ਸਿੱਖਾਂ ਦਾ ਵੀ ਆਪਣਾ ਮੁਲਕ ਖ਼ਾਲਿਸਤਾਨ ਹੋਵੇਗਾ...

ਸਿੱਖਾਂ ਦਾ ਵੀ ਆਪਣਾ ਮੁਲਕ ਖ਼ਾਲਿਸਤਾਨ ਹੋਵੇਗਾ...

ਕਲਗੀਧਰ ਪਾਤਸ਼ਾਹ ਜੀ ਦੇ 52 ਬਚਨਾਂ ’ਚ ਇੱਕ ਹੁਕਮ ਹੈ:- 'ਅਜ਼ਾਦ ਵਿਚਰਨਾ।' ਭਾਵ ਕਿਸੇ ਦੀ ਅਧੀਨਗੀ ਜਾਂ ਗ਼ੁਲਾਮੀ ਕਬੂਲ ਨਹੀਂ ਕਰਨੀ। ਕਿਉਂਕਿ ‘ਖ਼ਾਲਸਾ ਅਕਾਲ ਪੁਰਖ ਕੀ ਫ਼ੌਜ। ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ।’ ਜਿਸ ਖ਼ਾਲਸੇ ਦਾ ਸੰਬੰਧ ਸਿੱਧਾ ਅਕਾਲ ਪੁਰਖ ਨਾਲ਼ ਹੋਵੇ ਉਹ ਕਿਸੇ ਹਕੂਮਤ ਦੀ ਈਨ ਨਹੀਂ ਮੰਨ ਸਕਦਾ। 'ਖ਼ਾਲਸਾ ਹੋਵੈ ਖੁਦ ਖ਼ੁਦਾ, ਜਿਮ ਖ਼ੂਬੀ ਖ਼ੂਬ ਖੁਦਾਇ। ਆਨ ਨ ਮਾਨੈ ਆਨ ਕੀ, ਇੱਕ ਸੱਚੇ ਬਿਨ ਪਾਤਸ਼ਾਹਿ।' ਖ਼ਾਲਸੇ ਕੋਲ ਤਾਂ 'ਹਮ ਰਾਖਤ ਪਾਤਿਸਾਹੀ ਦਾਵਾ' ਹੈ। ਖ਼ਾਲਸਾ ਨੇ ਤਾਂ ਬਾਦਸ਼ਾਹੀ ਕਰਨੀ ਹੈ, ਹੁਕਮਰਾਨ ਬਣਨਾ ਹੈ, ਸਭ ਨਾਲ ਇਨਸਾਫ਼ ਕਰਨਾ ਹੈ। 
ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਖ਼ਾਲਸਾ ਰਾਜ ਦੇ ਸੋਹਿਲੇ ਅੱਜ-ਤਕ ਦੁਨੀਆਂ ਗਾਉਂਦੀ ਹੈ ਤੇ ਅਜਿਹਾ ਹੀ ਰਾਜ-ਭਾਗ ਸਿੱਖ ਫਿਰ ਸਿਰਜਣਾ ਚਾਹੁੰਦੇ ਹਨ। ਜਿਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਜ਼ਿਕਰ ਹੈ:- “ਨਾਨਕ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥” ਇਸ ਨੂੰ ਪੰਜਵੇਂ ਪਾਤਸ਼ਾਹ ਨੇ ‘ਹਲੇਮੀ ਰਾਜ’ ਅਤੇ ਭਗਤਾਂ ਨੇ ‘ਬੇਗਮਪੁਰਾ’ ਆਖਿਆ ਹੈ। ਦਸਵੇਂ ਪਾਤਸ਼ਾਹ ਜੀ ਵੀ ਫੁਰਮਾਉਂਦੇ ਹਨ: “ਇਨਹੀ ਕੋ ਸਰਦਾਰ ਬਣਾਊਂ। ਰਾਜ ਕਰਨ ਕੀ ਨੀਤਿ ਸਿਖਾਊਂ। ਸਵਾ ਲਾਖ ਸੇ ਏਕ ਲੜਾਊਂ। ਤਬੈ ਗੋਬਿੰਦ ਸਿੰਘ ਨਾਮ ਕਹਾਊਂ।” “ਇਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ, ਏ ਯਾਦ ਰਖੇਂ ਹਮਰੀ ਗੁਰਿਆਈ।” 
