ਚੋਣ ਦੰਗਲ-2027 - ਵੋਟ ਦੀ ਗਾਰੰਟੀ ਨਹੀਂ ਹੁੰਦੇ ਰਾਜਸੀ ਪਾਰਟੀਆਂ ਦੀਆਂ ਚੋਣ ਰੈਲੀਆਂ ਦੇ ਇਕੱਠ - ਬਿੰਦਰ ਸਿੰਘ ਖੁੱਡੀ ਕਲਾਂ
ਚੋਣ ਦੰਗਲ-2027
ਵੋਟ ਦੀ ਗਾਰੰਟੀ ਨਹੀਂ ਹੁੰਦੇ ਰਾਜਸੀ ਪਾਰਟੀਆਂ ਦੀਆਂ ਚੋਣ ਰੈਲੀਆਂ ਦੇ ਇਕੱਠ!
ਬਿੰਦਰ ਸਿੰਘ ਖੁੱਡੀ ਕਲਾਂ
:ਲੋਕਤੰਤਰੀ ਪ੍ਰਣਾਲੀ ਵਿੱਚ ਚੋਣਾਂ ਨੂੰ ਲੋਕਰਾਜ ਦਾ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ। ਜਦੋਂ ਵੀ ਕਿਸੇ ਸੂਬੇ ਜਾਂ ਦੇਸ਼ ਵਿੱਚ ਚੋਣਾਂ ਦਾ ਬਿਗਲ ਵੱਜਦਾ ਹੈ, ਤਾਂ ਸਿਆਸੀ ਪਾਰਟੀਆਂ ਵੱਲੋਂ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਵਿਸ਼ਾਲ ਚੋਣ ਰੈਲੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਸੈਂਕੜੇ ਏਕੜਾਂ ਵਿੱਚ ਲੱਗੇ ਵੱਡੇ-ਵੱਡੇ ਪੰਡਾਲ, ਅਸਮਾਨ ਛੂੰਹਦੇ ਨਾਅਰੇ, ਲੀਡਰਾਂ ਦੇ ਜੋਸ਼ੀਲੇ ਭਾਸ਼ਣ ਅਤੇ ਲੱਖਾਂ ਦੀ ਗਿਣਤੀ ਵਿੱਚ ਜੁੜੀ ਭੀੜ ਦੇਖ ਕੇ ਇੰਝ ਜਾਪਦਾ ਹੈ ਜਿਵੇਂ ਪੂਰਾ ਸੂਬਾ ਉਸੇ ਪਾਰਟੀ ਦੇ ਹੱਕ ਵਿੱਚ ਉਮੜ ਆਇਆ ਹੋਵੇ।
ਪੰਜਾਬ ਦੀ ਸਿਆਸਤ ਵਿੱਚ ਵੀ ਇਨ੍ਹੀਂ ਦਿਨੀਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਆਮ ਆਦਮੀ ਪਾਰਟੀ ਵੱਲੋਂ ਮੋਗਾ ਵਿਖੇ ਕੀਤੀ ਚੋਣ ਰੈਲੀ ਸਮੇਤ ਵੱਖ-ਵੱਖ ਥਾਵਾਂ ’ਤੇ ਵੱਡੀਆਂ ਰੈਲੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ, ਜਿੱਥੇ ਹਰ ਧਿਰ ਰਿਕਾਰਡ ਤੋੜ ਇਕੱਠ ਕਰਨ ਦੇ ਦਾਅਵੇ ਕਰ ਰਹੀ ਹੈ। ਪਰ ਸਿਆਸੀ ਵਿਸ਼ਲੇਸ਼ਕਾਂ ਅਤੇ ਆਮ ਲੋਕਾਂ ਦੇ ਮਨਾਂ ਵਿੱਚ ਹਮੇਸ਼ਾ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਕੀ ਇਨ੍ਹਾਂ ਚੋਣ ਰੈਲੀਆਂ ਵਿੱਚ ਦਿਖਾਈ ਦੇਣ ਵਾਲਾ ਭਾਰੀ ਇਕੱਠ ਸੱਚਮੁੱਚ ਵੋਟਾਂ ਵਿੱਚ ਤਬਦੀਲ ਹੁੰਦਾ ਹੈ? ਜਾਂ ਫਿਰ ਰੈਲੀ ਦੀ ਭੀੜ ਅਤੇ ਪੋਲਿੰਗ ਬੂਥ ’ਤੇ ਜਾਣ ਵਾਲੇ ਵੋਟਰ ਦੀ ਮਾਨਸਿਕਤਾ ਵਿੱਚ ਜ਼ਮੀਨ-ਆਸਮਾਨ ਦਾ ਫ਼ਰਕ ਹੁੰਦਾ ਹੈ?
