ਪ੍ਰਧਾਨ ਬਨਾਮ ਭਰਦਾਨ !
- ਵੰਨ ਸੁਵੰਨ
- 24 Jun, 2026 09:21 PM (Asia/Kolkata)
ਕੁੱਝ ਹਫਤੇ ਪਹਿਲਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਮਿਸਟਰ ਕੀਰ ਸਟਾਰਮਰ ਨੇ ਆਪਣੀ ਲੇਬਰ ਪਾਰਟੀ ਦੇ ਅਹੁਦੇ ਦੇ ਨਾਲ ਨਾਲ ਪ੍ਰਧਾਨ ਮੰਤਰੀ ਪਦ ਤੋਂ ਅਸਤੀਫ਼ਾ ਦੇ ਦਿੱਤਾ।ਉਨ੍ਹਾਂ ਆਪਣੇ ਅਸਤੀਫਾ-ਪੱਤਰ ਵਿੱਚ ਇਹ ਮਹੱਤਵਪੂਰਨ ਸ਼ਬਦ ਵੀ ਲਿਖੇ-
‘ਮੇਰੀ ਲੇਬਰ ਪਾਰਟੀ ਇਹ ਨਹੀਂ ਮੰਨਦੀ ਕਿ ਮੈਂ ਅਗਲੀਆਂ ਚੋਣਾ ਵਿੱਚ ਇਸ ਦੀ ਅਗਵਾਈ ਕਰਨ ਲਈ ਸਹੀ ਵਿਅਕਤੀ ਹਾਂ…….।’
23 ਜੂਨ 2026 ਦੀ ‘ਰੋਜ਼ਾਨਾ ਸਪੋਕਸਮੈਨ’ ਦੀ ਖਬਰ ਅਨੁਸਾਰ ਉੱਥੇ ਦੀ ਸੰਸਦ ਦੇ 400 ਮੈਂਬਰਾਂ ਵਿੱਚੋਂ 100 ਜਣੇ ਹੀ ਉਸਦੇ ਖਿਲਾਫ ਹਨ 300 ਉਸਦੇ ਹਮਾਇਤੀ!ਬਹੁਸੰਮਤੀ ਹਮਾਇਤੀ ਮੈਂਬਰ ਹੋਣ ਦੇ ਬਾਵਜੂਦ ਉਨ੍ਹਾਂ ਦੋਏ ਅਹੁਦੇ ਤਿਆਗ ਦਿੱਤੇ।
ਇਹਨੂੰ ਕਹਿੰਦੇ ਹਨ ਆਪਣੇ ਦੇਸ ਅਤੇ ਲੋਕ-ਰਾਜ ਪ੍ਰਤੀ ਵਫਾਦਾਰੀ!
ਖਬਰ ਅਨੁਸਾਰ ਨੇੜਲੇ ਦਸਾਂ ਸਾਲਾਂ ਦੇ ਸਮੇਂ ਵਿੱਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਪਦ ਤੋਂ ਅਸਤੀਫ਼ਾ ਦੇਣ ਵਾਲੇ ਉਹ ਪੰਜਵੇਂ ਆਗੂ ਬਣ ਗਏ ਹਨ !! ਮਤਲਬ ਕਿ ਇੰਗਲੈਂਡ ਦੇ ਦਸ ਸਾਲਾ ਰਾਜਨੀਤਕ ਦ੍ਰਿਸ਼ ਵਿੱਚ ਪੰਜ ਪ੍ਰਧਾਨ ਮੰਤਰੀਆਂ ਨੇ ਅਹੁਦੇ ਦਾ ਮੋਹ ਨਹੀਂ ਦਿਖਾਇਆ!
ਏਧਰ ਬਲਿਹਾਰੇ ਜਾਈਏ ਸੁਖਬੀਰ ਸਿੰਘ ਬਾਦਲ ਦੇ,ਜੋ ਪੰਜਾਬ ਵਾਸੀਆਂ ਵਲੋਂ ਕਈ ਵਾਰ ਨਕਾਰਿਆ ਦੁਰਕਾਰਿਆ, ਆਪੇ ਥਾਪੀ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਅਤੇ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਨੂੰ ਦਰਕਿਨਾਰ ਕਰਕੇ ਪ੍ਰਧਾਨਗੀ ਨੂੰ ਚਿੰਬੜਿਆ ਬੈਠਾ ਹੈ !
ਫੈਵੀਕੋਲ ਕੰਪਨੀ ਦਾ ਅਜਿਹਾ ਟ੍ਰੇਡ-ਮਾਰਕ ਹੁੰਦਾ ਸੀ ਕਿ ਉਨ੍ਹਾਂ ਦੇ ਬਣਾਏ ਹੋਏ ਫੈਵੀਕੋਲ ਨਾਲ ਜੋੜੀ ਹੋਈ ਚੀਜ ਨੂੰ,ਵਿਰੋਧੀ ਦਿਸ਼ਾਵਾਂ ਵਿੱਚ ਖਿੱਚ ਰਹੇ ਦੋ ਹਾਥੀ ਵੀ ਤੋੜ ਨਹੀਂ ਸਕਦੇ!
ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਨੂੰ ਚਿੰਬੜਿਆ ਦੇਖ ਕੇ ਫੈਵੀਕੋਲ ਵਾਲਿਆਂ ਦਾ ਟ੍ਰੇਡ-ਮਾਰਕ ਚੇਤੇ ਆ ਜਾਂਦਾ ਐ!
ਜੇ ਜਿਤੇ ਇਹ ਸ੍ਰੀ ਮਾਨ ‘ਭਰਦਾਨ’ ਦੋ ਦਸੰਬਰ ਵੀਹ ਸੌ ਚੌਵੀ ਵਾਲ਼ੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਮੋਹਰੇ ਵਾਕਿਆ ਹੀ ਨਿਮਾਣੇ ਸਿੱਖ ਵਜੋਂ ਨਿਮਰਤਾ ਦਿਖਾ ਕੇ ਪ੍ਰਧਾਨਗੀ ਪਦ ਤੋਂ ਅਸਤੀਫ਼ਾ ਦੇ ਦਿੰਦਾ ਤਾਂ ਪੰਥ ਵਿੱਚ ਇਹਦਾ ਆਪਣਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਵਰਗਾ ਹਸ਼ਰ ਨਾ ਹੋਇਆ ਹੁੰਦਾ !
ਦੋ ਸਤਰੀਆ-
‘ਜਿਸਦੇ ਨੈਤਕਿਤਾ ਅਤੇ ਇਖਲਾਕ ਪੱਲੇ
ਅਹੁਦੇ ਬੈਠਾ ਸਤਿਕਾਰਤ ਪ੍ਰਧਾਨ ਹੁੰਦਾ।
ਜਿਹੜਾ ਚਿੰਬੜਿਆ ਰਹੇ ਪ੍ਰਧਾਨਗੀ ਨੂੰ
ਲੋਕੀ ਹੱਸਦੇ ਕਹਿਣ ‘ਭਰਦਾਨ’ ਹੁੰਦਾ !’
-ਤਰਲੋਚਨ ਸਿੰਘ ਦੁਪਾਲ ਪੁਰ
001-408-905-5517
[email protected]
Leave a Reply