Nazrana Times

ਪੰਜਾਬੀ

ਗੁਰਮਤਿ ਵਿਰੁੱਧ ਚੱਲਣ ਵਾਲੇ ਪ੍ਰਚਾਰਕ ਸੰਗਤਾਂ ਨੂੰ ਕੀ ਸੇਧ ਦੇਣਗੇ ?

18 Oct, 2026 08:36 PM

ਜਦੋਂ ਆਚਰਨ ਤੋਂ ਡਿੱਗੇ ਲੋਕ ਧਰਮ ਦੇ ਠੇਕੇਦਾਰ, ਪੰਥਕ ਆਗੂ ਅਤੇ ਪ੍ਰਚਾਰਕ ਬਣ ਬੈਠਣ ਤਾਂ ਉਨ੍ਹਾਂ ਦੇ ਬੋਲਾਂ ਵਿੱਚ ਅਸਰ ਕਿੱਥੋਂ ਆਵੇਗਾ ? ਜਿਹੜੇ ਆਪ ਗੁਰੂ ਦੇ ਹੁਕਮ ਦੀਆਂ ਧੱਜੀਆਂ ਉਡਾਉਂਦੇ ਹੋਣ, ਉਹ ਸੰਗਤ ਨੂੰ ਹੁਕਮ ਮੰਨਣ ਦੀਆਂ ਮੱਤਾਂ ਕਿਹੜੇ ਮੂੰਹ ਨਾਲ ਦਿੰਦੇ ਹਨ ? ਜਿਨ੍ਹਾਂ ਦਾ ਆਪਣਾ ਜੀਵਨ ਗੁਰਮਤਿ ਅਨੁਸਾਰ ਨਹੀਂ, ਉਹ ਦੂਜਿਆਂ ਦੇ ਜੀਵਨ ਕਿਵੇਂ ਸੰਵਾਰਨਗੇ ? ਜਿਹੜੇ ਆਪ ਹੀ ਗੁਰਬਾਣੀ ਅਤੇ ਮਰਯਾਦਾ ਦੇ ਪਹਿਰੇਦਾਰ ਨਹੀਂ ਉਹ ਸੰਗਤਾਂ ਨੂੰ ਕੀ ਸੇਧ ਦੇਣਗੇ ?

ਜਿਹੜੇ ਆਪ ਬੱਜਰ ਕੁਰਹਿਤਾਂ ਕਰਦੇ ਹਨ, ਸਿੱਖੀ ਸਿਧਾਂਤਾਂ ਦੇ ਉਲਟ ਚੱਲਦੇ ਹਨ ਅਤੇ ਫਿਰ ਸਟੇਜਾਂ ਉੱਤੇ ਪਵਿੱਤਰ ਬਣ ਕੇ ਬੈਠ ਜਾਂਦੇ ਹਨ, ਉਨ੍ਹਾਂ ਨੂੰ ਆਪਣੇ ਦੋਹਰੇ ਕਿਰਦਾਰ ਉੱਤੇ ਸ਼ਰਮ ਆਉਣੀ ਚਾਹੀਦੀ ਹੈ। ਸੰਗਤ ਅੱਗੇ ਉੱਚੀਆਂ ਗੱਲਾਂ ਕਰਨ ਨਾਲ ਆਪਣੀਆਂ ਨੀਵੀਆਂ ਕਰਤੂਤਾਂ ਦਾ ਦਾਗ਼ ਨਹੀਂ ਧੋਤਾ ਜਾਂਦਾ। ਗੁਰੂ ਦਾ ਪ੍ਰਚਾਰ ਕਰਨ ਵਾਲਾ ਪਹਿਲਾਂ ਆਪਣੇ ਅੰਦਰ ਝਾਤ ਮਾਰੇ ਕਿ ਉਸ ਦੀ ਕਹਿਣੀ ਅਤੇ ਕਰਨੀ ਵਿੱਚ ਕਿੰਨਾ ਫ਼ਰਕ ਹੈ।