ਇਤਿਹਾਸ ਗਵਾਹ ਹੈ ਕਿ ਭਾਰਤੀ ਅਤੇ ਖ਼ਾਸ ਕਰਕੇ ਪੰਜਾਬ ਦੀ ਸਿਆਸਤ ਵਿੱਚ ਰੈਲੀਆਂ ਦੇ ਇਕੱਠ ਕਦੇ ਵੀ ਚੋਣ ਨਤੀਜਿਆਂ ਦਾ ਪੱਕਾ ਪੈਮਾਨਾ ਨਹੀਂ ਰਹੇ। ਅਕਸਰ ਦੇਖਿਆ ਗਿਆ ਹੈ ਕਿ ਜਿਹੜੀਆਂ ਪਾਰਟੀਆਂ ਚੋਣਾਂ ਤੋਂ ਪਹਿਲਾਂ ਲੱਖਾਂ ਲੋਕਾਂ ਦੇ ਇਕੱਠ ਕਰਕੇ ਆਪਣੀ ਜਿੱਤ ਦਾ ਝੰਡਾ ਗੱਡਣ ਦੇ ਦਾਅਵੇ ਕਰਦੀਆਂ ਹਨ, ਚੋਣ ਨਤੀਜੇ ਆਉਣ ’ਤੇ ਉਨ੍ਹਾਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਤੱਕ ਜ਼ਬਤ ਹੋ ਜਾਂਦੀਆਂ ਹਨ। ਇਸ ਦੇ ਉਲਟ ਕਈ ਵਾਰ ਅਜਿਹੀਆਂ ਧਿਰਾਂ ਜਾਂ ਆਜ਼ਾਦ ਉਮੀਦਵਾਰ ਵੀ ਵੱਡੇ ਉਲਟਫੇਰ ਕਰ ਜਾਂਦੇ ਹਨ, ਜਿਨ੍ਹਾਂ ਕੋਲ ਨਾ ਤਾਂ ਵੱਡੇ ਪੰਡਾਲ ਲਗਾਉਣ ਲਈ ਸਰਮਾਇਆ ਹੁੰਦਾ ਹੈ ਅਤੇ ਨਾ ਹੀ ਬੱਸਾਂ ਭਰ ਕੇ ਭੀੜ ਲਿਆਉਣ ਦੇ ਸਾਧਨ। ਇਸ ਵਰਤਾਰੇ ਪਿੱਛੇ ਕਈ ਡੂੰਘੇ ਸਮਾਜਿਕ, ਆਰਥਿਕ ਅਤੇ ਮਨੋਵਿਗਿਆਨਕ ਕਾਰਨ ਕੰਮ ਕਰਦੇ ਹਨ।ਜਿਨ੍ਹਾਂ ਨੂੰ ਸਮਝਣਾ ਅੱਜ ਦੇ ਦੌਰ ਵਿੱਚ ਬੇਹੱਦ ਜ਼ਰੂਰੀ ਹੈ।
ਸਭ ਤੋਂ ਪਹਿਲਾਂ ਸਾਨੂੰ ਰੈਲੀਆਂ ਵਿੱਚ ਜੁੜਨ ਵਾਲੀ ਭੀੜ ਦੇ ਸੁਭਾਅ ਅਤੇ ਉਸ ਨੂੰ ਇਕੱਠਾ ਕਰਨ ਦੇ ਤਰੀਕਿਆਂ ’ਤੇ ਝਾਤ ਮਾਰਨੀ ਪਵੇਗੀ।
ਅਜੋਕੇ ਸਮੇਂ ਵਿੱਚ ਚੋਣ ਰੈਲੀਆਂ ਲੋਕਾਂ ਦੇ ਆਪ-ਮੁਹਾਰੇ ਉਤਸ਼ਾਹ ਨਾਲੋਂ ਵੱਧ ਇੱਕ ‘ਈਵੈਂਟ ਮੈਨੇਜਮੈਂਟ’ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਸਿਆਸੀ ਪਾਰਟੀਆਂ ਵੱਲੋਂ ਹਰੇਕ ਹਲਕੇ ਦੇ ਵਿਧਾਇਕ, ਹਲਕਾ ਇੰਚਾਰਜ ਜਾਂ ਟਿਕਟ ਦੇ ਦਾਅਵੇਦਾਰ ਨੂੰ ਬੱਸਾਂ ਅਤੇ ਗੱਡੀਆਂ ਭਰ ਕੇ ਲਿਆਉਣ ਦਾ ਟੀਚਾ ਦਿੱਤਾ ਜਾਂਦਾ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਦਿਹਾੜੀਦਾਰ ਮਜ਼ਦੂਰਾਂ, ਬੇਰੁਜ਼ਗਾਰ ਨੌਜਵਾਨਾਂ ਜਾਂ ਆਮ ਲੋਕਾਂ ਨੂੰ ਮੁਫ਼ਤ ਆਵਾਜਾਈ, ਖਾਣ-ਪੀਣ ਦੇ ਪੈਕਟਾਂ ਅਤੇ ਕਈ ਵਾਰ ਨਕਦ ਰਾਸ਼ੀ ਦਾ ਲਾਲਚ ਦੇ ਕੇ ਰੈਲੀਆਂ ਵਿੱਚ ਲਿਜਾਇਆ ਜਾਂਦਾ ਹੈ। ਇਸ ਤੋਂ ਇਲਾਵਾ ਰੈਲੀਆਂ ਦੀ ਰੌਣਕ ਵਧਾਉਣ ਅਤੇ ਭੀੜ ਨੂੰ ਰੋਕੀ ਰੱਖਣ ਲਈ ਨਾਮੀ ਗਾਇਕਾਂ, ਫ਼ਿਲਮੀ ਕਲਾਕਾਰਾਂ ਅਤੇ ਹਾਸਰਸ ਕਲਾਕਾਰਾਂ ਦਾ ਸਹਾਰਾ ਲਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਲੋਕ ਸਿਰਫ਼ ਮਨੋਰੰਜਨ ਕਰਨ, ਆਪਣੇ ਪਸੰਦੀਦਾ ਕਲਾਕਾਰ ਨੂੰ ਦੇਖਣ ਜਾਂ ਮੁਫ਼ਤ ਦਾ ਲੰਗਰ ਛਕਣ ਲਈ ਰੈਲੀਆਂ ਵਿੱਚ ਪਹੁੰਚ ਜਾਂਦੇ ਹਨ। ਉਹ ਤਾੜੀਆਂ ਵੀ ਵਜਾਉਂਦੇ ਹਨ ਅਤੇ ਨਾਅਰੇ ਵੀ ਲਾਉਂਦੇ ਹਨ, ਪਰ ਉਨ੍ਹਾਂ ਦਾ ਮਨ ਵੋਟ ਪਾਉਣ ਵੇਲੇ ਕਿਸੇ ਹੋਰ ਪਾਸੇ ਹੁੰਦਾ ਹੈ।ਦੂਜੇ ਪਾਸੇ ਅੱਜ ਦਾ ਵੋਟਰ ਪਹਿਲਾਂ ਨਾਲੋਂ ਕਿਤੇ ਵੱਧ ਸੂਝਵਾਨ, ਜਾਗਰੂਕ ਅਤੇ ਖ਼ਾਮੋਸ਼ ਹੋ ਚੁੱਕਾ ਹੈ। ਲੋਕਤੰਤਰ ਵਿੱਚ ‘ਸਾਈਲੈਂਟ ਵੋਟਰ’ ਅਰਥਾਤ ਚੁੱਪ ਰਹਿਣ ਵਾਲਾ ਵੋਟਰ ਹੀ ਅਸਲ ਬਾਦਸ਼ਾਹ ਹੁੰਦਾ ਹੈ। ਇਹ ਉਹ ਵਰਗ ਹੈ ਜੋ ਨਾ ਤਾਂ ਕਿਸੇ ਪਾਰਟੀ ਦਾ ਝੰਡਾ ਚੁੱਕ ਕੇ ਗਲੀਆਂ ਵਿੱਚ ਨਾਅਰੇ ਮਾਰਦਾ ਹੈ, ਨਾ ਹੀ ਕਿਸੇ ਰੈਲੀ ਦੀ ਧੂੜ ਫੱਕਦਾ ਹੈ ਅਤੇ ਨਾ ਹੀ ਸੋਸ਼ਲ ਮੀਡੀਆ ’ਤੇ ਕਿਸੇ ਲੀਡਰ ਦੇ ਹੱਕ ਜਾਂ ਵਿਰੋਧ ਵਿੱਚ ਬਹਿਸ ਕਰਦਾ ਹੈ। ਉਹ ਆਪਣੇ ਘਰ ਬੈਠ ਕੇ ਸਾਰੀਆਂ ਪਾਰਟੀਆਂ ਦੀਆਂ ਨੀਤੀਆਂ, ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ, ਮਹਿੰਗਾਈ, ਬੇਰੁਜ਼ਗਾਰੀ, ਸਿੱਖਿਆ, ਸਿਹਤ ਸਹੂਲਤਾਂ ਅਤੇ ਕਾਨੂੰਨ ਵਿਵਸਥਾ ਦਾ ਬਾਰੀਕੀ ਨਾਲ ਮੁਲਾਂਕਣ ਕਰਦਾ ਹੈ। ਜਦੋਂ ਵੋਟਾਂ ਪੈਣ ਦਾ ਦਿਨ ਆਉਂਦਾ ਹੈ, ਤਾਂ ਇਹੀ ਖ਼ਾਮੋਸ਼ ਵੋਟਰ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਪੋਲਿੰਗ ਬੂਥ ’ਤੇ ਜਾਂਦਾ ਹੈ ਅਤੇ ਆਪਣੀ ਜ਼ਮੀਰ ਦੀ ਆਵਾਜ਼ ਅਨੁਸਾਰ ਬਟਨ ਦੱਬ ਕੇ ਵੱਡੇ-ਵੱਡੇ ਸਿਆਸੀ ਥੰਮ੍ਹਾਂ ਦੇ ਤਖ਼ਤੇ ਪਲਟ ਦਿੰਦਾ ਹੈ।
ਸੱਤਾਧਾਰੀ ਪਾਰਟੀਆਂ ਅਤੇ ਵਿਰੋਧੀ ਧਿਰਾਂ ਦੀਆਂ ਰੈਲੀਆਂ ਦੇ ਇਕੱਠ ਪਿੱਛੇ ਵੀ ਵੱਖੋ-ਵੱਖਰੇ ਕਾਰਨ ਹੁੰਦੇ ਹਨ। ਜਦੋਂ ਕੋਈ ਪਾਰਟੀ ਸੱਤਾ ਵਿੱਚ ਹੁੰਦੀ ਹੈ, ਤਾਂ ਉਸ ਦੀਆਂ ਰੈਲੀਆਂ ਵਿੱਚ ਸਰਕਾਰੀ ਤੰਤਰ ਦਾ ਅਸਰ ਸਾਫ਼ ਦਿਖਾਈ ਦਿੰਦਾ ਹੈ। ਪੰਚਾਂ-ਸਰਪੰਚਾਂ, ਨੰਬਰਦਾਰਾਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਅਤੇ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ’ਤੇ ਅਸਿੱਧੇ ਤੌਰ ’ਤੇ ਰੈਲੀ ਵਿੱਚ ਸ਼ਾਮਲ ਹੋਣ ਦਾ ਦਬਾਅ ਹੁੰਦਾ ਹੈ, ਕਿਉਂਕਿ ਉਨ੍ਹਾਂ ਨੂੰ ਆਪਣੇ ਕੰਮ ਕਰਵਾਉਣ ਜਾਂ ਸਰਕਾਰੀ ਗ੍ਰਾਂਟਾਂ ਲੈਣ ਦੀ ਲੋੜ ਹੁੰਦੀ ਹੈ। ਦੂਜੇ ਪਾਸੇ ਵਿਰੋਧੀ ਪਾਰਟੀਆਂ ਦੀਆਂ ਰੈਲੀਆਂ ਵਿੱਚ ਕਈ ਵਾਰ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਨਾਰਾਜ਼ ਵਰਗ ਜਾਂ ਪੁਰਾਣੇ ਟਕਸਾਲੀ ਵਰਕਰ ਇਕੱਠੇ ਹੁੰਦੇ ਹਨ। ਪਰ ਇਹ ਵੀ ਜ਼ਰੂਰੀ ਨਹੀਂ ਕਿ ਸਰਕਾਰ ਤੋਂ ਨਾਰਾਜ਼ ਹੋ ਕੇ ਵਿਰੋਧੀ ਧਿਰ ਦੀ ਰੈਲੀ ਵਿੱਚ ਜਾਣ ਵਾਲਾ ਹਰ ਵਿਅਕਤੀ ਉਸੇ ਵਿਰੋਧੀ ਪਾਰਟੀ ਨੂੰ ਵੋਟ ਪਾਵੇਗਾ।