ਗੁਰੂ ਅਮਰਦਾਸ ਥਰਮਲ ਪਲਾਂਟ ਬੰਦ ਹੋਣ ਦੇ ਕਿਨਾਰੇ, ਵਰਕਰਾਂ ਨੇ 13 ਜੂਨ ਤੋਂ ਪੂਰਨ ਕੰਮ ਠੱਪ ਕਰਨ ਦਾ ਕੀਤਾ ਐਲਾਨ

ਗੁਰੂ ਅਮਰਦਾਸ ਥਰਮਲ ਪਲਾਂਟ ਬੰਦ ਹੋਣ ਦੇ ਕਿਨਾਰੇ, ਵਰਕਰਾਂ ਨੇ 13 ਜੂਨ ਤੋਂ ਪੂਰਨ ਕੰਮ ਠੱਪ ਕਰਨ ਦਾ ਕੀਤਾ ਐਲਾਨ

ਗੋਇੰਦਵਾਲ ਸਾਹਿਬ , ਨਜ਼ਰਾਨਾ ਟਾਈਮਜ ਬਿਊਰੋ

ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਗੋਇੰਦਵਾਲ ਦੇ ਆਊਟਸੋਰਸਡ ਵਰਕਰਾਂ ਅਤੇ ਪ੍ਰਬੰਧਨ ਵਿਚਾਲੇ ਚੱਲ ਰਿਹਾ ਟਕਰਾਅ ਹੁਣ ਨਿਰਣਾਇਕ ਮੋੜ 'ਤੇ ਪਹੁੰਚ ਗਿਆ ਹੈ। ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਨੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਨੇ ਤੁਰੰਤ ਆਊਟਸੋਰਸਡ ਕਰਮਚਾਰੀਆਂ ਨੂੰ ਵਿਭਾਗ ਵਿੱਚ ਮਰਜ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ 13 ਜੂਨ ਤੋਂ ਪਲਾਂਟ ਵਿੱਚ ਪੂਰੀ ਤਰ੍ਹਾਂ ਕੰਮ ਬੰਦ ਕਰ ਦਿੱਤਾ ਜਾਵੇਗਾ।
ਚੌਥੇ ਦਿਨ ਦੇ ਸੰਘਰਸ਼ ਦੌਰਾਨ ਮੁੱਖ ਇੰਜੀਨੀਅਰ ਐੱਸ.ਪੀ. ਸਿੰਘ ਨਾਲ ਹੋਈ ਮੀਟਿੰਗ ਵੀ ਕਿਸੇ ਨਤੀਜੇ 'ਤੇ ਨਹੀਂ ਪਹੁੰਚੀ। ਵਰਕਰਾਂ ਅਨੁਸਾਰ ਮੀਟਿੰਗ ਦੌਰਾਨ ਐੱਸ.ਪੀ. ਸਿੰਘ ਨੇ ਸਾਫ਼ ਕਿਹਾ ਕਿ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹਨ ਅਤੇ ਉਹ ਇਸ ਸਬੰਧੀ ਕੋਈ ਅੰਤਿਮ ਫ਼ੈਸਲਾ ਲੈਣ ਦੇ ਸਮਰੱਥ ਨਹੀਂ ਹਨ।
ਵਰਕਰਾਂ ਦਾ ਕਹਿਣਾ ਹੈ ਕਿ ਇਹ ਬਿਆਨ ਸਰਕਾਰ ਅਤੇ ਸਬੰਧਤ ਉੱਚ ਅਧਿਕਾਰੀਆਂ ਦੀ ਅਣਗਹਿਲੀ ਨੂੰ ਬੇਨਕਾਬ ਕਰਦਾ ਹੈ। ਜੇਕਰ ਮੁੱਖ ਇੰਜੀਨੀਅਰ ਹੀ ਮੰਗਾਂ 'ਤੇ ਫ਼ੈਸਲਾ ਕਰਨ ਦੇ ਅਧਿਕਾਰ ਨਹੀਂ ਰੱਖਦੇ ਤਾਂ ਸਵਾਲ ਖੜ੍ਹਾ ਹੁੰਦਾ ਹੈ ਕਿ ਆਖ਼ਰ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਣਨ ਅਤੇ ਹੱਲ ਕਰਨ ਲਈ ਜ਼ਿੰਮੇਵਾਰ ਕੌਣ ਹੈ?
ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਅਤੇ ਪਾਵਰਕਾਮ ਪ੍ਰਬੰਧਨ ਲਗਾਤਾਰ ਆਊਟਸੋਰਸਡ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ, ਜਿਸ ਕਾਰਨ ਰੋਸ ਦਿਨੋਂ-ਦਿਨ ਵੱਧ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪਹਿਲਾਂ ਹੀ ਘੱਟ ਸਟਾਫ਼ ਨਾਲ ਚੱਲ ਰਹੇ 2×270 ਮੈਗਾਵਾਟ ਦੇ ਦੋਵੇਂ ਯੂਨਿਟ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ, ਜਿਸ ਦਾ ਸਿੱਧਾ ਅਸਰ ਪੰਜਾਬ ਦੀ ਬਿਜਲੀ ਸਪਲਾਈ 'ਤੇ ਪੈ ਸਕਦਾ ਹੈ।
ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਲਿਖਤੀ ਰੂਪ ਵਿੱਚ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਲਾਂਟ ਬੰਦ ਹੋਣ ਦੀ ਸਥਿਤੀ ਲਈ ਪੰਜਾਬ ਸਰਕਾਰ, ਪਾਵਰਕਾਮ ਪ੍ਰਬੰਧਨ ਅਤੇ ਉਹ ਅਧਿਕਾਰੀ ਜ਼ਿੰਮੇਵਾਰ ਹੋਣਗੇ ਜੋ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਹੇ।
ਵਰਕਰਾਂ ਦਾ ਸਪੱਸ਼ਟ ਕਹਿਣਾ ਹੈ ਕਿ ਹੁਣ ਭਰੋਸਿਆਂ ਅਤੇ ਮੀਟਿੰਗਾਂ ਦਾ ਸਮਾਂ ਲੰਘ ਚੁੱਕਾ ਹੈ, ਜੇਕਰ ਸਰਕਾਰ ਨੇ ਤੁਰੰਤ ਦਖ਼ਲ ਨਾ ਦਿੱਤਾ ਤਾਂ 13 ਜੂਨ ਤੋਂ ਗੁਰੂ ਅਮਰਦਾਸ ਥਰਮਲ ਪਲਾਂਟ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਸਕਦਾ ਹੈ।ਇਸ ਮੌਕੇ ਜਨਰਲ ਸਕੱਤਰ ਅਮਰਦੀਪ ਸਿੰਘ,ਵਾਈਸ ਪ੍ਰਧਾਨ ਜਸਵਿੰਦਰ ਸਿੰਘ,ਪ੍ਰੈਸ ਸਕੱਤਰ ਅਮਰੀਕ ਸਿੰਘ, ਸੋਸ਼ਲ ਮੀਡੀਆ ਇੰਚਾਰਜ ਧਰਮਿੰਦਰ ਸਿੰਘ, ਕੈਸ਼ੀਅਰ ਤਰਸੇਮ ਸਿੰਘ,ਸੰਜੀਵ ਕੁਮਾਰ, ਸਲਾਹਕਾਰ ਸ਼ਰਮਾ, ਅੰਗਰੇਜ਼ ਸਿੰਘ,ਪ੍ਰਭਪ੍ਰੀਤ ਸਿੰਘ, ਲਵਪ੍ਰੀਤ ਸਿੰਘ,ਗੁਰਮੀਤ ਸਿੰਘ,ਰਣਜੀਤ ਸਿੰਘ,ਗੁਰਮੇਲ ਸਿੰਘ,ਕੰਵਲਜੀਤ ਸਿੰਘ, ਸਰਵਣ ਸਿੰਘ,ਗੁਰਜੀਤ ਸਿੰਘ, ਲਖਬੀਰ ਸਿੰਘ, ਅਮਰਜੀਤ ਸਿੰਘ, ਜਗਰੂਪ ਸਿੰਘ ,ਜਸਪਾਲ ਸਿੰਘ ,ਗੁਰਪ੍ਰੀਤ ਸਿੰਘ,ਕੰਵਲਜੀਤ ਸਿੰਘ, ਜਸਪਾਲ ਸਿੰਘ, ਰਾਜਵਿੰਦਰ ਸਿੰਘ ਮਿੱਠਾ,ਅਕਾਸ਼ਦੀਪ ਸਿੰਘ,ਮਨਪ੍ਰੀਤ ਸਿੰਘ,ਗੁਰਪ੍ਰੀਤ ਸਿੰਘ,ਸੁਖਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.