ਚੰਡੀਗੜ੍ਹ ਕਿਸਾਨ ਮੋਰਚੇ ’ਚ ਹਜ਼ਾਰਾਂ ਕਿਸਾਨ, ਸਰਕਾਰਾਂ ਦੀ ਚੁੱਪ ’ਤੇ SKM ਸਖ਼ਤ
ਕਿਸਾਨੀ ਖੇਤੀ ਅਤੇ ਪਾਣੀਆਂ ਦੇ ਮਸਲਿਆਂ ਨੂੰ ਹੱਲ ਨਾ ਕਰਨ ਸਬੰਧੀ ਵੱਟੀ ਘੇਸਲ ਅਤੇ ਦੋਵਾਂ ਸਰਕਾਰਾਂ ਦਾ ਅਜਿਹਾ ਵਤੀਰਾ ਭਵਿੱਖ 'ਚ ਸਖਤ ਫੈਸਲੇ ਲੈਣ ਲਈ ਕਰ ਸਕਦਾ ਮਜਬੂਰ…
ਚੰਡੀਗੜ੍ਹ 2 ਸਤੰਬਰ (ਮੰਗਤ ਸਿੰਘ ਸੈਦਪੁਰ) : ਸੰਯੁਕਤ ਕਿਸਾਨ ਮੋਰਚਾ ਵਲੋਂ ਚੰਡੀਗੜ੍ਹ ਦੇ ਸੈਕਟਰ 48-ਸੀ ਵਿੱਚ ਚੱਲ ਰਹੇ ਮੋਰਚਾ ਦੂਜੇ ਦਿਨ ਵਿੱਚ ਦਾਖਲ ਹੋ ਗਿਆ। ਬੀਤੇ ਕੱਲ ਨਾਲੋਂ ਅੱਜ ਕਿਸਾਨਾਂ ਦੀ ਆਮਦ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਗਈ। ਦਰਜਨਾਂ ਹੋਰ ਟ੍ਰੈਕਟਰ ਟਰਾਲੀਆਂ ਉਤੇ ਸਵਾਰ ਹੋ ਕੇ ਕਿਸਾਨ ਮੋਰਚੇ ਵਿੱਚ ਸ਼ਾਮਲ ਰਹੇ ਹਨ। ਕਿਸਾਨ ਜੱਥੇਬੰਦੀਆਂ ਦੇ ਰੰਗ ਬਿਰੰਗੇ ਝੰਡਿਆਂ ਨਾਲ ਨਾਅਰੇ ਮਾਰਦੇ ਹੋਏ ਕਿਸਾਨ ਜਥੇ ਪੰਡਾਲ ਵਿੱਚ ਪੁੱਜੇ ਅਤੇ ਬੁਲਾਰਿਆਂ ਦੇ ਵਿਚਾਰਾਂ ਨੂੰ ਸੁਣਿਆ। ਹਰਿੰਦਰ ਸਿੰਘ ਲੱਖੋਵਾਲ, ਜਗਮੋਹਨ ਸਿੰਘ ਪਟਿਆਲਾ, ਹਰਮੀਤ ਸਿੰਘ ਕਾਦੀਆਂ, ਰਾਮਿੰਦਰ ਸਿੰਘ ਪਟਿਆਲਾ ਅਤੇ ਗੁਰਮੀਤ ਸਿੰਘ ਮਹਿਮਾ ਨੇ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਸਟੇਜ ਦੀ ਅੱਜ ਦੀ ਕਾਰਵਾਈ ਹਰਮੀਤ ਸਿੰਘ ਕਾਦੀਆਂ, ਗੁਰਮੀਤ ਸਿੰਘ ਭੱਟੀਵਾਲ, ਜੰਗਵੀਰ ਸਿੰਘ ਚੌਹਾਨ, ਅਵਤਾਰ ਸਿੰਘ ਮਹਿਮਾ, ਜਸਕਰਨ ਸਿੰਘ ਸਰਾਂ, ਹਰਜਿੰਦਰ ਸਿੰਘ ਟਾਂਡਾ ਅਤੇ ਭੁਪਿੰਦਰ ਸਿੰਘ ਔਲਖ ਉਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਚਲਾਈ ਗਈ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅੱਜ ਵੱਖ ਵੱਖ ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਦੋਵਾਂ ਸਰਕਾਰਾਂ ਨੇ ਕਿਸਾਨੀ, ਖੇਤੀ ਅਤੇ ਪਾਣੀਆਂ ਦੇ ਮਸਲਿਆਂ ਨੂੰ ਹੱਲ ਕਰਨ ਸਬੰਧੀ ਘੇਸਲ ਵੱਟੀ ਹੋਈ ਹੈ। ਉਨ੍ਹਾਂ ਨੂੰ ਲੋਕਾਂ ਦੇ ਦੁੱਖ ਦਰਦ ਦੀ ਕੋਈ ਪ੍ਰਵਾਹ ਨਹੀ। ਹੁਕਮਰਾਨਾਂ ਦਾ ਅਜਿਹਾ ਵਤੀਰਾ ਸੰਯੁਕਤ ਕਿਸਾਨ ਮੋਰਚਾ ਨੂੰ ਭਵਿੱਖ ਵਿੱਚ ਸਖਤ ਫੈਸਲੇ ਲੈਣ ਲਈ ਮਜਬੂਰ ਕਰ ਸਕਦਾ ਹੈ। ਸੰਯੁਕਤ ਕਿਸਾਨ ਮੋਰਚਾ ਦੇ ਬੁਲਾਰਿਆਂ ਨੇ ਇੱਕ ਸੁਰ ਹੋ ਕੇ ਕਿਹਾ ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੇ ਸੰਕਟ ਦੇ ਹੱਲ, ਫਰੀ ਟਰੇਡ ਸਮਝੌਤੇ ਨੂੰ ਰੱਦ ਕਰਨ ਅਤੇ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਅਤੇ ਹੋਰ ਮੰਗਾਂ ਦੇ ਹੱਲ ਲਈ ਵੱਖ ਵੱਖ ਸਮੇਂ 'ਤੇ ਦੋਵੇਂ ਹਕੂਮਤਾਂ ਨੂੰ ਮੰਗ ਪੱਤਰ ਦਿੱਤੇ ਪ੍ਰੰਤੂ ਦੋਵੇਂ ਹਕੂਮਤਾਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ। ਮੰਗਾਂ ਦੀ ਅਣਦੇਖੀ ਹੋਣ ਕਾਰਨ ਉਹ ਮੋਰਚਾ ਲਾਉਣ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਿਸਾਨ ਚੰਡੀਗੜ੍ਹ ਅਤੇ ਮੋਹਾਲੀ ਦੀਆਂ ਸੜਕਾਂ ਤੇ ਆਵਾਜ਼ ਬੁਲੰਦ ਕਰ ਰਹੇ ਹਨ ਦੂਸਰੇ ਪਾਸੇ ਦੋਵੇਂ ਸਰਕਾਰਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀ।ਅਜਿਹਾ ਵਤੀਰਾ ਕੇਂਦਰ ਦੀ ਸੱਤਾ ਉੱਤੇ ਬਿਰਾਜਮਾਨ ਭਾਜਪਾ ਅਤੇ ਪੰਜਾਬ ਦੀ ਸੱਤਾ ਉੱਤੇ ਬਿਰਾਜਮਾਨ ਆਮ ਆਦਮੀ ਪਾਰਟੀ ਦੇ ਲੋਕ ਦੋਖੀ ਕਿਰਦਾਰ ਦੀ ਨਿਸ਼ਾਨਦੇਹੀ ਕਰਦੀ ਹੈ। ਖਾਸ ਗੱਲ ਇਹ ਹੈ ਕਿ ਚੰਡੀਗੜ ਮੋਰਚਾ ਲੱਗਣ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੇ ਗਵਰਨਰ ਪੰਜਾਬ ਰਾਹੀ ਕੇਂਦਰ ਸਰਕਾਰ ਅਤੇ ਡੀ ਆਈ ਜੀ ਨਾਨਕ ਸਿੰਘ ਰਾਹੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਸਨ। ਪ੍ਰੰਤੂ ਦੋਵੇਂ ਪਾਸਿਆਂ ਤੋਂ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ। ਸੰਯੁਕਤ ਕਿਸਾਨ ਮੋਰਚਾ ਨੇ ਆਪਣੀ ਮੀਟਿੰਗ ਵਿੱਚ ਦੋਵੇਂ ਸਰਕਾਰਾਂ ਦੇ ਵਤੀਰੇ ਉੱਪਰ ਵਿਚਾਰ ਕਰਨ ਅਤੇ ਭਵਿੱਖੀ ਰਣਨੀਤੀ ਦੇ ਅਜੰਡੇ ਉਪਰ 4 ਸਤੰਬਰ ਦੀ ਮੀਟਿੰਗ ਵਿੱਚ ਫੈਸਲਾ ਕਰਨ ਲਈ ਸਾਰੇ ਸੀਨੀਅਰ ਆਗੂਆਂ ਨੂੰ ਉਸ ਦਿਨ ਹਾਜ਼ਰ ਹੋਣ ਦਾ ਅੰਦਰੂਨੀ ਸੁਨੇਹਾ ਦਿੱਤਾ ਹੈ। ਪੰਡਾਲ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਦੇ ਆਗੂ ਅਜਮੇਰ ਸਿੰਘ ਸਮਰਾ ਦੀ ਮੌਤ ਹੋ ਜਾਣ ਦੀ ਖਬਰ ਮਿਲਣ ਮਗਰੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਕੱਠ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਚ ਬਲਵੀਰ ਸਿੰਘ ਰਾਜੇਵਾਲ, ਨਿਰਭੈ ਸਿੰਘ ਢੁੱਡੀਕੇ, ਗੁਰਦੀਪ ਸਿੰਘ ਰਾਮਪੁਰਾ, ਬੂਟਾ ਸਿੰਘ ਬੁਰਜ ਗਿੱਲ, ਸੁਖਦੇਵ ਸਿੰਘ ਅਰਾਈਆਂ ਵਾਲਾ, ਪਵਿੱਤਰ ਸਿੰਘ ਲਾਲੀ, ਕੰਵਲਪ੍ਰੀਤ ਸਿੰਘ ਪੰਨੂ, ਡਾਕਟਰ ਸਤਨਾਮ ਸਿੰਘ ਅਜਨਾਲਾ, ਮਹਾਂਵੀਰ ਸਿੰਘ ਗਿੱਲ, ਅਵਤਾਰ ਸਿੰਘ ਮਹਿਮਾ, ਅਵਤਾਰ ਸਿੰਘ ਮੇਹਲੋਂ, ਰਘਵੀਰ ਸਿੰਘ ਮਹਿਰਵਾਲ, ਮਲੂਕ ਸਿੰਘ ਹੀਰ ਕੇ, ਬਲਵਿੰਦਰ ਸਿੰਘ ਰਾਜੂ ਔਲਖ, ਸੁਰਜੀਤ ਸਿੰਘ ਭਾਦਸੋਂ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਸੁਖਮੰਦਰ ਸਿੰਘ, ਪ੍ਰੇਮ ਸਿੰਘ ਭੰਗੂ, ਸੁਖਦੇਵ ਸਿੰਘ ਅਰਾਈਆਂਵਾਲਾ ਅਤੇ ਪ੍ਰਗਟ ਸਿੰਘ ਨੇ ਸੰਬੋਧਨ ਕੀਤਾ। ਸਟੇਜ ਦਾ ਸੰਚਾਲਨ ਅੰਗਰੇਜ਼ ਸਿੰਘ ਭਦੌੜ, ਪਵਨ ਸੋਗਲਪੁਰ, ਮੁਕੇਸ਼ ਚੰਦਰ ਸ਼ਰਮਾ, ਦਰਸ਼ਨ ਸਿੰਘ ਜਟਾਣਾ ਅਤੇ ਹਰਭਜਨ ਸਿੰਘ ਧੂਹੜ ਨੇ ਕੀਤਾ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