ਜਿਨ੍ਹਾਂ ਕੋਲ ਬਾਣੀ ਦੀ ਕਮਾਈ ਨਹੀਂ, ਨਾਮ ਦਾ ਅਭਿਆਸ ਨਹੀਂ, ਨਿਤਨੇਮ ਨਹੀਂ ਅਤੇ ਆਪਣੇ ਮਨ ਉੱਤੇ ਕਾਬੂ ਨਹੀਂ, ਉਹ ਦੂਜਿਆਂ ਦੇ ਮਨ ਕਿਵੇਂ ਸੰਵਾਰਨਗੇ ? ਚਾਰ ਕਿੱਸੇ ਯਾਦ ਕਰ ਲੈਣ, ਆਵਾਜ਼ ਉੱਚੀ ਕਰ ਲੈਣ ਅਤੇ ਸੰਗਤ ਨੂੰ ਭਾਵੁਕ ਕਰ ਦੇਣ ਨਾਲ ਕੋਈ ਕਮਾਈ ਵਾਲਾ ਨਹੀਂ ਬਣ ਜਾਂਦਾ। 

ਜਿਹੜਾ ਆਪ ਲੋਭ, ਹੰਕਾਰ, ਝੂਠ ਅਤੇ ਵਿਕਾਰਾਂ ਵਿੱਚ ਫਸਿਆ ਹੋਵੇ, ਉਹ ਦੂਜਿਆਂ ਨੂੰ ਇਨ੍ਹਾਂ ਤੋਂ ਬਚਣ ਦਾ ਉਪਦੇਸ਼ ਕਿਹੜੇ ਮੂੰਹ ਨਾਲ ਦੇਵੇਗਾ ? ਲੋਕ ਕੁਝ ਸਮੇਂ ਲਈ ਉਸ ਦੀ ਮਿੱਠੀ ਬੋਲੀ ਤੋਂ ਪ੍ਰਭਾਵਿਤ ਹੋ ਸਕਦੇ ਹਨ, ਪਰ ਜਦੋਂ ਅਸਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਉਪਦੇਸ਼ ਵੀ ਖੋਖਲੇ ਲੱਗਣ ਲੱਗ ਪੈਂਦੇ ਹਨ।

ਦੂਜਿਆਂ ਨੂੰ ਨਿਮਰਤਾ ਦੀ ਸਿੱਖਿਆ ਅਤੇ ਆਪਣੇ ਅੰਦਰ ਹੰਕਾਰ ਦਾ ਢੇਰ! ਦੂਜਿਆਂ ਨੂੰ ਮਾਇਆ ਤੋਂ ਬਚਣ ਦੀਆਂ ਮੱਤਾਂ ਅਤੇ ਆਪਣੀ ਦੌੜ ਪੈਸੇ, ਅਹੁਦੇ ਤੇ ਵਡਿਆਈ ਪਿੱਛੇ! ਸੰਗਤ ਇਹ ਦੋਗਲਾਪਣ ਕਿੰਨਾ ਚਿਰ ਸਹਿੰਦੀ ਰਹੇ ?

ਸਿੱਖੀ ਦਾ ਬਾਣਾ ਸਤਿਕਾਰਯੋਗ ਹੈ ਅਤੇ ਇਸ ਨੂੰ ਧਾਰਨ ਕਰਨ ਵਾਲੇ ਦੀ ਜ਼ਿੰਮੇਵਾਰੀ ਵੀ ਵੱਡੀ ਹੈ। ਪਰ ਬਾਣੇ ਦੇ ਅੰਦਰਲਾ ਆਚਰਨ ਹੀ ਮਾੜਾ ਹੋਵੇ ਤਾਂ ਬਾਹਰਲੀ ਦਿੱਖ ਉਸ ਨੂੰ ਚੰਗਾ ਨਹੀਂ ਬਣਾ ਸਕਦੀ। ਗੁਰੂ ਦਾ ਦਿੱਤਾ ਸਰੂਪ ਆਪਣੀਆਂ ਕਰਤੂਤਾਂ ਢੱਕਣ ਲਈ ਵਰਤਣਾ ਸੰਗਤ ਨਾਲ ਧੋਖਾ ਹੈ। ਗੁਰੂ ਦੇ ਨਾਂ ਉੱਤੇ ਇੱਜ਼ਤ ਲੈਂਦੇ ਹੋ ਤਾਂ ਗੁਰੂ ਦੇ ਹੁਕਮ ਦੀ ਲਾਜ ਵੀ ਰੱਖੋ!

