ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ
ਵਿਦਿਆਰਥੀਆਂ ਨੇ ਰੰਗੋਲੀ,ਦੀਵਾ ਸਜਾਉਣ,ਕਾਰਡ ਮੇਕਿੰਗ ਅਤੇ ਗ੍ਰੀਨ ਦੀਵਾਲੀ ਦੇ ਮੁਕਾਬਲਿਆਂ ਵਿੱਚ ਦਿਖਾਈ ਆਪਣੀ ਕਲਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,7 ਨਵੰਬਰ
ਚੋਹਲਾ ਸਾਹਿਬ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਦੀ ਅਗਵਾਈ ਹੇਠ ਬੰਦੀ ਛੋੜ ਦਿਵਸ ਅਤੇ ਦੀਵਾਲੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸੂਖਮ ਕਲਾ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਕਲਾਤਮਕ ਪ੍ਰਤਿਭਾ ਅਤੇ ਸਿਰਜਣਾਤਮਕ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਮਾਗਮ ਦੌਰਾਨ ਵਿਦਿਆਰਥੀਆਂ ਨੇ ਰੰਗੋਲੀ ਬਣਾਉਣ, ਦੀਵੇ ਸਜਾਉਣ, ਕਾਰਡ ਮੇਕਿੰਗ, ਗ੍ਰੀਨ ਦੀਵਾਲੀ ਨਾਲ ਸਬੰਧਤ ਪੋਸਟਰ ਅਤੇ ਸਲੋਗਨ ਲਿਖਣ ਤੋਂ ਇਲਾਵਾ ਕੁਇੱਕ ਰੈਸਿਪੀ ਮੁਕਾਬਲਿਆਂ ਵਿੱਚ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਖੂਬਸੂਰਤ ਕਲਾਕ੍ਰਿਤੀਆਂ ਨੇ ਉਨ੍ਹਾਂ ਦੀ ਕਲਾ, ਮਿਹਨਤ ਅਤੇ ਸਿਰਜਣਾਤਮਕ ਸੋਚ ਨੂੰ ਉਜਾਗਰ ਕੀਤਾ। ਇਸ ਦੇ ਨਾਲ ਹੀ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਆਪਣੇ ਕਲਾਸ ਰੂਮਾਂ ਨੂੰ ਵੀ ਆਕਰਸ਼ਕ ਅਤੇ ਖੂਬਸੂਰਤ ਢੰਗ ਨਾਲ ਸਜਾਇਆ।
ਬੰਦੀ ਛੋੜ ਦਿਵਸ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਕਰਵਾਇਆ ਜਾਣੂ
ਇਸ ਮੌਕੇ ਪ੍ਰੋ. ਕਿਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਬੰਦੀ ਛੋੜ ਦਿਵਸ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ, ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਅਤੇ ਦਾਤਾ ਬੰਦੀ ਛੋੜ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਵਿਦਿਆਰਥੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਮਹੱਤਤਾ ਬਾਰੇ ਦੱਸਿਆ।
ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਕਲਾ ਦੀ ਕੀਤੀ ਸ਼ਲਾਘਾ
ਕਾਲਜ ਦੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀ ਵਧਾਈ ਦਿੰਦਿਆਂ ਉਨ੍ਹਾਂ ਵੱਲੋਂ ਤਿਆਰ ਕੀਤੀਆਂ ਕਲਾਕ੍ਰਿਤੀਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਅੰਦਰ ਛੁਪੀ ਕਲਾ ਅਤੇ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਸਿਰਜਣਾਤਮਕਤਾ ਅਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਦੇ ਹਨ।
ਇਸ ਮੌਕੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਨੇ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸਮਾਗਮ ਦੌਰਾਨ ਕਾਲਜ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।