ਡੀ.ਆਈ.ਜੀ. ਭੁੱਲਰ ਭ੍ਰਿਸ਼ਟਾਚਾਰ ਮਾਮਲੇ 'ਚ ਈ.ਡੀ.ਨੇ ਸ਼ਿਕੰਜਾ ਕੱਸਦਿਆਂ ਚਾਰ ਮੌਜੂਦਾ ਆਈ.ਏ.ਐੱਸ.ਅਧਿਕਾਰੀ ਕੀਤੇ ਤਲਬ:40 ਦੇ ਕਰੀਬ ਹੋਰ ਅਫ਼ਸਰਾਂ ’ਤੇ ਲਟਕੀ ਜਾਂਚ ਦੀ ਤਲਵਾਰ
ਹਰਵਿੰਦਰ ਕੌਰ ਖੁੱਡੀ ਕਲਾਂ
ਬਰਨਾਲਾ , 24 ਨਵੰਬਰ
:ਮੁਅੱਤਲ ਕੀਤੇ ਗਏ ਡੀ.ਆਈ.ਜੀ. ਐੱਚ.ਐੱਸ. ਭੁੱਲਰ ਅਤੇ ਉਸ ਦੇ ਕਥਿਤ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨਾਲ ਜੁੜੇ ਬਹੁ-ਕਰੋੜੀ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਜਾਂਚ ਦਾ ਘੇਰਾ ਲਗਾਤਾਰ ਵਿਸ਼ਾਲ ਹੁੰਦਾ ਜਾ ਰਿਹਾ ਹੈ।
ਇਸੇ ਕੜੀ ਤਹਿਤ ਕੇਂਦਰੀ ਜਾਂਚ ਏਜੰਸੀ ਨੇ ਹੁਣ ਪੰਜਾਬ ਦੇ ਚਾਰ ਮੌਜੂਦਾ ਸੀਨੀਅਰ ਆਈ.ਏ.ਐੱਸ. ਅਧਿਕਾਰੀਆਂ ਕ੍ਰਿਸ਼ਨ ਕੁਮਾਰ, ਰਾਮਵੀਰ, ਵਰੁਣ ਰੂਜ਼ਮ ਅਤੇ ਅਭਿਨਵ ਤ੍ਰਿਖਾ ਨੂੰ ਸੰਮਨ ਜਾਰੀ ਕਰਕੇ ਜਾਂਚ ਵਿੱਚ ਸ਼ਾਮਿਲ ਹੋਣ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਚਾਰਾਂ ਉੱਚ ਅਧਿਕਾਰੀਆਂ ਨੂੰ ਦਸੰਬਰ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਸਥਿਤ ਈ.ਡੀ. ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ, ਜਿਸ ਨਾਲ ਪੰਜਾਬ ਦੀ ਅਫ਼ਸਰਸ਼ਾਹੀ ਵਿੱਚ ਵੱਡੀ ਹਲਚਲ ਪੈਦਾ ਹੋ ਗਈ ਹੈ। ਈ.ਡੀ. ਅਧਿਕਾਰੀਆਂ ਮੁਤਾਬਕ ਇਸ ਪੂਰੇ ਨੈੱਟਵਰਕ ਦੀ ਤਹਿ ਤੱਕ ਜਾਣ ਲਈ ਲਗਭਗ 40 ਮੌਜੂਦਾ ਅਤੇ ਸੇਵਾਮੁਕਤ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਤਲਬ ਕੀਤੇ ਜਾਣ ਦੀ ਸੰਭਾਵਨਾ ਹੈ।
ਜਾਂਚ ਏਜੰਸੀ ਦੀ ਇਸ ਸਖ਼ਤ ਕਾਰਵਾਈ ਦਾ ਮੁੱਖ ਆਧਾਰ ਕਥਿਤ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਵੱਲੋਂ ਚਲਾਇਆ ਜਾ ਰਿਹਾ ਉਹ ਗਠਜੋੜ ਹੈ, ਜਿਸ ਰਾਹੀਂ ਸਰਕਾਰੀ ਕੰਮਾਂ ਵਿੱਚ ਕਥਿਤ ਤੌਰ ’ਤੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਸੀ। ਚੰਡੀਗੜ੍ਹ ਦੀ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ ਵਿੱਚ ਸ਼ਾਰਦਾ ਖ਼ਿਲਾਫ਼ ਦਾਖ਼ਲ ਕੀਤੀ ਗਈ ਇਸਤਗਾਸਾ ਸ਼ਿਕਾਇਤ ਵਿੱਚ ਈ.