ਅਸੀਂ ਹਿੰਦੁਤਵੀਆਂ ਦੀ ਅਕ੍ਰਿਤਘਣਤਾ ਵੇਖ ਚੁੱਕੇ ਹਾਂ। ਅਸੀਂ ਭੁੱਲ ਨਹੀਂ ਸਕਦੇ ਕਿ ਸਾਡੇ ਛੇਵੇਂ ਗੁਰੂ ਨੇ ਜਿਨ੍ਹਾਂ 52 ਹਿੰਦੂ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਕਰਵਾਇਆ ਸੀ ਤੇ ਉਹਨਾਂ ਰਾਜਿਆਂ ਦੇ ਵੰਸ਼ਜਾਂ ਨੇ ਹੀ ਦਸਵੇਂ ਪਾਤਸ਼ਾਹ ਵਿਰੁੱਧ ਜੰਗ ਕੀਤੇ ਸਨ। ਨੌਵੇਂ ਪਾਤਸ਼ਾਹ ਨੇ ਤਿਲਕ, ਧੋਤੀ, ਬੋਧੀ, ਟੋਪੀ ਤੇ ਜਨੇਊ ਦੀ ਰੱਖਿਆ ਲਈ ਦਿੱਲੀ ’ਚ ਆਪਣਾ ਸੀਸ ਵਾਰਿਆ, ਪਰ ਨਵੰਬਰ 1984 ’ਚ ਹਿੰਦੂਆਂ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਨੂੰ ਹੀ ਅੱਗ ਲਾ ਦਿੱਤੀ ਤੇ ਹਜ਼ਾਰਾਂ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਸੀ। “ਤਿਲਕ ਜਨੇਊ ਦੀ ਰੱਖਿਆ ਦਾ, ਓਨ੍ਹਾ ਕਰਜ਼ ਉਤਾਰਿਆ ਸੀ। ਬਲ਼ਦੇ ਟਾਇਰ ਗਲਾਂ ਵਿੱਚ ਪਾ ਕੇ, ਗੁਰੂ ਪੁੱਤਰਾਂ ਨੂੰ ਮਾਰਿਆ ਸੀ।” ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਅਤੇ ਢੱਠਾ ਸ੍ਰੀ ਅਕਾਲ ਤਖ਼ਤ ਸਾਹਿਬ ਅਸੀਂ ਕਿਵੇਂ ਭੁੱਲ ਜਾਈਏ ? ਨਹੀਂ ਭੁੱਲਣਾ, ਨਾ ਹੀ ਅਸੀਂ ਭੁੱਲਾਂਗੇ ਤੇ ਨਾ ਹੀ ਆਪਣੀ ਕੌਮ ਅਤੇ ਆਪਣੇ ਦੁਸ਼ਮਣਾਂ ਨੂੰ ਭੁੱਲਣ ਦਿਆਂਗੇ। ਇਸ ਹਮਲੇ ਨਾਲ਼ ਸਿੱਖਾਂ ਅਤੇ ਹਿੰਦੂਆਂ ਵਿਚਾਲ਼ੇ, ਪੰਜਾਬ ਅਤੇ ਭਾਰਤ ਵਿਚਾਲ਼ੇ ਲਕੀਰ ਖਿੱਚੀ ਗਈ ਸੀ। 
