ਛੋਟੇ ਛੋਟੇ ਸਵਾਲਾਂ ਦੇ ਵੱਡੇ ਭਰਮਾਂ ਨਾਲ ਜੂਝਦਾ ਸਿੱਖ ਪੰਥ , ਡਾ. ਸਤਿੰਦਰ ਪਾਲ ਸਿੰਘ
- ਗੁਰਬਾਣੀ-ਇਤਿਹਾਸ
- (Asia/Kolkata)
ਛੋਟੇ ਛੋਟੇ ਸਵਾਲਾਂ ਦੇ ਵੱਡੇ ਭਰਮਾਂ ਨਾਲ ਜੂਝਦਾ ਸਿੱਖ ਪੰਥ , ਡਾ. ਸਤਿੰਦਰ ਪਾਲ ਸਿੰਘ
ਜੀਵਨ ਦੀ ਤੇਜ ਰਫ਼ਤਾਰੀ ਵਿੱਚ ਉਲਝਿਆ ਹੋਇਆ ਮਨੁੱਖ ਆਪਣਾ ਧਿਆਨ ਮੁੱਖ ਟੀਚਿਆਂ ਤੇ ਕੇਂਦ੍ਰਿਤ ਕਰਦਾ ਹੈ। ਉਸ ਦੇ ਆਲੇ ਦੁਆਲੇ ਬਹੁਤ ਕੁੱਝ ਵਾਪਰ ਰਿਹਾ ਹੁੰਦਾ ਹੈ ਪਰ ਗੈਰ ਜਰੂਰੀ ਸਮਝ ਕੇ ਉਨ੍ਹਾਂ ਵੱਲ ਧਿਆਨ ਨਹੀਂ ਦਿੰਦਾ ਕਿਉਂਕਿ ਉਸ ਕੋਲ ਸਮਾਂ ਨਹੀਂ ਹੁੰਦਾ ਅਤੇ ਕੋਈ ਤੱਤਕਾਲਿਕ ਅਸਰ ਪੈਂਦਾ ਵਿਖਾਈ ਨਹੀਂ ਦਿੰਦਾ। ਪਰ ਅਜਿਹੀ ਬੇਪਰਵਾਹੀ ਸਮਾਂ ਆਉਣ ਤੇ ਜਦੋਂ ਵੱਡੀ ਚੁਣੌਤੀ ਬਣ ਜਾਂਦੀ ਹੈ ਤਾਂ ਪਛਤਾਵੇ ਦਾ ਵੀ ਵਿਕਲਪ ਨਹੀਂ ਬਚਦਾ। ਇਹ ਕਿਸੇ ਵੀ ਮਨੁੱਖ , ਸੰਸਥਾ , ਸਮਾਜ ਜਾਂ ਕੌਮ ਨਾਲ ਹੋ ਸਕਦਾ ਹੈ , ਹੁੰਦਾ ਆਇਆ ਹੈ।ਰੋਗ ਦੀ ਸਮੇਂ ਸਿਰ ਪਛਾਣ ਅਤੇ ਉਸ ਦਾ ਪੂਰਨ ਨਿਦਾਨ ਹੀ ਅਹਿੱਤ , ਪਛਤਾਵੇ ਤੋਂ ਬਚਾ ਸਕਦਾ ਹੈ। ਸਿਆਣਾ ਮਨੁੱਖ ਉਹ ਹੀ ਹੈ ਜੋ ਸਦਾ ਆਪਣੇ ਆਪ ਨੂੰ ਕਸੌਟੀ ਤੇ ਪਰਖਦਾ ਰਹੇ “ ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ”। ਜੀਵਨ ਵਿੱਚ ਕੋਈ ਨਾ ਕੋਈ ਅਜਿਹਾ ਹੋਣਾ ਚਾਹੀਦੇ ਜੋ ਰੋਗ ਦੀ ਪਛਾਣ ਵੀ ਕਰੇ ਅਤੇ ਨਿਦਾਨ ਵੀ ਕਰੇ “ ਰੋਗੁ ਦਾਰੂ ਦੋਵੈ ਬੂਝੈ ਤਾ ਵੈਦੁ ਸੁਜਾਣੁ” । ਸਿਆਣਾ ਵੈਦ ਉਹ ਹੈ ਜੋ ਛੋਟੇ ਤੋਂ ਛੋਟੇ ਲੱਖਣ ਨੂੰ ਵੀ ਗੰਭੀਰਤਾ ਨਾਲ ਲਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਨ ਤੇ ਮਨ ਦੁਹਾਂ ਦੀ ਨਿਰਮਲਤਾ ਅਤੇ ਸਿਹਤ ਦੀ ਚਿੰਤਾ ਕਰਦੀ ਹੈ ਅਤੇ ਕਿਸੇ ਵੀ ਪੱਖ ਤੋਂ ਅਵੇਸਲਾ ਨਾ ਹੋਣ ਦੀ ਪ੍ਰੇਰਨਾ ਦਿੰਦੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦਸਾਂ ਗੁਰੂ ਸਾਹਿਬਾਨ ਨੇ ਦਰਬਾਰ ਸਜਾਏ ਜਿਨ੍ਹਾਂ ਵਿੱਚ ਸੰਗਤਾਂ ਨਾਲ ਸਿੱਧਾ ਸੰਵਾਦ ਹੁੰਦਾ , ਸਿੱਖਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ , ਸਿੱਖਾਂ ਦੀ ਹਰ ਸ਼ੰਕਾ ਦਾ ਨਿਵਾਰਨ ਕੀਤਾ ਜਾਂਦਾ। ਸ੍ਰੀ ਅਕਾਲ ਤਖਤ ਸਾਹਿਬ ਦੀ ਤਾਂ ਵਰਤੋਂ ਹੀ ਗੁਰੂ ਹਰਿਗੋਬਿੰਦ ਸਾਹਿਬ ਨੇ ਸਂਗਤ ਨਾਲ ਸੰਵਾਦ , ਜਿਗਿਆਸਾ ਦੇ ਨਿਵਾਰਨ ਅਤੇ ਜੀਵਨ ਸੇਧ ਦੇਣ ਲਈ ਕੀਤੀ । ਇਤਿਹਾਸਕ ਪ੍ਰਮਾਣ ਹਨ ਕਿ ਗੁਰੂ ਸਾਹਿਬਾਨ ਨੇ ਸਿੱਖਾਂ ਦੇ ਹਰ ਸਵਾਲ ਦਾ ਪੂਰੀ ਰੁਚੀ ਨਾਲ ਸਨਮਾਨ ਕਰਦੇ ਹੋਏ ਭਰਮ ਦੂਰ ਕੀਤੇ। ਗੁਰਬਾਣੀ ਪੜ੍ਹ ਕੇ ਵੀ ਸਿੱਖਾਂ ਦੇ ਮਨ ਡੋਲਦੇ ਰਹਿੰਦੇ। ਗੁਰੂ ਸਾਹਿਬਾਨ ਗੁਰਬਾਣੀ ਦੀ ਵਿਆਖਿਆ ਰਾਹੀਂ ਵੀ ਸਮਝਾਉਂਦੇ ਅਤੇ ਜੀਵਨ ਦੀ ਸੰਪੂਰਨ ਮਰਿਆਦਾ ਸਪਸ਼ਟ ਕਰਦੇ ਰਹੇ। ਗੁਰੂ ਕਾਲ ਤੋਂ ਬਾਅਦ ਇਸ ਪਰੰਪਰਾ ਤੋਂ ਸਿੱਖ ਪੰਥ ਨਿਰੰਤਰ ਦੂਰ ਹੁੰਦਾ ਗਿਆ ਹੈ। ਨਿੱਕੇ ਨਿੱਕੇ ਸਵਾਲ ਨਿਦਾਨ ਨਾ ਹੋਣ ਕਾਰਣ ਅੱਜ ਵੱਡੇ ਭਰਮ ਬਣ ਗਏ ਹਨ। ਸਿੱਖ ਪੰਥ ਅੰਦਰ ਸੰਵਾਦ ਦੀ ਵਿਵਸਥਾ ਹੀ ਅਲੋਪ ਹੋ ਗਈ ਹੈ। ਸੰਵਾਦ ਦੀ ਥਾਂ ਵਿਵਾਦ ਲੈਂਦਾ ਜਾ ਰਿਹਾ ਹੈ ਕਿਉਂਕਿ ਨਾ ਕੋਈ ਸੰਵਾਦ ਕਰਨ ਵਾਲਾ ਦਿੱਸਦਾ ਹੈ , ਨਾ ਨਿਦਾਨ ਕਰਨ ਵਾਲਾ। ਸੰਵਾਦ ਆਪਣੀ ਸੁਵਿਧਾ ਲਈ ਹੋ ਰਿਹਾ ਹੈ , ਨਿਦਾਨ ਆਪਣੇ ਹਿੱਤ ਲਈ। ਸਿੱਖ ਪੰਥ ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਧੀਨਤਾ ਸਵੀਕਾਰ ਕਰਦਾ ਹੈ , ਪਰ ਉਸ ਦੇ ਸੱਭ ਤੋਂ ਜਿਆਦਾ ਭਰਮ ਆਪਣੇ ਗੁਰੂ ਅਤੇ ਗੁਰੂ ਦੀ ਬਾਣੀ ਨਾਲ ਸਬੰਧਤ ਹੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਬਾਰੇ ਇੰਨੇ ਭਿੰਨ ਵਿਚਾਰ ਆਮ ਸਿੱਖ ਦੇ ਅੰਦਰ ਪਾ ਦਿੱਤੇ ਗਏ ਹਨ ਕਿ ਉਸ ਦੀ ਦ੍ਰਿਸ਼ਟੀ ਹੀ ਧੁੰਧਲੀ ਹੋ ਗਈ ਹੈ।
ਗੁਰਬਾਣੀ ਹੀ ਗੁਰਸਿੱਖ ਦੇ ਜੀਵਨ ਦੀ ਉਧਾਰਕ ਹੈ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤਾ “ ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ।। ਗੁਰ ਕੈ ਸਬਦਿ ਮਨ ਕਉ ਸਮਝਾਵਹਿ।। “ । ਗੁਰਬਾਣੀ ਰਾਹੀਂ ਹੀ ਅਗੰਮ , ਅਲੱਖ , ਬੇਅੰਤ ਪਰਮਾਤਮਾ ਨਾਲ ਮੇਲ ਹੁੰਦਾ ਹੈ। ਮਾਇਆ ਵਿੱਚ ਲਿਪਤ ਮਨ ਗੁਰਬਾਣੀ ਦੀ ਸਿਖਿਆ ਤੇ ਚੱਲ ਕੇ ਹੀ ਉਬਰਦਾ ਹੈ ਅਤੇ ਪਰਮਾਤਮਾ ਨੂੰ ਸਮਰਪਿਤ ਹੁੰਦਾ ਹੈ। ਗੁਰਸਿੱਖ ਗੁਰਬਾਣੀ ਪੜ੍ਹਦਾ ਹੈ , ਸਰਵਣ ਕਰਦਾ ਹੈ ਅਤੇ ਮਨ ਅੰਦਰ ਧਾਰਨ ਕਰਦਾ ਹੈ। ਗੁਰਸਿੱਖ ਦੇ ਜੀਵਨ ਵਿੱਚ ਸ਼੍ਰੋਮਣੀ ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ , ਇਸ ‘ਚ ਕੋਈ ਸ਼ੰਕਾ ਨਹੀਂ। ਪਰ ਗੁਰਬਾਣੀ ਪੜ੍ਹ ਕੇ ਮਨ ਨੂੰ ਕਿਵੇਂ ਸਮਝਾਉਣਾ ਹੈ , ਕਿਵੇਂ ਗੁਰਬਾਣੀ ਰਾਹੀਂ ਪਰਮਾਤਮਾ ਨਾਲ ਮੇਲ ਹੋਣਾ ਹੈ ਇਸ ਬਾਰੇ ਕਿੰਨੇ ਹੀ ਸਵਾਲ ਗੁਰੂ ਨਾਨਕ ਸਾਹਿਬ ਦੇ ਅਤਿ ਸਰਲ ਨਿਦਾਨ ਨੂੰ ਗੁੰਝਲਦਾਰ ਬਣਾਉਂਦੇ ਜਾ ਰਹੇ ਹਨ। ਗੁਰਸਿੱਖ ਆਪਣੇ ਆਪ ਨੂੰ ਗੁਰਬਾਣੀ ਨਾਲ ਜੋੜਨ ਦੇ ਕੋਈ ਢੰਗ ਅਪਣਾਉਂਦਾ ਹੈ। ਉਹ ਨਿਤਨੇਮ ਕਰਦਾ ਹੈ , ਬਾਣੀ ਸੁਣਦਾ , ਗਾਇਨ ਕਰਦਾ ਹੈ। ਸੱਭ ਤੋਂ ਮੁੱਖ ਢੰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ । ਸਿੱਖ ਰਹਿਤ ਮਰਯਾਦਾ ਅਨੁਸਾਰ “ ਅਖੰਡ ਪਾਠ ਜਿਸ ਪਰਵਾਰ ਜਾਂ ਸੰਗਤ ਨੇ ਕਰਨਾ ਹੈ ਆਪ ਕਰੇ” । ਅੱਗੇ ਇਹ ਵੀ ਮਰਿਆਦਾ ਹੈ ਕਿ “ ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ” । ਆਪਣੇ ਆਪ ਅਖੰਡ ਪਾਠ ਕਰਨ ਦੀ ਮਿਸਾਲ ਤਾਂ ਦੁਰਲੱਭ ਹੋ ਗਈ ਹੈ , ਪਾਠੀਆਂ ਕੋਲੋਂ ਪੂਰਾ ਪਾਠ ਸੁਣਨ ਦੀ ਮਿਸਾਲ ਵੀ ਦੁਰਲੱਭ ਹੈ। ਪਾਠ ਜ਼ਿਆਦਾਤਰ ਗੁਰਦੁਆਰੇ ਵਿੱਚ ਹੀ ਕਰਾਏ ਜਾਂਦੇ ਹਨ ਤੇ ਪਾਠ ਕਰਾਉਣ ਵਾਲੇ ਸਮੇਂ ਸਮੇਂ ਤੇ ਪੁੱਜਦੇ ਹਨ। ਇਸ ਸਬੰਧ ਵਿੱਚ ਇੱਕ ਖਾਸ ਸਵਾਲ ਜੋ ਹਰ ਕਿਸੇ ਦੇ ਮਨ ਵਿੱਚ ਹੈ ਕਿ ਸੰਪੂਰਨ ਪਾਠ ਵਿੱਚ ਮੱਧ ਦੀ ਅਰਦਾਸ ਦਾ ਕੀ ਮਨੋਰਥ ਹੈ। ਬਾਣੀ ਤਾਂ ਪ੍ਰਵਾਹ ਵਿੱਚ ਪੜ੍ਹੀ ਜਾ ਰਹੀ ਹੈ ਜਿਸ ਦਾ ਆਦਿ ਤੇ ਅੰਤ ਤਾਂ ਹੋ ਸਕਦਾ ਹੈ ਪਰ ਮੱਧ ਕਿਵੇਂ। ਪਰ ਇਹ ਇੱਕ ਰਸਮ ਬਣਾ ਦਿੱਤੀ ਗਈ ਹੈ। ਅਖੰਡ ਪਾਠ ਦੀ ਸਮਾਪਤੀ ਤੇ ਰੁਮਾਲਾ ਚੜਾਉਣ ਦਾ ਸਵਾਲ ਵੀ ਇੱਛਾ ਤੋਂ ਜਿਆਦਾ ਲੋੜ ਬਣ ਗਿਆ ਹੈ। ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਸ਼ਬਦ ਕੀਰਤਨ , ਲੰਗਰ ਕਰਨਾ ਵੀ ਇੱਕ ਲੋੜ ਬਣ ਗਿਆ ਹੈ। ਬੇਸ਼ਕ ਸਿੱਖ ਰਹਿਤ ਮਰਯਾਦਾ ਵਿੱਚ “ ਲੋੜ ਅਨੁਸਾਰ ਰੁਮਾਲ , ਚੌਰ , ਚਾਨਣੀ ਆਦਿ ਦੀ ਭੇਟਾ “ ਜਾ ਜਿਕਰ ਹੈ ਪਰ ਇਹ ਲੋੜ ਕੌਣ ਤੈਅ ਕਰੇਗਾ , ਕਿਵੇਂ ਤੈਅ ਹੋਵੇਗੀ ਇਸ ਬਾਰੇ ਖਾਮੋਸ਼ੀ ਹੈ। ਇਸ ਖਾਮੋਸ਼ੀ ਨੇ ਹੀ ਲੋੜ ਨੂੰ ਰਸਮ ਬਣਾ ਦਿੱਤਾ ਹੈ। ਇਹ ਵੀ ਲਿਖਿਆ ਹੈ ਕਿ “ ਪੰਥਕ ਕਾਰਜਾਂ ਲਈ ਯਥਾ ਸ਼ਕਤਿ ਅਰਦਾਸ ਕਰਾਈ ਜਾਵੇ ਪਰ ਇਸ ਗੋਲ ਮੋਲ ਸ਼ਬਦ ਦਾ ਲਾਭ ਲੈਂਦਿਆਂ ਗੁਰਦੁਆਰਿਆਂ ਨੇ ਆਪਣੇ ਇਕੱਠੇ ਮੋਖ ਤੈਅ ਕਰ ਲਏ ਹਨ ਜੋ ਰਕਮ ਦੇਣ ਤੋਂ ਬਾਅਦ ਹੀ ਅਖੰਡ ਪਾਠ ਰੱਖਿਆ ਜਾਂਦਾ ਹੈ। ਪਾਠੀਆਂ , ਰਾਗੀਆਂ ਨੂੰ ਭੇਟਾ , ਵਸਤਰ ਆਦਿਕ ਵੀ ਭਾਵਨਾ ਦਾ ਹਿੱਸਾ ਬਣਾ ਦਿੱਤੇ ਗਏ ਹਨ।ਅਖੰਡ ਪਾਠ ਦੇ ਆਰੰਭ ਅਤੇ ਸਮਾਪਤੀ ਸਮੇਂ ਚਵਰ ਕਰਨ ਲਈ ਅਖੰਡ ਪਾਠ ਕਰਾਉਣ ਵਾਲੇ ਨੂੰ ਲੱਭਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਨਾਲ ਸ਼ਰਧਾ, ਭਾਵਨਾ ਦੇ ਨਾਮ ਤੇ ਇਤਨੇ ਕਾਰਜ ਹੋਰ ਜੋੜ ਦਿੱਤੇ ਗਏ ਹਨ ਕਿ ਬਾਣੀ ਪੜ੍ਹਨ , ਸੁਨਣ ਦਾ ਮੁੱਖ ਮਨੋਰਥ ਪਿੱਛੇ ਰਹਿ ਗਿਆ ਹੈ। ਅਖੰਡ ਪਾਠ ਕਰਾਉਣਾ ਇੱਕ ਪ੍ਰਬੰਧ ਜਿਆਦਾ ਹੋ ਗਿਆ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦਾ 48 ਘੰਟੇ ਵਿੱਚ ਸੰਪੂਰਨ ਕੀਤਾ ਜਾਣਾ , ਪਾਠ ਦੇ ਨਾਲ ਹੀ ਬਹੁ ਪੱਖੀ ਪ੍ਰਬੰਧ ਦਾ ਜੁੜ ਜਾਣਾ ਕਿਵੇਂ ਗੁਰੂ ਨਾਨਕ ਸਾਹਿਬ ਦੇ ਵਚਨ “ ਗੁਰ ਕੈ ਸਬਦਿ ਮਨ ਕਉ ਸਮਝਾਵਹਿ “ ਨੂੰ ਪ੍ਰਾਪਤ ਕਰਨ ‘ਚ ਸਹਾਇਕ ਹੁੰਦਾ ਹੈ ਇਹ ਸਵਾਲ ਲਗਾਤਾਰ ਉੱਠਦਾ ਰਹਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਪਾਠੀ ਸਿੰਘ ਸਮੇਂ ਅੰਦਰ ਪੂਰਾ ਕਰਨ ਲਈ ਇੱਕ ਖਾਸ ਗਤੀ ਨਾਲ ਕਰਦੇ ਹਨ ਜਿਸ ਵਿੱਚ ਸਮਝਣ ਤਾਂ ਕੀ ਠੀਕ ਤਰਹ ਸੁਣਨ ਤੇ ਮਨ ਅੰਦਰ ਵਸਾਉਣ ਦੀ ਗੁੰਜਾਇਸ਼ ਵੀ ਅਲੱਭ ਹੁੰਦੀ ਹੈ। ਸਿੱਖ ਪ੍ਰਚਾਰਕ ਵੀ ਸਟੇਜਾਂ ਤੇ ਵਾਰ ਵਾਰ ਗੁਰਬਾਣੀ ਨੂੰ ਸਮਝਣ ਤੇ ਮੰਨਣ ਤੇ ਜੋਰ ਦਿੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੀ ਪ੍ਰਸੰਗਿਕਤਾ ਦੀ ਚਰਚਾ ਨਹੀਂ ਹੁੰਦੀ ਗੱਲ ਕੇਵਲ ਬਾਣੀ ਸੁਣਨ ਤੱਕ ਹੀ ਸੀਮਤ ਰਹਿ ਜਾਂਦੀ ਹੈ । ਗੁਰੂ ਰਾਮਦਾਸ ਸਾਹਿਬ ਨੇ ਵਚਨ ਕੀਤਾ “ ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ” । ਅੰਮ੍ਰਿਤ ਕਿਵੇਂ ਕੱਢਣਾ ਹੈ ਇਹ ਵੀ ਗੁਰਬਾਣੀ ਦੱਸਦੀ ਹੈ “ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ” । ਗੁਰਸਿੱਖ ਦਾ ਜਤਨ ਸਹਿਜ ਭਾਵ ਨਾਲ ਜੀਵਨਦਾਇਕ ਅੰਮ੍ਰਿਤ ਤੱਤ ਪ੍ਰਾਪਤ ਕਰਨ ਦਾ ਹੈ ਜਿਸ ਵਿੱਚ ਅਖੰਡ ਪਾਠ ਸਹਾਇਕ ਹੋਵੇ ਇਸ ਦੀ ਗਹਿਨ ਵੀਚਾਰ ਕਰਨੀ ਬਣਦੀ ਸੀ ਪਰ ਜਿਨ੍ਹਾਂ ਦੀ ਜਿੰਮੇਵਾਰੀ ਸੀ ਉਹ ਵਕਤ ਟਪਾਉਣ ਦੀ ਕਰਦੇ ਰਹੇ ਹਨ ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਧਾਰਨ ਪਾਠ ਕਰਨ ਦੀ ਵੀ ਮਰਿਆਦਾ ਹੈ। ਇਸ ਨੂੰ ਸਹਿਜ ਪਾਠ ਵੀ ਕਿਹਾ ਜਾਂਦਾ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਸਾਧਾਰਨ ਪਾਠ ਦੇ ਅਰੰਭ ਵੇਲੇ ਪ੍ਰਸਾਦਿ ਲਿਆ ਕੇ ਅਨੰਦ ਸਾਹਿਬ ( ਛੇ ਪਉੜੀਆਂ ) ਦਾ ਪਾਠ ਕਰ ਕੇ ਅਰਦਾਸ ਮਗਰੋਂ ਹੁਕਮ ਲਿਆ ਜਾਵੇ”। ਇਸ ਤੋਂ ਬਾਅਦ ਸਾਧਾਰਨ ਪਾਠ ਆਰੰਭ ਕੀਤਾ ਜਾਂਦਾ ਹੈ। ਇਸ ਬਾਰੇ ਅਨੇਕ ਸਵਾਲ ਗੁਰਸਿੱਖ ਨੂੰ ਭਰਮਾ ਰਹੇ ਹਨ। ਜੇ ਸਹਿਜ ਪਾਠ ਸੈਂਚੀਆਂ ਤੇ ਕਰਨਾ ਹੈ ਤਾਂ ਕੀ ਪਾਠ ਸੈਂਚੀਆਂ ਤੇ ਆਰੰਭ ਕੀਤਾ ਜਾ ਸਕਦਾ ਹੈ। ਕੀ ਸੈਂਚੀਆਂ ਤੇ ਹੁਕਮਨਾਮਾ ਲਿਆ ਜਾ ਸਕਦਾ ਹੈ। ਕਿਸ ਭਾਗ ਤੋਂ ਹੁਕਮਨਾਮਾ ਲਿਆ ਜਾਵੇ। ਸਾਧਾਰਨ ਪਾਠ ਦੀ ਅਰੰਭਤਾ ਅਤੇ ਸਮਾਪਤੀ ਕੀ ਪਾਠ ਕਰਨ ਵਾਲਾ ਆਪ ਕਰ ਸਕਦਾ ਹੈ ਜਾਂ ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਕੋਲੋਂ ਹੀ ਕਰਾਈ ਜਾਵੇ। ਇੱਕ ਸਾਧਾਰਨ ਪਾਠ ਦੀ ਸੰਪੂਰਨਤਾ ਦਾ ਸਮਾਂ ਇੱਕ - ਦੋ ਮਹੀਨੇ ਜਾਂ ਜਿਤਨੇ ਸਮੇਂ ਵਿੱਚ ਹੋ ਸਕੇ ਕਹਿ ਕੇ ਦੁਵਿਧਾ ਪੈਦਾ ਕਰ ਦਿੱਤੀ ਗਈ ਹੈ। ਇੱਕ ਸਵਾਲ ਜਿਸ ਤੇ ਕੋਈ ਦੋ ਲੋਗਾਂ ਦੀ ਰਾਇ ਇੱਕ ਨਹੀਂ ਮਿਲਦੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਜਾਂ ਸਹਿਜ - ਸਾਧਾਰਨ ਪਾਠ ਕਿਸ ਵੇਲੇ ਆਰੰਭ ਤੇ ਸਮਾਪਤ ਕੀਤਾ ਜਾਣਾ ਚਾਹੀਦੇ। ਵਰਤਮਾਨ ਵਿੱਚ ਸੈਂਚੀਆਂ ਤੇ ਪਾਠ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸੈਂਚੀਆਂ ਦੋ ਭਾਗ ਵਿੱਚ, ਚਾਰ ਭਾਗ ਵਿੱਚ ਮਿਲਦੀਆਂ ਹਨ । ਇਨ੍ਹਾਂ ਦੀ ਸੰਭਾਲ਼ ਸੁਵਿਧਾਜਨਕ ਮੰਨੀ ਜਾਂਦੀ ਹੈ। ਸੈਂਚੀਆਂ ਤੇ ਪਾਠ ਕਰਨ ਦਾ ਕੋਈ ਲਿਖਿਤ ਜਿਕਰ ਕਿਸੇ ਰਹਿਤਨਾਮੇ ਵਿੱਚ ਨਹੀਂ ਮਿਲਦਾ। ਸੈਂਚੀਆਂ ਘਰ ਵਿੱਚ ਕਿਸ ਮਰਿਆਦਾ ਨਾਲ ਰੱਖਣੀਆਂ ਹਨ ਇਸ ਦੇ ਆਪੋ ਆਪਣੇ ਨਿਅਮ ਬਣਾ ਲਏ ਗਏ ਹਨ। ਕਦੇ ਰਹਿਤ ਤੈਅ ਕਰਨ ਬਾਰੇ ਸੋਚਿਆ ਨਹੀਂ ਗਿਆ , ਇਸ ਕਾਰਨ ਭਰਮ ਬਣੇ ਹੋਏ ਹਨ ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਈਂ ਗੁਰੂ ਘਰਾਂ ਵਿੱਚ ਬੋਲ ਕੇ ਕੀਤਾ ਜਾਂਦਾ ਹੈ। ਕਈਂ ਗੁਰੂ ਘਰਾਂ ਵਿੱਚ ਪਾਠੀ ਸਿੰਘ ਮਨ ਵਿੱਚ ਕਰਦੇ ਹਨ ਪਰ ਜੇ ਕੋਈ ਸੰਗਤ ਆ ਜਾਵੇ ਤਾਂ ਬੋਲ ਕੇ ਕਰਨ ਲੱਗਦੇ ਹਨ। ਇੱਕਰੂਪਤਾ ਨਹੀਂ ਹੈ। ਇਹ ਸਥਿਤੀ ਨਿਤਨੇਮ ਵਿੱਚ ਵੀ ਹੈ , ਕੋਈ ਬੋਲ ਕੇ , ਕੋਈ ਮਨ ਵਿੱਚ ਕਰ ਰਿਹਾ ਹੈ।
ਗੁਰਬਾਣੀ ਵੀਚਾਰ ਦੀ ਬਾਣੀ ਹੈ “ ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ” । ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਨੂੰ ਆਚਾਰ ਵਿਵਹਾਰ ਵਿੱਚ ਉਤਾਰਨ ਦੀ ਬਾਣੀ ਵੀ ਕਿਹਾ “ ਇਹ ਬਾਣੀ ਮਹਾਪੁਰਖ ਕੀ ਨਿਜ ਘਰਿ ਵਾਸਾ ਹੋਇ” । ਗੁਰਸਿੱਖ ਗੁਰਬਾਣੀ ਦੀ ਵਿਚਾਰ ਕਰੇ ਅਤੇ ਉਸ ਨੂੰ ਆਪਣੇ ਆਚਾਰ ਦਾ ਆਧਾਰ ਬਣਾਏ। ਵਿਚਾਰ ਇਹ ਕਰਨੀ ਹੈ ਕਿ ਗੁਰੂ ਦੇ ਉਪਦੇਸ਼ ਜੀਵਨ ਅੰਦਰ ਕੀ ਮਹੱਤਤਾ ਰੱਖਦੇ ਹਨ ਅਤੇ ਉਹ ਉਪਦੇਸ਼ ਕਿਵੇਂ ਆਪਣੇ ਵਿਵਹਾਰ ਵਿੱਚ ਉਤਾਰਨੇ ਹਨ। ਗੁਰਸਿੱਖ ਦਾ ਸੰਕਲਪ ਗੁਰੂ ਦੇ ਉਪਦੇਸ਼ ਆਪਣੇ ਵਿਵਹਾਰ ਵਿੱਚ ਉਤਾਰ ਕੇ ਪਰਮਾਤਮਾ ਦੀ ਸ਼ਰਣ ਪ੍ਰਾਪਤ ਕਰਨ ਯੋਗ ਬਣਨਾ ਹੈ। ਇਹ ਵਿਸ਼ਾ ਵਿਵਹਾਰਕ ਘੱਟ ਸਿਧਾਂਤਕ ਜਿਆਦਾ ਬਣਾ ਦਿੱਤਾ ਗਿਆ ਹੈ। ਇਹ ਕਹਿਣ ਵਾਲੇ ਤਾਂ ਅਣਗਿਣਤ ਹਨ ਕਿ ਗੁਰੂ ਦੀ ਮੰਨੋ ਪਰ ਕੀ ਤੇ ਕਿਵੇਂ ਮੰਨਣਾ ਹੈ ਇਸ ਬਾਰੇ ਕੋਈ ਵੀ ਸਪਸ਼ਟਤਾ ਨਹੀਂ ਹੈ। ਪੰਥਕ ਅਵੇਸਲੇਪਨ ਕਾਰਨ ਗੁਰਬਾਣੀ ਦੀ ਮਹੱਤਤਾ ਗੁਰੂ ਘਰਾਂ ਅੰਦਰ ਗਾਇਨ ਤੇ ਸਰਵਣ ਵਿੱਚ ਕੇਂਦ੍ਰਿਤ ਹੋ ਕੇ ਰਹਿ ਗਈ ਹੈ। ਗੁਰਬਾਣੀ ਦੇ ਉਪਦੇਸ਼ ਜੀਵਨ ਵਿੱਚ ਉਤਾਰ ਕੇ ਜੀਵਨ ਮੁਕਤ ਹੋਣ ਦਾ ਪਰਮ ਆਨੰਦ ਪ੍ਰਾਪਤ ਕਰਨ ਦੀ ਥਾਂ ਗੁਰਬਾਣੀ ਗਾਇਨ ਤੇ ਸੁਣਨ ਵਿੱਚ ਅਲਪ ਕਾਲਿਕ ਰਸ ਮਾਨਣ ਵਿੱਚ ਹੀ ਜੀਵਨ ਦੀ ਸਾਰਥਕਤਾ ਮੰਨ ਲਈ ਗਈ ਹੈ। ਕੀਰਤਨ ਦਰਬਾਰਾਂ ਵਿੱਚ ਸੰਗਤ ਦੀਆਂ ਕਤਾਰਾਂ ਲੱਗਿਆਂ ਹੁੰਦੀਆਂ ਹਨ ਪਰ ਸੁਣ ਕੇ ਕੀ ਸਮਝਿਆ , ਕੀ ਧਾਰਨ ਕਰਨ ਦਾ ਨਿਸ਼ਚਾ ਪੈਦਾ ਹੋਇਆ ਅਜਿਹਾ ਵਿਰਲਾ ਹੀ ਮਿਲਦਾ ਹੈ ਕਿਉਂਕਿ ਕੀਰਤਨ ਦਰਬਾਰਾਂ ਦਾ ਅਜਿਹਾ ਕੋਈ ਟੀਚਾ ਹੀ ਨਹੀਂ ਹੁੰਦਾ।
ਪੰਥ ਦੀ ਕਿਸ ਸੰਸਥਾ, ਵਰਗ ਤੋਂ ਇਹ ਆਸ ਰੱਖੀ ਜਾਵੇ ਕਿ ਗੁਰਬਾਣੀ ਨਾਲ ਜੁੜੇ ਇਨ੍ਹਾਂ ਛੋਟੇ ਛੋਟੇ ਮੁੱਦਿਆਂ ਤੇ ਜੋ ਹਕੀਕਤ ਵਿੱਚ ਜਟਿਲ ਬਣ ਚੁਕੇ ਹਨ , ਗੰਭੀਰ ਵੀਚਾਰ ਕਰ ਹਾਲਾਤ ਬਦਲਣ ਦਾ ਬੀੜਾ ਚੁੱਕੇਗਾ ? ਇਹ ਗੁਰਬਾਣੀ ਦੀ ਬੇਅਦਬੀ ਦਾ ਸਵਾਲ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮਾਨ ਹੀ ਹੈ। ਆਗੂ ਸਿੱਖ ਸੰਸਥਾਵਾਂ ਜਦੋਂ ਤੱਕ ਪਾਰਦਰਸ਼ੀ ਨਹੀਂ ਬਣਦੀਆਂ , ਆਮ ਸੰਗਤ ਨਾਲ ਸਿੱਧੇ ਅਤੇ ਖੁੱਲੇ ਸੰਵਾਦ ਦੀ ਵਿਵਸਥਾ ਅਮਲ ਵਿੱਚ ਨਹੀਂ ਲਿਆਉਂਦੀਆਂ , ਕਿੰਨੇ ਵੀ ਵੱਡੇ ਬੋਲ ਬੋਲ ਲਏ ਜਾਣ ਆਪਣੇ ਆਪ ਨੂੰ ਠੱਗਣ ਜਿਹਾ ਹੀ ਹੋਵੇਗਾ।
ਡਾ . ਸਤਿੰਦਰ ਪਾਲ ਸਿੰਘ
ਈ - 1716 , ਰਾਜਾਜੀਪੁਰਮ
ਲਖਨਊ - 226017
ਈ ਮੇਲ - [email protected]
Leave a Reply