'ਦੀਵਾਲੀ ਦੀ ਸਾਂਝ' ਵਿੱਚ ਗੁਆਚ ਨਾ ਜਾਵੇ 'ਬੰਦੀ ਛੋੜ ਦਿਵਸ ਦਾ ਇਤਿਹਾਸ' -ਜਥੇਦਾਰ ਮਹਿੰਦਰ ਸਿੰਘ ਯੂ.ਕੇ.

'ਦੀਵਾਲੀ ਦੀ ਸਾਂਝ' ਵਿੱਚ ਗੁਆਚ ਨਾ ਜਾਵੇ 'ਬੰਦੀ ਛੋੜ ਦਿਵਸ ਦਾ ਇਤਿਹਾਸ' -ਜਥੇਦਾਰ ਮਹਿੰਦਰ ਸਿੰਘ ਯੂ.ਕੇ.

'ਦੀਵਾਲੀ ਦੀ ਸਾਂਝ' ਵਿੱਚ ਗੁਆਚ ਨਾ ਜਾਵੇ 'ਬੰਦੀ ਛੋੜ ਦਿਵਸ ਦਾ ਇਤਿਹਾਸ'
-ਜਥੇਦਾਰ ਮਹਿੰਦਰ ਸਿੰਘ ਯੂ.ਕੇ.

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਦਾਸ ਇਸ ਗੱਲ ਵੱਲ ਪੂਰੇ ਪੰਥ ਦਾ ਧਿਆਨ ਦਿਵਾਉਣਾ ਚਾਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਇਤਿਹਾਸਕ ਪਛਾਣ ਵੱਖਰੀ-ਵੱਖਰੀ ਰੱਖਣ ਲਈ ਉਪਰਾਲਾ ਕਰਨਾ ਚਾਹੀਦਾ ਹੈ।

ਇਤਿਹਾਸਕ ਤੌਰ ’ਤੇ ਇਹ ਗੱਲ ਸਪੱਸ਼ਟ ਹੈ ਕਿ ‘ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ’ ਅਤੇ ‘ਦੀਵਾਲੀ ਦਾ ਤਿਉਹਾਰ’ ਦੋ ਵੱਖੋ-ਵੱਖਰੇ ਇਤਿਹਾਸਕ ਪ੍ਰਸੰਗ ਹਨ। ਦੀਵਾਲੀ ਦਾ ਆਪਣਾ ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਹੈ, ਜਦਕਿ ਬੰਦੀ ਛੋੜ ਦਿਵਸ ਸਿੱਖ ਇਤਿਹਾਸ ਦੀ ਇੱਕ ਵਿਲੱਖਣ ਅਤੇ ਗੌਰਵਮਈ ਘਟਨਾ ਹੈ।

ਅਸੀਂ ਸਭ ਦੇ ਤਿਉਹਾਰਾਂ ਦਾ ਸਤਿਕਾਰ ਕਰਦੇ ਹਾਂ ਅਤੇ ਮੁਬਾਰਕਾਂ ਵੀ ਦਿੰਦੇ ਹਾਂ, ਪਰ ਆਪਣੀ ਵੱਖਰੀ ਇਤਿਹਾਸਕ ਪਛਾਣ ਦੀ ਕੀਮਤ ’ਤੇ ਨਹੀਂ, ਸਪਸ਼ਟ ਹੈ ਕਿ ਇਸ ਸਾਂਝ ਦੇ ਨਾਂ ’ਤੇ ਆਪਣੇ ਇਤਿਹਾਸ ਦੀ ਵੱਖਰੀ ਪਛਾਣ ਨੂੰ ਧੁੰਦਲਾ ਕਰਨਾ ਸਰਾਸਰ ਗਲਤ ਹੈ। ਦੂਜੇ ਭਾਈਚਾਰੇ ਨੂੰ ਆਪਣੇ ਇਤਿਹਾਸ ਅਤੇ ਤਿਉਹਾਰ ਦੀ ਵਧਾਈ ਦੇਣੀ ਚਾਹੀਦੀ ਹੈ, ਪਰ ਸਾਨੂੰ ਆਪਣੇ ਇਤਿਹਾਸ ਦੀ ਗੱਲ ਆਪਣੇ ਨਜ਼ਰੀਏ ਤੋਂ ਕਰਨੀ ਚਾਹੀਦੀ ਹੈ।

ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਪਹਾੜੀ ਰਾਜਿਆਂ ਦਾ ਇਤਿਹਾਸ 

ਬੰਦੀ ਛੋੜ ਦਿਵਸ ਦੀ ਗੱਲ ਕਰਦਿਆਂ ਸਾਨੂੰ ਗੁਰੂ ਸਾਹਿਬ ਜੀ ਨਾਲ ਸਬੰਧਤ ਇਤਿਹਾਸਕ ਪ੍ਰਸੰਗਾਂ ਨੂੰ ਵੀ ਸਮਝਣਾ ਪਵੇਗਾ।
ਇਤਿਹਾਸ ਵਿੱਚ ਪਹਾੜੀ ਰਿਆਸਤਾਂ ਦੇ ਕਈ ਰਾਜਿਆਂ ਦਾ ਜ਼ਿਕਰ ਆਉਂਦਾ ਹੈ, ਜਿਨ੍ਹਾਂ ਦੇ ਸਿੱਖ ਗੁਰੂ ਸਾਹਿਬਾਨ ਨਾਲ ਵੱਖ-ਵੱਖ ਸਮਿਆਂ ’ਤੇ ਸਬੰਧ ਰਹੇ। ਕੁਝ ਰਾਜਿਆਂ ਨੇ ਗੁਰੂ ਸਾਹਿਬਾਨ ਨਾਲ ਨੇੜਤਾ ਵੀ ਰੱਖੀ, ਪਰ ਦੂਜੇ ਪਾਸੇ ਇਨ੍ਹਾਂ ਵਿੱਚੋਂ ਬਹੁਤਿਆਂ ਨੇ ਸਿੱਖਾਂ ਵਿਰੁੱਧ ਮੁਗ਼ਲ ਹਕੂਮਤ ਦਾ ਸਾਥ ਵੀ ਦਿੱਤਾ।
ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਪਹਾੜੀ ਰਾਜਿਆਂ ਅਤੇ ਸਿੱਖਾਂ ਵਿਚਕਾਰ ਟਕਰਾਅ ਦਾ ਲੰਮਾ ਇਤਿਹਾਸ ਹੈ। ਇਸ ਲਈ ਇਤਿਹਾਸ ਨੂੰ ਸਿਰਫ਼ ਸਾਂਝ ਜਾਂ ਮਿਲਵਰਤਣ ਦੇ ਕੁਝ ਪ੍ਰਸੰਗਾਂ ਤੱਕ ਸੀਮਤ ਕਰ ਕੇ ਨਹੀਂ ਵੇਖਿਆ ਜਾ ਸਕਦਾ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਕਈ ਮੌਕਿਆਂ ’ਤੇ ਇਨ੍ਹਾਂ ਰਿਆਸਤਾਂ ਨੇ ਸਿੱਖ ਸੰਘਰਸ਼ ਦੇ ਵਿਰੁੱਧ ਹਕੂਮਤੀ ਤਾਕਤਾਂ ਦਾ ਸਾਥ ਦਿੱਤਾ।
ਅੱਜ ਵੀ ਸਾਡੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਦੀ ਰਿਹਾਈ ਦੇ ਮਾਮਲੇ ਵਿੱਚ ਸਿੱਖਾਂ ਨਾਲ ਹੋ ਰਹੇ ਵਿਤਕਰੇ ਬਾਰੇ ਸਵਾਲ ਉਠਦੇ ਰਹੇ ਹਨ। ਅਜਿਹੇ ਸਮੇਂ ਸਾਡੇ ਲਈ ਆਪਣੇ ਇਤਿਹਾਸ ਤੋਂ ਸਬਕ ਲੈਣਾ ਹੋਰ ਵੀ ਜ਼ਰੂਰੀ ਹੈ।

ਬਾਬਾ ਬੁੱਢਾ ਜੀ ਅਤੇ ਗਵਾਲੀਅਰ ਦੇ ਕਿਲ੍ਹੇ ਨਾਲ ਜੁੜੀ ਸ਼ਬਦ-ਚੌਂਕੀ 

ਬੰਦੀ ਛੋੜ ਦਿਵਸ ਦੇ ਇਤਿਹਾਸ ਵਿੱਚ ਇੱਕ ਹੋਰ ਬਹੁਤ ਮਹੱਤਵਪੂਰਨ ਪੱਖ ਹੈ, ਜਿਸ ਵੱਲ ਸਾਡਾ ਧਿਆਨ ਘੱਟ ਜਾਂਦਾ ਹੈ।
ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਸਨ, ਤਾਂ ਸਿੱਖ ਸੰਗਤ ਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਅਤੇ ਪਿਆਰ ਦਾ ਪ੍ਰਗਟਾਵਾ ਵੱਖ-ਵੱਖ ਤਰੀਕਿਆਂ ਨਾਲ ਹੁੰਦਾ ਸੀ। ਬਾਬਾ ਬੁੱਢਾ ਜੀ ਨਾਲ ਜੋੜੀ ਜਾਂਦੀ ਸ਼ਬਦ-ਚੌਂਕੀ ਦੀ ਪਰੰਪਰਾ ਵੀ ਇਸ ਸਬੰਧ ਵਿੱਚ ਯਾਦ ਕਰਨਯੋਗ ਹੈ।
ਸੰਗਤਾਂ ਗੁਰੂ ਸਾਹਿਬ ਦੀ ਯਾਦ ਵਿੱਚ ਰਾਤ ਸਮੇਂ ਸ਼ਬਦ ਗਾਉਂਦੀਆਂ ਹੋਈਆਂ ਕਿਲ੍ਹੇ ਦੀ ਪਰਿਕਰਮਾ ਕਰਦੀਆਂ ਸਨ। ਮਸ਼ਾਲਾਂ ਦੀ ਰੌਸ਼ਨੀ ਵਿੱਚ ਸ਼ਬਦ-ਕੀਰਤਨ ਕਰਨਾ ਅਤੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨਾ ਉਸ ਸਮੇਂ ਦੀਆਂ ਹਾਲਤਾਂ ਵਿੱਚ ਕੋਈ ਸਾਧਾਰਨ ਗੱਲ ਨਹੀਂ ਸੀ।
ਇਸ ਨੂੰ ਸਿਰਫ਼ ਧਾਰਮਿਕ ਸ਼ਰਧਾ ਤੱਕ ਸੀਮਤ ਕਰਕੇ ਨਹੀਂ ਦੇਖਣਾ ਚਾਹੀਦਾ। ਮੁਗ਼ਲ ਹਕੂਮਤ ਦੀ ਨਜ਼ਰਬੰਦੀ ਦੇ ਬਾਵਜੂਦ ਗੁਰੂ ਸਾਹਿਬ ਨਾਲ ਆਪਣਾ ਰਿਸ਼ਤਾ ਕਾਇਮ ਰੱਖਣਾ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਸਿੱਖਾਂ ਦੇ ਹੌਸਲੇ, ਏਕਤਾ ਅਤੇ ਦ੍ਰਿੜ੍ਹ ਵਿਸ਼ਵਾਸ ਦਾ ਪ੍ਰਤੀਕ ਸੀ।
ਇਹ ਸਿੱਖ ਇਤਿਹਾਸ ਦਾ ਉਹ ਪੱਖ ਹੈ ਜਿਸ ਦਾ ਪ੍ਰਚਾਰ ਨਵੀਂ ਪੀੜ੍ਹੀ ਤੱਕ ਹੋਣਾ ਚਾਹੀਦਾ ਹੈ।

ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਰਿਹਾਅ ਕਰਵਾਏ ਰਾਜੇ ਦਾ ਪੋਤਾ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਰੋਧੀ ਬਣ ਗਿਆ 

ਗਵਾਲੀਅਰ ਦੇ ਕਿਲ੍ਹੇ ਵਿੱਚੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਿਨ੍ਹਾਂ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ, ਉਨ੍ਹਾਂ ਵਿੱਚ ਕਹਿਲੂਰ (ਬਿਲਾਸਪੁਰ) ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਰਾਜਾ ਤਾਰਾ ਚੰਦ ਦਾ ਵੀ ਜ਼ਿਕਰ ਇਤਿਹਾਸਕ ਬਿਰਤਾਂਤਾਂ ਵਿੱਚ ਮਿਲਦਾ ਹੈ। ਇਸੇ ਰਾਜਾ ਤਾਰਾ ਚੰਦ ਦਾ ਪੁੱਤਰ ਰਾਜਾ ਦੀਪ ਚੰਦ ਅਤੇ ਪੋਤਾ ਰਾਜਾ ਭੀਮ ਚੰਦ ਸੀ।
ਇਤਿਹਾਸ ਦੀ ਵਿਡੰਬਨਾ ਵੇਖੋ ਕਿ ਜਿਸ ਗੁਰੂ ਘਰ ਦੀ ਕਿਰਪਾ ਸਦਕਾ ਇਸ ਸ਼ਾਹੀ ਪਰਿਵਾਰ ਦੀ ਇੱਕ ਪੀੜ੍ਹੀ ਨੂੰ ਰਿਹਾਈ ਅਤੇ ਜੀਵਨ ਦਾ ਨਵਾਂ ਮੌਕਾ ਮਿਿਲਆ ਸੀ, ਉਸੇ ਪਰਿਵਾਰ ਦੀ ਅਗਲੀ ਪੀੜ੍ਹੀ ਵਿੱਚ ਰਾਜਾ ਭੀਮ ਚੰਦ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਵੈਰ ਵਿਰੋਧ ਦਾ ਰਾਹ ਅਖ਼ਤਿਆਰ ਕਰ ਲਿਆ।
ਇਤਿਹਾਸਕ ਹਵਾਲਿਆਂ ਅਨੁਸਾਰ, ਰਾਜਾ ਭੀਮ ਚੰਦ ਨੇ ਗੁਰੂ ਸਾਹਿਬ ਜੀ ਤੋਂ ਹਾਥੀ ਪ੍ਰਸਾਦੀ ਅਤੇ ਹੋਰ ਕੀਮਤੀ ਵਸਤਾਂ ਦੀ ਮੰਗ ਕੀਤੀ। ਜਦੋਂ ਗੁਰੂ ਸਾਹਿਬ ਨੇ ਸਿੱਖ ਸੰਗਤ ਦੀਆਂ ਭੇਟਾਵਾਂ ਨੂੰ ਦੇਣ ਤੋਂ ਇਨਕਾਰ ਕੀਤਾ ਤਾਂ ਦੋਵਾਂ ਵਿਚਕਾਰ ਟਕਰਾਅ ਪੈਦਾ ਹੋ ਗਿਆ। ਸੰਨ 1682 ਵਿੱਚ ਭੀਮ ਚੰਦ ਨੇ ਗੁਰੂ ਸਾਹਿਬ ਵਿਰੁੱਧ ਹਮਲਾ ਕੀਤਾ, ਜਿਸ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਵੀ ਉਸ ਨੇ ਸਿੱਖਾਂ ਵਿਰੁੱਧ ਹਮਲਿਆਂ ਅਤੇ ਪਹਾੜੀ ਰਾਜਿਆਂ ਦੇ ਗੱਠਜੋੜ ਵਿੱਚ ਅਹਿਮ ਭੂਮਿਕਾ ਨਿਭਾਈ।
ਇਹ ਪ੍ਰਸੰਗ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਸਵਾਲ ਖੜ੍ਹਾ ਕਰਦਾ ਹੈ ਕਿ ਜਿਸ ਗੁਰੂ ਸਾਹਿਬ ਨੇ ਤੁਹਾਡੇ ਪੁਰਖਿਆਂ ਨੂੰ ਬੰਦੀਖਾਨੇ ਵਿੱਚੋਂ ਆਜ਼ਾਦ ਕਰਵਾਇਆ, ਉਸੇ ਗੁਰੂ ਘਰ ਦੇ ਵਿਰੁੱਧ ਤੁਹਾਡੀ ਅਗਲੀ ਪੀੜ੍ਹੀ ਕਿਵੇਂ ਖੜ੍ਹੀ ਹੋ ਗਈ? ਇਤਿਹਾਸ ਦੇ ਇਸ ਪ੍ਰਸੰਗ ਨੂੰ ਅਕ੍ਰਿਤਘਣਤਾ ਦੀ ਇੱਕ ਵੱਡੀ ਮਿਸਾਲ ਵਜੋਂ ਦੇਖਿਆ ਜਾ ਸਕਦਾ ਹੈ।

