Nazrana Times

ਪੰਜਾਬੀ

ਫੋਰਟਿਸ ਹਸਪਤਾਲ ਮੋਹਾਲੀ ਨੂੰ 22 ਰੁੱਖ ਕੱਟਣ ਦੀ ਹਾਈ ਕੋਰਟ ਵੱਲੋਂ ਮਨਜ਼ੂਰੀ, ਬਦਲੇ ਵਿੱਚ ਲਗਾਉਣੇ ਪੈਣਗੇ 110 ਬੂਟ

18 Oct, 2026 06:24 PM

ਚੰਡੀਗੜ੍ਹ, 18 ਅਕਤੂਬਰ, (ਮੰਗਤ ਸਿੰਘ ਸੈਦਪੁਰ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਫੋਰਟਿਸ ਹਸਪਤਾਲ, ਮੋਹਾਲੀ ਨੂੰ ਆਪਣੀ ਸਿਹਤ ਸੰਭਾਲ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ 22 ਰੁੱਖ ਕੱਟਣ ਦੀ ਮਨਜ਼ੂਰੀ ਦੇ ਦਿੱਤੀ है। 

ਅਦਾਲਤ ਦੇ ਹੁਕਮਾਂ ਮੁਤਾਬਕ ਹਸਪਤਾਲ ਨੂੰ ਕੱਟੇ ਜਾਣ ਵਾਲੇ ਰੁੱਖਾਂ ਤੋਂ ਪੰਜ ਗੁਣਾ ਜ਼ਿਆਦਾ ਯਾਨੀ ਕੁੱਲ 110 ਬੂਟੇ ਆਪਣੇ ਅਹਾਤੇ ਵਿੱਚ ਹੀ ਲਗਾਉਣੇ ਪੈਣਗੇ। ਇਸ ਵਿੱਚ ਟੋਹਾਟ (50), ਡਿਕ (25), ਕਿੱਕਰ (25) ਅਤੇ ਬੇਰੀ (10) ਦੇ ਬੂਟੇ ਸ਼ਾਮਲ ਹਨ। ਹਸਪਤਾਲ ਇਨ੍ਹਾਂ ਸਾਰੇ ਰੁੱਖਾਂ ਦੀ ਘੱਟੋ-ਘੱਟ 10 ਸਾਲਾਂ ਤੱਕ ਸਿੱਧੀ ਦੇਖਭਾਲ ਕਰੇਗਾ, ਜਿਸ ਵਿੱਚ ਸਮੇਂ ਸਿਰ ਪਾਣੀ ਦੇਣਾ ਅਤੇ ਟ੍ਰੀ ਗਾਰਡਾਂ ਰਾਹੀਂ ਸੁਰੱਖਿਆ ਯਕੀਨੀ ਬਣਾਉਣਾ ਸਾ਼ਮਲ ਹੈ। ਹਸਪਤਾਲ ਵੱਲੋਂ ਦਾਇਰ ਹਲਫ਼ਨਾਮੇ ਦੇ ਆਧਾਰ 'ਤੇ ਇਹ ਹੁਕਮ ਜਾਰੀ ਕੀਤੇ ਹਨ। ਹਸਪਤਾਲ ਵੱਲੋਂ ਗਮਾਡਾ ਵੱਲੋਂ ਅਲਾਟ ਕੀਤੀ ਗਈ 5.028 ਏਕੜ ਜ਼ਮੀਨ 'ਤੇ ਉਸਾਰੀ ਕਾਰਜ ਕੀਤੇ ਜਾਣੇ ਹਨ। ਪੌਦਿਆਂ ਦੇ ਲੰਬੇ ਸਮੇਂ ਤੱਕ ਬਚਾਅ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਹਨ ਕਿ ਹਰੇਕ ਪੌਦੇ ਨੂੰ ਵੱਖਰੇ ਤੌਰ 'ਤੇ ਜੀਓ-ਟੈਗ ਕੀਤਾ ਜਾਵੇਗਾ। ਹਸਪਤਾਲ ਨੂੰ ਆਪਣੀ ਵੈੱਬਸਾਈਟ 'ਤੇ ਇਨ੍ਹਾਂ ਪੌਦਿਆਂ ਦੇ ਵਾਧੇ ਅਤੇ ਫੋਟੋਗ੍ਰਾਫਿਕ ਰਿਪੋਰਟ ਨੂੰ ਅਪਡੇਟ ਕਰਨਾ ਹੋਵੇਗਾ ਤਾਂ ਜੋ ਨਿਗਰਾਨੀ ਰੱਖੀ ਜਾ ਸਕੇ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਵਾਅਦੇ ਦੀ ਉਲੰਘਣਾ ਕਰਨ 'ਤੇ ਮਾਣਹਾਨੀ ਦੀ ਕਾਰਵਾਈ ਕੀਤੀ ਜਾ ਸਕਦੀ ਹੈ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News