ਉਹ ਸਿਰਫ਼ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਵੀ ਉੱਥੇ ਜਾ ਸਕਦਾ ਹੈ।ਇਸ ਤੋਂ ਇਲਾਵਾ ਚੋਣ ਰੈਲੀਆਂ ’ਤੇ ਹੋਣ ਵਾਲਾ ਬੇਤਹਾਸ਼ਾ ਖ਼ਰਚਾ ਵੀ ਲੋਕਤੰਤਰ ਦੀ ਸਿਹਤ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇੱਕ ਵੱਡੀ ਰੈਲੀ ਕਰਵਾਉਣ ’ਤੇ ਕਰੋੜਾਂ ਰੁਪਏ ਖ਼ਰਚ ਆਉਂਦੇ ਹਨ, ਜਿਸ ਵਿੱਚ ਟੈਂਟ, ਸਾਊਂਡ ਸਿਸਟਮ, ਇਸ਼ਤਿਹਾਰਬਾਜ਼ੀ, ਬੱਸਾਂ ਦਾ ਕਿਰਾਇਆ ਅਤੇ ਹੋਰ ਪ੍ਰਬੰਧ ਸ਼ਾਮਲ ਹੁੰਦੇ ਹਨ। ਆਮ ਸੂਝਵਾਨ ਵੋਟਰ ਹੁਣ ਇਹ ਸਵਾਲ ਪੁੱਛਣ ਲੱਗ ਪਿਆ ਹੈ ਕਿ ਚੋਣਾਂ ਤੋਂ ਪਹਿਲਾਂ ਇੰਨਾ ਪੈਸਾ ਖ਼ਰਚ ਕਰਨ ਵਾਲੇ ਸਿਆਸਤਦਾਨ ਜਿੱਤਣ ਤੋਂ ਬਾਅਦ ਇਹ ਪੈਸਾ ਕਿੱਥੋਂ ਪੂਰਾ ਕਰਨਗੇ? ਜਾਹਿਰ ਹੈ ਕਿ ਇਹ ਸਾਰਾ ਪੈਸਾ ਭ੍ਰਿਸ਼ਟਾਚਾਰ, ਕਮਿਸ਼ਨਖੋਰੀ ਅਤੇ ਲੋਕਾਂ ਦੇ ਟੈਕਸਾਂ ਦੀ ਲੁੱਟ ਰਾਹੀਂ ਹੀ ਵਸੂਲਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਹੁਣ ਵੱਡੀਆਂ-ਵੱਡੀਆਂ ਰੈਲੀਆਂ ਦਾ ਦਿਖਾਵਾ ਕਈ ਵਾਰ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਬਜਾਏ ਉਨ੍ਹਾਂ ਦੇ ਮਨਾਂ ਵਿੱਚ ਸਿਆਸੀ ਪਾਰਟੀਆਂ ਪ੍ਰਤੀ ਬੇਭਰੋਸਗੀ ਪੈਦਾ ਕਰਦਾ ਹੈ।
ਸੋਸ਼ਲ ਮੀਡੀਆ ਅਤੇ ਡਿਜੀਟਲ ਕ੍ਰਾਂਤੀ ਨੇ ਵੀ ਰੈਲੀਆਂ ਦੀ ਅਹਿਮੀਅਤ ਨੂੰ ਕਾਫ਼ੀ ਹੱਦ ਤੱਕ ਬਦਲ ਦਿੱਤਾ ਹੈ। ਪਹਿਲਾਂ ਲੋਕਾਂ ਕੋਲ ਆਪਣੇ ਲੀਡਰਾਂ ਨੂੰ ਦੇਖਣ ਅਤੇ ਉਨ੍ਹਾਂ ਦੇ ਵਿਚਾਰ ਸੁਣਨ ਦਾ ਇੱਕੋ-ਇੱਕ ਜ਼ਰੀਆ ਚੋਣ ਰੈਲੀਆਂ ਹੀ ਹੁੰਦੀਆਂ ਸਨ। ਪਰ ਅੱਜ ਹਰ ਵਿਅਕਤੀ ਦੇ ਹੱਥ ਵਿੱਚ ਸਮਾਰਟਫ਼ੋਨ ਹੈ। ਲੀਡਰਾਂ ਦੇ ਭਾਸ਼ਣ, ਉਨ੍ਹਾਂ ਦੇ ਪੁਰਾਣੇ ਵਾਅਦੇ, ਝੂਠੇ ਦਾਅਵੇ ਅਤੇ ਸਿਆਸੀ ਪੈਂਤੜੇਬਾਜ਼ੀਆਂ ਸਕਿੰਟਾਂ ਵਿੱਚ ਲੋਕਾਂ ਤੱਕ ਪਹੁੰਚ ਜਾਂਦੀਆਂ ਹਨ। ਵੋਟਰ ਹੁਣ ਮੰਚ ਤੋਂ ਬੋਲੇ ਜਾਣ ਵਾਲੇ ਲੱਛੇਦਾਰ ਭਾਸ਼ਣਾਂ ਅਤੇ ਜੁਮਲਿਆਂ ਦੇ ਝਾਂਸੇ ਵਿੱਚ ਨਹੀਂ ਆਉਂਦਾ, ਸਗੋਂ ਉਹ ਜ਼ਮੀਨੀ ਹਕੀਕਤ ਦੇਖਦਾ ਹੈ। ਜੇਕਰ ਕਿਸੇ ਇਲਾਕੇ ਵਿੱਚ ਵਿਕਾਸ ਨਹੀਂ ਹੋਇਆ, ਨਸ਼ਿਆਂ ਦਾ ਕਾਰੋਬਾਰ ਨਹੀਂ ਰੁਕਿਆ ਜਾਂ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ, ਤਾਂ ਲੱਖਾਂ ਦਾ ਇਕੱਠ ਵੀ ਉਸ ਸੱਚਾਈ ’ਤੇ ਪਰਦਾ ਨਹੀਂ ਪਾ ਸਕਦਾ।
ਕਿਹਾ ਜਾ ਸਕਦਾ ਹੈ ਕਿ ਚੋਣ ਰੈਲੀਆਂ ਦੇ ਇਕੱਠ ਮਹਿਜ਼ ਸਿਆਸੀ ਪਾਰਟੀਆਂ ਦੇ ਵਰਕਰਾਂ ਦਾ ਹੌਸਲਾ ਵਧਾਉਣ ਅਤੇ ਮੀਡੀਆ ਵਿੱਚ ਸੁਰਖ਼ੀਆਂ ਬਟੋਰਨ ਦਾ ਸਾਧਨ ਤਾਂ ਬਣ ਸਕਦੇ ਹਨ, ਪਰ ਇਹ ਜਿੱਤ ਦੀ ਗਾਰੰਟੀ ਕਦੇ ਨਹੀਂ ਹੋ ਸਕਦੇ। ਲੋਕਤੰਤਰ ਦੀ ਅਸਲ ਤਾਕਤ ਪੰਡਾਲਾਂ ਵਿੱਚ ਬੈਠੀ ਭੀੜ ਕੋਲ ਨਹੀਂ, ਸਗੋਂ ਈ.ਵੀ.ਐੱਮ. ਮਸ਼ੀਨ ਦਾ ਬਟਨ ਦੱਬਣ ਵਾਲੇ ਉਸ ਸ਼ਾਂਤ ਵੋਟਰ ਕੋਲ ਹੈ, ਜੋ ਆਪਣੀ ਵੋਟ ਦੀ ਕੀਮਤ ਪਛਾਣਦਾ ਹੈ।
ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਭੀੜਾਂ ਇਕੱਠੀਆਂ ਕਰਨ ਦੇ ਦਿਖਾਵੇ ਛੱਡ ਕੇ ਠੋਸ ਨੀਤੀਆਂ, ਇਮਾਨਦਾਰ ਪ੍ਰਸ਼ਾਸਨ ਅਤੇ ਲੋਕ-ਹਿੱਤ ਦੇ ਮੁੱਦਿਆਂ ’ਤੇ ਆਧਾਰਿਤ ਸਿਆਸਤ ਕਰਨ, ਕਿਉਂਕਿ ਅੰਤਿਮ ਫ਼ੈਸਲਾ ਰੈਲੀਆਂ ਦੇ ਸ਼ੋਰ ਨੇ ਨਹੀਂ, ਸਗੋਂ ਵੋਟਰ ਦੀ ਖ਼ਾਮੋਸ਼ ਮੋਹਰ ਨੇ ਹੀ ਸੁਣਾਉਣਾ ਹੁੰਦਾ ਹੈ।
Posted By: Binder Singh Kuddi Kalan