ਚੰਦੂ ਦਾ ਪ੍ਰਸੰਗ ਅਤੇ ਗੁਰੂ ਸਾਹਿਬ ਦਾ ਇਨਸਾਫ਼ 

ਇਸ ਇਤਿਹਾਸ ਨਾਲ ਜੁੜਿਆ ਇੱਕ ਹੋਰ ਮਹੱਤਵਪੂਰਨ ਪ੍ਰਸੰਗ ਚੰਦੂ ਦਾ ਹੈ। ਚੰਦੂ ਵੱਲੋਂ ਗੁਰੂ ਅਰਜਨ ਦੇਵ ਜੀ ਨਾਲ ਕੀਤੀ ਗਈ ਦੁਸ਼ਮਣੀ ਅਤੇ ਜ਼ੁਲਮ ਬਾਰੇ ਇਤਿਹਾਸ ਵਿੱਚ ਕਈ ਹਵਾਲੇ ਮਿਲਦੇ ਹਨ। ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਵੀ ਉਸ ਦੀ ਦੁਸ਼ਮਣੀ ਖ਼ਤਮ ਨਹੀਂ ਹੋਈ ਸੀ।
ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਸਨ ਤਾਂ ਚੰਦੂ ਨਹੀਂ ਚਾਹੁੰਦਾ ਸੀ ਕਿ ਗੁਰੂ ਸਾਹਿਬ ਕਦੇ ਵੀ ਉਸ ਕੈਦ ਵਿੱਚੋਂ ਬਾਹਰ ਆਉਣ। ਇਸੇ ਮਕਸਦ ਨਾਲ ਉਸ ਨੇ ਗੁਰੂ ਸਾਹਿਬ ਨੂੰ ਮਾਰਨ ਦੀ ਇੱਕ ਹੋਰ ਖ਼ਤਰਨਾਕ ਸਾਜ਼ਿਸ਼ ਰਚੀ।
ਚੰਦੂ ਨੇ ਗਵਾਲੀਅਰ ਦੇ ਕਿਲ੍ਹੇ ਦੇ ਦਰੋਗੇ ਹਰੀਦਾਸ (ਕੁਝ ਇਤਿਹਾਸਕ ਬਿਰਤਾਂਤਾਂ ਵਿੱਚ ਹਰਦਾਸ) ਨੂੰ ਇੱਕ ਚਿੱਠੀ ਲਿਖੀ। ਉਸ ਚਿੱਠੀ ਵਿੱਚ ਉਸ ਨੇ ਗੁਰੂ ਸਾਹਿਬ ਨੂੰ ਜਾਨੋਂ ਮਾਰਨ ਦੀ ਯੋਜਨਾ ਦੱਸੀ ਅਤੇ ਇਸ ਕੰਮ ਬਦਲੇ ਦਰੋਗੇ ਨੂੰ ਅਹੁਦੇ, ਜਾਗੀਰਾਂ ਅਤੇ ਧਨ-ਦੌਲਤ ਦੇ ਲਾਲਚ ਵੀ ਦਿੱਤੇ।
ਚੰਦੂ ਨੇ ਇੱਕ ਬਹੁਤ ਹੀ ਸੁੰਦਰ ਅਤੇ ਕੀਮਤੀ ਪੋਸ਼ਾਕ (ਚੋਲਾ) ਤਿਆਰ ਕਰਵਾਈ, ਜਿਸ ਉੱਤੇ ਅਜਿਹਾ ਜ਼ਹਿਰ ਲਾਇਆ ਗਿਆ ਸੀ ਕਿ ਉਸ ਨੂੰ ਪਹਿਨਣ ਵਾਲੇ ਦੀ ਜਾਨ ਚਲੀ ਜਾਵੇ। ਉਸ ਨੇ ਆਪਣਾ ਇੱਕ ਖ਼ਾਸ ਆਦਮੀ ਇਹ ਜ਼ਹਿਰੀਲਾ ਚੋਲਾ ਅਤੇ ਚਿੱਠੀ ਦੇ ਕੇ ਗਵਾਲੀਅਰ ਭੇਜਿਆ। ਪਰ ਚੰਦੂ ਨੂੰ ਇਹ ਪਤਾ ਨਹੀਂ ਸੀ ਕਿ ਗਵਾਲੀਅਰ ਦੇ ਕਿਲ੍ਹੇ ਦਾ ਦਰੋਗਾ ਹਰੀਦਾਸ ਗੁਰੂ ਸਾਹਿਬ ਦਾ ਸ਼ਰਧਾਲੂ ਸੀ। ਉਸ ਦੇ ਮਨ ਵਿੱਚ ਗੁਰੂ ਸਾਹਿਬ ਪ੍ਰਤੀ ਅਥਾਹ ਸਤਿਕਾਰ ਅਤੇ ਸ਼ਰਧਾ ਸੀ।
ਜਦੋਂ ਹਰੀਦਾਸ ਦੇ ਹੱਥ ਚੰਦੂ ਦੀ ਚਿੱਠੀ ਅਤੇ ਜ਼ਹਿਰੀਲੀ ਪੋਸ਼ਾਕ ਪਹੁੰਚੀ ਤਾਂ ਉਸ ਨੇ ਚੰਦੂ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੀ ਬਜਾਏ ਸਾਰੀ ਗੱਲ ਗੁਰੂ ਸਾਹਿਬ ਦੇ ਧਿਆਨ ਵਿੱਚ ਲਿਆਉਣ ਦਾ ਫ਼ੈਸਲਾ ਕੀਤਾ। ਉਹ ਤੁਰੰਤ ਗੁਰੂ ਸਾਹਿਬ ਕੋਲ ਪਹੁੰਚਿਆ ਅਤੇ ਚੰਦੂ ਵੱਲੋਂ ਭੇਜੀ ਗਈ ਚਿੱਠੀ ਉਨ੍ਹਾਂ ਦੇ ਸਾਹਮਣੇ ਰੱਖ ਦਿੱਤੀ। ਉਸ ਨੇ ਚਿੱਠੀ ਦੀ ਸਾਰੀ ਇਬਾਰਤ ਗੁਰੂ ਸਾਹਿਬ ਨੂੰ ਪੜ੍ਹ ਕੇ ਸੁਣਾਈ ਅਤੇ ਦੱਸਿਆ ਕਿ ਚੰਦੂ ਕਿਸ ਤਰ੍ਹਾਂ ਧੋਖੇ ਨਾਲ ਉਨ੍ਹਾਂ ਦੀ ਜਾਨ ਲੈਣ ਦੀ ਯੋਜਨਾ ਬਣਾ ਰਿਹਾ ਹੈ। ਗੁਰੂ ਸਾਹਿਬ ਨੇ ਚੰਦੂ ਦੀ ਇਸ ਦੁਸ਼ਟ ਸਾਜ਼ਿਸ਼ ਬਾਰੇ ਬਚਨ ਕੀਤੇ ਕਿ ਇਹ ਦੁਸ਼ਟ ਆਪਣੇ ਕੀਤੇ ਕਰਮਾਂ ਦਾ ਫਲ਼ ਭੋਗੇਗਾ।
ਓਧਰ ਚੰਦੂ ਦਾ ਭੇਜਿਆ ਹੋਇਆ ਆਦਮੀ ਜਦੋਂ ਗੁਰੂ ਸਾਹਿਬ ਨੂੰ ਚੋਲਾ ਪਹਿਨਾਉਣ ਦੀ ਮਨਸ਼ਾ ਨਾਲ ਪਹੁੰਚਿਆ ਤਾਂ ਹਰੀਦਾਸ ਨੇ ਉਸ ਦੀ ਚਾਲ ਸਫ਼ਲ ਨਾ ਹੋਣ ਦਿੱਤੀ। ਇਸ ਤਰ੍ਹਾਂ ਚੰਦੂ ਦੀ ਸਾਰੀ ਯੋਜਨਾ ਨਾਕਾਮ ਹੋ ਗਈ।
ਚੰਦੂ ਨੂੰ ਜਦੋਂ ਆਪਣੇ ਮਨਸੂਬੇ ਦੀ ਅਸਫ਼ਲਤਾ ਦਾ ਪਤਾ ਲੱਗਾ ਤਾਂ ਉਸ ਨੂੰ ਬਹੁਤ ਨਿਰਾਸ਼ਾ ਹੋਈ। ਜਿਸ ਵਿਅਕਤੀ ਨੂੰ ਉਹ ਆਪਣੀ ਸਾਜ਼ਿਸ਼ ਦਾ ਹਿੱਸਾ ਬਣਾਉਣਾ ਚਾਹੁੰਦਾ ਸੀ, ਉਸੇ ਨੇ ਉਸ ਦੀ ਪੋਲ ਗੁਰੂ ਸਾਹਿਬ ਸਾਹਮਣੇ ਖੋਲ੍ਹ ਦਿੱਤੀ ਸੀ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਗੁਰੂ ਸਾਹਿਬ ਨੇ ਚੰਦੂ ਨੂੰ ਉਸ ਦੇ ਕੀਤੇ ਦਾ ਜਵਾਬ ਦੇਣ ਲਈ ਜਹਾਂਗੀਰ ਦੇ ਸਾਹਮਣੇ ਰੱਖੇ ਸਬੂਤਾਂ ਦਾ ਹਵਾਲਾ ਦਿੱਤਾ। ਬਾਅਦ ਵਿੱਚ ਜਹਾਂਗੀਰ ਵੱਲੋਂ ਚੰਦੂ ਨੂੰ ਗੁਰੂ ਸਾਹਿਬ ਦੇ ਹਵਾਲੇ ਕੀਤੇ ਜਾਣ ਦਾ ਪ੍ਰਸੰਗ ਵੀ ਇਤਿਹਾਸਕ ਬਿਰਤਾਂਤਾਂ ਵਿੱਚ ਆਉਂਦਾ ਹੈ।
ਇਸ ਪ੍ਰਸੰਗ ਦਾ ਜ਼ਿਕਰ ਕਰਨ ਦਾ ਮਕਸਦ ਇਹ ਹੈ ਕਿ ਸਿੱਖ ਇਤਿਹਾਸ ਦੇ ਹਰ ਪੱਖ ਨੂੰ ਸਮਝਿਆ ਜਾਵੇ। ਸਾਨੂੰ ਇਤਿਹਾਸ ਨੂੰ ਕਿਸੇ ਦੀ ਪਸੰਦ ਜਾਂ ਨਾਪਸੰਦ ਅਨੁਸਾਰ ਨਹੀਂ, ਸਗੋਂ ਇਤਿਹਾਸਕ ਹਵਾਲਿਆਂ ਅਤੇ ਤੱਥਾਂ ਦੇ ਆਧਾਰ ’ਤੇ ਪੇਸ਼ ਕਰਨਾ ਚਾਹੀਦਾ ਹੈ।

ਦੀਵਾਲੀ ਅਤੇ ਬੰਦੀ ਛੋੜ ਦਿਵਸ ਦਾ ਸਿੱਖ ਇਤਿਹਾਸ ਨਾਲ ਸਬੰਧ 

ਹੁਣ ਮੈਂ ਆਪਣੇ ਮੁੱਖ ਵਿਸ਼ੇ ਵੱਲ ਆਉਂਦਾ ਹਾਂ। ਸਵਾਲ ਇਹ ਹੈ ਕਿ ਦੀਵਾਲੀ ਨਾਲ ਸਿੱਖਾਂ ਦਾ ਸਬੰਧ ਕੀ ਹੈ ਅਤੇ ਬੰਦੀ ਛੋੜ ਦਿਵਸ ਦਾ ਆਪਣਾ ਵੱਖਰਾ ਮਹੱਤਵ ਕੀ ਹੈ?
ਸਿੱਖ ਇਤਿਹਾਸ ਵਿੱਚ ਵਿਸਾਖੀ ਅਤੇ ਦੀਵਾਲੀ ਵਰਗੇ ਮੌਕਿਆਂ ਦਾ ਇੱਕ ਖ਼ਾਸ ਸੰਗਠਨਾਤਮਕ ਮਹੱਤਵ ਵੀ ਰਿਹਾ ਹੈ। ਜਦੋਂ ਸਿੱਖਾਂ ਨੂੰ ਹਕੂਮਤੀ ਜ਼ੁਲਮ ਕਾਰਨ ਜੰਗਲਾਂ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿਣਾ ਪੈਂਦਾ ਸੀ, ਓਦੋਂ ਸਾਰੀਆਂ ਸੰਗਤਾਂ ਦਾ ਆਪਸ ਵਿੱਚ ਸੰਪਰਕ ਬਣਾਈ ਰੱਖਣਾ ਬਹੁਤ ਔਖਾ ਸੀ। ਉਸ ਸਮੇਂ ਵਿਸਾਖੀ ਅਤੇ ਦੀਵਾਲੀ ਦੇ ਮੌਕੇ ਸਿੱਖ ਸੰਗਤਾਂ ਦੇ ਇਕੱਠੇ ਹੋਣ ਦੇ ਮਹੱਤਵਪੂਰਨ ਮੌਕੇ ਬਣ ਗਏ। ਸੰਗਤਾਂ ਅੰਮ੍ਰਿਤਸਰ ਪਹੁੰਚਦੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਠੀਆਂ ਹੁੰਦੀਆਂ, ਕੀਰਤਨ ਕਰਦੀਆਂ ਅਤੇ ਪੰਥ ਦੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕਰਦੀਆਂ ਸਨ। ਸਰਬੱਤ ਖ਼ਾਲਸਾ ਦੇ ਇਕੱਠ ਅਤੇ ਗੁਰਮਤੇ ਰਾਹੀਂ ਪੰਥਕ ਫ਼ੈਸਲੇ ਕਰਨ ਦੀ ਪਰੰਪਰਾ ਵੀ ਇਸੇ ਇਤਿਹਾਸਕ ਪਿਛੋਕੜ ਵਿੱਚ ਵਿਕਸਿਤ ਹੋਈ।
ਇਸ ਤਰ੍ਹਾਂ ਦੀਵਾਲੀ ਦਾ ਸਿੱਖਾਂ ਨਾਲ ਸਬੰਧ ਸਿਰਫ਼ ਦੀਵੇ ਜਗਾਉਣ ਜਾਂ ਕਿਸੇ ਹੋਰ ਧਾਰਮਿਕ ਰਸਮ ਨਾਲ ਨਹੀਂ ਸੀ, ਸਗੋਂ ਸਿੱਖਾਂ ਦੇ ਇਕੱਠ, ਪੰਥਕ ਵਿਚਾਰ-ਵਟਾਂਦਰੇ ਅਤੇ ਸਾਂਝੇ ਫ਼ੈਸਲਿਆਂ ਨਾਲ ਵੀ ਜੁੜਿਆ ਹੋਇਆ ਸੀ।

ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਅਤੇ ਦੀਵਾਲੀ ਦਾ ਇਤਿਹਾਸ 

ਇਸ ਸਬੰਧ ਵਿੱਚ ਭਾਈ ਮਨੀ ਸਿੰਘ ਜੀ ਦਾ ਪ੍ਰਸੰਗ ਬਹੁਤ ਮਹੱਤਵਪੂਰਨ ਹੈ। ਜਦੋਂ ਸਿੱਖਾਂ ਉੱਤੇ ਹਕੂਮਤੀ ਜ਼ੁਲਮ ਵਧਿਆ ਹੋਇਆ ਸੀ ਅਤੇ ਉਨ੍ਹਾਂ ਦੇ ਇਕੱਠੇ ਹੋਣ ਉੱਤੇ ਪਬੰਦੀਆਂ ਸਨ ਤਾਂ ਭਾਈ ਮਨੀ ਸਿੰਘ ਜੀ ਨੇ ਦੀਵਾਲੀ ਦੇ ਮੌਕੇ ਸਿੱਖਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਕਰਨ ਦੀ ਯੋਜਨਾ ਬਣਾਈ।

ਉਨ੍ਹਾਂ ਦਾ ਮਕਸਦ ਸਿਰਫ਼ ਕੋਈ ਮੇਲਾ ਲਗਾਉਣਾ ਨਹੀਂ ਸੀ, ਉਹ ਚਾਹੁੰਦੇ ਸਨ ਕਿ ਜੰਗਲਾਂ ਅਤੇ ਹੋਰ ਥਾਵਾਂ ’ਤੇ ਰਹਿ ਰਹੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋਣ, ਆਪਸ ਵਿੱਚ ਵਿਚਾਰ ਕਰਨ ਅਤੇ ਪੰਥ ਦੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਨ। ਪਰ ਹਕੂਮਤ ਦੀ ਨੀਅਤ ਸਾਫ਼ ਨਹੀਂ ਸੀ। 

ਇਤਿਹਾਸਕ ਸਰੋਤਾਂ ਅਨੁਸਾਰ, ਉਸ ਸਮੇਂ ਲਖਪਤ ਰਾਏ, ਜ਼ਕਰੀਆ ਖ਼ਾਂ ਦਾ ਦੀਵਾਨ ਸੀ। ਉਸ ਨੇ ਜ਼ਕਰੀਆ ਖ਼ਾਂ ਨੂੰ ਸਲਾਹ ਦਿੱਤੀ ਕਿ ਸਿੱਖਾਂ ਨੂੰ ਦੀਵਾਲੀ ਦੇ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੇਲਾ ਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਜਾਵੇ। ਜਦੋਂ ਜੰਗਲਾਂ ਅਤੇ ਹੋਰ ਥਾਵਾਂ ’ਤੇ ਖਿੰਡੇ ਹੋਏ ਸਿੱਖ ਇਸ ਮੌਕੇ ਇਕੱਠੇ ਹੋ ਜਾਣਗੇ ਤਾਂ ਉਨ੍ਹਾਂ ਨੂੰ ਘੇਰਾ ਪਾ ਕੇ ਇੱਕੋ ਹੱਲੇ ਵਿੱਚ ਖ਼ਤਮ ਕੀਤਾ ਜਾ ਸਕੇਗਾ।

