ਸ਼ਹੀਦ ਭਾਈ ਅਵਤਾਰ ਸਿੰਘ ਕੱਥੂਨੰਗਲ ਦੇ ਪਿਤਾ ਜੀ ਭਾਈ ਦਲਬੀਰ ਸਿੰਘ ਦੇ ਅਕਾਲ ਚਲਾਣੇ 'ਤੇ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 28 ਅਗਸਤ (ਚਰਨਜੀਤ ਸਿੰਘ): ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਖ਼ਾਲਿਸਤਾਨ ਦੇ ਸੰਘਰਸ਼ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਅਮਰ ਸ਼ਹੀਦ ਭਾਈ ਅਵਤਾਰ ਸਿੰਘ ਜੀ ਕੱਥੂਨੰਗਲ ਦੇ ਸਤਿਕਾਰਯੋਗ ਪਿਤਾ ਜੀ ਜਥੇਦਾਰ ਦਲਬੀਰ ਸਿੰਘ ਜੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਵਿਛੋੜੇ ਉੱਤੇ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਇਸ ਪਰਿਵਾਰ ਦੀ ਖ਼ਾਲਸਾ ਪੰਥ ਅਤੇ ਸਿੱਖ ਸੰਘਰਸ਼ ਲਈ ਵੱਡੀ ਘਾਲਣਾ ਹੈ, ਬਾਪੂ ਦਲਬੀਰ ਸਿੰਘ ਜੀ ਨੇ ਬੜੇ ਕਸ਼ਟ ਸਹਾਰੇ ਸਨ। ਸ਼ਹੀਦ ਭਾਈ ਅਵਤਾਰ ਸਿੰਘ ਕੱਥੂਨੰਗਲ ਦਾ ਜੀਵਨ ਸਿੱਖ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਉਹਨਾਂ ਕਿਹਾ ਕਿ ਬਾਪੂ ਜੀ ਦੇ ਘਰ ਬੜੇ ਹੀ ਯੋਧੇ ਸਪੁੱਤਰ ਨੇ ਜਨਮ ਲਿਆ ਸੀ ਜਿਸਨੇ ਖਾਲਿਸਤਾਨ ਦੇ ਸੰਘਰਸ਼ ਵਿੱਚ ਅਥਾਹ ਜੁਝਾਰੂ ਕਾਰਨਾਮੇ ਕੀਤੇ ਸਨ। ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਵਾਹਿਗੁਰੂ ਜਥੇਦਾਰ ਭਾਈ ਦਲਬੀਰ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਅੱਜ ਪਿੰਡ ਕੱਥੂਨੰਗਲ ਵਿਖੇ ਸ਼ਹੀਦ ਭਾਈ ਅਵਤਾਰ ਸਿੰਘ ਕੱਥੂਨੰਗਲ ਦੇ ਮਾਤਾ ਜੀ ਨਾਲ ਮੁਲਾਕਾਤ ਕਰਕੇ ਦੁੱਖ-ਅਫਸੋਸ ਪ੍ਰਗਟ ਕੀਤਾ। ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਬਾਪੂ ਦਲਬੀਰ ਸਿੰਘ ਜੀ ਨਾਲ ਉਹਨਾਂ ਦਾ ਅਥਾਹ ਪਿਆਰ ਸੀ ਤੇ ਅਕਸਰ ਹੀ ਬਾਪੂ ਜੀ ਨਾਲ ਫੋਨ 'ਤੇ ਗੱਲ ਹੁੰਦੀ ਰਹਿੰਦੀ ਸੀ। ਅਸੀਂ ਉਹਨਾਂ ਨੂੰ ਸਮਾਗਮਾਂ ਵਿੱਚ ਸਨਮਾਨਿਤ ਕਰਕੇ ਬੜਾ ਫ਼ਖ਼ਰ ਮਹਿਸੂਸ ਕਰਦੇ ਸੀ। ਬਾਪੂ ਜੀ ਵੱਲੋਂ ਮਿਲੀਆਂ ਅਸੀਸਾਂ ਹਮੇਸ਼ਾਂ ਯਾਦ ਰਹਿਣਗੀਆਂ। ਉਹਨਾਂ ਇਹ ਵੀ ਦੱਸਿਆ ਕਿ ਮਾਤਾ ਜੀ ਦੀ ਸਿਹਤ ਵੀ ਪਿਛਲੇ ਸਮੇਂ ਵਿੱਚ ਕਾਫੀ ਢਿੱਲੀ ਰਹੀ ਸੀ।
Posted By: GURBHEJ SINGH ANANDPURI