅਤੇ ਕੁਰਬਾਨੀ ਦੀ ਪ੍ਰੇਰਨਾ ਦਿੰਦਿਆਂ ਸਿੱਖ ਕੌਮ ਦੀ ਸ਼ਰਧਾ, ਅਣਖ ਤੇ ਚੜ੍ਹਦੀ ਕਲਾ ਦਾ ਕੇਂਦਰ ਬਣਿਆ ਹੋਇਆ ਹੈ। 
ਸ੍ਰੀ ਦਰਬਾਰ ਸਾਹਿਬ ਸਿੱਖ ਧਰਮ ਦਾ ਕੇਂਦਰੀ ਅਸਥਾਨ ਹੈ। ਸਿੱਖ ਰੋਜ਼ਾਨਾ ਅਰਦਾਸ ਵਿੱਚ ਇਸ ਦੇ ਦਰਸ਼ਨ-ਇਸ਼ਨਾਨ ਦੀ ਦਾਤ ਮੰਗਦੇ ਹਨ। ਇਹ ਸਿੱਖਾਂ ਦੀ ਰੂਹ, ਦਿਲ ਅਤੇ ਜਿੰਦ-ਜਾਨ ਹੈ। ਇਸ ਪਵਿੱਤਰ ਅਸਥਾਨ ਦੀ ਮਰਿਆਦਾ ਤੇ ਸਿਧਾਂਤਾਂ ਦੀ ਰਾਖੀ ਲਈ ਸਿੱਖ ਆਪਣਾ ਸੀਸ ਵਾਰਨਾ ਵੀ ਧੰਨ ਭਾਗ ਸਮਝਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ, ਆਦੇਸ਼ ਅਤੇ ਸੰਦੇਸ਼ ਸਿੱਖ ਕੌਮ ਦੀ ਅਗਵਾਈ ਕਰਦੇ ਹਨ ਅਤੇ ਸਿੱਖਾਂ ਨੂੰ ਆਪਣੀ ਵੱਖਰੀ ਕੌਮੀ ਹਸਤੀ, ਵੱਖਰੇ ਤਖ਼ਤ ਅਤੇ ਆਪਣੇ ਰਾਜ ਦਾ ਅਹਿਸਾਸ ਕਰਵਾਉਂਦੇ ਹਨ। ਇਹਨਾਂ ਗੁਰ-ਅਸਥਾਨਾਂ ਦੀ ਮਹਾਨਤਾ ਨੂੰ ਸ਼ਬਦਾਂ ਵਿੱਚ ਸਮੇਟਣਾ ਮਨੁੱਖੀ ਸਮਰੱਥਾ ਤੋਂ ਪਰੇ ਹੈ। ਇਹਨਾਂ ਦੀ ਸਿਫ਼ਤ ਵਿੱਚ ਲਿਖਿਆ ਹਰ ਅੱਖਰ ਅਤੇ ਬੋਲਿਆ ਹਰ ਲਫ਼ਜ਼ ਇਹਨਾਂ ਦੀ ਵਡਿਆਈ ਅੱਗੇ ਅਧੂਰਾ ਹੈ। ਇਹਨਾਂ ਦੇ ਦਰਸ਼ਨਾਂ ਦੀ ਦਾਤ ਪ੍ਰਾਪਤ ਕਰਨ ਵਾਲਾ ਮਨੁੱਖ ਬਹੁਤ ਸੁਭਾਗਾ ਹੈ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 8872293883.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.