ਘੱਲੂਘਾਰੇ ਪਿੱਛੋਂ ਖ਼ਾਲਿਸਤਾਨੀ ਫ਼ੋਰਸਾਂ ਬਣੀਆਂ ਤੇ ਸਿੰਘਾਂ-ਸਿੰਘਣੀਆਂ ਨੇ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸ਼ਹਾਦਤਾਂ ਦਾ ਹੜ੍ਹ ਲਿਆਂਦਾ ਤੇ ਸਰਕਾਰ ਨੂੰ ਦੱਸ ਦਿੱਤਾ ਕਿ ਸਿੱਖ ਹੁਣ ਅਜ਼ਾਦੀ, ਅਜ਼ਾਦੀ, ਅਜ਼ਾਦੀ ਤੇ ਸਿਰਫ਼ ਅਜ਼ਾਦੀ ਚਾਹੁੰਦੇ ਹਨ। ਇਹਨਾਂ ਜੁਝਾਰੂਆਂ ਨੂੰ ਸਾਡੀ ਕੌਮ ਆਪਣੇ ਨਾਇਕਾਂ, ਅਜ਼ਾਦੀ ਦੇ ਪ੍ਰਵਾਨਿਆਂ, ਸਿੱਖ ਧਰਮ ਅਤੇ ਫ਼ਸਲਾਂ, ਨਸਲਾਂ ਤੇ ਪਾਣੀਆਂ ਦੇ ਰਾਖਿਆਂ ਵਜੋਂ ਯਾਦ ਕਰਦੀ ਹੈ। “ਮੱਸੇ ਰੰਘੜ ਦਾ ਸਿਰ ਵੱਢਣ ਵਾਲ਼ੇ ਭਾਈ ਮਹਿਤਾਬ ਸਿੰਘ ਮੀਰਾਂਕੋਟੀਏ ਦੇ ਪੋਤਰੇ ਸ. ਰਤਨ ਸਿੰਘ ਭੰਗੂ ਜੋ ਪ੍ਰਾਚੀਨ ਪੰਥ ਪ੍ਰਕਾਸ਼ ’ਚ ਲਿਖਦੇ ਹਨ:- “ਹਮ ਕੋ ਸਤਿਗੁਰ ਬਚਨ ਪਾਤਿਸਾਹੀ।” “ਧਰੂ ਵਿਧਰਤ ਔ ਧਵਲ ਡੁਲਾਇ। ਸਤਿਗੁਰੂ ਬਚਨ ਨਾ ਖਾਲੀ ਜਾਇ।” 
ਅਜੋਕੇ ਸਮੇਂ ਵਿੱਚ ਵਾਪਰ ਰਹੀ ਹਰ ਘਟਨਾ ਦੀ ਪੀੜ ਨੂੰ ਗ਼ੁਲਾਮੀ ਵਾਂਗ ਮਹਿਸੂਸ ਕਰਕੇ ਹਰ ਸਿੱਖ ਦੇ ਹਿਰਦੇ ’ਚੋਂ ਇਹ ਹੂਕ ਨਿਕਲਦੀ ਹੈ ਕਿ “ਤੂੰ ਬਹੁੜੀਂ ਕਲਗੀ ਵਾਲ਼ਿਆ, ਕੋਈ ਦੇਸ ਨਾ ਸਾਡਾ। ਸੁਪਨਾ ਪੁਰੀ ਅਨੰਦ ਦਾ, ਬੇਨੂਰ ਦੁਰਾਡਾ।” ਇਹਨਾਂ ਬੋਲਾਂ ਰਾਹੀਂ ਪ੍ਰੋਫ਼ੈਸਰ ਹਰਿੰਦਰ ਸਿੰਘ ਮਹਿਬੂਬ ਨੇ ਸਮੁੱਚੀ ਸਿੱਖ ਕੌਮ ਦੀ ਵੇਦਨਾ ਕਲਗੀਧਰ ਪਾਤਸ਼ਾਹ ਅੱਗੇ ਪ੍ਰਗਟਾਈ ਹੈ ਤੇ ਅਰਜ਼ੋਈ ਕੀਤੀ ਹੈ ਕਿ ਆਪਣਾ ਕੋਈ ਦੇਸ ਨਾ ਹੋਣ ਕਰਕੇ ਅਸੀਂ ਖ਼ੁਆਰ ਹੋ ਰਹੇ ਹਾਂ, ਸਾਡੇ ਉੱਤੇ ਕਿਰਪਾ ਕਰੋ ਤੇ ਰਾਜ-ਭਾਗ ਬਖ਼ਸ਼ੋ। ਉਹਨਾਂ ਸਿੱਖ ਕੌਮ ਦੀ ਪੀੜਾ ਅਤੇ ਹਾਲਤ ਨੂੰ ਬਿਆਨ ਕਰਦਿਆਂ ਲਿਖਿਆ ਹੈ ਕਿ “ਮੁਲਖਾਂ ਵਾਲ਼ਿਆਂ ਲਾਇਆ, ਦਰਵੇਸ਼ ਨਾ ਆਢਾ। ਤੂੰ ਬਹੁੜੀਂ ਕਲਗ਼ੀ ਵਾਲ਼ਿਆ, ਕੋਈ ਦੇਸ ਨਾ ਸਾਡਾ।” 
