ਦੇਰ ਆਏ ਦਰੁਸਤ ਆਏ : ਜਥੇਦਾਰ ਤੇ ਸ਼੍ਰੋਮਣੀ ਕਮੇਟੀ ਹੁਣ ਅੱਗੇ ਵਧੇ
- ਸੰਪਾਦਕੀ
- 15 Jul, 2026 06:09 PM (Asia/Kolkata)
ਬੀਤੇ ਕੱਲ੍ਹ 14 ਜੁਲਾਈ 2026 ਨੂੰ ਸਤਲੁਜ ਦਰਿਆ ਹਰੀਕੇ ਪੱਤਣ ਦੇ ਕੰਢੇ 'ਤੇ ਸ਼ਹੀਦਾਂ ਦੀ ਯਾਦ ਵਿੱਚ ਹੋਏ ਅਰਦਾਸ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਲਾਨ ਕੀਤਾ ਕਿ ਹਰੀਕੇ ਪੱਤਣ ਨੂੰ ਹੁਣ ਸ਼ਹੀਦੀ ਪੱਤਣ ਕਿਹਾ ਜਾਏਗਾ ਅਤੇ ਇੱਥੇ ਖ਼ਾਲਸਾ ਪੰਥ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰ ਬਣਾਈ ਜਾਏਗੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼ਹੀਦਾਂ ਦੀ ਗਿਣਤੀ ਅਤੇ ਹੋਰ ਵੇਰਵੇ ਇਕੱਠੇ ਕੀਤੇ ਜਾਣਗੇ। ਜਥੇਦਾਰ ਦੇ ਇਹਨਾਂ ਐਲਾਨਾਂ ਦਾ ਸਮੁੱਚੇ ਖ਼ਾਲਸਾ ਪੰਥ ਨੇ ਸਵਾਗਤ ਕੀਤਾ ਹੈ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਬੜਾ ਦਿਲਾਸਾ ਮਿਲਿਆ ਹੈ। ਚਲੋ 'ਦੇਰ ਆਏ ਦਰੁਸਤ ਆਏ।' ਪਹਿਲਾਂ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਵੱਲੋਂ ਇੱਕ ਗੀਤ ਗਾਏ ਜਾਣ 'ਤੇ ਚਰਚਾ ਵਿੱਚ ਆਏ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ (ਸ੍ਰੀ ਦਰਬਾਰ ਸਾਹਿਬ) ਵਿੱਚ ਲੱਗ ਗਈ ਤੇ ਹੁਣ ਅਦਾਕਾਰ ਦਿਲਜੀਤ ਸਿੰਘ ਦੁਸਾਂਝ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਿਤ ਬਣਾਈ ਫਿਲਮ 'ਸਤਲੁਜ (ਪੰਜਾਬ 95)' ਦੀ ਬੇਹੱਦ ਚਰਚਾ ਨਾਲ ਜਥੇਦਾਰ ਸਾਹਿਬ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਅਤੇ ਵੱਡੇ ਐਲਾਨ ਵੀ ਹੋ ਗਏ। ਹੁਣ ਲੋੜ ਹੈ ਕਿ ਜਥੇਦਾਰ ਦੀ ਟੀਮ ਅਤੇ ਸ਼੍ਰੋਮਣੀ ਕਮੇਟੀ ਇਹਨਾਂ ਐਲਾਨਾਂ ਨੂੰ ਸਿਰੇ ਚੜ੍ਹਾਉਣ ਲਈ ਅਗਲੇ ਕਾਰਜ ਤੇਜ਼ੀ ਨਾਲ ਸ਼ੁਰੂ ਕਰ ਦੇਵੇ, ਪਿੰਡਾਂ-ਸ਼ਹਿਰਾਂ ਵਿੱਚ ਇੱਕ ਮੁਹਿੰਮ ਵਿੱਢ ਕੇ ਅਗਲੇ ਸਾਲ ਤਕ ਸਮੂਹ ਸ਼ਹੀਦਾਂ ਦੀ ਗਿਣਤੀ ਅਤੇ ਵੇਰਵੇ ਇਕੱਤਰ ਕਰਕੇ ਖ਼ਾਲਸਾ ਪੰਥ ਦੀ ਝੋਲੀ ਵਿੱਚ ਪਾਵੇ ਤੇ ਦੁਨੀਆਂ ਨੂੰ ਦੱਸਿਆ ਜਾਏ ਕਿ ਭਾਰਤੀ ਹਕੂਮਤ ਨੇ ਸਿੱਖਾਂ ਨਾਲ ਆਹ ਕੁਝ ਕੀਤਾ ਹੈ। ਲੋੜ ਹੈ ਕਿ 1982 ਤੋਂ 1995 ਤਕ ਜਿੰਨੇ ਵੀ ਸਿੰਘਾਂ-ਸਿੰਘਣੀਆਂ ਦੇ ਝੂਠੇ ਅਤੇ ਅਸਲ ਪੁਲਿਸ ਮੁਕਾਬਲੇ ਬਣਾਏ ਗਏ ਹਨ, ਜਿਨ੍ਹਾਂ ਨੂੰ ਅਗਵਾ ਕਰਕੇ ਲਾਪਤਾ ਕੀਤਾ ਹੈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਹਿ ਕੇ ਸਾੜ ਦਿੱਤਾ, ਜਿਨ੍ਹਾਂ ਦੀਆਂ ਸ਼ਹੀਦੀ ਦੇਹਾਂ ਦਰਿਆਵਾਂ ਅਤੇ ਨਹਿਰਾਂ ਵਿੱਚ ਰੋੜ੍ਹ ਦਿੱਤੀਆਂ, ਜਿਨ੍ਹਾਂ ਨੂੰ ਕਿਤੇ ਮਾਰ-ਖਪਾ ਅਤੇ ਦੱਬ ਦਿੱਤਾ ਗਿਆ, ਜਿਨ੍ਹਾਂ ਦੀਆਂ ਲਾਸ਼ਾਂ ਪਰਿਵਾਰਾਂ ਅਤੇ ਸੰਗਤਾਂ ਨੇ ਪੁਲਿਸ ਕੋਲ ਖੋਹ ਕੇ ਖ਼ੁਦ ਸਸਕਾਰ ਕੀਤੇ, ਜਿਨ੍ਹਾਂ ਬਾਰੇ ਕੁਝ ਪਤਾ ਹੀ ਨਾ ਲੱਗ ਸਕਿਆ ਕਿ ਉਹਨਾਂ ਨਾਲ ਕੀ ਬੀਤੀ ਅਤੇ ਹੋਰ ਕਈ ਵੱਖ-ਵੱਖ ਕੇਸਾਂ ਅਤੇ ਘਟਨਾਵਾਂ ਵਿੱਚ ਸਰਕਾਰ ਦੀ ਦਰਿੰਦਗੀ ਦਾ ਸ਼ਿਕਾਰ ਬਣੇ ਲੋਕਾਂ ਦੇ ਪਰਿਵਾਰਾਂ, ਵਾਰਸਾਂ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਤਕ ਪਹੁੰਚ ਕਰਕੇ ਤਸਵੀਰਾਂ, ਨਾਮ, ਪਤੇ ਅਤੇ ਹੋਰ ਜਾਣਕਾਰੀ ਨੂੰ ਦਸਤਾਵੇਜ਼ ਕੀਤਾ ਜਾਵੇ। ਜੇ ਸ਼੍ਰੋਮਣੀ ਕਮੇਟੀ ਇਮਾਨਦਾਰੀ ਨਾਲ ਕੰਮ ਕਰੇ ਤਾਂ ਸੱਚਮੁੱਚ ਇਹ ਕਾਰਜ ਇੱਕ ਸਾਲ ਵਿੱਚ ਹੀ ਪੂਰਾ ਕੀਤਾ ਜਾ ਸਕਦਾ, ਜਥੇਬੰਦੀਆਂ ਅਤੇ ਸੰਗਤਾਂ ਆਪ ਮੁਹਾਰੇ ਹੀ ਉਹਨਾਂ ਦਾ ਸਾਥ ਦੇਣਗੀਆਂ। ਸਿੱਖ ਨੌਜਵਾਨ ਅਤੇ ਸੰਗਤਾਂ ਤਾਂ ਖੁਦ ਆਪੋ-ਆਪਣੇ ਪਿੰਡਾਂ ਦਾ ਰਿਕਾਰਡ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਪੁੱਜਣਗੀਆਂ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਹੁਣ ਇੱਕ-ਦੋ ਮਹੀਨਿਆਂ ਵਿੱਚ ਛੇਤੀ ਹੀ ਸ਼ਹੀਦੀ ਪੱਤਣ ਹਰੀਕੇ ਵਿਖੇ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖ ਦੇਵੇ ਤੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਣਾਉਣ ਲਈ ਪੰਥਕ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ਦੀ ਰਾਏ ਲਵੇ ਅਤੇ ਯਾਦਗਾਰੀ ਕਮੇਟੀ ਬਣਾ ਕੇ ਮੁੱਢਲੇ ਮੈਂਬਰਾਂ ਵਿੱਚ ਖਾਲਿਸਤਾਨੀ ਚਿੰਤਕ ਤੇ ਸਿੱਖ ਸੰਘਰਸ਼ ਦੇ ਇਤਿਹਾਸਕਾਰ ਭਾਈ ਸਰਬਜੀਤ ਸਿੰਘ ਘੁਮਾਣ ਨੂੰ ਸ਼ਾਮਿਲ ਕਰੇ ਜੋ ਸੁਚੱਜੀ ਅਗਵਾਈ ਪ੍ਰਦਾਨ ਕਰਨਗੇ। ਉਸ ਯਾਦਗਾਰ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ, ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ, ਸ਼ਹੀਦ ਬਾਬਾ ਚਰਨ ਸਿੰਘ ਬੀੜ ਸਾਹਿਬ ਕਾਰ ਸੇਵਾ ਵਾਲਿਆਂ ਸਮੇਤ ਅਜੋਕੇ ਸੰਘਰਸ਼ ਦੇ ਸਮੂਹ ਸ਼ਹੀਦਾਂ ਦੀਆਂ ਤਸਵੀਰਾਂ ਲਗਾਈਆਂ ਜਾਣ। ਸ਼ਹੀਦਾਂ ਦਾ ਰਿਕਾਰਡ ਇਕੱਠਾ ਕਰਨ ਲਈ ਅਸੀਂ ਅਦਾਰਾ ਪਹਿਰੇਦਾਰ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਤੇ ਖ਼ਾਲਸਾ ਫ਼ਤਹਿਨਾਮਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦਾ ਭਰਪੂਰ ਸਾਥ ਦੇਵਾਂਗੇ
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply