ਅੱਪਰਾ ਦੇ ਚੱਕ ਸਾਹਬੂ ਰੋਡ ਤੇ ਸਥਿਤ "ਛੱਪੜ" ਨੂੰ ਲੱਗੀ "ਅੱਗ"
ਅੱਪਰਾ,31 ਅਕਤੂਬਰ (ਤੀਰਥ ਸਿੰਘ ਮੈਂਗੜ੍ਹਾ)-ਅੱਜ ਦੁਪਿਹਰ ਲਗਭਗ 2-30 ਵਜੇ ਸਥਾਨਕ ਕਸਬਾ ਅੱਪਰਾ ਦੇ ਚੱਕ ਸਾਹਬੂ ਰੋਡ ਤੇ ਸਥਿਤ "ਛੱਪੜ" 'ਚ ਉੱਗ ਕੇ ਸੁੱਕ ਚੁੱਕੀ "ਸਰਵਾੜ੍ਹ" ਤੇ ਬੂਟੀ ਨੂੰ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਭਾਂਬੜ ਦੀ ਤਰਾਂ ਮੱਚਣ ਲੱਗ ਪਈਆਂ। ਜਦੋਂ ਅੱਗ ਲੱਗਣ ਦੀ ਸੂਚਨਾ ਸਰਪੰਚ ਵਿਨੈ ਕੁਮਾਰ ਅੱਪਰਾ ਨੂੰ ਮਿਲੀ ਤਾਂ ਉਨਾਂ ਤਰੁੰਤ ਫਾਇਰ ਬ੍ਰਿਗੇਡ ਤੇ ਅੱਪਰਾ ਪੁਲਿਸ ਨੂੰ ਸੂਚਿਤ ਕਰ ਦਿੱਤਾ। ਸਰਪੰਚ ਵਿਨੈ ਕੁਮਾਰ ਅੱਪਰਾ ਨੇ ਦੱਸਿਆ ਕਿ ਛੱਪੜ ਦੇ ਬਿਲਕੁਲ ਨਜ਼ਦੀਕ ਹੀ ਭਗਵਾਨ ਵਾਲਮੀਕਿ ਮੁਹੱਲਾ ਸਥਿਤ ਹੈ। ਜਿਸ ਕਾਰਣ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ। ਉਨਾਂ ਅੱਗੇ ਦੱਸਿਆ ਕਿ ਉਕਤ ਸਰਵਾੜ੍ਹ ਤੇ ਹੋਰ ਬੂਟਿਆਂ ਵਿੱਚ ਅਣਗਿਣਤ ਪੰਛੀਆਂ ਦੇ ਆਲ੍ਹਣੇ ਵੀ ਸਨ, ਜੋ ਕਿ ਜਲ ਕੇ ਰਾਖ ਹੋ ਗਏ। ਲਗਭਗ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ। ਅੱਗ ਕਿਸ ਤਰਾਂ ਲੱਗੀ ਇਸਦੇ ਕਾਰਣਾਂ ਬਾਰੇ ਪਤਾ ਨਹੀਂ ਲੱਗ ਸਕਿਆ ਪ੍ਰੰਤੂ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ।