ਜਿਸ ਬੀਜੇਪੀ ਨੇ ਪੰਜਾਬ ਵਿਚ ਨਸਿ਼ਆਂ ਨੂੰ ਪ੍ਰਫੁੱਲਿਤ ਕੀਤਾ, ਉਹ ਹੁਣ ਨਸਿ਼ਆਂ ਦਾ ਖਾਤਮਾ ਕਰਨ ਦਾ ਢੌਗ ਕਰਕੇ ਪੰਜਾਬੀਆਂ ਤੇ ਸਿੱਖਾਂ ਨੂੰ ਗੁੰਮਰਾਹ ਨਹੀ ਕਰ ਸਕੇਗੀ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 25 ਸਤੰਬਰ ( ਮੰਗਤ ਸਿੰਘ ਸੈਦਪੁਰ ) “ਜੋ ਮੁਲਕ ਦੀ ਹਕੂਮਤ ਉਤੇ ਰਾਜ ਭਾਗ ਕਰਨ ਵਾਲੀਆ ਜਮਾਤਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ ਆਦਿ ਰਹੀਆ ਹਨ, ਉਨ੍ਹਾਂ ਵਿਚੋ ਕਿਸੇ ਵੀ ਜਮਾਤ ਜਾਂ ਹੁਕਮਰਾਨ ਨੇ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਸੰਬੰਧਤ ਗੰਭੀਰ ਮਸਲਿਆ ਨੂੰ ਨਾ ਤਾਂ ਸੰਜ਼ੀਦਾ ਤੌਰ ਤੇ ਕਦੀ ਵਿਚਾਰਿਆ ਤੇ ਨਾ ਹੀ ਕਦੇ ਹੱਲ ਕਰਨ ਦੀ ਕੋਈ ਕੋਸਿਸ ਕੀਤੀ । ਬਲਕਿ ਇਹ ਹੁਕਮਰਾਨ ਤੇ ਜਮਾਤਾਂ ਪੰਜਾਬੀਆਂ ਤੇ ਸਿੱਖ ਕੌਮ ਦੇ ਮਸਲਿਆ ਨੂੰ ਲੰਮਾਂ ਕਰਕੇ ਪੰਜਾਬ ਅਤੇ ਸਿੱਖ ਕੌਮ ਨੂੰ ਬਦਨਾਮ ਕਰਕੇ ਅਕਸਰ ਹੀ ਵੋਟ ਸਿਆਸਤ ਅਧੀਨ ਬਹੁਗਿਣਤੀ ਲੋਕਾਂ ਨੂੰ ਆਪਣੇ ਮਗਰ ਲਗਾਕੇ ਰਾਜ ਭਾਗ ਤੇ ਕਾਬਜ ਹੋਣ ਦੀਆਂ ਸਾਜਿਸਾਂ ਰਚਦੀਆ ਰਹੀਆ ਹਨ । ਜੇਕਰ ਅੱਜ ਪੰਜਾਬ ਸੂਬਾ ਅਤੇ ਇਥੋ ਦੇ ਨਿਵਾਸੀਆ ਦੀ ਵੱਡੀ ਗਿਣਤੀ ਨੌਜਵਾਨੀ ਨਸਿਆ ਦੇ ਸੇਵਨ ਕਰਨ ਜਾਂ ਨਸਿਆ ਦੇ ਕਾਰੋਬਾਰ ਵਿਚ ਸਮੱਗਲਰ ਮਸਰੂਫ ਹਨ ਤਾਂ ਇਹ ਦੇਣ ਬੀਜੇਪੀ ਵਰਗੀਆ ਮੁਕਾਰਤਾ ਨਾਲ ਭਰੀਆ ਪਾਰਟੀਆ ਤੇ ਹੁਕਮਰਾਨਾਂ ਦੀ ਹੀ ਦੇਣ ਹੈ । ਜਦੋ ਸਰਹੱਦਾਂ ਉਤੇ ਬੀ.