ਲਾਲ ਲਕੀਰ ਅੰਦਰਲੇ ਘਰਾਂ ਦੇ ਮਾਲਕਾਨਾ ਹੱਕ ਦੇਣਾ ‘ਆਪ’ ਸਰਕਾਰ ਦੀ ਨਿਵੇਕਲੀ ਤੇ ਇਤਿਹਾਸਕ ਪਹਿਲ : ਸਰਪੰਚ ਗੁਰਮੁੱਖ ਸਿੰਘ ਸਰਜਾ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਮੇਰਾ ਘਰ ਮੇਰੇ ਨਾਮ’ ਸਕੀਮ ਨਾਲ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡਾਂ ਦੀ ਲਾਲ ਲਕੀਰ ਅੰਦਰ ਆਉਂਦੇ ਘਰਾਂ ਦੇ ਮਾਲਕਾਨਾ ਹੱਕ ਦੇਣ ਦੇ ਉਪਰਾਲੇ ਦਾ ਸਰਪੰਚ ਗੁਰਮੁੱਖ ਸਿੰਘ ਸਰਜਾ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਸਰਪੰਚ ਗੁਰਮੁੱਖ ਸਿੰਘ ਸਰਜਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਪੇਂਡੂ ਲੋਕਾਂ ਲਈ ਇੱਕ ਨਿਵੇਕਲੀ ਅਤੇ ਇਤਿਹਾਸਕ ਪਹਿਲ ਹੈ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਲੋਕ ਆਪਣੇ ਜੱਦੀ ਘਰਾਂ ਵਿੱਚ ਰਹਿਣ ਦੇ ਬਾਵਜੂਦ ਮਾਲਕਾਨਾ ਹੱਕਾਂ ਦੇ ਦਸਤਾਵੇਜ਼ਾਂ ਤੋਂ ਵਾਂਝੇ ਸਨ। ਉਨ੍ਹਾਂ ਅਨੁਸਾਰ ਪਿਛਲੀਆਂ ਸਰਕਾਰਾਂ ਸਮੇਂ ਵੀ ਇਹ ਸਮੱਸਿਆ ਬਣੀ ਰਹੀ।
ਸਰਪੰਚ ਸਰਜਾ ਨੇ ਕਿਹਾ ਕਿ ਮਾਲਕਾਨਾ ਹੱਕਾਂ ਦੇ ਦਸਤਾਵੇਜ਼ ਮਿਲਣ ਨਾਲ ਲੋਕਾਂ ਨੂੰ ਕਾਨੂੰਨੀ ਸੁਰੱਖਿਆ ਮਿਲੇਗੀ, ਜਾਇਦਾਦ ਸਬੰਧੀ ਵਿਵਾਦ ਘਟਾਉਣ ਵਿੱਚ ਮਦਦ ਮਿਲੇਗੀ ਅਤੇ ਬੈਂਕਾਂ ਦੀਆਂ ਨਿਰਧਾਰਤ ਸ਼ਰਤਾਂ ਅਨੁਸਾਰ ਕਰਜ਼ਾ ਲੈਣ ਸਮੇਤ ਵੱਖ-ਵੱਖ ਸਰਕਾਰੀ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ ਵਿੱਚ ਆਸਾਨੀ ਹੋ ਸਕੇਗੀ। ਉਨ੍ਹਾਂ ਕਿਹਾ ਕਿ ਆਪਣੇ ਜੱਦੀ ਘਰ ਦਾ ਕਾਨੂੰਨੀ ਮਾਲਕ ਹੋਣ ਦਾ ਦਸਤਾਵੇਜ਼ ਪ੍ਰਾਪਤ ਕਰਨਾ ਹਰ ਪਰਿਵਾਰ ਲਈ ਬੇਹੱਦ ਮਹੱਤਵਪੂਰਨ ਹੈ। ਇਸ ਉਪਰਾਲੇ ਨਾਲ ਪੇਂਡੂ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਸਰਪੰਚ ਗੁਰਮੁੱਖ ਸਿੰਘ ਸਰਜਾ ਨੇ ਇਸ ਉਪਰਾਲੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਡਾ. ਹਰਭਜਨ ਸਿੰਘ ਈਟੀਓ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਹਰਪਾਲ ਸਿੰਘ ਚੋਹਾਨ, ਸਰਨਜੀਤ ਸਿੰਘ ਕਨੇਡਾ, ਇਕਬਾਲ ਸਿੰਘ ਸਿੱਧੂ ਜੋਧਾਨਗਰੀ, ਪ੍ਰਗਟ ਸਿੰਘ ਧੰਜੂ, ਬਚਿੱਤਰ ਸਿੰਘ (ਮੈਂਬਰ ਪੰਚਾਇਤ), ਜਸਵੰਤ ਸਿੰਘ ਦੁਕਾਨਦਾਰ, ਸਰਪੰਚ ਗੁਰਮੀਤ ਕੌਰ ਜੋਧਾਨਗਰੀ, ਪੰਚ ਜਗੀਰ ਸਿੰਘ ਹਾਜ਼ਰ ਸਨ।
Posted By: SURJIT SINGH KHALSA