ਜਥੇਦਾਰ ਹਵਾਰਾ ਦਾ ਖ਼ੌਫ਼, ਭਾਜਪਾ ਦੀ ਖੁੱਲ੍ਹੀ ਪੋਲ - ਰਣਜੀਤ ਸਿੰਘ ਦਮਦਮੀ ਟਕਸਾਲ

ਜਥੇਦਾਰ ਹਵਾਰਾ ਦਾ ਖ਼ੌਫ਼, ਭਾਜਪਾ ਦੀ ਖੁੱਲ੍ਹੀ ਪੋਲ  - ਰਣਜੀਤ ਸਿੰਘ ਦਮਦਮੀ ਟਕਸਾਲ

ਜਥੇਦਾਰ ਹਵਾਰਾ ਦਾ ਖ਼ੌਫ਼, ਭਾਜਪਾ ਦੀ ਖੁੱਲ੍ਹੀ ਪੋਲ - ਰਣਜੀਤ ਸਿੰਘ ਦਮਦਮੀ ਟਕਸਾਲ

ਸਰਬੱਤ ਖ਼ਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੋਂ ਦਿੱਲੀ ਦੇ ਹਾਕਮ ਅੱਜ ਵੀ ਐਨਾ ਡਰਦੇ ਕਿਉਂ ਹਨ ? ਆਈ.ਬੀ. ਨੇ ਉਹਨਾਂ ਦੀ ਪੰਜਾਬ ਜੇਲ੍ਹ ਬਦਲੀ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਸ ਨਾਲ ਵਿਧਾਨ ਸਭਾ ਚੋਣਾਂ ਉੱਤੇ ਅਸਰ ਪੈ ਸਕਦਾ ਹੈ। ਸੁਣਵਾਈ ਫਰਵਰੀ 2027 ਤੱਕ ਟਲ ਗਈ ਹੈ। ਫਿਰ ਹਾਕਮ ਦੱਸਣ ਕਿ ਉਨ੍ਹਾਂ ਨੂੰ ਸੁਰੱਖਿਆ ਦੀ ਚਿੰਤਾ ਹੈ ਜਾਂ ਪੰਜਾਬ ਦੀ ਸਿਆਸੀ ਹਵਾ ਬਦਲਣ ਦਾ ਡਰ ? ਦਿੱਲੀ ਦੇ ਹਾਕਮਾਂ ਨੂੰ ਸਵਾਲ ਹੈ। ਜੇ ਤੁਹਾਡਾ ਪ੍ਰਬੰਧ ਐਨਾ ਮਜ਼ਬੂਤ ਹੈ, ਜੇ ਤੁਹਾਡੀਆਂ ਜੇਲ੍ਹਾਂ ਦੇ ਪਹਿਰੇ ਐਨੇ ਕਰੜੇ ਹਨ, ਤਾਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿੱਚ ਲਿਆਉਣ ਤੋਂ ਐਨਾ ਡਰ ਕਾਹਦਾ ਹੈ ? ਇੱਕ ਬਜ਼ੁਰਗ ਮਾਂ ਆਪਣੇ ਪੁੱਤ ਨੂੰ ਮਿਲਣਾ ਚਾਹੁੰਦੀ ਹੈ। ਇਸ ਮਾਂ ਦੀ ਉਡੀਕ ਵਿਚਾਲੇ ਵੀ ਚੋਣਾਂ ਦਾ ਹਿਸਾਬ ਆ ਖੜ੍ਹਾ ਹੋਇਆ ਹੈ। ਕੀ ਮਾਂ ਦਾ ਦਰਦ ਵੀ ਹੁਣ ਸਿਆਸੀ ਨਫ਼ੇ ਨੁਕਸਾਨ ਦਾ ਮੁਥਾਜ ਹੋਵੇਗਾ ? ਮਾਂ ਦੀ ਉਡੀਕ ਨੂੰ ਚੋਣਾਂ ਦੇ ਕੈਲੰਡਰ ਨਾਲ ਨਾ ਬੰਨ੍ਹੋ। ਹਾਕਮੋ! ਆਪਣੀ ਤਾਕਤ ਦਾ ਸਬੂਤ ਇੱਕ ਮਾਂ ਨੂੰ ਤੜਫ਼ਾ ਕੇ ਨਾ ਦਿਓ। ਭਾਈ ਹਵਾਰਾ ਦੀ ਮਾਤਾ ਬਹੁਤ ਬਜ਼ੁਰਗ ਅਤੇ ਬਿਮਾਰ ਹੈ, ਪੁੱਤ ਨੂੰ ਮਿਲਣ ਦੀ ਉਡੀਕ ਕਰ ਰਹੀ ਹੈ। ਪੈਰੋਲ ਦਾ ਮਾਮਲਾ ਵੀ ਲਟਕ ਰਿਹਾ ਹੈ। ਮਾਂ ਦੀ ਉਮਰ ਲੰਘ ਰਹੀ ਹੈ, ਪਰ ਸਰਕਾਰਾਂ ਦੀਆਂ ਗਿਣਤੀਆਂ ਨਹੀਂ ਮੁੱਕਦੀਆਂ। ਇਹ ਕਿਸੇ ਕੋਲੋਂ ਤਰਸ ਮੰਗਣ ਦੀ ਗੱਲ ਨਹੀਂ। ਇਹ ਹੱਕ ਅਤੇ ਇਨਸਾਫ਼ ਦਾ ਸਵਾਲ ਹੈ।
ਦੂਜੇ ਪਾਸੇ ਲਖੀਮਪੁਰ ਖੀਰੀ ਮਾਮਲੇ ਦੇ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਪਰਿਵਾਰ ਨਾਲ ਦੀਵਾਲੀ ਮਨਾਉਣ ਲਈ ਆਪਣੇ ਸ਼ਹਿਰ ਜਾਣ ਦੀ ਇਜਾਜ਼ਤ ਮਿਲ ਜਾਂਦੀ ਹੈ। ਇਸੇ ਮਾਮਲੇ ਵਿੱਚ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਦੀ ਜਾਨ ਗਈ ਸੀ। ਬਲਾਤਕਾਰ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਵਾਰ ਵਾਰ ਪੈਰੋਲ ਅਤੇ ਫਰਲੋ ਮਿਲਦੀ ਹੈ। ਫਿਰ ਹਵਾਰਾ ਦੇ ਮਾਮਲੇ ਵਿੱਚ ਹਰ ਰਾਹ ਬੰਦ ਕਿਉਂ ਦਿੱਸਦਾ ਹੈ ? ਕਿਸੇ ਦੇ ਤਿਉਹਾਰ ਲਈ ਰਾਹ ਨਿਕਲਦਾ ਹੈ, ਕਿਸੇ ਦੀ ਬਿਮਾਰ ਮਾਂ ਲਈ ਵੀ ਗੱਲ ਅੱਗੇ ਨਹੀਂ ਤੁਰਦੀ। ਲੋਕ ਇਹ ਫ਼ਰਕ ਵੇਖਦੇ ਹਨ। ਫਿਰ ਸਵਾਲ ਕਰਨ ਵਾਲਿਆਂ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਜਾਂਦਾ ਹੈ। ਬਰਾਬਰੀ ਦੇ ਦਾਅਵੇ ਕਰਨ ਵਾਲਾ ਪ੍ਰਬੰਧ ਆਪਣੇ ਫ਼ੈਸਲਿਆਂ ਬਾਰੇ ਜਵਾਬ ਦੇਣ ਤੋਂ ਕਿਉਂ ਕਤਰਾਉਂਦਾ ਹੈ ? ਨਵੰਬਰ 1984 ਦੇ ਪੀੜਤ ਪਰਿਵਾਰਾਂ ਦੀ ਇਨਸਾਫ਼ ਲਈ ਲੰਮੀ ਉਡੀਕ ਵੀ ਸਾਹਮਣੇ ਹੈ। ਝੂਠੇ ਪੁਲਿਸ ਮੁਕਾਬਲਿਆਂ ਦੇ ਮਾਮਲਿਆਂ ਵਿੱਚ ਪਰਿਵਾਰਾਂ ਨੇ ਸਾਲਾਂ ਬੱਧੀ ਧੱਕੇ ਖਾਧੇ ਹਨ। ਇਨ੍ਹਾਂ ਜ਼ਖ਼ਮਾਂ ਉੱਤੇ ਸਿਆਸੀ ਰੋਟੀਆਂ ਸੇਕਣ ਵਾਲੇ ਬਹੁਤ ਆਏ, ਪਰ ਪੀੜਤਾਂ ਦਾ ਦਰਦ ਆਪਣੀ ਥਾਂ ਖੜ੍ਹਾ ਹੈ। ਕਾਂਗਰਸ ਵਾਂਗ ਭਾਜਪਾ ਵੀ ਸਿੱਖਾਂ ਅਤੇ ਪੰਜਾਬ ਦੀ ਦੋਖੀ ਹੈ। ਪਹਿਲਾਂ ਕਾਂਗਰਸ ਨੇ ਧੱਕੇ ਅਤੇ ਜ਼ੁਲਮ ਕੀਤੇ ਤੇ ਹੁਣ ਭਾਜਪਾ ਕਰ ਰਹੀ ਹੈ। ਕਾਂਗਰਸ ਹੋਵੇ ਜਾਂ ਭਾਜਪਾ, ਜਾਂ ਕੋਈ ਹੋਰ ਕਿਸੇ ਨੂੰ ਵੀ ਸਿੱਖਾਂ ਦੇ ਦਰਦ ਉੱਤੇ ਆਪਣੀ ਦੁਕਾਨ ਚਲਾਉਣ ਦਾ ਹੱਕ ਨਹੀਂ ਹੈ। 
ਭਾਜਪਾ ਲਈ ਵੋਟਾਂ ਮੰਗਣ ਵਾਲੇ ਬਾਬਾ ਹਰਨਾਮ ਸਿੰਘ ਧੁੰਮਾਂ ਅਤੇ ਸਿਆਸੀ ਆਗੂ ਹੁਣ ਕਿੱਥੇ ਹਨ ? ਕਹਿੰਦੇ ਸੀ ਬੰਦੀ ਸਿੰਘ ਰਿਹਾਅ ਕਰਾਵਾਂਗੇ। ਰਿਹਾਈ ਤਾਂ ਦੂਰ, ਪੈਰੋਲ ਅਤੇ ਜੇਲ੍ਹ ਬਦਲੀ ਦੇ ਮਸਲੇ ਵੀ ਨਹੀਂ ਸੁਲਝੇ। ਤੁਹਾਡੀ ਦਿੱਲੀ ਨਾਲ ਯਾਰੀ ਕਿਸ ਕੰਮ ਆਈ ? ਜੇ ਗੱਲ ਸੁਣੀ ਹੀ ਨਹੀਂ ਜਾਂਦੀ ਤਾਂ ਸੰਗਤ ਨੂੰ ਵੱਡੇ ਭਰੋਸੇ ਕਿਉਂ ਦਿੱਤੇ ? ਆਪਣੀ ਕੁਰਸੀ ਲਈ ਪੰਥਕ ਪਰਿਵਾਰਾਂ ਦੀਆਂ ਆਸਾਂ ਵਰਤਣੀਆਂ ਬੰਦ ਕਰੋ। ਕੌਮੀ ਇਨਸਾਫ਼ ਮੋਰਚੇ ਦੇ ਪ੍ਰਬੰਧਕ ਸ਼ਾਂਤਮਈ ਸੰਘਰਸ਼ ਹੋਰ ਤਿੱਖਾ ਕਰਨ। ਸਮੂਹ ਬੰਦੀ ਸਿੰਘਾਂ ਦੇ ਮਾਮਲੇ ਅੰਤਰਰਾਸ਼ਟਰੀ ਮਨੁੱਖੀ ਹੱਕਾਂ ਦੇ ਮੰਚਾਂ ਤੱਕ ਪਹੁੰਚਾਏ ਜਾਣ। ਇੱਕ ਪਾਸੇ ਜਵਾਨੀ ਜੇਲ੍ਹਾਂ ਵਿੱਚ ਬੁੱਢੀ ਹੋ ਰਹੀ ਹੈ, ਦੂਜੇ ਪਾਸੇ ਨਸ਼ਿਆਂ ਨਾਲ ਘਰ ਉੱਜੜ ਰਹੇ ਹਨ। ਹਾਕਮਾਂ ਨੂੰ ਜਵਾਬ ਦੇਣਾ ਪਵੇਗਾ। (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਮੋ: +918872293883.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.