ਐਸ.ਐਫ ਦੀ ਮਜਬੂਤ ਪਰਤ ਹੈ, ਕੰਡਿਆਲੀ ਤਾਰ ਹੈ, ਦਿਨ ਵਿਚ ਅੱਖਾਂ ਚੁੰਧਿਆਉਣ ਵਾਲੀਆ ਸਰਚ ਲਾਇਟਾਂ ਹਨ, ਫਿਰ ਫ਼ੌਜ ਹੈ, ਆਈ.ਬੀ ਤੇ ਰਾਅ ਦੀਆਂ ਖੂਫੀਆ ਏਜੰਸੀਆ ਹਨ, ਪੰਜਾਬ ਦੀ ਸੀ.ਆਈ.ਡੀ ਹੈ, ਨਸ਼ਾ ਰੋਕੂ ਫੋਰਸ ਹੈ ਫਿਰ ਪੰਜਾਬ ਪੁਲਿਸ ਹੈ । ਐਨੀਆ ਰੁਕਾਵਟਾਂ ਹੋਣ ਦੇ ਬਾਵਜੂਦ ਪੰਜਾਬ ਦੀਆਂ ਸਰਹੱਦਾਂ ਤੋ ਪੰਜਾਬ ਵਿਚ ਨਸ਼ਾ ਕਿਵੇ ਦਾਖਲ ਹੋ ਸਕਦਾ ਹੈ ? ਨਸਿਆ ਦੇ ਸੇਵਨ ਤੇ ਵਪਾਰ ਪਿੱਛੇ ਹੁਕਮਰਾਨਾਂ ਤੇ ਖੂਫੀਆ ਏਜੰਸੀਆ ਦੀਆਂ ਪੰਜਾਬ ਵਿਰੋਧੀ ਸਾਜਿਸਾਂ ਤੋ ਇਸ ਲਈ ਇਨਕਾਰ ਨਹੀ ਕੀਤਾ ਜਾ ਸਕਦਾ । ਕਿਉਂਕਿ ਬੀਤੇ ਸਮੇ ਵਿਚ ਜਦੋ ਫਿਰੋਜਪੁਰ ਵਿਖੇ ਸ. ਹਰਦਿਆਲ ਸਿੰਘ ਮਾਨ ਐਸ.ਐਸ.ਪੀ ਤਾਇਨਾਤ ਸਨ ਤਾਂ ਉਸ ਸਮੇ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸਰਮਾ, ਉਨ੍ਹਾਂ ਦਾ ਪੀ.ਏ ਅਤੇ ਹੋਰ ਬਹੁਤ ਸਾਰੇ ਪਹੁੰਚ ਵਾਲੇ ਲੋਕ ਇਸ ਵੱਡੇ ਵਪਾਰ ਵਿਚ ਸਾਹਮਣੇ ਆਏ ਸਨ ਪਰ ਸੈਟਰ ਤੱਕ ਵੱਡੀ ਪਹੁੰਚ ਅਤੇ ਹੁਕਮਰਾਨਾਂ ਦੀ ਸਾਜਿਸ ਹੋਣ ਦੀ ਬਦੌਲਤ ਉਨ੍ਹਾਂ ਵਿਰੁੱਧ ਕੋਈ ਅਮਲ ਨਾ ਹੋਇਆ ਜਿਸ ਤੋ ਪ੍ਰਤੱਖ ਹੈ ਕਿ ਨਸਿਆ ਦੇ ਸੇਵਨ ਅਤੇ ਵਪਾਰ ਬੀਜੇਪੀ-ਆਰ.ਐਸ.ਐਸ ਤੇ ਸੈਟਰ ਦੀਆਂ ਏਜੰਸੀਆ ਦੀ ਨਜਰ ਹੇਠ ਹੀ ਪੰਜਾਬ ਵਿਚ ਬੀਤੇ ਸਮੇ ਵਿਚ ਪ੍ਰਫੁੱਲਿਤ ਹੋਏ ਹਨ । ਅੱਜ ਇਹ ਪੰਜਾਬ ਵਿਚ ਆਪਣੀ ਮੁਤੱਸਵੀ ਤੇ ਪੰਜਾਬ ਵਿਰੋਧੀ ਸਰਕਾਰ ਬਣਾਉਣ ਦੀ ਸੋਚ ਨਾਲ ਜੋ ਇਥੋ ਨਸਿਆ ਦਾ ਖਾਤਮਾ ਕਰਨ ਦਾ ਢੌਗ ਕਰ ਰਹੇ ਹਨ, ਇਹ ਕੇਵਲ ਪੰਜਾਬੀਆ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੀਆ ਕਾਰਵਾਈਆ ਹਨ । ਇਹ ਲੋਕ ਪੰਜਾਬ ਵਿਚ ਕਦਾਚਿਤ ਰਾਜ ਭਾਗ ਤੇ ਨਹੀ ਆ ਸਕਦੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ ਅਤੇ ਉਨ੍ਹਾਂ ਦੀਆਂ ਸਹਿਯੋਗੀ ਫਿਰਕੂ ਸੰਗਠਨਾਂ ਵੱਲੋ ਪੰਜਾਬੀਆਂ ਤੇ ਸਿੱਖਾਂ ਨੂੰ ਗੁੰਮਰਾਹ ਕਰਨ ਹਿੱਤ ਪੰਜਾਬ ਵਿਚੋ ਨਸ਼ਾ ਖਤਮ ਕਰਨ ਅਤੇ ਸਮੱਗਲਰ ਵਰਤਾਰਾ ਖਤਮ ਕਰਨ ਦੇ ਕੀਤੇ ਜਾ ਰਹੇ ਅਮਲ ਨੂੰ ਢੌਗ ਕਰਾਰ ਦਿੰਦੇ ਹੋਏ ਅਤੇ ਕੇਵਲ ਤੇ ਕੇਵਲ ਪੰਜਾਬ ਦੀ ਤਰ੍ਹਾਂ ਪ੍ਰਾਪਤ ਕਰਨ ਦੀ ਲਾਲਸਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ 79 ਸਾਲਾਂ ਤੋ ਬੀਜੇਪੀ-ਆਰ.ਐਸ.ਐਸ, ਕਾਂਗਰਸ ਜੋ ਰਾਜ ਕਰਦੇ ਆ ਰਹੇ ਹਨ ਉਨ੍ਹਾਂ ਨੇ ਪੰਜਾਬ ਦੇ ਸਾਧਨਾਂ ਤੇ ਲੋਕਾਂ ਦੀ ਸ਼ਕਤੀ ਦੀ ਦੁਰਵਰਤੋ ਕਰਕੇ ਆਪਣੇ ਹਿੱਤਾ ਲਈ ਵਰਤੋ ਕੀਤੀ । ਇਨ੍ਹਾਂ ਨੇ ਕਦੇ ਵੀ ਪੰਜਾਬ ਤੇ ਪੰਜਾਬੀਆ ਦੀ ਬਿਹਤਰੀ ਲਈ ਕੋਈ ਅਮਲ ਨਹੀ ਕੀਤਾ । ਬੀਜੇਪੀ ਬੀਤੇ 12 ਸਾਲਾਂ ਤੋ ਸੈਟਰ ਵਿਚ ਹਕੂਮਤ ਕਰਦੀ ਆ ਰਹੀ ਹੈ। ਇਨ੍ਹਾਂ ਨੇ ਪੰਜਾਬ ਦੀ ਲੱਖਾਂ ਵਿਚ ਬੇਰੁਜਗਾਰੀ ਨੂੰ ਦੂਰ ਕਰਨ ਲਈ ਕਦੀ ਕੋਈ ਵੱਡਾ ਉਦਯੋਗ ਪੰਜਾਬ ਨੂੰ ਨਹੀ ਦਿੱਤਾ । ਨਾ ਹੀ ਖੇਤੀ ਪ੍ਰਧਾਨ ਸੂਬੇ ਦੀਆਂ ਫਸਲਾਂ ਨੂੰ ਕੌਮਾਂਤਰੀ ਮੰਡੀ ਵਿਚ ਵੇਚਣ ਖਰੀਦਣ ਲਈ ਸਾਡੀਆ ਸਰਹੱਦਾਂ ਨੂੰ ਵਪਾਰ ਲਈ ਖੋਲਿਆ । ਇਥੋ ਤੱਕ ਪੰਜਾਬ ਅਤੇ ਸਿੱਖ ਕੌਮ ਦੇ ਮਹਾਨ ਵਿਰਸੇ-ਵਿਰਾਸਤ, ਸੱਭਿਆਚਾਰ, ਬੋਲੀ, ਮਰਿਯਾਦਾਵਾ ਨੂੰ ਖਤਮ ਕਰਨ ਲਈ ਜਾਬਰ ਨੀਤੀਆ ਲਾਗੂ ਕਰਦੇ ਆ ਰਹੇ ਹਨ । ਸਾਡੇ ਉਤੇ ਵੰਦੇ-ਮਾਤਰਮ ਵਰਗੇ ਹਿੰਦੂਤਵ ਗਾਇਨ ਜ਼ਬਰੀ ਠੋਸੇ ਜਾ ਰਹੇ ਹਨ । ਸਾਡੇ ਦਰਿਆਵਾ ਦੇ ਪਾਣੀਆ ਅਤੇ ਹੈੱਡਵਰਕਸਾਂ ਤੋ ਪੈਦਾ ਹੋਣ ਵਾਲੀ ਬਿਜਲੀ ਨੂੰ ਨਿਯਮਾਂ ਕਾਨੂੰਨਾਂ ਨੂੰ ਸਿੱਕੇ ਟੰਗਕੇ ਜਬਰੀ ਖੋਹਿਆ ਜਾ ਰਿਹਾ ਹੈ । ਇਥੇ ਇਕ ਸੋਚੀ ਸਮਝੀ ਸਾਜਿਸ ਅਧੀਨ ਦੂਜੇ ਸੂਬਿਆ ਦੇ ਪ੍ਰਵਾਸੀਆ ਨੂੰ ਰਾਸਨ ਕਾਰਡ, ਵੋਟਰ ਕਾਰਡ, ਆਧਾਰ ਕਾਰਡ ਆਦਿ ਪ੍ਰਦਾਨ ਕਰਕੇ ਸਾਡੀ ਬਹੁਸਿੱਖ ਵਸੋ ਵਾਲੇ ਸੂਬੇ ਦੀ ਡੈਮੋਗ੍ਰਾਫੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ । ਫਿਰ ਨਸੀਲੇ ਪਦਾਰਥ ਪੰਜਾਬ ਦੀਆਂ ਸਰਹੱਦਾਂ ਤੋ ਨਹੀ ਬਲਕਿ ਅਡਾਨੀ, ਅਬਾਨੀ ਵੱਲੋ ਗੁਜਰਾਤ ਦੀਆਂ ਬੰਦਰਗਾਹਾਂ ਰਾਹੀ ਪੰਜਾਬ ਭੇਜੇ ਜਾ ਰਹੇ ਹਨ । ਇਹ ਤਾਂ ਹੁਣ ਪੰਜਾਬ ਵਿਚ ਆਪਣੀ ਫਿਰਕੂ ਹਕੂਮਤ ਕਾਇਮ ਕਰਨ ਲਈ ਸਮੁੱਚੇ ਪੰਜਾਬ ਵਿਚ ਨਸੀਲੇ ਪਦਾਰਥਾਂ ਦੇ ਸੇਵਨ ਦੇ ਰੁਝਾਨ ਅਤੇ ਵਪਾਰ ਨੂੰ ਖਤਮ ਕਰਨ ਦਾ ਚੀਕ ਚਿਹਾੜਾ ਪਾਇਆ ਹੋਇਆ ਹੈ । ਜਦੋਕਿ ਬੀਤੇ 12 ਸਾਲਾਂ ਤੋ ਇਨ੍ਹਾਂ ਦੀ ਸੈਟਰ ਵਿਚ ਹਕੂਮਤ ਹੈ ਉਸ ਸਮੇ ਇਨ੍ਹਾਂ ਨੂੰ ਪੰਜਾਬੀਆ, ਸਿੱਖ ਕੌਮ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਅਤੇ ਨਸੀਲੇ ਪਦਾਰਥਾਂ ਦਾ ਖਾਤਮਾ ਕਰਨ ਦੀ ਗੱਲ ਅਮਲ ਵਿਚ ਕਿਉ ਨਾ ਲਿਆਦੀ । ਹੁਣ ਅਜਿਹਾ ਪੰਜਾਬ ਵਿਚ ਕੀ ਹੋ ਗਿਆ ਹੈ ਜੋ ਸਮੁੱਚੀ ਬੀਜੇਪੀ-ਆਰ.ਐਸ.ਐਸ ਪੰਜਾਬ ਵਿਚ ਨਸ਼ਾ ਖਤਮ ਕਰਨ ਲਈ ਰੈਲੀਆ, ਧਰਨੇ, ਮਾਰਚ ਕਰ ਰਹੀ ਹੈ ?
ਇਨ੍ਹਾਂ ਦੇ ਅਮਲਾਂ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਨ੍ਹਾਂ ਸੈਟਰ ਦੀਆਂ ਫਿਰਕੂ ਜਮਾਤਾਂ ਤੇ ਹੁਕਮਰਾਨਾਂ ਨੂੰ ਪੰਜਾਬ ਸੂਬੇ, ਪੰਜਾਬੀਆਂ ਜਾਂ ਸਿੱਖ ਕੌਮ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਨਾਲ ਕੋਈ ਵਾਸਤਾ ਨਹੀ ਕੇਵਲ ਤੇ ਕੇਵਲ ਸਮੇ-ਸਮੇ ਤੇ ਪੰਜਾਬ ਤੇ ਸਿੱਖ ਕੌਮ ਵਿਰੋਧੀ ਸਾਜਿਸਾਂ ਰਚਕੇ ਇਥੋ ਦੇ ਮਾਹੌਲ ਨੂੰ ਖਰਾਬ ਕਰਕੇ ਆਪਣੇ ਹੱਕ ਵਿਚ ਵੋਟ ਬੈਕ ਨੂੰ ਪੱਕਾ ਕਰਨ ਲਈ ਅਜਿਹੀਆ ਗੁੰਦਾ ਤੇ ਸਾਜਿਸਾਂ ਕਰਦੇ ਆ ਰਹੇ ਹਨ । ਜਿਸ ਤੋ ਪੰਜਾਬੀਆ ਤੇ ਸਿੱਖ ਕੌਮ ਨੂੰ ਸੁਚੇਤ ਰਹਿਣਾ ਪਵੇਗਾ । ਸੂਬੇ ਤੇ ਨਿਵਾਸੀਆ ਨੂੰ ਹਰ ਪੱਖੋ ਖਤਮ ਕਰਨ ਵਾਲੀਆ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ ਅਤੇ ਉਨ੍ਹਾਂ ਦੀ ਭਾਈਵਾਲ ਆਮ ਆਦਮੀ ਪਾਰਟੀ ਨੂੰ ਇਥੋ ਦੀ ਹਕੂਮਤ ਰਾਜ ਭਾਗ ਤੋ ਹਰ ਕੀਮਤ ਤੇ ਦੂਰ ਰੱਖਣਾ ਹੋਵੇਗਾ ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