Nazrana Times

ਪੰਜਾਬੀ

ਮੁਲਾਜ਼ਮਾਂ ਨਾਲ ਕੀਤਾ ਵਾਅਦਾ ਤੋੜ ਕੇ ਜਲੰਧਰ ਮੀਟਿੰਗ ਟਾਲਣਾ ਮੁੱਖ ਮੰਤਰੀ ਦਾ ਤਾਨਾਸ਼ਾਹੀ ਰਵਈਆ:-ਡਾਕਟਰ ਅਵਤਾਰ ਸਿੰਘ ਕਰੀਮਪੁਰੀ

27 Aug, 2026 09:57 PM

ਪੰਜਾਬ ਸੰਭਾਲੋ ਮੁਹਿਮ' ਅਤੇ 'ਮਿਸ਼ਨ ਬੇਗਮਪੁਰਾ' ਤਹਿਤ ਬਸਪਾ ਪੰਜਾਬ ਵੱਲੋਂ ਹੜਤਾਲੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਦਾ ਸਮਰਥਨ

ਅੱਪਰਾ, 27 ਅਗਸਤ (ਤੀਰਥ ਸਿੰਘ ਮੈਂਗੜ੍ਹਾ) ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਗਏ ਮੌਜੂਦਾ ਸਰਕਾਰੀ ਕਰਮਚਾਰੀਆਂ ਅਤੇ ਰਿਟਾਇਰਡ ਪੈਨਸ਼ਨਰਾਂ ਦਾ ਪੂਰਨ ਸਮਰਥਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਖ-ਵੱਖ ਜਥੇਬੰਦੀਆਂ ਪ੍ਰਤੀ ਅਪਣਾਏ ਰਵੱਈਏ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਪੰਜਾਬ ਸੰਭਾਲੋ ਮੁਹਿਮ’ ਅਤੇ ‘ਮਿਸ਼ਨ ਬੇਗਮਪੁਰਾ’ ਤਹਿਤ ਜਾਰੀ ਪ੍ਰੈਸ ਬਿਆਨ ਵਿੱਚ ਡਾ. ਕਰੀਮਪੁਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਕਰਮਚਾਰੀਆਂ ਦੀਆਂ ਜਥੇਬੰਦੀਆਂ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾਂ ਦਿੱਤਾ ਸੀ, ਪਰ ਬਾਅਦ ਵਿੱਚ ਇਸ ਮੀਟਿੰਗ ਦਾ ਸਥਾਨ ਬਦਲ ਕੇ ਜਲੰਧਰ ਕਰ ਦਿੱਤਾ ਗਿਆ। ਸਮੁੱਚੇ ਪੰਜਾਬ ਦੇ ਕਰਮਚਾਰੀਆਂ ਦੀ ਗੱਲ ਸੁਣਨ ਤੋਂ ਇਸ ਤਰ੍ਹਾਂ ਟਾਲਾ ਵੱਟਣਾ ਅਤੇ ਮੀਟਿੰਗਾਂ ਬਦਲਣਾ ਮੁੱਖ ਮੰਤਰੀ ਦੇ ਤਾਨਾਸ਼ਾਹੀ ਰਵੱਈਏ ਨੂੰ ਦਰਸਾਉਂਦਾ ਹੈ। ਇਹ ਰਾਜ ਦੇ ਪੜ੍ਹੇ-ਲਿਖੇ ਵਰਗ ਨੂੰ ਬੇਇੱਜ਼ਤ ਕਰਨ ਦੀ ਸਰਕਾਰੀ ਕਾਰਵਾਈ ਹੈ, ਜਿਸ ਦੀ ਬਹੁਜਨ ਸਮਾਜ ਪਾਰਟੀ ਸ਼ੋਰਦਾਰ ਸ਼ਬਦਾਂ ਵਿੱਚ ਸ਼ਰਮਨਾਕ ਆਖ ਕੇ ਨਿੰਦਾ ਕਰਦੀ ਹੈ।
ਡਾ. ਕਰੀਮਪੁਰੀ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਮੁੱਦਿਆਂ ਤੋਂ ਭੱਜਣ ਦੀ ਬਜਾਏ ਕਰਮਚਾਰੀਆਂ ਅਤੇ ਰਿਟਾਇਰਡ ਪੈਨਸ਼ਨਰਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਨ ਵਿੱਚ ਵਿਸ਼ਵਾਸ ਰੱਖਣ ਅਤੇ ਸਰਕਾਰ ਤੁਰੰਤ ਹੇਠ ਲਿਖੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰੇ:
