Nazrana Times

ਪੰਜਾਬੀ

ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ 'ਚ ਲਏ ਗਏ ਅਹਿਮ ਫ਼ੈਸਲੇ

31 Oct, 2026 08:09 PM

ਬਿੰਦਰ ਸਿੰਘ ਖੁੱਡੀ ਕਲਾਂ 
ਚੰਡੀਗੜ੍ਹ, 31 ਅਕਤੂਬਰ 

:ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 'ਚ ਸੂਬੇ ਦੇ ਵਿਕਾਸ, ਕਾਨੂੰਨ ਵਿਵਸਥਾ ਅਤੇ ਪ੍ਰਸ਼ਾਸਨਿਕ ਸੁਧਾਰਾਂ ਨੂੰ ਲੈ ਕੇ ਕਈ ਵੱਡੇ ਅਤੇ ਮਹੱਤਵਪੂਰਨ ਫ਼ੈਸਲਿਆਂ 'ਤੇ ਮੋਹਰ ਲਗਾਈ ਗਈ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਸਭ ਤੋਂ ਵੱਡਾ ਫ਼ੈਸਲਾ ਨਸ਼ਾ ਤਸਕਰੀ ਦੇ ਵਧਦੇ ਮਾਮਲਿਆਂ 'ਤੇ ਠੱਲ੍ਹ ਪਾਉਣ ਲਈ 35 ਵਿਸ਼ੇਸ਼ ਅਦਾਲਤਾਂ ਸਥਾਪਤ ਕਰਨ ਦਾ ਲਿਆ ਗਿਆ ਹੈ। ਜਿਸ ਨਾਲ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੇਸਾਂ ਦਾ ਨਿਪਟਾਰਾ ਤੇਜ਼ੀ ਨਾਲ ਹੋਵੇਗਾ। ਇਹਨਾਂ ਅਦਾਲਤਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੁੱਲ 385 ਨਵੀਆਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚ 35 ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ 315 ਸਹਾਇਕ ਜ਼ਿਲ੍ਹਾ ਅਟਾਰਨੀ (ਏ.ਡੀ.ਏ.) ਦੀਆਂ ਅਸਾਮੀਆਂ ਸ਼ਾਮਿਲ ਹਨ, ਤਾਂ ਜੋ ਅਦਾਲਤੀ ਕਾਰਵਾਈ ਵਿੱਚ ਕਿਸੇ ਕਿਸਮ ਦੀ ਦੇਰੀ ਨਾ ਹੋਵੇ।
 ਇਸ ਦੇ ਨਾਲ ਹੀ ਮਾਲ ਵਿਭਾਗ ਦੇ ਕੰਮਕਾਜ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਅਤੇ ਪਾਰਦਰਸ਼ੀ ਬਣਾਉਣ ਲਈ ਪਟਵਾਰੀਆਂ ਦੀਆਂ ਗਰੁੱਪ-ਸੀ ਅਸਾਮੀਆਂ ਨੂੰ ਸੂਬਾ ਪੱਧਰੀ ਕੇਡਰ ਤੋਂ ਬਦਲ ਕੇ ਜ਼ਿਲ੍ਹਾ ਪੱਧਰੀ ਕੇਡਰ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਬਦਲਾਅ ਨਾਲ ਸਥਾਨਕ ਪੱਧਰ 'ਤੇ ਪਟਵਾਰੀਆਂ ਦੀਆਂ ਨਿਯੁਕਤੀਆਂ, ਤਬਾਦਲਿਆਂ ਅਤੇ ਤਾਇਨਾਤੀਆਂ ਦੀ ਪ੍ਰਕਿਰਿਆ ਕਾਫ਼ੀ ਸਰਲ ਅਤੇ ਸੁਖਾਲੀ ਹੋ ਜਾਵੇਗੀ। ਸੂਬੇ ਵਿੱਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੰਦਿਆਂ ਕੈਬਨਿਟ ਨੇ ਲਗਭਗ 45,000 ਕਿਲੋਮੀਟਰ ਸੜਕੀ ਨੈੱਟਵਰਕ ਦੀ ਮੁਰੰਮਤ ਅਤੇ ਨਵੀਂ ਉਸਾਰੀ ਲਈ ਰੋਡ ਕੰਸਟ੍ਰਕਸ਼ਨ ਬਜਟ ਨੂੰ ₹1,050 ਕਰੋੜ ਤੋਂ ਵਧਾ ਕੇ ₹1,333.44 ਕਰੋੜ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਮੀਟਿੰਗ ਦੌਰਾਨ ਵਾਤਾਵਰਨ ਅਤੇ ਰੁਜ਼ਗਾਰ ਨਾਲ ਜੁੜੇ ਹੋਰ ਵੀ ਕਈ ਅਹਿਮ ਮਤੇ ਪਾਸ ਕੀਤੇ ਗਏ। ਅੰਬਾਲਾ-ਚੰਡੀਗੜ੍ਹ ਮਾਰਗ 'ਤੇ ਪੈਂਦੇ ਸਮਗੌਲੀ ਨੇੜੇ 39 ਏਕੜ ਜ਼ਮੀਨ 'ਤੇ ਇੱਕ ਆਧੁਨਿਕ ਕੰਪ੍ਰੈਸਡ ਬਾਇਓਗੈਸ ਪਲਾਂਟ ਸਥਾਪਤ ਕਰਨ ਦੇ ਪ੍ਰਸਤਾਵ ਨੂੰ ਹਰੀ ਝੰਡੀ ਦਿੱਤੀ ਗਈ ਹੈ, ਜਿਸ ਨਾਲ ਪ੍ਰਦੂਸ਼ਣ 'ਤੇ ਠੱਲ੍ਹ ਪਵੇਗੀ ਅਤੇ ਹਰੀ ਊਰਜਾ ਨੂੰ ਉਤਸ਼ਾਹ ਮਿਲੇਗਾ। ਇਸ ਤੋਂ ਇਲਾਵਾ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਦਿਆਂ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕੀਟਸ ਬੋਰਡ (ਪੰਜਾਬ ਮੰਡੀ ਬੋਰਡ) ਵਿੱਚ ਪੰਜਾਬ ਕੈਡਰ ਦੀਆਂ 2,400 ਖਾਲੀ ਅਸਾਮੀਆਂ ਨੂੰ ਜਲਦ ਭਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਹਲਕਾ ਲਹਿਰਾਗਾਗਾ ਦੇ ਪਿੰਡ ਖੰਡੇਬਾਦ 'ਚ ਵੱਡੀ ਅਨਾਜ ਮੰਡੀ ਬਣਾਉਣ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ।ਇਸ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਲਾਭ ਹੋਵੇਗਾ।

Posted By: Binder Singh Kuddi Kalan

Latest News