ਡੀ. ਨੇ ਸਨਸਨੀਖੇਜ਼ ਖ਼ੁਲਾਸੇ ਕਰਦਿਆਂ ਦੋਸ਼ ਲਾਇਆ ਹੈ ਕਿ ਸ਼ਾਰਦਾ ਕਈ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਲਈ ਇੱਕ ਕੜੀ ਵਜੋਂ ਕੰਮ ਕਰਦਾ ਸੀ। ਉਹ ਪੈਸਿਆਂ ਦੇ ਲੈਣ-ਦੇਣ ਬਦਲੇ ਅਧਿਕਾਰੀਆਂ ਦੀਆਂ ਮਨਪਸੰਦ ਬਦਲੀਆਂ, ਤਾਇਨਾਤੀਆਂ ਅਤੇ ਹੋਰ ਸਰਕਾਰੀ ਕੰਮ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਸੀ। ਈ.ਡੀ. ਦੇ ਇੱਕ ਅਧਿਕਾਰੀ ਅਨੁਸਾਰ ਜਾਂਚ ਦੌਰਾਨ ਇਹ ਸਪੱਸ਼ਟ ਹੋਇਆ ਹੈ ਕਿ ਸ਼ਾਰਦਾ ਪੰਜਾਬ ਸਰਕਾਰ ਦੇ ਇਨ੍ਹਾਂ ਅਧਿਕਾਰੀਆਂ ਤੋਂ ਨਾਜਾਇਜ਼ ਫਾਇਦੇ ਲੈਣ ਵਿੱਚ ਸ਼ਾਮਿਲ ਸੀ, ਜੋ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ ਅੰਦਰ ਫੈਲੇ ਡੂੰਘੇ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰਦਾ ਹੈ।
ਏਜੰਸੀ ਨੇ ਸ਼ਾਰਦਾ ਨਾਲ ਸਬੰਧਤ ਲਗਭਗ 1 ਕਰੋੜ ਰੁਪਏ ਦੀ ਅਪਰਾਧਿਕ ਕਮਾਈ ਦਾ ਪਤਾ ਲਗਾਇਆ ਹੈ ਅਤੇ ਕਈ ਅਧਿਕਾਰੀਆਂ ਨਾਲ ਜੁੜੇ ਸ਼ੱਕੀ ਵਿੱਤੀ ਲੈਣ-ਦੇਣ ਦੀ ਨਿਸ਼ਾਨਦੇਹੀ ਕਰਨ ਦੇ ਨਾਲ-ਨਾਲ 26 ਲੱਖ ਰੁਪਏ ਦੀ ਨਕਦੀ ਆਰਜ਼ੀ ਤੌਰ ’ਤੇ ਜ਼ਬਤ (ਅਟੈਚ) ਕਰਨ ਦੀ ਜਾਣਕਾਰੀ ਵੀ ਅਦਾਲਤ ਨੂੰ ਦਿੱਤੀ ਹੈ।ਚਾਰ ਆਈ.ਏ.ਐੱਸ. ਅਧਿਕਾਰੀਆਂ ਤੋਂ ਪਹਿਲਾਂ ਵੀ ਈ.ਡੀ. ਵੱਲੋਂ ਸੂਬੇ ਦੇ ਕਈ ਪ੍ਰਮੁੱਖ ਪ੍ਰਸ਼ਾਸਨਿਕ ਅਤੇ ਪੁਲਿਸ ਅਫ਼ਸਰਾਂ ਨੂੰ ਸੰਮਨ ਭੇਜੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਪ੍ਰਸ਼ਾਸਨਿਕ ਸਕੱਤਰ (ਸਿਹਤ) ਕੁਮਾਰ ਰਾਹੁਲ, ਪੀ.ਸੀ.ਐੱਸ. ਅਧਿਕਾਰੀ ਆਨੰਦ ਸਾਗਰ ਸ਼ਰਮਾ, ਸੇਵਾਮੁਕਤ ਅਧਿਕਾਰੀ ਗੁਰਪ੍ਰੀਤ ਸਪਰਾ ਅਤੇ ਅਰੁਣ ਸੇਖੜੀ, ਫਾਜ਼ਿਲਕਾ ਦੇ ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਅਤੇ ਵਿਸ਼ੇਸ਼ ਸਕੱਤਰ (ਆਮ ਪ੍ਰਸ਼ਾਸਨ) ਨੀਰੂ ਕਤਿਆਲ ਗੁਪਤਾ ਦੇ ਨਾਮ ਸ਼ਾਮਿਲ ਹਨ। ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਵੀ ਸ਼ੁੱਕਰਵਾਰ ਨੂੰ ਏਜੰਸੀ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ। ਏਜੰਸੀ ਇਨ੍ਹਾਂ ਸਾਰੇ ਅਧਿਕਾਰੀਆਂ ਤੋਂ ਸ਼ਾਰਦਾ ਨਾਲ ਉਨ੍ਹਾਂ ਦੇ ਕਥਿਤ ਸਬੰਧਾਂ ਅਤੇ ਵਿੱਤੀ ਲੈਣ-ਦੇਣ ਬਾਰੇ ਪੁੱਛਗਿੱਛ ਕਰ ਰਹੀ ਹੈ।
ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਨੀਂਹ ਪਿਛਲੇ ਸਾਲ ਅਕਤੂਬਰ 2025 ਵਿੱਚ ਰੱਖੀ ਗਈ ਸੀ, ਜਦੋਂ ਸਕ੍ਰੈਪ ਡੀਲਰ ਆਕਾਸ਼ ਬੱਤਾ ਨੇ ਸੀ.ਬੀ.ਆਈ. ਕੋਲ ਪਹੁੰਚ ਕਰਕੇ ਡੀ.ਆਈ.ਜੀ. ਐੱਚ.ਐੱਸ. ਭੁੱਲਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਸਰਹਿੰਦ ਥਾਣੇ ਵਿੱਚ ਦਰਜ ਇੱਕ ਐੱਫ.ਆਈ.ਆਰ. ਵਿੱਚ ਉਸ ਦਾ ਪੱਖ ਪੂਰਨ ਬਦਲੇ ਡੀ.ਆਈ.ਜੀ. ਭੁੱਲਰ ਨੇ ਆਪਣੇ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਸੀ.ਬੀ.ਆਈ. ਦੀ ਟੀਮ ਨੇ ਜਾਲ ਵਿਛਾਇਆ ਅਤੇ 16 ਅਕਤੂਬਰ 2025 ਨੂੰ ਸ਼ਾਰਦਾ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ, ਜਿਸ ਤੋਂ ਤੁਰੰਤ ਬਾਅਦ ਉਸੇ ਦਿਨ ਡੀ.ਆਈ.ਜੀ. ਭੁੱਲਰ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ।ਸੀ.ਬੀ.ਆਈ. ਵੱਲੋਂ ਗ੍ਰਿਫ਼ਤਾਰੀ ਉਪਰੰਤ ਕੀਤੀ ਗਈ ਤਲਾਸ਼ੀ ਮੁਹਿੰਮ ਦੌਰਾਨ ਡੀ.ਆਈ.ਜੀ. ਭੁੱਲਰ ਦੇ ਟਿਕਾਣਿਆਂ ਤੋਂ 7.37 ਕਰੋੜ ਰੁਪਏ ਦੀ ਭਾਰੀ ਨਕਦੀ ਅਤੇ 2.32 ਕਰੋੜ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਬਰਾਮਦ ਹੋਏ ਸਨ। ਇਸ ਬੇਹਿਸਾਬੀ ਦੌਲਤ ਦੀ ਬਰਾਮਦਗੀ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਵੱਖਰਾ ਮਾਮਲਾ ਵੀ ਦਰਜ ਕੀਤਾ ਗਿਆ, ਜਿਸ ਦੀ ਜਾਂਚ ਜਾਰੀ ਹੈ। ਸੀ.ਬੀ.ਆਈ. ਨੇ ਇਸ ਮਾਮਲੇ ਵਿੱਚ ਦਸੰਬਰ 2025 ਵਿੱਚ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਸੀ। ਇਸੇ ਐੱਫ.ਆਈ.ਆਰ. ਦੇ ਆਧਾਰ ’ਤੇ ਈ.ਡੀ. ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਦਿਆਂ 18 ਸਤੰਬਰ 2026 ਨੂੰ ਕ੍ਰਿਸ਼ਨੂ ਸ਼ਾਰਦਾ ਅਤੇ 9 ਅਕਤੂਬਰ 2026 ਨੂੰ ਡੀ.ਆਈ.ਜੀ. ਭੁੱਲਰ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕੀਤਾ ਸੀ। ਹੁਣ ਦੋਵਾਂ ਮੁਲਜ਼ਮਾਂ ਤੋਂ ਹੋਈ ਪੁੱਛਗਿੱਛ ਅਤੇ ਬਰਾਮਦ ਸਬੂਤਾਂ ਦੇ ਆਧਾਰ ’ਤੇ ਈ.ਡੀ. ਵੱਲੋਂ ਇਸ ਨੈੱਟਵਰਕ ਨਾਲ ਜੁੜੇ ਹੋਰ ਵੱਡੇ ਚਿਹਰਿਆਂ ਨੂੰ ਬੇਨਕਾਬ ਕਰਨ ਦੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।