ਜ਼ਕਰੀਆ ਖ਼ਾਂ ਨੇ ਇਸ ਸਲਾਹ ਉੱਤੇ ਅਮਲ ਕਰਦਿਆਂ ਦੀਵਾਲੀ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਲੇ-ਦੁਆਲੇ ਫ਼ੌਜ ਤਾਇਨਾਤ ਕਰ ਦਿੱਤੀ ਅਤੇ ਸ਼ਹਿਰ ਨੂੰ ਘੇਰੇ ਵਿੱਚ ਲੈ ਲਿਆ। ਦੂਜੇ ਪਾਸੇ ਭਾਈ ਮਨੀ ਸਿੰਘ ਜੀ ਨੇ ਜਦੋਂ ਵੇਖਿਆ ਕਿ ਦੀਵਾਲੀ ’ਤੇ ਸਿੱਖਾਂ ਦੇ ਇਕੱਠ ਦੀ ਪ੍ਰਵਾਨਗੀ ਦੇਣ ਦੇ ਬਾਵਜੂਦ ਇੰਨੀ ਵੱਡੀ ਗਿਣਤੀ ਵਿੱਚ ਮੁਗ਼ਲ ਫ਼ੌਜ ਕਿਉਂ ਇਕੱਠੀ ਕੀਤੀ ਜਾ ਰਹੀ ਹੈ, ਤਾਂ ਉਨ੍ਹਾਂ ਨੂੰ ਹਕੂਮਤ ਦੀ ਨੀਅਤ ’ਤੇ ਸ਼ੱਕ ਹੋਣ ਲੱਗਾ ਕਿ ਸਰਕਾਰ ਦੀ ਮਨਸ਼ਾ ਸਿੱਖਾਂ ਨੂੰ ਇਕੱਠਿਆਂ ਕਰ ਕੇ ਕਤਲੇਆਮ ਕਰਨ ਦੀ ਹੈ, ਤਾਂ ਭਾਈ ਮਨੀ ਸਿੰਘ ਜੀ ਨੇ ਤੁਰੰਤ ਸਿੱਖ ਸੰਗਤਾਂ ਨੂੰ ਸੁਨੇਹੇ ਭੇਜ ਕੇ ਅੰਮ੍ਰਿਤਸਰ ਨਾ ਪਹੁੰਚਣ ਦੀ ਸੂਚਨਾ ਦੇ ਦਿੱਤੀ। ਜਿਨ੍ਹਾਂ ਸਿੱਖਾਂ ਤੱਕ ਇਹ ਸੁਨੇਹੇ ਸਮੇਂ ਸਿਰ ਪਹੁੰਚ ਗਏ, ਉਹ ਅੰਮ੍ਰਿਤਸਰ ਨਹੀਂ ਆਏ। ਪਰ ਜਿਨ੍ਹਾਂ ਤੱਕ ਇਹ ਸੁਨੇਹੇ ਨਹੀਂ ਪਹੁੰਚ ਸਕੇ, ਉਹ ਦੀਵਾਲੀ ਮਨਾਉਣ ਅਤੇ ਪੰਥਕ ਇਕੱਠ ਵਿੱਚ ਸ਼ਾਮਲ ਹੋਣ ਦੀ ਆਸ ਨਾਲ ਅੰਮ੍ਰਿਤਸਰ ਪਹੁੰਚ ਗਏ। ਓਥੇ ਉਨ੍ਹਾਂ ਨੂੰ ਮੁਗ਼ਲ ਫ਼ੌਜ ਦੇ ਹਮਲੇ ਦਾ ਸਾਹਮਣਾ ਕਰਨਾ ਪਿਆ ਅਤੇ ਅਨੇਕਾਂ ਸਿੱਖ ਸ਼ਹੀਦ ਹੋ ਗਏ। ਭਾਈ ਮਨੀ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਭਾਈ ਮਨੀ ਸਿੰਘ ਜੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਕੋਲੋਂ ਜੁਰਮਾਨੇ/ਟੈਕਸ ਦੀ ਰਕਮ ਮੰਗੀ ਗਈ। ਸਿੱਖਾਂ ਵੱਲੋਂ ਰਕਮ ਦੇਣ ਦੀ ਪੇਸ਼ਕਸ਼ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਦਾ ਸਿਧਾਂਤਕ ਪੱਖ ਅਡੋਲ ਰਿਹਾ। ਉਨ੍ਹਾਂ ਨੇ ਹਕੂਮਤ ਅੱਗੇ ਝੁਕਣ ਦੀ ਬਜਾਏ ਸ਼ਹਾਦਤ ਨੂੰ ਪ੍ਰਵਾਨ ਕੀਤਾ। ਅੰਤ ਵਿੱਚ ਉਨ੍ਹਾਂ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ।
ਇਹ ਸ਼ਹਾਦਤ ਸਿੱਖ ਇਤਿਹਾਸ ਦਾ ਅਮਿੱਟ ਅਧਿਆਇ ਹੈ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਿੱਖਾਂ ਲਈ ਦੀਵਾਲੀ ਦਾ ਮੌਕਾ ਕਿਵੇਂ ਪੰਥਕ ਇਕੱਠ, ਸੰਗਠਨ ਅਤੇ ਸੰਘਰਸ਼ ਨਾਲ ਜੁੜ ਗਿਆ ਸੀ।
ਇਸ ਲਈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਦੀਵਾਲੀ ਨਾਲ ਸਿੱਖਾਂ ਦਾ ਇੱਕ ਇਤਿਹਾਸਕ ਸਬੰਧ ਜ਼ਰੂਰ ਹੈ, ਪਰ ਇਸ ਦਾ ਅਰਥ ਇਹ ਨਹੀਂ ਕਿ ਬੰਦੀ ਛੋੜ ਦਿਵਸ ਦੀ ਵੱਖਰੀ ਇਤਿਹਾਸਕ ਪਛਾਣ ਨੂੰ ਉਸ ਵਿੱਚ ਸਮੇਟ ਦਿੱਤਾ ਜਾਵੇ।

