ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਅਹਿਮ ਮੀਟਿੰਗ 10 ਨਵੰਬਰ ਨੂੰ ਗੁਰਦੁਆਰਾ ਰੇਰੂ ਸਾਹਿਬ, ਸਾਹਨੇਵਾਲ ਵਿਖੇ ਹੋਵੇਗੀ- ਸ ਕੋਹਲੀ
ਚੰਡੀਗੜ੍ਹ, 7 ਨਵੰਬਰ:- ਮੰਗਤ ਸਿੰਘ ਸੈਦਪੁਰ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ਦੇ ਸਮੂਹ ਅਹੁਦੇਦਾਰਾਂ, ਆਗੂਆਂ ਅਤੇ ਡੈਲੀਗੇਟਾਂ ਦੀ ਇੱਕ ਅਤਿ ਮਹੱਤਵਪੂਰਨ ਮੀਟਿੰਗ ਮਿਤੀ 10 ਨਵੰਬਰ, ਦਿਨ ਮੰਗਲਵਾਰ, ਦੁਪਹਿਰ 12 ਵਜੇ ਗੁਰਦੁਆਰਾ ਰੇਰੂ ਸਾਹਿਬ, ਸਾਹਨੇਵਾਲ (ਨੇੜੇ ਲੁਧਿਆਣਾ) ਵਿਖੇ ਬੁਲਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਦਫ਼ਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਮੌਜੂਦਾ ਸਮੇਂ ਪੰਥ ਅਤੇ ਪੰਜਾਬ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਵੱਲੋਂ ਇਹ ਵਿਸ਼ੇਸ਼ ਮੀਟਿੰਗ ਸੱਦੀ ਗਈ ਹੈ, ਜਿਸ ਦੌਰਾਨ ਪੰਥਕ ਮੁੱਦਿਆਂ, ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹਾਲਾਤਾਂ, ਪਾਰਟੀ ਦੀ ਮਜ਼ਬੂਤੀ ਅਤੇ ਆਉਣ ਵਾਲੇ ਕਾਰਜਕ੍ਰਮਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਸਿਆਸੀ ਅਤੇ ਪੰਥਕ ਏਕਤਾ ਨੂੰ ਹੋਰ ਮਜ਼ਬੂਤ ਕਰਨ, ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜੇ ਮੁੱਦਿਆਂ ਅਤੇ ਪੰਜਾਬ ਦੇ ਹੱਕਾਂ ਲਈ ਸਾਂਝੀ ਰਣਨੀਤੀ ਤਿਆਰ ਕਰਨ ਸਬੰਧੀ ਵੀ ਅਹਿਮ ਚਰਚਾ ਹੋਵੇਗੀ। ਜਿਸ ਲਈ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਸੁਝਾਅ ਲਏ ਜਾਣਗੇ ਤਾਂ ਜੋ ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਬਣਾਇਆ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਪਾਰਟੀ ਦੀ ਕੋਰ ਕਮੇਟੀ ਦੇ ਸਮੂਹ ਮੈਂਬਰਾਂ, ਪੀ ਏ ਸੀ ਮੈਂਬਰਾਂ, ਵਰਕਿੰਗ ਕਮੇਟੀ, ਸੂਬਾ ਪੱਧਰੀ ਅਹੁਦੇਦਾਰਾਂ, ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ, ਸਮੂਹ ਡੈਲੀਗੇਟਾਂ, ਜ਼ਿਲ੍ਹਾ ਅਤੇ ਸਰਕਲ ਪ੍ਰਧਾਨਾਂ ਸਮੇਤ ਸਾਰੇ ਅਹੁਦੇਦਾਰਾਂ ਨੂੰ ਮੀਟਿੰਗ ਵਿੱਚ ਲਾਜ਼ਮੀ ਤੌਰ ’ਤੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਜਗਜੀਤ ਸਿੰਘ ਕੋਹਲੀ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਅਤੇ ਪੰਥਕ ਉਦੇਸ਼ਾਂ ਦੀ ਪੂਰਤੀ ਲਈ ਇਹ ਮੀਟਿੰਗ ਬਹੁਤ ਮਹੱਤਵ ਰੱਖਦੀ ਹੈ, ਇਸ ਲਈ ਸਾਰੇ ਸੱਦੇ ਗਏ ਆਗੂ ਅਤੇ ਅਹੁਦੇਦਾਰ ਸਮੇਂ ਸਿਰ ਪਹੁੰਚ ਕੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