ਸੋ, ਗੁਰੂ ਬਖ਼ਸ਼ਿਸ਼ ਸਦਕਾ ਇੱਕ ਦਿਨ ਜ਼ਰੂਰ ਸਾਡਾ ਵੀ ਰਾਜ ਅਤੇ ਦੇਸ ਹੋਵੇਗਾ, ਜਿਸ ਦਾ ਨਾਂ ਸਿੱਖੀ ਅਤੇ ਖ਼ਾਲਸਈ ਮਾਨਸਿਕਤਾ ਅਨੁਸਾਰ ‘ਖ਼ਾਲਿਸਤਾਨ’ ਹੋਵੇਗਾ। ਇਹ ਸੁਪਨਾ ਨਹੀਂ, ਹਕੀਕਤ ਹੈ, ਸਾਡਾ ਗੁਰੂ ’ਤੇ ਭਰੋਸਾ ਹੈ। ਹਰ ਅਣਖ਼ੀ ਸਿੱਖ ਦੀ ਰੀਝ ਹੈ ਕਿ ਸਿੱਖਾਂ ਦਾ ਗ਼ੁਲਾਮੀ ਤੋਂ ਛੁਟਕਾਰਾ ਹੋਵੇ, ਸਿੱਖ ਅਜ਼ਾਦੀ ਮਾਨਣ, ਸਿੱਖਾਂ ਦਾ ਵੀ ਆਪਣਾ ਮੁਲਕ ਹੋਵੇ ਜਿੱਥੇ ਸਾਡਾ ਧਰਮ, ਇਸ਼ਟ, ਬੋਲੀ, ਸੱਭਿਆਚਾਰ, ਪਹਿਰਾਵਾ, ਕਕਾਰ, ਸਿਧਾਂਤ, ਗੁਰਧਾਮ, ਧੀਆਂ-ਭੈਣ ਅਤੇ ਕੁਦਰਤੀ ਸ੍ਰੋਤ ਸੁਰੱਖਿਅਤ ਰਹਿਣ। ਸਾਨੂੰ ਇਹ ਗੱਲ ਸਮਝਣ ਦੀ ਵੀ ਲੋੜ ਹੈ ਕਿ ਭਾਰਤ ਦੀ ਰਾਜਸੱਤਾ ਭਾਵੇਂ ਹਿੰਦੂ ਹਾਕਮਾਂ ਦੇ ਹੱਥ ’ਚ ਹੈ ਪਰ ਫਿਰ ਵੀ ਸੌ ਕਰੋੜ ਹਿੰਦੂ ਆਪਣੇ ਆਪ ਨੂੰ ਖ਼ਤਰੇ ’ਚ ਮਹਿਸੂਸ ਕਰਦੇ ਹੋਏ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ ਤੇ ਫਿਰ ਦੋ ਕਰੋੜ ਸਿੱਖ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਿਵੇਂ ਕਰ ਸਕਦੇ ਹਨ, ਅਸੀਂ ‘ਸਿੱਖ ਰਾਸ਼ਟਰ’ ਦੀ ਗੱਲ ਕਿਉਂ ਨਾ ਕਰੀਏ ਜਦ ਕਿ ਸਾਡਾ ਤਾਂ ਖ਼ਾਲਿਸਤਾਨ ਬਿਨਾਂ ਗੁਜ਼ਾਰਾ ਹੀ ਨਹੀਂ ਹੈ। ਖ਼ਾਲਿਸਤਾਨ ਹੀ ਪੰਥ ਅਤੇ ਪੰਜਾਬ ਦੇ ਮਸਲਿਆਂ ਦਾ ਹੱਲ ਹੈ। ਅਰਦਾਸ ਕਰਦੇ ਹਾਂ ਕਿ ਖ਼ਾਲਿਸਤਾਨ ਜਲਦ ਹੋਂਦ ਵਿੱਚ ਆਵੇ। 
ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.