ਬੰਦੀ ਛੋੜ ਦਿਵਸ ਦੀ ਵੱਖਰੀ ਪਛਾਣ ਕਿਉਂ ਜ਼ਰੂਰੀ ਹੈ 

ਮੇਰਾ ਸਪੱਸ਼ਟ ਵਿਚਾਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਵਿਸ਼ੇ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਦੀਵਾਲੀ ਆਪਣੀ ਥਾਂ ਇੱਕ ਤਿਉਹਾਰ ਹੈ। ਅਸੀਂ ਇਸ ਮੌਕੇ ਆਪਣੇ ਗੁਆਂਢੀਆਂ, ਦੋਸਤਾਂ ਅਤੇ ਹੋਰ ਭਾਈਚਾਰਿਆਂ ਨੂੰ ਵਧਾਈ ਦੇ ਸਕਦੇ ਹਾਂ, ਪਰ ਬੰਦੀ ਛੋੜ ਦਿਵਸ ਦਾ ਇਤਿਹਾਸਕ ਮਹੱਤਵ ਵੱਖਰਾ ਹੈ।ਸਾਨੂੰ ਬੰਦੀ ਛੋੜ ਦਿਵਸ ਨੂੰ ਸਿੱਖ ਇਤਿਹਾਸ ਦੇ ਇੱਕ ਸੁਤੰਤਰ ਅਤੇ ਵਿਸ਼ੇਸ਼ ਦਿਹਾੜੇ ਵਜੋਂ ਮਨਾਉਣ ਲਈ ਉਪਰਾਲਾ ਕਰਨਾ ਚਾਹੀਦਾ ਹੈ। ਇਸ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ, ਉਨ੍ਹਾਂ ਵੱਲੋਂ ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾਉਣ ਦੀ ਪਰੰਪਰਾ ਅਤੇ ਗੁਰੂ ਸਾਹਿਬ ਦੀ ਮਿਹਰ ਤੇ ਨਿਆਂ ਦੀ ਭਾਵਨਾ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਸਾਡੇ ਬੱਚਿਆਂ ਅਤੇ ਨੌਜਵਾਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਬੰਦੀ ਛੋੜ ਦਿਵਸ ਕਿਉਂ ਮਨਾਇਆ ਜਾਂਦਾ ਹੈ, ਗੁਰੂ ਸਾਹਿਬ ਨੂੰ ਬੰਦੀ ਕਿਉਂ ਬਣਾਇਆ ਗਿਆ ਸੀ ਅਤੇ ਉਨ੍ਹਾਂ ਦੀ ਰਿਹਾਈ ਦਾ ਸਿੱਖ ਇਤਿਹਾਸ ਵਿੱਚ ਕੀ ਮਹੱਤਵ ਹੈ।
ਜਦੋਂ ਅਸੀਂ ਆਪਣੇ ਇਤਿਹਾਸ ਨੂੰ ਕਿਸੇ ਹੋਰ ਤਿਉਹਾਰ ਦੇ ਨਾਲ ਮਿਲਾ ਕੇ ਪੇਸ਼ ਕਰਦੇ ਹਾਂ ਤਾਂ ਹੌਲੀ-ਹੌਲੀ ਸਾਡੀ ਨਵੀਂ ਪੀੜ੍ਹੀ ਆਪਣੇ ਇਤਿਹਾਸ ਦੀ ਅਸਲ ਪਛਾਣ ਤੋਂ ਦੂਰ ਹੋਣ ਲੱਗਦੀ ਹੈ। ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ।

ਗਵਾਲੀਅਰ ਦੇ ਕਿਲ੍ਹੇ ਦੀ ਇਤਿਹਾਸਕ ਯਾਦ ਅਤੇ ਸਾਡੀ ਜ਼ਿੰਮੇਵਾਰੀ 

ਅਖੀਰ ਵਿੱਚ ਮੈਂ ਗਵਾਲੀਅਰ ਦੇ ਕਿਲ੍ਹੇ ਬਾਰੇ ਆਪਣੇ ਨਿੱਜੀ ਤਜਰਬੇ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਮੈਂ ਸੰਨ 1989 ਦੇ ਆਸ-ਪਾਸ ਗਵਾਲੀਅਰ ਦੇ ਕਿਲ੍ਹੇ ਵਿਖੇ ਜਾਣ ਦਾ ਸੁਭਾਗ ਪ੍ਰਾਪਤ ਕੀਤਾ ਸੀ। ਇਹ ਬਹੁਤ ਉੱਚੀ ਥਾਂ ’ਤੇ ਸਥਿਤ ਹੈ। ਓਥੇ ਪਹੁੰਚਣਾ ਵੀ ਆਪਣੇ ਆਪ ਵਿੱਚ ਇੱਕ ਵੱਖਰਾ ਤਜ਼ਰਬਾ ਹੈ। ਕਿਲ੍ਹੇ ਦੇ ਅੰਦਰ ਗੁਰਦੁਆਰਾ ਸਾਹਿਬ ਅਤੇ ਸਰਾਂ ਬਣੀ ਹੋਈ ਹੈ, ਜਿੱਥੇ ਸੰਗਤਾਂ ਗੁਰੂ ਸਾਹਿਬ ਦੀ ਯਾਦ ਵਿੱਚ ਨਤਮਸਤਕ ਹੁੰਦੀਆਂ ਹਨ।ਉੱਥੇ ਜਾ ਕੇ ਮੈਨੂੰ ਦੋ ਗੱਲਾਂ ਖ਼ਾਸ ਤੌਰ ’ਤੇ ਯਾਦ ਰਹੀਆਂ। ਪਹਿਲੀ ਗੱਲ, ਓਥੇ ਸਥਾਪਤ ਨਿਸ਼ਾਨ ਸਾਹਿਬ ਬਹੁਤ ਉੱਚਾ ਹੈ। ਦੂਰੋਂ ਹੀ ਇਸ ਦੇ ਦਰਸ਼ਨ ਹੋ ਜਾਂਦੇ ਹਨ ਅਤੇ ਇਹ ਗੁਰੂ ਸਾਹਿਬ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ ਹੈ।

ਦੂਜੀ ਗੱਲ, ਗਵਾਲੀਅਰ ਦੇ ਕਿਲ੍ਹੇ ਨਾਲ ਸਬੰਧਤ ਕੁਝ ਇਤਿਹਾਸਕ ਥਾਵਾਂ ਅਤੇ ਨਿਸ਼ਾਨੀਆਂ ਬਾਰੇ ਸਾਡੀ ਜਾਣਕਾਰੀ ਅਜੇ ਵੀ ਅਧੂਰੀ ਹੈ।ਇਹ ਕਿੰਨੀ ਦੁਖਦਾਈ ਗੱਲ ਹੈ ਕਿ ਜਿਸ ਗਵਾਲੀਅਰ ਦੇ ਕਿਲ੍ਹੇ ਨਾਲ ਬੰਦੀ ਛੋੜ ਦਾਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਇਤਿਹਾਸ ਜੁੜਿਆ ਹੋਇਆ ਹੈ, ਓਸੇ ਇਲਾਕੇ ਵਿੱਚ ਗੁਰੂ ਸਾਹਿਬ ਨਾਲ ਸਬੰਧਤ ਗੁਰਦੁਆਰਾ ਪੌਵਾ ਸਾਹਿਬ ਨੂੰ ਤਬਾਹ ਕਰ ਕੇ ਕਾਲੀ ਮੰਦਰ ਬਣਾ ਦਿੱਤਾ ਗਿਆ ਹੈ। ਕੀ ਸਾਡੀਆਂ ਸਿੱਖ ਸੰਸਥਾਵਾਂ ਨੇ ਕਦੇ ਇਸ ਇਤਿਹਾਸਕ ਵਿਰਾਸਤ ਦੀ ਪੜਤਾਲ ਅਤੇ ਸੰਭਾਲ ਲਈ ਗੰਭੀਰ ਉਪਰਾਲਾ ਕੀਤਾ ਹੈ?ਇਹ ਸਿਰਫ਼ ਗਵਾਲੀਅਰ ਦੇ ਕਿਲ੍ਹੇ ਦੀ ਗੱਲ ਨਹੀਂ, ਸਗੋਂ ਸਾਡੇ ਸਮੁੱਚੇ ਇਤਿਹਾਸਕ ਵਿਰਸੇ ਦੀ ਗੱਲ ਹੈ।

ਪੰਥਕ ਏਕਤਾ ਅਤੇ ਆਪਣੇ ਇਤਿਹਾਸ ਵੱਲ ਵਾਪਸੀ 

ਅੱਜ ਸਾਡੀ ਸਭ ਤੋਂ ਵੱਡੀ ਲੋੜ ਪੰਥਕ ਏਕਤਾ ਦੀ ਹੈ। ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ ਜਾਂ ਸਿੱਖਾਂ ਦੇ ਧਾਰਮਿਕ ਅਤੇ ਰਾਜਨੀਤਕ ਹੱਕਾਂ ਦੀ ਗੱਲ, ਸਾਨੂੰ ਆਪਣੇ ਮਤਭੇਦ ਪਾਸੇ ਰੱਖ ਕੇ ਇਕੱਠੇ ਹੋਣ ਦੀ ਲੋੜ ਹੈ। ਅਫ਼ਸੋਸ ਦੀ ਗੱਲ ਹੈ ਕਿ ਅੱਜ ਸਿੱਖ ਆਗੂ ਅਤੇ ਜਥੇਬੰਦੀਆਂ ਆਪਸ ਵਿੱਚ ਬੈਠ ਕੇ ਸਾਂਝੇ ਮੁੱਦਿਆਂ ਉੱਤੇ ਇਕਮਤ ਨਹੀਂ ਹੋ ਰਹੇ। ਸਾਡੀ ਸਿਆਸੀ ਅਤੇ ਪੰਥਕ ਤਾਕਤ ਵੱਖ-ਵੱਖ ਧੜਿਆਂ ਵਿੱਚ ਵੰਡੀ ਹੋਈ ਹੈ। ਜਦੋਂ ਅਸੀਂ ਆਪਸ ਵਿੱਚ ਹੀ ਇੱਕ ਮੰਚ ’ਤੇ ਬੈਠਣ ਲਈ ਤਿਆਰ ਨਹੀਂ, ਤਾਂ ਆਪਣੇ ਹੱਕਾਂ ਦੀ ਲੜਾਈ ਨੂੰ ਮਜ਼ਬੂਤੀ ਨਾਲ ਕਿਵੇਂ ਲੜ ਸਕਾਂਗੇ?
ਸਾਨੂੰ ਆਪਣੇ ਗੁਰੂ ਸਾਹਿਬਾਨ ਦੇ ਇਤਿਹਾਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਗੁਰੂ ਸਾਹਿਬਾਨ ਨੇ ਸਾਨੂੰ ਜ਼ੁਲਮ ਅੱਗੇ ਨਾ ਝੁਕਣ, ਸੱਚ ਲਈ ਡਟਣ, ਹੱਕ ਦੀ ਆਵਾਜ਼ ਬੁਲੰਦ ਕਰਨ ਅਤੇ ਸਾਂਝੀ ਤਾਕਤ ਨਾਲ ਸੰਘਰਸ਼ ਕਰਨ ਦਾ ਸੰਦੇਸ਼ ਦਿੱਤਾ ਹੈ। ਅੱਜ ਲੋੜ ਹੈ ਕਿ ਅਸੀਂ ਉਸੇ ਸੋਚ ਅਤੇ ਸਿਧਾਂਤਾਂ ਵੱਲ ਵਾਪਸ ਮੁੜੀਏ।

ਮੇਰੇ ਉਪਰੋਕਤ ਲੇਖ ਦਾ ਭਾਵ ਕਿਸੇ ਦੇ ਤਿਉਹਾਰ ਜਾਂ ਖ਼ੁਸ਼ੀਆਂ ਦਾ ਵਿਰੋਧ ਕਰਨਾ ਨਹੀਂ ਹੈ। ਮੇਰਾ ਮਕਸਦ ਸਿਰਫ਼ ਇਹ ਹੈ ਕਿ ਅਸੀਂ ਦੂਜਿਆਂ ਦੇ ਇਤਿਹਾਸ ਦਾ ਸਤਿਕਾਰ ਕਰਦੇ ਹੋਏ ਆਪਣੇ ਇਤਿਹਾਸ ਦੀ ਵਿਲੱਖਣਤਾ ਨੂੰ ਵੀ ਕਾਇਮ ਰੱਖੀਏ।
ਦੀਵਾਲੀ ਮਨਾਉਣ ਵਾਲਿਆਂ ਨੂੰ ਉਨ੍ਹਾਂ ਦੇ ਤਿਉਹਾਰ ਦੀਆਂ ਮੁਬਾਰਕਾਂ ਹੋਣ। ਪਰ ਬੰਦੀ ਛੋੜ ਦਿਵਸ ਨੂੰ ਉਸ ਦੀ ਆਪਣੀ ਇਤਿਹਾਸਕ ਪਛਾਣ ਅਤੇ ਮਹੱਤਵ ਅਨੁਸਾਰ ਮਨਾਈਏ। ਸਾਡਾ ਇਤਿਹਾਸ ਸਾਡੀ ਪਛਾਣ ਹੈ। ਜੇ ਅਸੀਂ ਆਪ ਹੀ ਆਪਣੇ ਇਤਿਹਾਸ ਦੀ ਮਹੱਤਤਾ ਨੂੰ ਨਹੀਂ ਸਮਝਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਨਾਲ ਕਿਵੇਂ ਜੋੜ ਸਕਾਂਗੇ?
ਆਓ, ਅਸੀਂ ਆਪਣੇ ਇਤਿਹਾਸ ਨੂੰ ਜਾਣੀਏ, ਆਪਣੀ ਵਿਰਾਸਤ ਦੀ ਸੰਭਾਲ ਕਰੀਏ, ਪੰਥਕ ਏਕਤਾ ਨੂੰ ਮਜ਼ਬੂਤ ਕਰੀਏ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਯਤਨ ਕਰੀਏ।

ਅੰਤ ਵਿੱਚ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਸਾਨੂੰ ਆਪਣੇ ਇਤਿਹਾਸ, ਸਿਧਾਂਤਾਂ ਅਤੇ ਵਿਰਸੇ ਨਾਲ ਜੁੜੇ ਰਹਿਣ ਦੀ ਸਮਝ ਅਤੇ ਸ਼ਕਤੀ ਬਖ਼ਸ਼ਣ। ਪੰਥ ਵਿੱਚ ਏਕਤਾ ਪੈਦਾ ਕਰਨ ਅਤੇ ਆਪਣੇ ਹੱਕਾਂ ਲਈ ਚੜ੍ਹਦੀ ਕਲਾ ਵਿੱਚ ਰਹਿ ਕੇ ਸੰਘਰਸ਼ ਕਰਨ ਦਾ ਬਲ ਬਖ਼ਸ਼ਣ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.