ਗੁਰੂ ਦੇ ਸਤਿਕਾਰ ਮਾਮਲੇ 'ਚ ਜਥੇਦਾਰ ਚੁੱਪ ਕਿਉਂ ?

ਗੁਰੂ ਦੇ ਸਤਿਕਾਰ ਮਾਮਲੇ 'ਚ ਜਥੇਦਾਰ ਚੁੱਪ ਕਿਉਂ ?

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਹੁਣ ਨਾ ਤਾਂ ਬਾਬਾ ਹਰਨਾਮ ਸਿੰਘ ਧੁੰਮਾ ਮੰਨ ਰਹੇ ਹਨ ਅਤੇ ਨਾ ਹੀ ਸੁਖਬੀਰ ਸਿੰਘ ਬਾਦਲ। ਜਿਹੜੇ ਆਪ ਹੁਕਮਨਾਮੇ ਦੀ ਪਾਲਣਾ ਨਹੀਂ ਕਰਦੇ, ਉਹ ਸੰਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦੇ ਉਪਦੇਸ਼ ਕਿਹੜੇ ਮੂੰਹ ਨਾਲ ਦਿੰਦੇ ਹਨ ? 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਮਾਮਲਾ ਸਿੱਖ ਜਗਤ ਲਈ ਸਭ ਤੋਂ ਉੱਪਰ ਹੈ। ਗੁਰੂ ਦੀ ਹਜ਼ੂਰੀ ਵਿੱਚ ਕਿਸੇ ਸਿਆਸੀ ਆਗੂ, ਧਾਰਮਿਕ ਮੁਖੀ ਜਾਂ ਅਮੀਰ ਘਰਾਣੇ ਦੀ ਵੱਖਰੀ ਚੌਧਰ ਨਹੀਂ ਚੱਲ ਸਕਦੀ। ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ, ਓਥੇ ਪ੍ਰਬੰਧ ਗੁਰਮਤਿ ਅਤੇ ਪੰਥਕ ਮਰਯਾਦਾ ਅਨੁਸਾਰ ਹੋਣੇ ਚਾਹੀਦੇ ਹਨ। ਕਿਸੇ ਦੀ ਦੌਲਤ, ਅਹੁਦਾ ਜਾਂ ਰਿਸ਼ਤੇਦਾਰੀ ਉਸ ਨੂੰ ਮਰਯਾਦਾ ਤੋਂ ਛੋਟ ਨਹੀਂ ਦਿੰਦੀ। ਗੁਰੂ ਦਰਬਾਰ ਵਿੱਚ ਸਭ ਨੇ ਸਿੱਖ ਬਣ ਕੇ ਬੈਠਣਾ ਹੈ, ਆਪਣੀਆਂ ਵਡਿਆਈਆਂ ਵਿਖਾਉਣ ਲਈ ਨਹੀਂ।
ਹੁਣ ਭਾਜਪਾਈ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਲੜਕੀ ਦੇ ਵਿਆਹ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਗੱਦੇ, ਕੁਰਸੀਆਂ, ਮੇਜ਼ ਅਤੇ ਸੋਫ਼ੇ ਲੱਗੇ ਹਨ। ਇਹ ਪ੍ਰਬੰਧ ਵਿਸ਼ੇਸ਼ ਮਹਿਮਾਨਾਂ ਦੀ ਬੈਠਕ ਅਤੇ ਸ਼ਾਹੀ ਠਾਠ ਵਿਖਾਉਣ ਲਈ ਕੀਤੇ ਗਏ ਸਨ ਜੋ ਗੁਰੂ ਦਰਬਾਰ ਦੀ ਮਰਯਾਦਾ ਨੂੰ ਚੁਣੌਤੀ ਹੈ। ਵਿਆਹ ਦੀ ਸ਼ਾਨ ਗੁਰੂ ਦੇ ਸਤਿਕਾਰ ਤੋਂ ਵੱਡੀ ਕਿਵੇਂ ਹੋ ਗਈ ? ਗੁਰੂ ਸਾਹਿਬ ਦੀ ਹਜ਼ੂਰੀ ਕਿਸੇ ਘਰਾਣੇ ਦੀ ਅਮੀਰੀ ਵਿਖਾਉਣ ਦਾ ਮੰਚ ਨਹੀਂ ਬਣ ਸਕਦੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਬਾਰੇ ਸਵਾਲ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਅਕਾਲੀ ਦਲ ਦੀ ਅਗਵਾਈ ਦੋਵਾਂ ਅੱਗੇ ਖੜ੍ਹਾ ਹੈ। ਵਿਆਹ ਸਮਾਗਮ ਵਿੱਚ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਸਨ। ਉਸ ਦੀ ਮੌਜੂਦਗੀ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਮਰਯਾਦਾ ਦੇ ਉਲਟ ਬੈਠਕ ਲੱਗੀ ਪਰ ਉਸ ਨੇ ਇਸ ਨੂੰ ਰੋਕਣ ਲਈ ਕੁਝ ਨਾ ਕੀਤਾ। ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਦੇ ਬਿਆਨ ਦੇਣ ਵਾਲਿਆਂ ਨੂੰ ਆਪਣੇ ਅਮਲ ਦਾ ਜਵਾਬ ਵੀ ਦੇਣਾ ਪਵੇਗਾ। ਹੁਕਮਨਾਮਾ ਸਿਰਫ਼ ਆਮ ਸਿੱਖ ਲਈ ਨਹੀਂ; ਧਾਰਮਿਕ ਮੁਖੀਆਂ ਅਤੇ ਸਿਆਸੀ ਪ੍ਰਧਾਨਾਂ ਲਈ ਵੀ ਓਨਾ ਹੀ ਲਾਜ਼ਮੀ ਹੈ।
ਬਾਬਾ ਹਰਨਾਮ ਸਿੰਘ ਧੁੰਮਾ ਵਿਰੁੱਧ ਤਾਂ ਪਹਿਲਾਂ ਹੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਂਚਾਂ ਉੱਤੇ ਲੱਤਾਂ ਲਮਕਾ ਕੇ ਬੈਠਣ ਤੇ ਘੋਰ ਬੇਅਦਬੀ ਕਰਨ ਸੰਬੰਧੀ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਅਤੇ ਸੰਗਤਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸ਼ਿਕਾਇਤਾਂ ਅਤੇ ਕਾਰਵਾਈ ਦੀਆਂ ਮੰਗਾਂ ਉੱਠੀਆਂ ਸਨ। ਜੇਕਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਸ ਵੇਲੇ ਹੀ ਸਪੱਸ਼ਟ ਪੰਥਕ ਫ਼ੈਸਲਾ ਸੁਣਾਇਆ ਹੁੰਦਾ ਅਤੇ ਅਵੱਗਿਆ ਕਰਨ ਉੱਤੇ ਕਾਰਵਾਈ ਕੀਤੀ ਹੁੰਦੀ, ਤਾਂ ਅੱਗੇ ਲਈ ਸਖ਼ਤ ਸੁਨੇਹਾ ਜਾਂਦਾ। ਪਹਿਲੇ ਮਾਮਲੇ ਲਟਕਾਉਣ ਕਾਰਨ ਮਰਯਾਦਾ ਦੀ ਲਕੀਰ ਟੱਪਣ ਦਾ ਹੌਸਲਾ ਵੱਧ ਰਿਹਾ ਹੈ।
ਜਥੇਦਾਰ ਸਾਹਿਬ! ਗੁਰੂ ਦੇ ਸਤਿਕਾਰ ਲਈ ਸੰਗਤ ਨੂੰ ਵਾਰ-ਵਾਰ ਰੌਲਾ ਕਿਉਂ ਪਾਉਣਾ ਪੈਂਦਾ ਹੈ ? ਜਿਹੜੇ ਅਹੁਦੇ ਨੇ ਮਰਯਾਦਾ ਦੀ ਰਾਖੀ ਕਰਨੀ ਹੈ, ਉਸ ਵੱਲੋਂ ਸਮੇਂ ਸਿਰ ਸਪੱਸ਼ਟ ਸੇਧ ਕਿਉਂ ਨਹੀਂ ਆਉਂਦੀ ? ਜਦੋਂ ਵੱਡੇ ਨਾਂ ਵਾਲਿਆਂ ਦੇ ਮਾਮਲੇ ਲਟਕਦੇ ਹਨ, ਤਾਂ ਸੰਗਤ ਪੁੱਛਦੀ ਹੈ: ਕੀ ਮਰਯਾਦਾ ਸਿਰਫ਼ ਕਮਜ਼ੋਰ ਲਈ ਹੈ ? ਕੀ ਪ੍ਰਭਾਵਸ਼ਾਲੀ ਲੋਕਾਂ ਲਈ ਵੱਖਰਾ ਦਰਵਾਜ਼ਾ ਹੈ ? ਇਹਨਾਂ ਸਵਾਲਾਂ ਦਾ ਜਵਾਬ ਚੁੱਪ ਨਹੀਂ ਹੋ ਸਕਦੀ।
ਵਿਆਹ ਦੇ ਪ੍ਰਬੰਧਕਾਂ ਅਤੇ ਸੰਬੰਧਿਤ ਜ਼ਿੰਮੇਵਾਰਾਂ ਤੋਂ ਸਪੱਸ਼ਟੀਕਰਨ ਲਿਆ ਜਾਵੇ। ਸਰੀਰਕ ਮਜਬੂਰੀ ਦੀ ਲੋੜ ਅਤੇ ਰੁਤਬਾ ਵਿਖਾਉਣ ਵਾਲੀ ਵਿਸ਼ੇਸ਼ ਬੈਠਕ ਦਾ ਫ਼ਰਕ ਵੀ ਸਪੱਸ਼ਟ ਕੀਤਾ ਜਾਵੇ। ਪਰ ਪੜਤਾਲ ਦੇ ਨਾਂ ਉੱਤੇ ਮਾਮਲਾ ਦਬਾਇਆ ਨਾ ਜਾਵੇ। ਉਲੰਘਣਾ ਦੀ ਜ਼ਿੰਮੇਵਾਰੀ ਤੈਅ ਕਰਕੇ ਪੰਥਕ ਪ੍ਰੰਪਰਾਵਾਂ ਅਨੁਸਾਰ ਕਾਰਵਾਈ ਹੋਵੇ।
ਬਾਬਾ ਧੁੰਮਾ ਹੋਵੇ, ਬਾਦਲ ਪਰਿਵਾਰ ਹੋਵੇ ਜਾਂ ਕੋਈ ਹੋਰ, ਕਸਵੱਟੀ ਇੱਕੋ ਹੋਣੀ ਚਾਹੀਦੀ ਹੈ। ਪੰਥਕ ਅਹੁਦਾ ਮਰਯਾਦਾ ਤੋਂ ਛੋਟ ਨਹੀਂ, ਉਸ ਦੀ ਰਾਖੀ ਦੀ ਵੱਡੀ ਜ਼ਿੰਮੇਵਾਰੀ ਹੈ। ਜਥੇਦਾਰੀ ਦਾ ਮਾਣ ਸਿਧਾਂਤ ਉੱਤੇ ਡਟਣ ਨਾਲ ਬਣਦਾ ਹੈ। ਗੁਰੂ ਦੇ ਸਤਿਕਾਰ ਦਾ ਸਵਾਲ ਉੱਠੇ ਤਾਂ ਰਿਸ਼ਤੇਦਾਰੀਆਂ, ਅਹੁਦੇ ਅਤੇ ਸਿਆਸੀ ਗਿਣਤੀਆਂ ਪਿੱਛੇ ਰਹਿਣੀਆਂ ਚਾਹੀਦੀਆਂ ਹਨ। ਕਿਸੇ ਦੀ ਕੁਰਸੀ ਗੁਰੂ ਦੀ ਮਰਯਾਦਾ ਤੋਂ ਉੱਚੀ ਨਹੀਂ ਹੋ ਸਕਦੀ। 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.
 

....

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.