* ਪੁਰਾਣੀ ਪੈਨਸ਼ਨ ਸਕੀਮ (OPS) ਦੀ ਬਹਾਲੀ: ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਸਾਰੇ ਮੌਜੂਦਾ ਅਤੇ ਨਵੇਂ ਭਰਤੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕੀਤੀ ਜਾਵੇ।
* ਕੱਚੇ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਪੱਕਾ ਕਰਨਾ: ਠੇਕੇ, ਆਊਟਸੋਰਸਿੰਗ ਅਤੇ ਦਿਹਾੜੀਦਾਰ ਵਜੋਂ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ।
* ਪੇ-ਕਮਿਸ਼ਨ ਅਤੇ ਡੀ.ਏ. (DA) ਦੀਆਂ ਬਕਾਇਆ ਕਿਸ਼ਤਾਂ: 6ਵੇਂ ਪੇ-ਕਮਿਸ਼ਨ ਦੀਆਂ ਖਾਮੀਆਂ ਦੂਰ ਕਰਕੇ ਬਕਾਇਆ ਮਹਿੰਗਾਈ ਭੱਤਾ (DA) ਅਤੇ ਪੈਂਡਿੰਗ ਏਰੀਅਰ ਦਾ ਭੁਗਤਾਨ ਜਲਦ ਕੀਤਾ ਜਾਵੇ।
* ਪੈਨਸ਼ਨਰਾਂ ਦੀਆਂ ਮੰਗਾਂ ਦਾ ਹੱਲ: ਉਮਰ ਅਧਾਰਿਤ ਪੈਨਸ਼ਨ ਵਾਧਾ, ਮੈਡੀਕਲ ਭੱਤੇ ਵਿੱਚ ਵਾਧਾ ਅਤੇ ਕੈਸ਼ਲੈੱਸ ਮੈਡੀਕਲ ਸੁਵਿਧਾ ਮੁੜ ਚਾਲੂ ਕੀਤੀ ਜਾਵੇ।
* ਖਾਲੀ ਪਈਆਂ ਅਸਾਮੀਆਂ 'ਤੇ ਪੱਕੀ ਭਰਤੀ: ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ 'ਤੇ 'ਮਿਸ਼ਨ ਬੇਗਮਪੁਰਾ' ਦੇ ਸੰਕਲਪ ਅਨੁਸਾਰ ਪਾਰਦਰਸ਼ੀ ਪੱਕੀ ਭਰਤੀ ਕੀਤੀ ਜਾਵੇ।
ਡਾ. ਕਰੀਮਪੁਰੀ ਨੇ ਚੇਤਾਵਨੀ ਦਿੱਤੀ ਕਿ ‘ਮਿਸ਼ਨ ਬੇਗਮਪੁਰਾ’ ਅਤੇ ‘ਪੰਜਾਬ ਸੰਭਾਲੋ ਮੁਹਿਮ’ ਦਾ ਮੁੱਖ ਮਕਸਦ ਹਰ ਨਾਗਰਿਕ, ਮਜ਼ਦੂਰ ਅਤੇ ਕਰਮਚਾਰੀ ਨੂੰ ਸਮਾਜਿਕ ਤੇ ਆਰਥਿਕ ਇਨਸਾਫ਼ ਦਿਵਾਉਣਾ ਹੈ। ਜੇਕਰ ਸਰਕਾਰ ਨੇ ਆਪਣਾ ਤਾਨਾਸ਼ਾਹੀ ਰਵੱਈਆ ਛੱਡ ਕੇ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਬਸਪਾ ਇਸ ਸੰਘਰਸ਼ ਵਿੱਚ ਮੁਲਾਜ਼ਮਾਂ ਦੇ ਨਾਲ ਚਟਾਨ ਵਾਂਗ ਖੜ੍ਹੇਗੀ।

Posted By: GURBHEJ SINGH ANANDPURI

Latest News