ਅਜਿਹੇ ਦੋਹਰੇ ਆਚਰਨ ਦਾ ਨੁਕਸਾਨ ਇਕੱਲੇ ਪ੍ਰਚਾਰਕ ਤੱਕ ਨਹੀਂ ਰਹਿੰਦਾ। ਉਸ ਨੂੰ ਆਦਰਸ਼ ਮੰਨਣ ਵਾਲਿਆਂ ਦਾ ਭਰੋਸਾ ਵੀ ਟੁੱਟਦਾ ਹੈ। ਨੌਜਵਾਨ ਪੁੱਛਦੇ ਹਨ ਕਿ ਜਿਹੜੇ ਸਾਨੂੰ ਸਮਝਾਉਂਦੇ ਸਨ, ਉਹ ਆਪ ਕਿਉਂ ਨਹੀਂ ਸੰਭਲੇ ? ਇਸ ਲਈ ਕਿਸੇ ਦੀ ਪ੍ਰਸਿੱਧੀ ਕਰਕੇ ਉਸ ਦੀਆਂ ਕਰਤੂਤਾਂ ਢੱਕਣਾ ਧਰਮ ਦੀ ਸੇਵਾ ਨਹੀਂ। ਜਿੰਨੀ ਵੱਡੀ ਧਾਰਮਿਕ ਜ਼ਿੰਮੇਵਾਰੀ, ਓਨਾ ਹੀ ਸਾਫ਼ ਆਚਰਨ ਅਤੇ ਓਨੀ ਹੀ ਵੱਡੀ ਜਵਾਬਦੇਹੀ ਹੋਣੀ ਚਾਹੀਦੀ ਹੈ।

ਸੰਗਤ ਵੀ ਅੱਖਾਂ ਮੀਟ ਕੇ ਕਿਸੇ ਪਿੱਛੇ ਨਾ ਤੁਰੇ। ਮਿੱਠੀ ਬੋਲੀ, ਵੱਡਾ ਜਥਾ ਅਤੇ ਚਮਕਦਾਰ ਸਟੇਜ ਕਿਸੇ ਦੇ ਸੱਚੇ ਹੋਣ ਦਾ ਸਬੂਤ ਨਹੀਂ। ਪਰਖ ਗੁਰਬਾਣੀ ਅਤੇ ਗੁਰਮਤਿ ਦੀ ਕਸਵੱਟੀ ਉੱਤੇ ਹੋਵੇ। ਬਿਨਾਂ ਸਬੂਤ ਕਿਸੇ ਉੱਤੇ ਦੋਸ਼ ਲਾਉਣਾ ਗ਼ਲਤ ਹੈ, ਪਰ ਸੱਚ ਸਾਹਮਣੇ ਆਉਣ ਉੱਤੇ ਆਪਣੇ ਚਹੇਤੇ ਦੀ ਹਰ ਕਰਤੂਤ ਦਾ ਬਚਾਅ ਕਰਨਾ ਵੀ ਗ਼ਲਤ ਹੈ। 

ਸਿੱਖੀ ਦੇ ਨਿਆਰੇਪਨ ਦੀ ਗੱਲ ਕਰਨ ਵਾਲੇ ਜਦੋਂ ਖ਼ੁਦ ਹੀ ਬ੍ਰਾਹਮਣੀ ਰੀਤਾਂ ਅਪਣਾਉਣ ਲੱਗ ਪੈਣ ਤਾਂ ਸਮਝ ਲਵੋ ਕਿ ਉਨ੍ਹਾਂ ਦੇ ਬੋਲਾਂ ਅਤੇ ਅਮਲਾਂ ਵਿੱਚ ਵੱਡਾ ਫਰਕ ਆ ਚੁੱਕਾ ਹੈ। ਇਹ ਉਸ ਆਗੂ ਦੀ ਸਿਧਾਂਤਕ ਗਿਰਾਵਟ ਹੈ ਅਤੇ ਉਸ ਦੀ ਅਗਵਾਈ ਹੇਠਲੀ ਸੰਸਥਾ ਲਈ ਵੀ ਖ਼ਤਰੇ ਦੀ ਘੰਟੀ ਹੈ।

ਸਿਆਸੀ ਆਗੂਆਂ ਨੂੰ ਗੁਰਮਤਿ ਅਨੁਸਾਰ ਸੇਧ ਦੇਣ ਅਤੇ ਉਨ੍ਹਾਂ ਦੀਆਂ ਗ਼ਲਤੀਆਂ ਉੱਤੇ ਟੋਕਣ ਦੀ ਥਾਂ ਜਦੋਂ ਸੰਸਥਾਵਾਂ ਦੇ ਮੁਖੀ ਤੇ ਪ੍ਰਚਾਰਕ ਹੀ ਉਨ੍ਹਾਂ ਦੇ ਚਾਪਲੂਸ ਬਣ ਜਾਣ ਤਾਂ ਉਹ ਆਪਣਾ ਸਤਿਕਾਰ ਅਤੇ ਸੰਸਥਾ ਦੀ ਭਰੋਸੇਯੋਗਤਾ ਗੁਆ ਬੈਠਦੇ ਹਨ। ਜਿਹੜੇ ਆਪ ਕੁਰਸੀਆਂ ਦੇ ਮੋਹ ਵਿੱਚ ਸਿਧਾਂਤ ਛੱਡ ਬੈਠੇ ਹੋਣ, ਉਹ ਪੰਥ ਨੂੰ ਕਿਹੜੇ ਮੂੰਹ ਨਾਲ ਸੇਧ ਦੇਣਗੇ ?

ਭੁੱਲ ਮਨੁੱਖ ਤੋਂ ਹੋ ਸਕਦੀ ਹੈ। ਪਰ ਭੁੱਲ ਮੰਨ ਕੇ ਸੁਧਰਨਾ ਅਤੇ ਉਸ ਨੂੰ ਧੱਕੇ ਨਾਲ ਸਹੀ ਸਾਬਤ ਕਰਨਾ ਵੱਖਰੀਆਂ ਗੱਲਾਂ ਹਨ। ਆਪਣੀ ਗ਼ਲਤੀ ਮੰਨਣ ਦੀ ਥਾਂ ਸਵਾਲ ਕਰਨ ਵਾਲਿਆਂ ਨੂੰ ਹੀ ਪੰਥ ਵਿਰੋਧੀ ਆਖ ਦੇਣਾ ਕਿਹੜੀ ਗੁਰਮਤਿ ਹੈ ? ਧਾਰਮਿਕ ਅਹੁਦਾ ਕਿਸੇ ਨੂੰ ਜਵਾਬਦੇਹੀ ਤੋਂ ਛੋਟ ਨਹੀਂ ਦਿੰਦਾ। ਪਹਿਲਾਂ ਆਪਣੇ ਜੀਵਨ ਵਿੱਚ ਸਿੱਖੀ ਲਿਆਓ, ਫਿਰ ਸੰਗਤ ਨੂੰ ਸਿੱਖੀ ਸਮਝਾਓ। ਸਟੇਜ ਉੱਤੇ ਬੋਲਣਾ ਸੌਖਾ ਹੈ, ਆਪਣੇ ਵਿਕਾਰਾਂ ਨਾਲ ਲੜਨਾ ਔਖਾ ਹੈ। ਜਿਸ ਉਪਦੇਸ਼ ਉੱਤੇ ਆਪ ਨਹੀਂ ਤੁਰਦੇ, ਉਸ ਦਾ ਭਾਰ ਦੂਜਿਆਂ ਉੱਤੇ ਕਿਉਂ ਪਾਉਂਦੇ ਹੋ ‌? ਗੁਰੂ ਦੀ ਗੱਲ ਕਰਨ ਵਾਲੇ ਦੇ ਕੰਮਾਂ ਵਿੱਚ ਵੀ ਗੁਰੂ ਦਾ ਭੈਅ ਦਿਸਣਾ ਚਾਹੀਦਾ ਹੈ! ਧਰਮ ਦਾ ਪ੍ਰਚਾਰ ਕਰਨ ਤੋਂ ਪਹਿਲਾਂ ਧਰਮ ਨੂੰ ਆਪਣੇ ਜੀਵਨ ਵਿੱਚ ਥਾਂ ਤਾਂ ਦਿਓ! ਗੁਰੂ ਦੇ ਨਾਂ ਉੱਤੇ ਇੱਜ਼ਤ ਲੈਂਦੇ ਹੋ ਤਾਂ ਗੁਰੂ ਦੇ ਹੁਕਮ ਦੀ ਲਾਜ ਵੀ ਰੱਖੋ!

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: +918872293883.

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News